Latest News
ਗ੍ਰਿਫਤਾਰੀਆਂ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

Published on 18 Sep, 2017 11:31 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੈਪਟਨ ਅਮਰਿੰਦਰ ਸਰਕਾਰ ਨੇ ਵੀ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਹੱਕ ਮੰਗ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਦਰਅਸਲ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਅੱਗੇ ਕਰਜ਼ਾ ਮੁਕਤੀ ਪੰਜ ਰੋਜ਼ਾ ਧਰਨਾ ਦੇਣਾ ਸੀ। ਇਸ ਧਰਨੇ ਨੂੰ ਤਾਰਪੀਡੋ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਸ ਨੇ ਕਈ ਕਿਸਾਨ ਆਗੂ ਗ੍ਰਿਫਤਾਰ ਵੀ ਕਰ ਲਏ ਹਨ। ਜਿਹੜੇ ਲੀਡਰ ਨਹੀਂ ਮਿਲ ਰਹੇ, ਉਨ੍ਹਾਂ ਦੇ ਘਰਦਿਆਂ ਨੂੰ ਚੁੱਕਿਆ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ ਦੇ ਸਾਰੇ ਥਾਵਾਂ 'ਤੇ ਪੁਲਸ ਸਾਂਝੇ ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਛਾਪੇ ਮਾਰ ਰਹੀ ਹੈ।ਉਨ੍ਹਾਂ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜਿਹੜੇ ਸਬਜ਼ਬਾਗ ਦਿਖਾ ਕੇ ਵੋਟਾਂ ਬਟੋਰੀਆਂ ਸੀ ਤੇ ਵਾਅਦਾ ਕੀਤਾ ਸੀ ਕਿ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ, ਉਹ ਪੂਰੇ ਨਹੀਂ ਕੀਤੇ ਜਾ ਰਹੇ।ਹੁਣ ਆਪਣੇ ਵਾਅਦੇ ਤੋਂ ਭੱਜਦਿਆਂ ਸਰਕਾਰ ਨੇ ਬੁਖਲਾਹਟ ਵਿੱਚ ਕਿਸਾਨਾਂ ਦੇ ਹੱਕੀ ਧਰਨੇ ਨੂੰ ਤਾਰਪੀਡੋ ਕਰਨ ਲਈ ਸਵੇਰੇ ਹੀ ਛਾਪੇਮਾਰੀ ਸ਼ੁਰੂ ਕੀਤੀ ਹੈ।ਕਿਸਾਨ ਆਗੂਆਂ ਮੁਤਾਬਕ ਮਾਨਸਾ ਵਿਖੇ ਅੱਜ ਸਵੇਰੇ 2:30 ਵਜੇ ਪੰਜਾਬ ਪੁਲਸ ਵੱਲੋਂ ਛਾਪੇਮਾਰੀ ਸ਼ੁਰੂ ਕੀਤੀ ਗਈ। ਇਸ ਵਿੱਚ ਬਲਾਕ ਬੁਢਲਾਡਾ ਦੇ ਆਗੂਆਂ, ਜਿਨ੍ਹਾਂ ਵਿੱਚ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਨਛੱਤਰ ਸਿੰਘ ਅਹਿਮਦਪੁਰ, ਗੁਰਮੇਲ ਸਿੰਘ ਜਲਵੇੜਾ ਨੂੰ ਗ੍ਰਿਫਤਾਰ ਕੀਤਾ।ਫਿਰ 4 ਵਜੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਆਗੂ ਦਲਵਾਰਾ ਸਿੰਘ ਕਿਸ਼ਨਗੜ੍ਹ, ਰਾਮਫਲ ਸਿੰਘ ਚੱਕ ਅਲੀਸ਼ੇਰ ਤੇ ਬਲਾਕ ਆਗੂ ਤਰਸੇਮ ਸਿੰਘ ਚੱਕ ਅਲੀਸ਼ੇਰ ਨੂੰ ਗ੍ਰਿਫਤਾਰ ਕਰ ਲਿਆ ਹੈ।ਬਰਨਾਲਾ ਜ਼ਿਲ੍ਹੇ ਵਿੱਚ ਦਰਸ਼ਨ ਉਗੋਕੇ, ਦਰਸ਼ਨ ਸਿੰਘ ਰਾਏਸਰ ਦੇ ਘਰ ਸਵੇਰ ਸਮੇਂ ਭਾਰੀ ਨਫਰੀ ਲੈ ਕੇ ਛਾਪਾ ਮਾਰਿਆ। ਦੋਵੇਂ ਆਗੂ ਪੁਲਸ ਦੇ ਹੱਥ ਨਹੀਂ ਲੱਗੇ, ਪਰ ਦਰਸ਼ਨ ਸਿੰਘ ਉਗੋਕੇ ਦਾ ਮੋਬਾਈਲ ਘਰੋਂ ਚੁੱਕ ਲਿਆ ਹੈ।
ਇਸ ਸੰਬੰਧੀ ਇਨਕਲਾਬੀ ਕੇਂਦਰ ਸਮੇਤ ਦਰਜਨਾਂ ਜਥੇਬੰਦੀਆਂ ਦਾ ਵਫਦ ਕੰਵਲਜੀਤ ਖੰਨਾ ਦੀ ਅਗਵਾਈ ਵਿੱਚ ਲੁਧਿਆਣਾ ਦੇ ਜ਼ਿਲ੍ਹਾ ਪੁਲਸ ਮੁਖੀ ਤੇ ਐਸ ਡੀ ਐਮ ਨੂੰ ਮਿਲਿਆ।ਵਫਦ ਨੇ ਮੰਗ ਕੀਤੀ ਕਿ ਹੱਕੀ ਮੰਗਾਂ ਲਈ ਧਰਨਾ ਲਾਉਣ ਜਾ ਰਹੇ ਕਿਸਾਨਾਂ ਖਿਲਾਫ ਪੁਲਸ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ। ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਕਿਸ ਸ਼ਰਤ ਰਿਹਾਅ ਕੀਤਾ ਜਾਵੇ।
ਜਥੇਬੰਦੀਆਂ ਨੇ ਐਸ ਐਸ ਪੀ ਦੇ ਦਫਤਰ ਬਾਹਰ ਨਾਅਰੇਬਾਜ਼ੀ ਵੀ ਕੀਤੀ। ਪੁਲਸ ਛਾਪਿਆਂ ਦੇ ਰੋਸ ਵਿੱਚ ਬੀ ਕੇ ਯੂ ਉਗਰਾਹਾਂ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਲੀਆ ਮੰਤੀ ਖੜਕ ਸਿੰਘ ਵਾਲਾ, ਸਾਹਨੇਵਾਲ ਟਾਲੀਆਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣਾ, ਆਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਉਜਾੜ ਰਹੇ ਹਨ ਤੇ ਸੜਕਾਂ 'ਤੇ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ, ਦਾ ਯੋਗ ਪ੍ਰਬੰਧ ਕੀਤਾ ਜਾਵੇ, ਝੋਨੇ ਦੀ ਪਰਾਲੀ ਦਾ ਸਰਕਾਰ ਪਹਿਲਾਂ ਕੋਈ ਯੋਗ ਪ੍ਰਬੰਧ ਕਰੇ ਜਾਂ ਕਿਸਾਨਾਂ ਨੂੰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਪਹਿਲਾਂ ਦੇਵੇ ਤਾਂ ਜੋ ਕਰਜ਼ਾਈ ਕਿਸਾਨ ਇਸ ਦਾ ਕੋਈ ਹੱਲ ਕਰ ਸਕਣ, ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਧਰਨਾ ਦਿੱਤਾ ਜਾ ਰਿਹਾ ਹੈ।

1136 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper