Latest News
ਕੁਸ਼ੀ ਨਗਰ ਰੇਲ ਹਾਦਸਾ

Published on 27 Apr, 2018 11:16 AM.


ਉੱਤਰ ਪ੍ਰਦੇਸ਼ ਦੇ ਕੁਸ਼ੀ ਨਗਰ ਵਿਖੇ ਵੀਰਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਵਿਸ਼ੂਣਪੁਰਾ ਨਜ਼ਦੀਕ ਇੱਕ ਖੁੱਲ੍ਹੇ ਰੇਲਵੇ ਲਾਂਘੇ ਉੱਤੇ ਇੱਕ ਸਕੂਲ ਵੈਨ ਮੁਸਾਫ਼ਰ ਟਰੇਨ ਨਾਲ ਟਕਰਾ ਗਈ। ਟਰੇਨ ਦੀ ਟੱਕਰ ਨਾਲ ਵੈਨ ਵਿੱਚ ਸਵਾਰ 13 ਬੱਚਿਆਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ ਸੱਤ ਹੋਰ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਇੱਕ ਪਬਲਿਕ ਸਕੂਲ ਦੀ ਇਹ ਵੈਨ ਇਹਨਾਂ ਬੱਚਿਆਂ, ਜੋ 10 ਸਾਲ ਤੋਂ ਘੱਟ ਉਮਰ ਦੇ ਸਨ, ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਵੈਨ ਵਿੱਚ 20 ਤੋਂ ਵੱਧ ਬੱਚੇ ਸਵਾਰ ਸਨ।
ਯੂ ਪੀ ਵਿੱਚ ਦੋ ਸਾਲ ਪਹਿਲਾਂ ਵੀ ਅਜਿਹਾ ਹੀ ਇੱਕ ਹਾਦਸਾ ਹੋਇਆ ਸੀ। ਉਹ ਹਾਦਸਾ ਭਦੋਹੀ ਵਿੱਚ ਹੋਇਆ ਸੀ। ਉਸ ਹਾਦਸੇ ਵਿੱਚ ਵੀ ਸਕੂਲ ਵੈਨ ਇੱਕ ਮਨੁੱਖ-ਰਹਿਤ ਫਾਟਕ ਉੱਤੇ ਰੇਲ ਗੱਡੀ ਨਾਲ ਟਕਰਾ ਗਈ ਸੀ। ਉਸ ਹਾਦਸੇ ਵਿੱਚ ਵੀ 13 ਬੱਚਿਆਂ ਦੀ ਮੌਤ ਹੋ ਗਈ ਸੀ। ਉਸ ਸਮੇਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਹਾਦਸੇ ਸਮੇਂ ਵੈਨ ਡਰਾਈਵਰ ਨੇ ਆਪਣੇ ਕੰਨਾਂ ਨੂੰ ਈਅਰ ਫੋਨ ਲਗਾ ਰੱਖਿਆ ਸੀ। ਇਸ ਹਾਦਸੇ ਸਮੇਂ ਵੀ ਇਹੋ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੇ ਈਅਰ ਫੋਨ ਲਾਇਆ ਹੋਇਆ ਸੀ। ਕੁਝ ਰਿਪੋਰਟਾਂ ਇਹ ਕਹਿੰਦੀਆਂ ਹਨ ਕਿ ਮਨੁੱਖ-ਰਹਿਤ ਇਸ ਫਾਟਕ ਉੱਤੇ ਚੌਕੀਦਾਰ ਤਾਇਨਾਤ ਸੀ, ਪਰ ਕੁਝ ਹੋਰ ਰਿਪੋਰਟਾਂ ਕਹਿੰਦੀਆਂ ਹਨ ਕਿ ਉੱਥੇ ਕੋਈ ਚੌਕੀਦਾਰ ਨਹੀਂ ਸੀ।
ਮੌਜੂਦਾ ਹਾਦਸੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਵਾਰ-ਵਾਰ ਹੋ ਰਹੇ ਇਹਨਾਂ ਹਾਦਸਿਆਂ ਤੋਂ ਕੋਈ ਸਬਕ ਨਹੀਂ ਲਿਆ। ਬੱਸ ਕੁਝ ਮੁਆਵਜ਼ਾ ਤੇ ਜਾਂਚ ਬਿਠਾਉਣ ਦੀ ਗੱਲ ਤੋਂ ਵੱਧ ਮਨੁੱਖੀ ਜ਼ਿੰਦਗੀ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ।
ਸਭ ਤੋਂ ਪਹਿਲੀਆਂ ਗੁਨਾਹਗਾਰ ਸਾਡੀਆਂ ਹੁਣ ਤੱਕ ਦੀਆਂ ਸਰਕਾਰਾਂ ਹਨ, ਜਿਨ੍ਹਾਂ ਨੇ ਆਜ਼ਾਦੀ ਦੇ 70 ਸਾਲ ਲੰਘਣ ਜਾਣ ਬਾਅਦ ਵੀ ਮਨੁੱਖ-ਰਹਿਤ ਫਾਟਕਾਂ ਨੂੰ ਖ਼ਤਮ ਕੀਤੇ ਜਾਣ ਲਈ ਸਾਰਥਕ ਕਦਮ ਨਹੀਂ ਪੁੱਟੇ। ਇੱਕ ਪਾਸੇ ਤਾਂ ਹਾਕਮ ਬੁਲਟ ਟਰੇਨ ਤੇ ਤੇਜ਼ਗਤੀ ਦੀਆਂ ਰੇਲ ਗੱਡੀਆਂ ਨੂੰ ਚਲਾਉਣ ਲਈ ਪੱਬਾਂ ਭਾਰ ਹੋਏ ਪਏ ਹਨ, ਪਰ ਦੂਜੇ ਪਾਸੇ ਅੱਜ ਵੀ ਦੇਸ ਵਿੱਚ 28607 ਮਨੁੱਖ-ਰਹਿਤ ਫਾਟਕ ਹਨ। ਇਨ੍ਹਾਂ ਵਿੱਚੋਂ 19267 ਉੱਤੇ ਤਾਂ ਚੌਕੀਦਾਰਾਂ ਦੀ ਵਿਵਸਥਾ ਕੀਤੀ ਗਈ ਸੀ, ਪਰ ਠੇਕੇ ਉੱਤੇ ਰੱਖੇ ਇਹਨਾਂ ਚੌਕੀਦਾਰਾਂ ਨੂੰ ਹੁਣ ਹਟਾ ਦਿੱਤਾ ਗਿਆ ਹੈ। ਇਹ ਵੀ ਜ਼ਿਕਰ ਯੋਗ ਹੈ ਕਿ ਕੁੱਲ ਰੇਲ ਹਾਦਸਿਆਂ ਵਿੱਚੋਂ 16.33 ਪ੍ਰਤੀਸ਼ਤ ਇਹਨਾਂ ਮਾਨਵ-ਰਹਿਤ ਫਾਟਕਾਂ ਉੱਤੇ ਹੀ ਹੁੰਦੇ ਹਨ। ਰੇਲ ਮੰਤਰਾਲਾ ਅਗਲੇ 2 ਸਾਲਾਂ ਦੌਰਾਨ ਸਭ ਮਾਨਵ-ਰਹਿਤ ਫਾਟਕ ਬੰਦ ਕਰਨ ਦੀ ਗੱਲ ਕਰਦਾ ਹੈ, ਪਰ ਇਹ ਐਲਾਨ ਸਿਰਫ਼ ਕਾਗ਼ਜ਼ਾਂ ਵਿੱਚ ਹੀ ਰਹਿ ਜਾਂਦੇ ਹਨ। ਇਹ ਫਾਟਕ ਅੱਜ ਵੀ ਮੌਜੂਦ ਹਨ ਤੇ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਸੰਨ 2012 ਦੀ ਇੱਕ ਰਿਪੋਰਟ ਮੁਤਾਬਕ ਸਾਡੇ ਦੇਸ ਵਿੱਚ ਹਰ ਸਾਲ ਰੇਲਵੇ ਹਾਦਸਿਆਂ ਵਿੱਚ 15,000 ਵਿਅਕਤੀ ਮਾਰੇ ਜਾਂਦੇ ਹਨ।
ਕੁਸ਼ੀ ਨਗਰ ਹਾਦਸੇ ਤੇ ਅਜਿਹੇ ਹੋਰ ਹਾਦਸਿਆਂ ਲਈ ਸਥਾਨਕ ਪ੍ਰਸ਼ਾਸਨ ਵੀ ਘੱਟ ਜ਼ਿੰਮੇਵਾਰ ਨਹੀਂ ਹੁੰਦਾ। ਹਾਦਸੇ ਵਿੱਚ ਤਬਾਹ ਹੋਈ ਵੈਨ ਵਿੱਚ ਸਿਰਫ਼ ਅੱਠ ਵਿਅਕਤੀਆਂ ਦੇ ਬੈਠਣ ਦੀ ਹੀ ਵਿਵਸਥਾ ਸੀ, ਪਰ ਇਸ ਵਿੱਚ 25 ਬੱਚੇ ਜਾਨਵਰਾਂ ਵਾਂਗ ਤਾੜੇ ਹੋਏ ਸਨ। ਇਸ ਲਈ ਮੁੱਖ ਜ਼ਿੰਮੇਵਾਰੀ ਟਰਾਂਸਪੋਰਟ ਵਿਭਾਗ ਦੀ ਬਣਦੀ ਹੈ। ਇੱਕ ਆਈ ਏ ਐੱਸ ਅਧਿਕਾਰੀ ਸੂਰਿਆ ਪ੍ਰਤਾਪ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਯੂ ਪੀ ਵਿੱਚ ਓਵਰ ਲੋਡਿੰਗ ਲਈ 13 ਹਜ਼ਾਰ ਰੁਪਏ ਰੇਟ ਫਿਕਸ ਹੈ। ਇਸੇ ਹਿਸਾਬ ਨਾਲ ਹੀ ਸਕੂਲਾਂ ਵਿੱਚ ਲੱਗੀਆਂ ਵੈਨਾਂ ਤੇ ਬੱਸਾਂ ਲਈ ਵੀ ਰੇਟ ਤੈਅ ਹੋਣਗੇ। ਉੱਪਰ ਤੋਂ ਲੈ ਕੇ ਹੇਠਾਂ ਤੱਕ ਲੁੱਟ ਦਾ ਸਾਮਰਾਜ ਹੈ। ਡਰਾਈਵਿੰਗ ਲਾਇਸੰਸ ਵੀ ਇਸ ਮਹਿਕਮੇ ਵਿੱਚ ਬਿਨਾਂ ਦਲਾਲ ਤੋਂ ਨਹੀਂ ਬਣ ਸਕਦਾ।
ਪਿੱਛੇ ਜਿਹੇ ਇੱਕ ਸਕੂਲੀ ਹਾਦਸੇ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਇੱਕ ਆਰਡੀਨੈਂਸ ਰਾਹੀਂ ਡਰਾਈਵਰਾਂ ਦੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਜਾਂ ਗਾਣੇ ਸੁਣਨ ਉੱਤੇ ਰੋਕ ਲਾ ਦਿੱਤੀ ਸੀ। ਇਸ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਨੂੰ ਇੱਕ ਸਾਲ ਦੀ ਕੈਦ ਤੇ ਡਰਾਈਵਿੰਗ ਲਾਇਸੰਸ ਰੱਦ ਕਰਨ ਦੀ ਵਿਵਸਥਾ ਕੀਤੀ ਗਈ ਸੀ। ਅਜਿਹੀ ਵਿਵਸਥਾ ਸਾਰੇ ਦੇਸ਼ ਵਿੱਚ ਕੀਤੇ ਜਾਣ 'ਚ ਭਲਾ ਕਿਹੜੀ ਰੁਕਾਵਟ ਹੈ? ਪਰ ਰਾਜਾਂ ਦੇ ਸ਼ਾਸਕਾਂ ਨੇ ਤਾਂ ਟਰਾਂਸਪੋਰਟ ਵਿਭਾਗਾਂ ਨੂੰ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣਾਇਆ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਫਿਰ ਮੁੱਠੀ ਗਰਮ ਕਰ ਕੇ ਉਨ੍ਹਾਂ ਨੂੰ ਅਗਲੀ ਵਾਰ ਅਜਿਹਾ ਮੁੜ ਕਰਨ ਲਈ ਛੱਡ ਦਿੱਤਾ ਜਾਵੇ। ਇਹ ਵਰਤਾਰਾ ਹਰ ਰਾਜ ਵਿੱਚ ਚੱਲ ਰਿਹਾ ਹੈ।
ਇਸ ਦੇ ਨਾਲ ਅਜਿਹੇ ਹਾਦਸਿਆਂ ਲਈ ਨਿੱਜੀ ਸਕੂਲਾਂ ਦੇ ਮਾਲਕ ਵੀ ਜ਼ਿੰਮੇਵਾਰ ਹਨ, ਜਿਹੜੇ ਮੁਨਾਫ਼ੇ ਦੀ ਹਵਸ ਵਿੱਚ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਸਮਾਜ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੈ। ਛਕੜਾ ਬੱਸਾਂ ਤੇ ਉਹ ਵੀ ਲੋੜ ਤੋਂ ਘੱਟ ਰੱਖ ਕੇ ਉਹ ਨਿੱਤ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਅਜਿਹੇ ਬਹੁਤੇ ਸਕੂਲਾਂ ਨੂੰ ਸਿਆਸੀ ਨੇਤਾਵਾਂ ਦੀ ਛਤਰ-ਛਾਇਆ ਪ੍ਰਾਪਤ ਹੁੰਦੀ ਹੈ।
ਇਸ ਹਾਦਸੇ ਵਿੱਚ ਜਿਨ੍ਹਾਂ ਘਰਾਂ ਦੇ ਚਿਰਾਗ਼ ਬੁਝ ਗਏ, ਉਨ੍ਹਾਂ ਦਾ ਦੁੱਖ ਉਹੀ ਜਾਣਦੇ ਹਨ। ਸਿਆਸੀ ਆਗੂ ਤਾਂ ਮੁਆਵਜ਼ੇ ਦਾ ਚੈੱਕ ਦਿੰਦੇ ਸਮੇਂ ਵੀ ਵੱਧ ਚੌਕਸ ਇਸ ਲਈ ਹੁੰਦੇ ਹਨ ਕਿ ਪ੍ਰੈੱਸ ਵਿੱਚ ਉਨ੍ਹਾਂ ਦੀ ਫੋਟੋ ਠੀਕ ਕੋਣ ਤੋਂ ਆ ਸਕੇ।

1234 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper