Latest News
ਏਅਰ ਫੋਰਸ ਸਟੇਸ਼ਨ ਦੇ ਲਾਗੇ ਵੇਖੇ ਗਏ ਤਿੰਨ ਸ਼ੱਕੀ ਵਿਅਕਤੀ

Published on 19 Apr, 2018 11:27 AM.


ਪਠਾਨਕੋਟ (ਦਵਿੰਦਰ ਸੈਣੀ)
ਭਾਰਤ-ਪਾਕਿਸਤਾਨ ਦੀ ਸੀਮਾ ਦੇ ਨਾਲ ਲੱਗਦੇ ਕਸਬਾ ਬਮਿਆਲ ਵਿੱਚ ਬੀਤੇ ਐਤਵਾਰ ਰਾਤ ਨੂੰ ਫੌਜੀ ਵਰਦੀ ਵਿੱਚ ਹਥਿਆਰਾਂ ਨਾਲ ਲੈਸ ਦੋ ਸ਼ੱਕੀ ਵਿਅਕਤੀਆਂ ਵੱਲੋਂ ਦੇਰ ਰਾਤ ਇੱਕ ਗੁੱਜਰ ਦੀ ਗੱਡੀ ਖੋਹ ਕੇ ਫਰਾਰ ਹੋਣ ਤੋਂ ਬਾਅਦ ਬੀਤੀ ਰਾਤ ਫਿਰ ਏਅਰ ਫੋਰਸ ਸਟੇਸ਼ਨ ਦੇ ਪਿਛਲੇ ਪਾਸੇ ਆਈ ਟੀ ਆਈ ਕਾਲਜ ਦੇ ਨੇੜੇ ਰਾਤ ਕਰੀਬ 11:30 ਵਜੇ ਗਰਿਫ ਵਿੱਚ ਕੰਮ ਕਰਦੇ ਹਰਜਿੰਦਰ ਸਿੰਘ ਨੇ ਫੌਜੀ ਵਰਦੀ ਵਿੱਚ ਹਥਿਆਰਾਂ ਨਾਲ ਲੈਸ ਤਿੰਨ ਸ਼ੱਕੀ ਵਿਅਕਤੀ ਵੇਖੇ। ਉਸ ਨੇ ਇਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਜ਼ਿਲ੍ਹਾ ਪੁਲਸ ਵੱਲੋਂ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਐੱਸ ਐੱਸ ਪੀ ਦੀ ਅਗਵਾਈ ਹੇਠ ਪੁਲਸ ਅਧਿਕਾਰੀਆਂ ਨੇ ਬਖਤਰਬੰਦ ਗੱਡੀਆਂ ਅਤੇ ਸਵੈਟ ਕਮਾਂਡੋਜ਼ ਦੇ ਨਾਲ ਏਅਰ ਫੋਰਸ ਅਤੇ ਉਸ ਦੇ ਨਾਲ ਲੱਗਦੇ ਖੇਤਰ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਕੇ ਸਰਚ ਅਪ੍ਰੇਸ਼ਨ ਚਲਾਇਆ, ਪ੍ਰੰਤੂ ਪੁਲਸ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਪੁਲਸ ਵੱਲੋਂ ਪਠਾਨਕੋਟ-ਨਵੀਂ ਦਿੱਲੀ ਨੈਸ਼ਨਲ ਹਾਈਵੇ 'ਤੇ ਨਾਕਾਬੰਦੀ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੇ ਨਾਲ ਹੀ ਏਅਰਫੋਰਸ ਅਧਿਕਾਰੀਆਂ ਨੇ ਵੀ ਹਰਕਤ ਵਿੱਚ ਆਉਂਦੇ ਹੋਏ ਹੈਲੀਕਾਪਟਰ ਦੁਆਰਾ ਨਿਗਰਾਨੀ ਕਰਦੇ ਹੋਏ ਸ਼ੱਕੀ ਵਿਅਕਤੀਆਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ। ਏਅਰਫੋਰਸ ਦੀ ਪਿਛਲੀ ਦੀਵਾਰ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਜਿਹੜੇ ਸ਼ੱਕੀ ਵਿਅਕਤੀ ਵੇਖੇ ਗਏ ਸਨ, ਉਨ੍ਹਾਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਆਪਣੇ ਮੋਢੇ 'ਤੇ ਬੈਗ ਬੰਨ੍ਹਿਆ ਹੋਇਆ ਸੀ। ਇਸ ਸੰਬੰਧੀ ਬਾਰਡਰ ਜ਼ੋਨ ਦੇ ਆਈ ਜੀ ਐੱਸ ਪੀ ਐੱਸ ਪਰਮਾਰ ਨੇ ਦੱਸਿਆ ਕਿ ਪਠਾਨਕੋਟ ਇੱਕ ਅਜਿਹਾ ਸ਼ਹਿਰ ਹੈ, ਜਿਹੜਾ ਕਿ ਪਾਕਿਸਤਾਨ ਬਾਰਡਰ ਨਾਲ ਲੱਗਦਾ ਹੈ ਅਤੇ ਬੀਤੇ ਐਤਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਬਮਿਆਲ ਖੇਤਰ ਵਿੱਚ ਵੇਖੇ ਜਾਣ ਦੀ ਮਿਲੀ ਇਨਪੁਟ ਦੇ ਬਾਅਦ ਪੁਲਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ ਅਤੇ ਜਿੱਥੇ ਪੁਲਸ ਵੱਲੋਂ ਬਾਰਡਰ ਖੇਤਰ ਅਤੇ ਆਸ-ਪਾਸ ਦੇ ਖੇਤਰ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ, ਉੱਥੇ ਹੀ ਬੀਤੀ ਰਾਤ ਏਅਰਫੋਰਸ ਸਟੇਸ਼ਨ ਦੇ ਪਿਛਲੇ ਪਾਸੇ ਸ਼ੱਕੀ ਵਿਅਕਤੀਆਂ ਦੇ ਲੰਘਣ ਦੇ ਮਿਲੇ ਇਨਪੁਟ ਦੇ ਬਾਅਦ ਜ਼ਿਲ੍ਹਾ ਪੁਲਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਪੁਲਸ ਵੱਲੋਂ ਆਰਮੀ ਨਾਲ ਮਿਲ ਕੇ ਸਾਂਝਾ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

630 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper