Latest News
ਜੱਜ ਬਣੀ ਕਕਰਾਲਾ ਦੀ ਮਾਣਮੱਤੀ ਧੀ
ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਕਕਰਾਲਾ ਭਾਈਕਾ ਦੇ ਸਧਾਰਨ ਕਿਸਾਨ ਕਰਨੈਲ ਸਿੰਘ ਦੇ ਘਰ ਮਾਤਾ ਲਖਵੀਰ ਕੌਰ ਦੀ ਕੁੱਖੋਂ ਜਨਮੀ ਧੀ ਕੁਲਵਿੰਦਰ ਕੌਰ, ਜਿਸ ਨੇ ਬਚਪਨ ਵਿੱਚ ਆਪਣੀਆਂ ਦੋਵੇਂ ਬਾਹਾਂ ਗੁਆ ਲੈਣ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ, ਸਗੋਂ ਵਕਾਲਤ ਦੀ ਉੱਚ ਪੱਧਰੀ ਪੜ੍ਹਾਈ ਵਿੱਚ ਮੱਲਾਂ ਮਾਰਦਿਆਂ, ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦਾ ਟੈਸਟ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਲੜਕੀ ਵੱਲੋਂ ਹਾਸਲ ਕੀਤੀ ਇਸ ਮਾਣਮੱਤੀ ਪਦਵੀ ਦੀ ਸੂਚਨਾ ਮਿਲਦਿਆਂ ਹੀ ਅੱਜ ਉਸ ਦੇ ਪਿੰਡ ਕਕਰਾਲਾ ਭਾਈਕਾ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਉਨ੍ਹਾਂ ਦੇ ਵਿਹੜੇ ਵਿੱਚ ਲੱਗ ਗਿਆ।\r\nਖੁਸ਼ੀ ਵਿੱਚ ਖੀਵੇ ਹੋਏ ਪਰਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਜਿਹੜਾ ਮਾਣ ਹਾਸਲ ਕੀਤਾ ਹੈ, ਉਹ ਉਸ ਦੀ ਹੱਕਦਾਰ ਸੀ, ਕਿਉਂਕਿ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਉਸ ਨੇ ਸਖ਼ਤ ਮੇਹਨਤ ਕੀਤੀ, ਜਿਸ ਦੇ ਬਦਲੇ ਉਸ ਦੀ ਝੋਲੀ ਵਿੱਚ ਜਿੱਤ ਪਾਈ। ਮਾਤਾ ਲਖ਼ਬੀਰ ਕੌਰ, ਭਰਾ ਗੁਰਸੇਵਕ ਸਿੰਘ ਰਾਣਾ ਤੇ ਉਸ ਦੀਆਂ ਦੋ ਭਾਬੀਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਾਫ਼ ਦਿੱਸ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਨਾ ਸਿਰਫ ਆਪਣੇ ਮਾਪਿਆਂ \'ਤੇ ਰੱਬ ਜਿੰਨਾ ਮਾਣ ਕਰਦੀ ਹੈ, ਸਗੋਂ ਭਰਾਵਾਂ ਤਰਸੇਮ ਸਿੰਘ, ਗੁਰਸੇਵਕ ਰਾਣਾ ਅਤੇ ਅਧਿਆਪਕਾਂ ਨੂੰ ਵੀ ਹੱਦੋਂ ਵੱਧ ਸਤਿਕਾਰ ਦਿੰਦੀ ਹੋਈ ਉਹਨਾਂ ਨੂੰ ਸਿਜਦਾ ਕਰਦੀ ਹੈ, ਜਿਹਨਾਂ ਅਪਾਹਜ ਹੋਣ ਦੇ ਬਾਵਜੂਦ ਉਸ ਨੂੰ ਪੜ੍ਹਾਇਆ-ਲਿਖਾਇਆ। ਉਹ ਆਪਣੇ ਅਧਿਆਪਕਾਂ ਵੱਲੋਂ ਉਸ ਨੂੰ ਪੈਰਾਂ ਸਿਰ ਕਰਨ ਲਈ ਕੀਤੇ ਗਏ ਅਹਿਸਾਨ ਦਾ ਬਦਲਾ ਕਦੇ ਨਹੀਂ ਚੁੱਕਾ ਸਕਦੀ।\r\nਕੁਲਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਬਚਪਨ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਉਸ ਦੀਆਂ ਦੋਵੇਂ ਬਾਹਾਂ ਕੂਹਣੀਆਂ ਕੋਲੋਂ ਚੱਲੀਆਂ ਗਈਆਂ। ਉਪਰੰਤ ਜਦੋਂ ਘਰ ਕੋਈ ਉਸ ਦਾ ਪਤਾ ਲੈਣ ਆਉਂਦਾ ਤਾਂ ਉਸ ਨੂੰ ਜ਼ਹਿਰੀ ਗੱਲਾਂ ਸੁਣਨੀਆਂ ਪੈਂਦੀਆਂ, ਜਿਨ੍ਹਾਂ ਨੂੰ ਸੁਣ ਉਸ ਨੂੰ ਬੜਾ ਦੁੱਖ ਹੁੰਦਾ, ਪਰ ਉਹ ਬੱਚੀ ਸੀ ਇੱਕ ਦਿਨ ਉਸ ਦਾ ਇੱਕ ਅਧਿਆਪਕ ਬਲਜੀਤ ਸਿੰਘ ਤੇ ਮੈਡਮ ਗੁਰਪ੍ਰੀਤ ਕੌਰ ਉਸ ਦਾ ਪਤਾ ਲੈਣ ਉਹਨਾਂ ਦੇ ਘਰ ਆਏ। ਦੁੱਖ ਵਿੱਚ ਸ਼ਰੀਕ ਹੁੰਦਿਆਂ ਮੈਡਮ ਨੇ ਜਦੋਂ ਕਿਹਾ ਕਿ ਕਿੰਨੀ ਹੁਸ਼ਿਆਰ ਕੁੜੀ ਸੀ, ਪਰ ਇਸ ਦੇ ਸੁਪਨੇ ਵਿੱਚ ਹੀ ਰਹਿ ਗੇ, ਸੁਣ ਕੁਲਵਿੰਦਰ ਦੀਆਂ ਭੁੱਬਾਂ ਨਿਕਲ ਗਈਆਂ। ਮੈਡਮ ਨੇ ਜਦੋਂ ਕਲਾਵੇ ਵਿੱਚ ਲੈ ਹੌਸਲਾ ਦੇਣਾ ਚਾਹਿਆ ਤਾਂ ਉਸ ਨੇ ਕਿਹਾ ਕਿ ਮੈਡਮ, ਮੇਰਾ ਪੜ੍ਹਨ ਨੂੰ ਬੜਾ ਦਿਲ ਕਰਦਾ ਏ। ਉਸ ਦਾ ਹੌਸਲਾ ਦੇਖ ਦੋਵੇਂ ਅਧਿਆਪਕ ਹੈਰਾਨ ਰਹਿ ਗਏ। ਅਧਿਆਪਕਾਂ ਵੱਲੋਂ ਮਿਲੀ ਹੱਲਾਸ਼ੇਰੀ \'ਤੇ ਉਹ ਕੁਝ ਮਹਿਨੇ ਘਰ ਰਹਿਣ ਤੋਂ ਬਾਅਦ ਮੁੜ ਸਕੂਲ ਜਾਣ ਲੱਗੀ। ਸਕੂਲ ਦੇ ਸਾਰੇ ਅਧਿਆਪਕਾਂ ਵੱਲੋਂ ਮਿਲੇ ਉਤਸ਼ਾਹ ਨਾਲ ਉਹ ਦਸਵੀਂ ਪਾਸ ਕਰ ਗਈ। ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਦੇਖਿਆ। ਸਮਾਜ ਸੇਵੀ ਕਾਮਰੇਡ ਹਰਪਾਲ ਸਿੰਘ ਘੱਗਾ ਦੀ ਅਗਵਾਈ ਹੇਠ ਪਾਤੜਾਂ ਵਿਖੇ ਚੱਲਦੇ ਪਬਲਿਕ ਗਰਲਜ਼ ਸਕੂਲ/ਕਾਲਜ(ਟਰੱਸਟ) ਵਿੱਚ ਉਸ ਨੇ ਦਾਖਲਾ ਲੈ ਲਿਆ, ਜਿੱਥੇ ਉਸ ਦੀ ਕਾਬਲੀਅਤ ਤੇ ਹੌਸਲੇ ਨੂੰ ਦੇਖ ਪ੍ਰਬੰਧਕਾਂ ਨੇ ਉਸ ਦੀ ਪੂਰੀ ਫੀਸ ਮੁਆਫ ਕਰ ਦਿੱਤੀ ਉੱਥੇ ਵੀ ਟਰੱਸਟ ਪ੍ਰਬੰਧਕਾਂ ਤੇ ਅਧਿਆਪਕਾਂ ਵੱਲੋਂ ਦਿੱਤਾ ਹੌਸਲਾ ਹੀ ਸੀ ਕਿ ਉਹ ਬੀ ਏ ਕਰ ਗਈ। ਗਰੇਜੂਏਸ਼ਨ ਕਰਨ ਤੋਂ ਬਾਅਦ ਉਸ ਦਾ ਮਨ ਵਕੀਲ ਬਣਨ ਨੂੰ ਕਰਨ ਲੱਗਾ ਤੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ \'ਚ ਐੱਲ ਐੱਲ ਬੀ ਵਿੱਚ ਦਾਖਲਾ ਲੈ ਲਿਆ ਤੇ ਸਾਲ 2008 ਵਿੱਚ ਡਿਗਰੀ ਹਾਸਲ ਕੀਤੀ। ਫਿਰ 2011 ਵਿੱਚ ਵਕਾਲਤ ਦੀ ਮਾਸਟਰ ਡਿਗਰੀ ਕਰ ਲਈ। ਉਸ ਦਾ ਕਹਿਣਾ ਹੈ ਕਿ ਉਸ ਦਾ ਇੱਕੋ-ਇੱਕ ਸੁਪਨਾ ਜੱਜ ਬਣ ਕੇ ਗਰੀਬ ਲੋਕਾਂ ਨੂੰ ਜਲਦੀ ਇਨਸਾਫ ਦੇਣਾ ਸੀ, ਜੋ ਅੱਜ ਪੂਰਾ ਹੋ ਗਿਆ।

536 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper