Latest News
ਫਗਵਾੜਾ 'ਚ ਤਣਾਅ ਜਾਰੀ; ਪੁਲਸ ਤਾਇਨਾਤ

Published on 19 Apr, 2018 11:32 AM.


ਫਗਵਾੜਾ (ਇੰਦਰਜੀਤ ਮਠਾੜੂ,
ਡਾ. ਰਮਨ)
ਇੱਥੋਂ ਦੇ ਗੋਲ ਚੌਕ 'ਚ 13 ਅਪਰੈਲ ਨੂੰ ਦੋ ਫਿਰਕਿਆਂ ਦੇ ਦਰਮਿਆਨ ਪੁਲਸ ਦੀ ਮੌਜੂਦਗੀ 'ਚ ਹੋਏ ਹਿੰਸਕ ਸੰਘਰਸ਼ ਦੇ ਬਾਅਦ ਸ਼ਹਿਰ 'ਚ ਚੱਲ ਰਹੇ ਭਾਰੀ ਤਣਾਅ ਦੇ ਦਰਮਿਆਨ ਜ਼ਖ਼ਮੀ ਹੋਏ ਜਸਵੰਤ ਉਰਫ਼ ਬੌਬੀ ਦੇ ਪਰਵਾਰ ਨੇ ਸਿਆਸੀ ਦਲਾਂ ਨੂੰ ਉਨ੍ਹਾਂ ਦੇ ਜ਼ਖਮੀ ਹੋਏ ਨੌਜਵਾਨ ਪੁੱਤਰ ਦੀ ਨਾਜ਼ੁਕ ਸਥਿਤੀ ਤੋਂ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ ਦੀ ਅਪੀਲ ਕੀਤੀ ਹੈ।
ਬੌਬੀ ਦਯਾ ਨੰਦ ਹਸਪਤਾਲ ਲੁਧਿਆਣਾ ਦੇ ਨਿਊਰੋ ਆਈ ਸੀ ਯੂ 'ਚ ਗੰਭੀਰ ਹਾਲਤ 'ਚ ਦਾਖ਼ਲ ਹੈ ਅਤੇ ਇਲਾਜ ਅਧੀਨ ਹੈ। ਹਸਪਤਾਲ ਦੇ ਪ੍ਰਬੰਧਕੀ ਸਕੱਤਰ ਪ੍ਰੇਮ ਗੁਪਤਾ ਨੇ ਦੱਸਿਆ ਕਿ 6 ਯੋਗ ਡਾਕਟਰਾਂ ਦੀ ਟੀਮ ਬੌਬੀ ਦੇ ਇਲਾਜ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਉਨ੍ਹਾ ਬੌਬੀ ਦੇ ਪਰਵਾਰ ਨੂੰ ਹਸਪਤਾਲ ਦੀ ਤਰਫ਼ੋਂ ਖਾਣੇ ਦਾ ਪ੍ਰਬੰਧ ਵੀ ਕਰਨ ਦਾ ਭਰੋਸਾ ਦਿੱਤਾ। ਹਸਪਤਾਲ ਸਟਾਫ਼ ਅਨੁਸਾਰ ਬੌਬੀ ਦੇ ਗਲਾਸਗੋਂ ਸਕੇਲ ਆਮ ਤੋਂ ਘੱਟ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਬੌਬੀ ਦੇ ਦਾਦਾ ਲਕਸ਼ਮਣ ਅਤੇ ਮਾਤਾ ਰਜਨੀ ਨੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਅਤੇ ਨਗਰ ਨਿਗਮ ਮੇਅਰ ਅਰੁਨ ਖੋਸਲਾ ਦੀ ਮੌਜੂਦਗੀ 'ਚ ਗੱਲਬਾਤ ਕਰਦਿਆਂ ਸਾਰਿਆਂ ਨੂੰ ਇਸ ਸੰਕਟ ਦੀ ਘੜੀ 'ਚ ਸਿਆਸੀ ਲਾਭ ਉਠਾਉਣ ਦੀ ਬਜਾਏ ਉਨ੍ਹਾ ਦੇ ਪੁੱਤਰ ਦੇ ਜਲਦੀ ਤੰਦਰੁਸਤ ਹੋਣ ਹੀ ਕਾਮਨਾ ਕਰਨ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਵਿਖੇ ਜ਼ਖਮੀ ਬੌਬੀ ਦੀ ਤੰਦਰੁਸਤੀ ਲਈ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਵਾਈ ਗਈ। ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਤਬੀਰ ਸਿੰਘ ਸਾਬੀ ਸਮੇਤ ਕਈ ਹਾਜ਼ਰ ਸਨ। ਇਸ ਦੌਰਾਨ ਬਹੁਜਨ ਸੰਘਰਸ਼ ਸੰਸਥਾ ਦੀ ਤਰਫ਼ੋਂ ਲੜੀਵਾਰ ਭੁੱਖ ਹੜਤਾਲ ਜੋ ਰੈਸਟ ਹਾਊਸ ਅੱਗੇ ਸ਼ੁਰੂ ਕੀਤੀ ਗਈ ਹੈ, ਅੱਜ ਦੂਜੇ ਦਿਨ ਵੀ ਜਾਰੀ ਹੈ, ਜਿਸ ਦੌਰਾਨ ਉਨ੍ਹਾ ਪੁਲਸ ਦੁਆਰਾ ਦਰਜ ਸਾਰੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ, ਐੱਸ ਐੱਸ ਪੀ ਸੰਦੀਪ ਸ਼ਰਮਾ, ਜੋ ਪਿਛਲੇ 6 ਦਿਨਾਂ ਤੋਂ ਇੱਥੇ ਰਹਿ ਰਹੇ ਹਨ, ਨੇ ਅੱਜ ਫਿਰ ਸੀਨੀਅਰ, ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਸੇ ਅਣਸੁਖਾਵੀਂ ਘਟਨਾ ਦੇ ਸਮੇਂ ਜ਼ਰੂਰੀ ਕਦਮ ਚੁੱਕੇ ਜਾਣ ਸੰਬੰਧੀ ਨਿਰਦੇਸ਼ ਦਿੱਤੇ।
ਇਸ ਦੌਰਾਨ ਪੁਲਸ ਨੇ ਸ਼ਹਿਰ ਦੀ ਮੁੱਖ ਬੰਗਾ ਰੋਡ ਆਦਿ 'ਚ 13 ਨਵੇਂ ਸੀ ਸੀ ਟੀ ਵੀ ਕੈਮਰੇ ਲਗਾ ਦਿੱਤੇ ਹਨ, ਤਾਂ ਜੋ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। ਇਸੇ ਦੌਰਾਨ ਆਦਿ ਧਰਮ ਸਮਾਜ ਦੇ ਪ੍ਰਮੁੱਖ ਦਰਸ਼ਨ ਰਤਨ ਰਾਵਨ ਨੇ ਫਗਵਾੜਾ 'ਚ ਮੁਹੱਲਾ ਵਾਲਮੀਕੀ 'ਚ ਪੁੱਜ ਕੇ ਘਟਨਾ 'ਤੇ ਦੁੱਖ ਪ੍ਰਗਟਾਇਆ।

735 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper