Latest News
ਸੱਚ ਨਾਲ ਬਲਾਤਕਾਰ!

Published on 23 Apr, 2018 11:03 AM.


ਪਿਛਲੇ ਕੁਝ ਸਮੇਂ ਤੋਂ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਤੇ ਹੱਤਿਆਵਾਂ ਦਾ ਸਿਲਸਿਲਾ ਰੁਕਣ ਵਿੱਚ ਨਹੀਂ ਆ ਰਿਹਾ। ਇਹਨਾਂ ਹੈਵਾਨੀਅਤ ਭਰੀਆਂ ਘਟਨਾਵਾਂ ਵਿਰੁੱਧ ਸਮੁੱਚੇ ਦੇਸ ਵਿੱਚ ਲੋਕ ਸੜਕਾਂ ਉੱਤੇ ਨਿਕਲ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਜੰਮੂ ਦੇ ਕਠੂਆ ਵਿੱਚ ਇੱਕ ਅੱਠ ਸਾਲਾ ਬੱਚੀ ਦੀ ਗੈਂਗਰੇਪ ਤੋਂ ਬਾਅਦ ਕੀਤੀ ਗਈ ਹੱਤਿਆ ਵਿਰੁੱਧ ਤਾਂ ਕੌਮਾਂਤਰੀ ਭਾਈਚਾਰੇ ਨੇ ਵੀ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਪਹਿਲਾਂ ਯੂ ਐੱਨ ਦੇ ਸਕੱਤਰ ਜਨਰਲ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਿਆਂ ਮੰਗ ਕੀਤੀ ਗਈ ਸੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਹੁਣ ਦੁਨੀਆ ਭਰ ਦੇ 600 ਸਿੱਖਿਆ ਸ਼ਾਸਤਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਲਿਖੇ ਖੁੱਲ੍ਹੇ ਖਤ ਵਿੱਚ ਕਠੂਆ ਅਤੇ ਉਨਾਵ ਬਲਾਤਕਾਰ ਮਾਮਲਿਆਂ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੰਬੋਧਤ ਆਪਣੇ ਪੱਤਰ ਵਿੱਚ ਕਿਹਾ ਹੈ, 'ਅਸੀਂ ਕਠੂਆ-ਉਨਾਵ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਉੱਤੇ ਆਪਣੇ ਗਹਿਰੇ ਗੁੱਸੇ ਅਤੇ ਪੀੜ ਦਾ ਇਜ਼ਹਾਰ ਕਰਦੇ ਹਾਂ। ਅਸੀਂ ਦੇਖਿਆ ਹੈ ਕਿ ਦੇਸ ਦੀ ਗੰਭੀਰ ਸਥਿਤੀ ਅਤੇ ਸੱਤਾਪੱਖੀਆਂ ਦੇ ਹਿੰਸਾ ਨਾਲ ਜੁੜੇ ਹੋਣ ਦੀਆਂ ਘਟਨਾਵਾਂ ਸੰਬੰਧੀ ਤੁਸੀਂ ਲੰਮੀ ਚੁੱਪ ਵੱਟ ਰੱਖੀ ਹੈ।' ਇਸ ਪੱਤਰ ਉੱਤੇ ਨਿਊ ਯਾਰਕ ਵਿਸ਼ਵ ਵਿਦਿਆਲਿਆ, ਬਰਾਊਨ ਵਿਸ਼ਵ ਵਿਦਿਆਲਿਆ, ਹਾਵਰਡ ਵਿਸ਼ਵ ਵਿਦਿਆਲਿਆ ਤੇ ਕੋਲੰਬੀਆ ਵਿਸ਼ਵ ਵਿਦਿਆਲਿਆ ਸਮੇਤ ਵੱਖ-ਵੱਖ ਆਈ ਆਈ ਟੀ ਸੰਸਥਾਨਾਂ ਦੇ ਪ੍ਰੋਫ਼ੈਸਰਾਂ ਤੇ ਵਿਦਵਾਨਾਂ ਨੇ ਦਸਤਖ਼ਤ ਕੀਤੇ ਹਨ।
ਇਸ ਤੋਂ ਪਹਿਲਾਂ ਦੇਸ ਦੇ 49 ਰਿਟਾਇਰ ਅਫ਼ਸਰਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਖਤ ਲਿਖਿਆ ਸੀ। ਇਸ ਖਤ ਵਿੱਚ ਲਿਖਿਆ ਗਿਆ ਸੀ, 'ਕਠੂਆ ਤੇ ਉਨਾਵ ਦੀਆਂ ਦਰਦਨਾਕ ਘਟਨਾਵਾਂ ਦੱਸਦੀਆਂ ਹਨ ਕਿ ਸਰਕਾਰ ਆਪਣੀਆਂ ਬਹੁਤ ਹੀ ਮੁੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਹੋਈ ਹੈ। ਇਹ ਸਾਡਾ ਸਭ ਤੋਂ ਕਾਲਾ ਦੌਰ ਹੈ ਅਤੇ ਇਸ ਨਾਲ ਨਿਪਟਣ ਵਿੱਚ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਬਹੁਤ ਹੀ ਘੱਟ ਤੇ ਪੇਤਲੀ ਹੈ।' ਪੱਤਰ ਵਿੱਚ ਅੱਗੇ ਲਿਖਿਆ ਗਿਆ ਸੀ, 'ਨਾਗਰਿਕ ਸੇਵਾਵਾਂ ਨਾਲ ਜੁੜੇ ਸਾਡੇ ਨੌਜਵਾਨ ਅਫ਼ਸਰ ਵੀ ਜਾਪਦਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਰਹੇ ਹਨ।' ਇਸ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਕਠੂਆ ਤੇ ਉਨਾਵ ਪੀੜਤਾਂ ਦੇ ਪਰਵਾਰਾਂ ਤੋਂ ਮਾਫ਼ੀ ਮੰਗਣ ਅਤੇ ਇਹਨਾਂ ਕੇਸਾਂ ਦੀ ਫ਼ਾਸਟ ਟਰੈਕ ਜਾਂਚ ਕਰਾਈ ਜਾਏ।
ਜਦੋਂ ਦੇਸ ਤੇ ਦੁਨੀਆ ਭਰ ਵਿੱਚ ਬਲਾਤਕਾਰਾਂ ਦੇ ਇਹਨਾਂ ਕੇਸਾਂ ਵਿਰੁੱਧ ਗੁੱਸੇ ਦਾ ਆਲਮ ਹੈ, ਉਸ ਸਮੇਂ ਭਾਜਪਾ ਦੀ ਰਖੈਲ ਬਣ ਚੁੱਕਾ ਮੀਡੀਆ ਦਾ ਇੱਕ ਹਿੱਸਾ ਬੇਸਿਰ-ਪੈਰ ਦੀਆਂ ਮਨਘੜਤ ਖ਼ਬਰਾਂ ਲਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਬੀਤੀ 20 ਤਰੀਕ ਨੂੰ ਇੱਕ ਵੱਡੇ ਮੀਡੀਆ ਹਾਊਸ ਨੇ ਆਪਣੇ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਇੱਕ ਖ਼ਬਰ ਛਾਪੀ, ਜਿਸ ਦਾ ਸਿਰਲੇਖ ਸੀ, 'ਕਠੂਆ ਮੇਂ ਬੱਚੀ ਸੇ ਨਹੀਂ ਹੂਆ ਥਾ ਦੁਸ਼ਕਰਮ, ਸਵਾਲਾਂ ਦੇ ਘੇਰੇ ਵਿੱਚ ਚਾਰਜਸ਼ੀਟ'। ਇਸ ਖ਼ਬਰ ਨੂੰ ਪੱਤਰਕਾਰੀ ਦੇ ਇਤਿਹਾਸ ਵਿੱਚ ਸਭ ਤੋਂ ਸ਼ਰਮਨਾਕ ਖ਼ਬਰਾਂ ਵਿੱਚ ਇੱਕ ਨੰਬਰ ਉੱਤੇ ਰੱਖਿਆ ਜਾ ਸਕਦਾ ਹੈ। ਇਹ ਖ਼ਬਰ ਸੌ ਫ਼ੀਸਦੀ ਫ਼ਰਜ਼ੀ ਸੀ।
ਇਸ ਖ਼ਬਰ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਨੇ ਆਪਣਾ ਪੱਖ ਪੇਸ਼ ਕਰ ਕੇ ਸਪੱਸ਼ਟ ਕਿਹਾ ਕਿ ਇਹ ਖ਼ਬਰ ਬਿਲਕੁੱਲ ਝੂਠੀ ਹੈ। ਇਸ ਸੰਬੰਧੀ ਪੁਲਸ ਦੇ ਐੱਸ ਐੱਸ ਪੀ (ਕਰਾਈਮ) ਰਮੇਸ਼ ਜਾਲਾ ਨੇ ਕਿਹਾ, 'ਪਿਛਲੇ ਦਿਨੀਂ ਪ੍ਰਸਾਰਤ ਮੀਡੀਆ ਰਿਪੋਰਟਾਂ ਗ਼ਲਤ ਹਨ। ਜਾਂਚ ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਪੀੜਤਾ ਨਾਲ ਬਲਾਤਕਾਰ ਕੀਤਾ ਗਿਆ ਤੇ ਅਜਿਹਾ ਮੈਡੀਕਲ ਮਾਹਰਾਂ ਦੀ ਰਾਇ ਦੇ ਆਧਾਰ ਉੱਤੇ ਕਿਹਾ ਗਿਆ ਹੈ।' ਜ਼ਿਕਰ ਯੋਗ ਹੈ ਕਿ ਦਿੱਲੀ ਦੀ ਫੋਰੈਂਸਿਕ ਸਾਇੰਸ ਲੈਬ ਨੇ ਆਪਣੀ ਰਿਪੋਰਟ ਵਿੱਚ ਨਾ ਸਿਰਫ਼ ਬੱਚੀ ਨਾਲ ਹੋਏ ਬਲਾਤਕਾਰ ਦੀ ਪੁਸ਼ਟੀ ਕੀਤੀ ਹੈ, ਬਲਕਿ ਸਪੱਸ਼ਟ ਕਿਹਾ ਹੈ ਕਿ ਮੰਦਰ ਅੰਦਰੋਂ ਜੋ ਖ਼ੂਨ ਦੇ ਧੱਬੇ ਮਿਲੇ ਸਨ, ਉਹ ਪੀੜਤਾ ਦੇ ਸਨ। ਉਥੋਂ ਜੋ ਵਾਲਾਂ ਦਾ ਗੁੱਛਾ ਮਿਲਿਆ, ਉਹ ਇੱਕ ਦੋਸ਼ੀ ਸ਼ੁਭਮ ਦਾ ਸੀ। ਪੀੜਤਾ ਦੇ ਗੁਪਤ ਅੰਗ ਅਤੇ ਕੱਪੜਿਆਂ 'ਤੇ ਮਿਲੇ ਖ਼ੂਨ ਦੇ ਧੱਬੇ ਉਸ ਦੇ ਡੀ ਐੱਨ ਏ ਨਾਲ ਮਿਲਦੇ ਹਨ।
ਇਸ ਖ਼ਬਰ ਪਿੱਛੇ ਇਸ ਮੀਡੀਆ ਹਾਊਸ ਦੀ ਰਾਜਨੀਤੀ ਸਮਝਣ ਲਈ ਉਸ ਦੇ ਪਾਠਕਾਂ ਦੀ ਗਿਣਤੀ ਜਾਣਨੀ ਜ਼ਰੂਰੀ ਹੈ। ਇਸ ਮੀਡੀਆ ਹਾਊਸ ਦੇ ਹਿੰਦੀ ਵਿੱਚ ਛਪਦੇ ਅਖ਼ਬਾਰ ਦੇ ਪਾਠਕਾਂ ਦੀ ਗਿਣਤੀ 7 ਕਰੋੜ ਤੋਂ ਵੱਧ ਹੈ। ਇਹ ਅਖ਼ਬਾਰ ਹਿੰਦੀ ਭਾਸ਼ਾਈ ਰਾਜਾਂ ਦੇ ਪੇਂਡੂ ਹਲਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੜ੍ਹਿਆ ਜਾਂਦਾ ਹੈ। ਇਹ ਝੂਠੀ ਖ਼ਬਰ ਛਾਪ ਕੇ ਅਖ਼ਬਾਰ ਆਪਣੇ 7 ਕਰੋੜ ਤੋਂ ਵੱਧ ਪਾਠਕਾਂ ਦੇ ਦਿਮਾਗ਼ਾਂ ਵਿੱਚ ਇਹ ਗੱਲ ਭਰਨ ਵਿੱਚ ਕਾਮਯਾਬ ਹੋਇਆ ਹੈ ਕਿ ਕਠੂਆ ਵਿੱਚ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਨਹੀਂ ਹੋਇਆ। ਇਸ ਨਾਲ ਜਿਹੜੇ ਲੋਕ ਧਰਮ ਦੇ ਨਾਂਅ ਉੱਤੇ ਦੋਸ਼ੀਆਂ ਦਾ ਬਚਾਅ ਕਰ ਰਹੇ ਸਨ, ਉਨ੍ਹਾਂ ਦੇ ਹੌਸਲੇ ਬੁਲੰਦ ਹੋਏ। ਸੋਸ਼ਲ ਮੀਡੀਆ ਉੱਤੇ ਪਾਈ ਗਈ ਇਸ ਖ਼ਬਰ ਨੂੰ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ। ਇੱਕ ਕਹਾਵਤ ਹੈ ਕਿ ਝੂਠ ਨੂੰ ਜੇ ਸੌ ਵਾਰ ਦੁਹਰਾਇਆ ਜਾਵੇ ਤਾਂ ਉਹ ਸੱਚ ਬਣ ਜਾਂਦਾ ਹੈ। ਇਹੋ ਮਕਸਦ ਸੀ ਇਸ ਮਨਘੜਤ ਖ਼ਬਰ ਨੂੰ ਪ੍ਰਸਾਰਤ ਕਰਨ ਦਾ। ਧਰਮ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਨੂੰ ਇਸ ਦਾ ਵੱਡਾ ਫਾਇਦਾ ਹੋਇਆ। ਹਿੰਦੂ ਧਰਮ ਦੇ ਨਾਂਅ ਉੱਤੇ ਖ਼ੁਦ ਭਾਜਪਾ ਨੇਤਾ ਬਲਾਤਕਾਰੀਆਂ ਦਾ ਬਚਾਅ ਕਰ ਰਹੇ ਸਨ। ਇਸ ਦਾ ਮਤਲਬ ਹੈ ਕਿ ਇਸ ਖ਼ਬਰ ਦਾ ਭਾਜਪਾ ਨੂੰ ਰਾਜਨੀਤਕ ਲਾਭ ਹੋਇਆ।
ਅਖ਼ਬਾਰ ਦਾ ਇਸ ਝੂਠੀ ਖ਼ਬਰ ਨਾਲ ਕੁਝ ਨਹੀਂ ਵਿਗੜਣਾ। ਗੱਲ ਵਧੇਗੀ ਤਾਂ ਅਖ਼ਬਾਰ ਮਾਫ਼ੀ ਮੰਗ ਲਵੇਗਾ, ਪਰ ਇਸ ਨਾਲ 7 ਕਰੋੜ ਪਾਠਕਾਂ ਦੇ ਦਿਮਾਗ਼ਾਂ ਵਿੱਚ ਪਾਈ ਗੱਲ ਤਾਂ ਨਹੀਂ ਨਿਕਲ ਜਾਵੇਗੀ। ਮੌਜੂਦਾ ਦੌਰ ਪੱਤਰਕਾਰੀ ਦੇ ਇਤਿਹਾਸ ਦਾ ਸਭ ਤੋਂ ਕਾਲਾ ਤੇ ਸ਼ਰਮਨਾਕ ਦੌਰ ਹੈ। ਸੰਪਾਦਕ ਆਪਣਾ ਈਮਾਨ ਆਪਣੇ ਰਾਜਨੀਤਕ ਆਕਾਵਾਂ ਦੇ ਹੱਥੀਂ ਵੇਚ ਰਹੇ ਹਨ। ਹਰ ਰੋਜ਼ ਆਪਣੇ ਪਾਠਕਾਂ ਤੇ ਦਰਸ਼ਕਾਂ ਨੂੰ ਝੂਠ ਪਰੋਸਿਆ ਜਾ ਰਿਹਾ ਹੈ। ਲੋਕਤੰਤਰ ਦੇ ਇਸ ਚੌਥੇ ਖੰਭੇ ਦੀ ਹਾਲਤ ਜਰਜਰ ਹੋ ਚੁੱਕੀ ਹੈ। ਇਹ ਸਾਡੇ ਲੋਕਤੰਤਰ ਦੀ ਸਭ ਤੋਂ ਵੱਡੀ ਤਰਾਸਦੀ ਹੈ।

1179 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper