ਪੰਜਾਬ ਦੇ ਸਕੂਲਾਂ 'ਚ ਹੋ ਰਹੇ 'ਇਮਤਿਹਾਨਾਂ' ਦੇ ਪੇਪਰਾਂ ਦਾ ਤਾਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਪਤਾ ਹੁੰਦੈ!
ਕੋਟਕਪੂਰਾ (ਗੁਰਮੀਤ ਸਿੰਘ)
ਪੰਜਾਬ ਦੇ ਸਕੂਲਾਂ ਵਿੱਚ ਇਹਨੀਂ ਦਿਨੀਂ ਘਰੇਲੂ ਪ੍ਰੀਖਿਆਵਾਂ ਹੋ ਰਹੀਆਂ ਹਨ, ਜਿਨ੍ਹਾਂ ਲਈ ਡੇਟ-ਸ਼ੀਟ ਪੰਜਾਬ ਸਿੱਖਿਆ ਵਿਭਾਗ ਵੱਲੋਂ ਹੀ ਭੇਜੀ ਗਈ ਹੈ। ਮੁੱਖ ਵਿਸ਼ਿਆਂ ਦੇ ਇਮਤਿਹਾਨ ਹੋ ਵੀ ਚੁੱਕੇ ਹਨ, ਪਰ ਇਸ ਸੰਬੰਧੀ ਬਹੁਤ ਹੀ ਦਿਲਚਸਪ ਗੱਲ ਇਹ ਹੈ ਕਿ ਅਬੋਹਰ ਦੀ ਇੱਕ ਫ਼ਰਮ 'ਗਗਨ ਪਬਲਿਸ਼ਿੰਗ ਹਾਊਸ' ਕਥਿਤ ਤੌਰ 'ਤੇ ਹਰ ਵਿਸ਼ੇ ਦੇ ਪੇਪਰ 'ਵਟਸ ਐਪ' 'ਤੇ ਅਧਿਆਪਕਾਂ ਨੂੰ ਭੇਜ ਰਹੇ ਹਨ ਤੇ ਫ਼ਰਮ ਨੇ ਨਾਲ਼ ਲਿਖਿਆ ਹੋਇਆ ਹੁੰਦਾ ਹੈ ਕਿ ਇਹ ਪੇਪਰ ਏਨੇ ਰੁਪਿਆਂ ਦਾ ਫ਼ਰਮ ਤੋਂ ਮੰਗਵਾਇਆ ਜਾ ਸਕਦਾ ਹੈ। ਕੁਦਰਤੀ ਹੈ ਕਿ ਅਧਿਆਪਕਾਂ ਦੇ ਨਾਲ਼-ਨਾਲ਼ ਸਮੂਹ ਵਿਦਿਆਰਥੀਆਂ ਕੋਲ਼ ਹੀ ਇਹ 'ਪੇਪਰ' ਪਹੁੰਚ ਰਹੇ ਹਨ। ਸਕੂਲ ਅਧਿਆਪਕ ਖ਼ੁਦ ਪੇਪਰ ਬਣਾਉਣ ਦਾ ਕਸ਼ਟ ਨਹੀਂ ਕਰ ਰਹੇ ਤੇ 'ਵਟਸ ਐਪ' 'ਤੇ ਆਏ ਇਨ੍ਹਾਂ ਪੇਪਰਾਂ ਨੂੰ ਹੀ ਫ਼ੋਟੋ ਸਟੈਟ ਕਰਕੇ ਵਿਦਿਆਰਥੀਆਂ ਨੂੰ ਵੰਡ ਦਿੰਦੇ ਹਨ, ਕਿਉਂਕਿ ਇਨ੍ਹਾਂ ਪੇਪਰਾਂ ਵਿੱਚ ਆਏ ਸਾਰੇ ਹੀ ਪ੍ਰਸ਼ਨ ਵਿਦਿਆਰਥੀਆਂ ਨੂੰ ਪਹਿਲਾਂ ਹੀ ਪਤਾ ਹੁੰਦੇ ਹਨ, ਇਸ ਲਈ ਉਹ ਸਾਰੇ ਦੇ ਸਾਰੇ ਆਪਣੇ ਘੋਟੇ ਅਨੁਸਾਰ ਜਾਂ ਨਾਲ਼ ਲਿਆਂਦੇ ਕਾਗ਼ਜ਼ਾਂ ਅਨੁਸਾਰ 'ਚੇਪ' ਦਿੰਦੇ ਹਨ। ਅਜਿਹੀ ਬੱਜਰ ਕੋਤਾਹੀ ਦਾ ਵਿਭਾਗ ਨੇ ਅਜੇ ਤੱਕ ਕੋਈ ਨੋਟਿਸ ਨਹੀਂ ਲਿਆ ਤੇ ਲੱਗਭੱਗ ਸਾਰੇ ਸਕੂਲਾਂ ਵਿੱਚ ਬੇਈਮਾਨੀ ਭਰਿਆ ਇਹ ਵਪਾਰ ਲਗਾਤਾਰ ਜਾਰੀ ਹੈ। ਇਸ ਪੱਤਰਕਾਰ ਨੂੰ ਇਹ ਸੂਚਨਾ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਹੀ ਦਿੱਤੀ ਹੈ ਤੇ ਨਾਲ਼ ਹੀ ਉਸ ਨੇ ਉਹ 'ਵਟਸ ਐਪ' ਵੀ ਭੇਜਿਆ ਹੈ, ਜਿਸ ਵਿੱਚ ਇਹ ਪੇਪਰ ਦਰਜ ਹਨ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਬੱਚਿਆਂ ਨਾਲ਼ ਹੋ ਰਹੀ ਇਸ ਠੱਗੀ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾਂ ਹੋਏ ਪੇਪਰ ਕੈਂਸਲ ਕਰਕੇ ਸਕੂਲ ਪੱਧਰ 'ਤੇ ਇਹ ਦੁਬਾਰਾ ਲਏ ਜਾਣ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਹਰ ਸਕੂਲ ਵੱਖਰੀ ਤਰ੍ਹਾਂ ਦੇ ਪ੍ਰਸ਼ਨ-ਪੱਤਰ ਵਿਦਿਆਰਥੀਆਂ ਨੂੰ ਪਾਵੇ ਜਿਸ ਦਾ ਉਨ੍ਹਾਂ ਨੂੰ ਪਹਿਲਾਂ ਨਾ ਪਤਾ ਹੋਵੇ। ਨਾਲ਼ ਹੀ ਸੰਬੰਧਤ ਫ਼ਰਮ 'ਤੇ ਵੀ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਕਿ ਉਹ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨਾਲ਼ ਅਜਿਹੀ ਠੱਗੀ ਕਿਉਂ ਮਾਰ ਰਹੀ ਹੈ, ਜਿਸ ਨਾਲ਼ ਵਿਦਿਆਰਥੀਆਂ ਅਤੇ ਪੰਜਾਬ ਦੀ ਸਿੱਖਿਆ ਦਾ ਭਵਿੱਖ ਤਬਾਹ ਹੋ ਰਿਹਾ ਹੈ।