Latest News
ਸਕੂਲਾਂ 'ਚ ਛੇਤੀ ਕੀਤੇ ਜਾਣਗੇ ਪੀ ਟੀ ਟੀਚਰ ਭਰਤੀ

Published on 26 Apr, 2018 11:03 AM.

ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ)
ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਅੰਮ੍ਰਿਤਸਰ ਵਿਖੇ ਆਪਣੇ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ਮੱਥਾ ਟੇਕਿਆ। ਉਨ੍ਹਾ ਪੰਜਾਬ ਦੀ ਚੜ੍ਹਦੀ ਕਲਾ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਦਾ ਆਸ਼ੀਰਵਾਦ ਲੈਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਡੀ ਪਾਰਟੀ ਵਿੱਚ ਵਿਸ਼ਵਾਸ ਰੱਖਿਆ ਹੈ, ਜਿਸ ਸਦਕਾ ਸਾਡੀ ਸਰਕਾਰ ਹੋਂਦ ਵਿੱਚ ਆਈ ਹੈ।
ਖੇਡ ਮੰਤਰੀ ਦੇ ਸਰਕਟ ਹਾਊਸ ਪਹੁੰਚਣ 'ਤੇ ਪੁਲਸ ਦੀ ਟੁਕੜੀ ਵੱਲੋਂ ਉਨ੍ਹਾ ਨੂੰ ਗਾਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਉਨ੍ਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਵਿਕਾਸ ਹੀਰਾ ਐੱਸ.ਡੀ.ਐੱਮ ਅੰਮ੍ਰਿਤਸਰ ਵੀ ਨਾਲ ਸਨ।
ਇਸ ਉਪਰੰਤ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਉਨ੍ਹਾ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਬਾਖੂਬੀ ਨਿÎਭਾਉਣਗੇ। ਖੇਡ ਮੰਤਰੀ ਨੇ ਪੱਤਰਕਾਰਾਂ ਦੇ ਸਵਾਲ ਜਵਾਬ ਦਿੰਦਿਆਂ ਕਿਹਾ ਕਿ ਕਬੱਡੀ ਦੀ ਮਾਨਤਾ ਬਰਕਰਾਰ ਰਹੇਗੀ ਅਤੇ ਸਕੂਲਾਂ, ਕਾਲਜਾਂ ਵਿੱਚ ਵੀ ਇਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਹਾਕੀ ਬਾਰੇ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਹਾਕੀ ਸਾਡੀ ਅਹਿਮ ਖੇਡ ਹੈ। ਉਨ੍ਹਾ ਕਿਹਾ ਕਿ ਕੋਈ ਸਮਾਂ ਸੀ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਹਾਕੀ ਵਿੱਚ ਪੰਜਾਬ ਦੇ 9 ਖਿਡਾਰੀ ਹੁੰਦੇ ਸਨ, ਅੱਜ ਅਸੀਂ ਹਾਕੀ ਵਿੱਚ ਵੀ ਪੱਛੜ ਗਏ ਹਾਂ। ਉਨ੍ਹਾ ਕਿਹਾ ਕਿ ਇਸ ਤਰ੍ਹਾਂ ਦੀ ਖੇਡ ਨੀਤੀ ਬਣਾਈ ਜਾਵੇਗੀ, ਜਿਸ ਨਾਲ ਹਾਕੀ ਨੂੰ ਹੋਰ ਉਪਰ ਚੁੱਕਿਆ ਜਾ ਸਕੇ। ਖੇਡ ਮੰਤਰੀ ਨੇ ਦੱਸਿਆ ਕਿ ਸਕੂਲਾਂ ਵਿੱਚ ਪੀ.ਟੀ ਟੀਚਰਾਂ ਦੀ ਛੇਤੀ ਹੀ ਭਰਤੀ ਕੀਤੀ ਜਾਵੇਗੀ ਅਤੇ ਖੇਡ ਪੀਰੀਅਡ ਵੀ ਸ਼ੁਰੂ ਕੀਤੇ ਜਾਣਗੇ। ਅੰਮ੍ਰਿਤਸਰ ਦੇ ਕ੍ਰਿਕਟ ਸਟੇਡੀਅਮ ਦੀ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਉਹ ਜਲਦ ਹੀ ਇਸ ਦਾ ਦੌਰਾ ਕਰਨਗੇ ਅਤੇ ਖੇਡ ਸਟੇਡੀਅਮ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਨੂੰ ਦੂਰ ਕਰਨ ਦੇ ਨਾਲ ਆਈ.ਪੀ.ਐੱਲ ਦੇ ਮੈਚ ਲਿਆਉਣ ਦੀ ਕੋਸ਼ਿਸ਼ ਕਰਨਗੇ।
ਰਾਣਾ ਸੋਢੀ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਾਰ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਨੇ 22 ਅਤੇ ਪੰਜਾਬ ਨੇ ਕੇਵਲ 6 ਮੈਡਲ ਹੀ ਜਿੱਤੇ ਹਨ। ਉਨ੍ਹਾ ਕਿਹਾ ਕਿ ਸਾਡਾ ਮਕਸਦ ਇਸ ਤਰ੍ਹਾਂ ਦੀ ਖੇਡ ਨੀਤੀ ਬਣਾਉਣਾ ਹੈ ਕਿ ਪੰਜਾਬ ਇਕ ਵਾਰ ਫਿਰ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕਰੇ। ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ਿਆਂ ਬਾਰੇ ਐੱਸ.ਟੀ.ਐੱਫ ਗਠਿਤ ਕੀਤੀ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਜਾਂਚ ਵਿੱਚ ਜਿਸ ਦਾ ਨਾਂਅ ਆਵੇਗਾ, ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਾਡੀ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕਰੇਗੀ। ਉਨ੍ਹਾ ਕਿਹਾ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ ਅਤੇ ਆਪਣੇ ਵਾਅਦੇ ਪੂਰੇ ਕਰਾਂਗੇ।
ਇਸ ਮੌਕੇ ਉਨ੍ਹਾ ਨਾਲ ਸ੍ਰੀ ਸੁਨੀਲ ਦੱਤੀ ਹਲਕਾ ਵਿਧਾਇਕ ਉੱਤਰੀ, ਸ੍ਰੀ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਸ੍ਰੀ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਗੁਰਭੇਜ ਸਿੰਘ ਟਿੱਬੀ ਸਕੱਤਰ ਆਲ ਇੰਡੀਆ ਯੂਥ ਕਾਂਗਰਸ, ਸ੍ਰੀ ਦਵਿੰਦਰ ਸਿੰਘ ਜੰਗ ਵਾਈਸ ਪ੍ਰਧਾਨ ਯੂਥ ਕਾਂਗਰਸ ਅਤੇ ਵਿੱਕੀ ਸਿੱਧੂ ਓ.ਐੱਸ.ਡੀ ਖੇਡ ਮੰਤਰੀ ਪੰਜਾਬ ਵੀ ਨਾਲ ਸਨ।

1038 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper