Latest News
ਭਾਰਤ-ਚੀਨ ਸੰਬੰਧ ਸੁਖਾਵੇਂ ਮੋੜ ਵੱਲ

Published on 29 Apr, 2018 09:18 AM.

ਕਈ ਤਰ੍ਹਾਂ ਦੇ ਵਿਸਵਿਸਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਯਾਤਰਾ ਕਈ ਪੱਖਾਂ ਤੋਂ ਹੈਰਾਨੀ ਦੀ ਹੱਦ ਤੱਕ ਸਫ਼ਲ ਕਹੀ ਜਾਣ ਲੱਗ ਪਈ ਹੈ। ਇਹ ਭਾਰਤ-ਚੀਨ ਸੰਬੰਧਾਂ ਵਿੱਚ ਚੰਗਾ ਪੜਾਅ ਹੈ।
ਅਸੀਂ ਇਹ ਜਾਣਦੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਫਿਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਵੱਲ ਉਡਾਰੀ ਭਰਨੀ ਸੀ ਤਾਂ ਕੁੜੱਤਣ ਪੈਦਾ ਕਰਨ ਵਾਲੀਆਂ ਧਿਰਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਸੀ। ਚੀਨ ਤੋਂ ਖ਼ਬਰਾਂ ਇਹ ਆ ਰਹੀਆਂ ਸਨ ਕਿ ਓਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀ ਤੀਬਰਤਾ ਨਾਲ ਉਡੀਕ ਹੋ ਰਹੀ ਹੈ ਤੇ ਏਥੇ ਭਾਰਤੀ ਮੀਡੀਆ ਇਹ ਦੱਸਣ ਲੱਗਾ ਹੋਇਆ ਸੀ ਕਿ ਫਲਾਣੇ ਵੇਲੇ ਚੀਨ ਨੇ ਫਲਾਣੇ ਕੰਮ ਵਿੱਚ ਭਾਰਤ ਦੇ ਰਾਹ ਵਿੱਚ ਕੰਡੇ ਬੀਜੇ ਤੇ ਫਲਾਣੇ ਵਕਤ ਇਸ ਨੇ ਸਾਡੇ ਖ਼ਿਲਾਫ਼ ਸਾਡੇ ਦੁਸ਼ਮਣਾਂ ਦੀ ਮਦਦ ਕੀਤੀ ਸੀ। ਸਾਡਾ ਮੀਡੀਆ ਬਦਲਦਾ ਨਹੀਂ। ਅਮਰੀਕਾ ਦਾ ਮੀਡੀਆ ਇਸ ਪੱਖੋਂ ਇਸ ਵਾਰ ਨਵੀਂ ਮਿਸਾਲ ਬਣ ਗਿਆ ਹੈ। ਪਿਛਲਾ ਸਾਲ ਭਾਵੇਂ ਉੱਤਰੀ ਕੋਰੀਆ ਦੇ ਨਾਲ ਅਮਰੀਕਾ ਦੀ ਕੌੜ ਦਾ ਦੌਰ ਚੱਲਦਾ ਰਿਹਾ ਸੀ, ਪਰ ਜਦੋਂ ਦੱਖਣੀ ਕੋਰੀਆ ਵਿੱਚ ਹੋਈਆਂ ਵਿੰਟਰ ਉਲੰਪਿਕਸ ਦੇ ਮੌਕੇ ਦੋਵੇਂ ਦੇਸ਼ ਕੁਝ ਕੌੜ ਘਟਾਉਣ ਵੱਲ ਵਧੇ ਤੇ ਫਿਰ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਦੀ ਮੀਟਿੰਗ ਉਲੀਕਣੀ ਸ਼ੁਰੂ ਹੋਈ ਤਾਂ ਅਮਰੀਕਾ ਦਾ ਮੀਡੀਆ ਉਸ ਮੀਟਿੰਗ ਦੇ ਸਵਾਗਤ ਕਰਨ ਵਾਲੇ ਰਾਹ ਪੈ ਗਿਆ। ਅੰਦਰੋਂ ਭਾਵੇਂ ਕਿੰਨੀ ਵੀ ਕੌੜ ਮੌਜੂਦ ਹੋਵੇ, ਅਮਰੀਕੀ ਮੀਡੀਆ ਇਹ ਪ੍ਰਭਾਵ ਦੇ ਰਿਹਾ ਹੈ ਕਿ ਉਹ ਦੁਵੱਲੇ ਸੰਬੰਧਾਂ ਵਿੱਚ ਸੁਧਾਰ ਚਾਹੁੰਦਾ ਹੈ। ਭਾਰਤੀ ਮੀਡੀਆ ਇਹ ਦੱਸਣ ਲੱਗਾ ਰਿਹਾ ਕਿ ਸਾਡਾ ਪ੍ਰਧਾਨ ਮੰਤਰੀ ਚੀਨ ਜਾ ਕੇ ਖ਼ਾਲੀ ਮੁੜ ਆਵੇਗਾ, ਫ਼ਰਕ ਕੋਈ ਪੈਣ ਨਹੀਂ ਲੱਗਾ ਤੇ ਅਸੀਂ ਭਾਰਤੀ ਲੋਕਾਂ ਦੇ ਕੋਲ ਭਲਕ ਨੂੰ ਇਹ ਕਹਿਣ ਜੋਗੇ ਹੋ ਜਾਈਏ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕੋਈ ਫਾਇਦਾ ਨਹੀਂ।
ਇਸ ਵਾਰੀ ਇਸ ਪੱਖ ਤੋਂ ਭਾਰਤੀ ਮੀਡੀਏ ਨੂੰ ਮਾਯੂਸੀ ਹੋਈ ਹੋਵੇਗੀ, ਕਿਉਂਕਿ ਚੀਨ ਦੇ ਰਾਸ਼ਟਰਪਤੀ ਨੇ ਜਿੱਦਾਂ ਦੇ ਨਿੱਘ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰ ਕੇ ਮੁੱਢ ਬੰਨ੍ਹਿਆ ਤੇ ਫਿਰ ਜਿਵੇਂ ਸੁਖਾਵੇਂ ਸੰਬੰਧਾਂ ਦੀ ਲੜੀ ਬੱਝਣ ਦਾ ਸਬੱਬ ਬਣਿਆ, ਉਸ ਦੀ ਕਿਸੇ ਨੂੰ ਬਹੁਤੀ ਆਸ ਨਹੀਂ ਸੀ। ਭਾਰਤ ਵਿੱਚ ਇਹ ਗੱਲ ਬੜੇ ਜ਼ੋਰ ਨਾਲ ਚੁੱਕੀ ਜਾ ਰਹੀ ਸੀ ਕਿ ਮੋਦੀ ਸਾਹਿਬ ਓਥੇ ਡੋਕਲਾਮ ਦਾ ਮੁੱਦਾ ਬਾਕੀ ਹਰ ਮੁੱਦੇ ਤੋਂ ਉੱਪਰ ਰੱਖ ਕੇ ਗੱਲ ਕਰਨਗੇ ਤੇ ਇਸੇ ਕਾਰਨ ਬਾਕੀ ਸਭ ਕੁਝ ਰੁਲ ਕੇ ਰਹਿ ਜਾਵੇਗਾ। ਏਦਾਂ ਦਾ ਕੁਝ ਵੀ ਨਹੀਂ ਵਾਪਰਿਆ। ਸਾਡੇ ਪ੍ਰਧਾਨ ਮੰਤਰੀ ਨੇ ਵੀ ਉਸ ਖਿੱਚੋਤਾਣ ਉੱਤੇ ਜ਼ੋਰ ਦੇਣ ਨਾਲੋਂ ਜ਼ਿਆਦਾ ਜ਼ੋਰ ਇਸ ਗੱਲ ਉੱਤੇ ਦਿੱਤਾ ਕਿ ਪਿੱਛੇ ਜੋ ਵੀ ਹੋਇਆ ਹੋਵੇ, ਅੱਗੋਂ ਫਿਰ ਕਦੀ ਏਦਾਂ ਦੀ ਨੌਬਤ ਨਾ ਆਉਣ ਦੇਣ ਲਈ ਕੁਝ ਰਾਹ ਕੱਢਣਾ ਚਾਹੀਦਾ ਹੈ। ਇਹੋ ਗੱਲ ਅੱਗੋਂ ਚੀਨ ਦੇ ਰਾਸ਼ਟਰਪਤੀ ਨੇ ਚੁੱਕ ਲਈ। ਫਿਰ ਦੋਵਾਂ ਨੇ ਆਪਸ ਵਿੱਚ ਇਸ ਸਹਿਮਤੀ ਦਾ ਬਿਆਨ ਦੇ ਦਿੱਤਾ ਕਿ ਦੋਵੇਂ ਆਪੋ ਆਪਣੀ ਫ਼ੌਜ ਨੂੰ ਜ਼ਬਤ ਵਿੱਚ ਰੱਖਣ ਦਾ ਜ਼ਿੰਮਾ ਲੈਣਗੇ।
ਸਰਹੱਦਾਂ ਦੀ ਇੱਕ ਮਾਨਸਿਕਤਾ ਹੁੰਦੀ ਹੈ, ਜਿਹੜੀ ਓਥੇ ਡਿਊਟੀ ਕਰਨ ਵਾਲੇ ਫ਼ੌਜੀਆਂ ਉੱਤੇ ਕਈ ਵਾਰ ਏਨੀ ਭਾਰੂ ਹੋ ਜਾਂਦੀ ਹੈ ਕਿ ਉਨ੍ਹਾਂ ਦੀ ਵਕਤੀ ਖਿੱਚੋਤਾਣ ਬਾਅਦ ਵਿੱਚ ਵੱਡੇ ਰੱਫੜ ਦਾ ਕਾਰਨ ਬਣ ਸਕਦੀ ਹੈ। ਡੋਕਲਾਮ ਵਿੱਚ ਜਿਹੜੇ ਜਵਾਨ ਸਨ, ਉਨ੍ਹਾਂ ਵਿੱਚ ਕੁਝ ਏਸੇ ਤਰ੍ਹਾਂ ਦੀ ਖਿੱਚੋਤਾਣ ਹੋਈ ਸੀ, ਜਿਹੜੀ ਵਕਤੀ ਜਿਹੀ ਸੀ, ਪਰ ਸਾਡੇ ਮੀਡੀਆ ਨੇ ਕੁਝ ਸਾਲ ਪਹਿਲਾਂ ਦੀਆਂ ਦੂਰ ਲੱਦਾਖ ਦੇ ਖੇਤਰ ਦੀਆਂ ਫ਼ਿਲਮਾਂ ਮੁੜ-ਮੁੜ ਵਿਖਾਈਆਂ ਅਤੇ ਇਹ ਪ੍ਰਭਾਵ ਬਣਾ ਦਿੱਤਾ ਕਿ ਸਾਡੇ ਜਵਾਨ ਮਰਨ-ਮਾਰਨ ਵਾਸਤੇ ਤਿਆਰ ਹਨ, ਸਰਕਾਰ ਆਗਿਆ ਨਹੀਂ ਦੇ ਰਹੀ। ਪ੍ਰਧਾਨ ਮੰਤਰੀ ਦੇ ਚੀਨ ਦੌਰੇ ਨੇ ਏਦਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਦਾ ਆਧਾਰ ਤਿਆਰ ਕਰ ਦਿੱਤਾ ਹੈ। ਇਸ ਮੌਕੇ ਕੀਤੇ ਗਏ ਹੋਰ ਕੰਮ ਵੀ ਘੱਟ ਅਹਿਮ ਨਹੀਂ।
ਸਾਡੇ ਦੇਸ਼ ਵਿੱਚ ਹਰ ਮੋੜ ਉੱਤੇ ਇਸ ਗੱਲ ਉੱਤੇ ਜ਼ੋਰ ਦੇਣ ਦਾ ਰਿਵਾਜ ਬਣ ਗਿਆ ਹੈ ਕਿ ਜਿਸ ਕਿਸੇ ਦੇਸ਼ ਨਾਲ ਗੱਲ ਕਰਨੀ ਹੈ, ਉਸ ਨੂੰ ਪੁੱਛੋ ਕਿ ਦਹਿਸ਼ਤਗਰਦੀ ਅਤੇ ਪਾਕਿਸਤਾਨ ਬਾਰੇ ਉਹ ਕੀ ਕਰੇਗਾ? ਇਹ ਮੁੱਦਾ ਇਸ ਵਾਰ ਫਿਰ ਉਭਾਰਿਆ ਗਿਆ। ਨਾ ਵੀ ਉਭਾਰਦੇ ਤਾਂ ਪ੍ਰਧਾਨ ਮੰਤਰੀ ਨੇ ਇਸ ਦਾ ਜ਼ਿਕਰ ਕਰਨਾ ਹੀ ਸੀ। ਓਥੇ ਇਸ ਦਾ ਜਦੋਂ ਜ਼ਿਕਰ ਆਇਆ ਤਾਂ ਚੀਨ ਨੇ ਮੱਠੀ ਸੁਰ ਵਿੱਚ ਸਹੀ, ਭਾਰਤ ਦੀ ਚਿੰਤਾ ਨੂੰ ਮੰਨਿਆ ਤੇ ਇੱਕ ਕਦਮ ਇਹੋ ਜਿਹਾ ਚੁੱਕਿਆ, ਜਿਹੜਾ ਪਾਕਿਸਤਾਨ ਨੂੰ ਛੇਤੀ ਕੀਤੇ ਹਜ਼ਮ ਨਹੀਂ ਹੋ ਸਕਦਾ। ਦੋਵਾਂ ਦੇਸ਼ਾਂ ਨੇ ਜੰਗ ਦੇ ਭੰਨੇ ਹੋਏ ਅਫ਼ਗ਼ਾਨਿਸਤਾਨ ਵਿੱਚ ਇੱਕ ਇਹੋ ਜਿਹੇ ਪ੍ਰਾਜੈਕਟ ਉੱਤੇ ਮਿਲ ਕੇ ਕੰਮ ਕਰਨ ਦਾ ਐਲਾਨ ਕਰ ਦਿੱਤਾ, ਜਿਹੜਾ ਪਾਕਿਸਤਾਨ ਵਿੱਚ ਬਣਾਏ ਜਾ ਰਹੇ ਵੱਡੇ ਸਾਰੇ ਰੋਡ ਪ੍ਰਾਜੈਕਟ ਤੋਂ ਘੱਟ ਅਹਿਮ ਨਹੀਂ ਕਿਹਾ ਜਾ ਸਕਦਾ। ਪਾਕਿਸਤਾਨ ਦੀ ਸਰਕਾਰ ਤਾਂ ਅਫ਼ਗ਼ਾਨਿਸਤਾਨ ਅੰਦਰ ਭਾਰਤ ਦਾ ਕਿਸੇ ਪ੍ਰਾਜੈਕਟ ਵਿੱਚ ਵੀ ਦਾਖ਼ਲਾ ਪ੍ਰਵਾਨ ਨਹੀਂ ਕਰਦੀ, ਇੱਕੋ ਪ੍ਰਾਜੈਕਟ ਵਿੱਚ ਭਾਰਤ ਤੇ ਚੀਨ ਦੋਵਾਂ ਦੇ ਦਾਖ਼ਲੇ ਨਾਲ ਉਸ ਲਈ ਚਿੰਤਾ ਪੈਦਾ ਹੋਈ ਹੋਵੇਗੀ, ਭਾਰਤੀ ਮੀਡੀਏ ਨੇ ਇਸ ਨੂੰ ਬਹੁਤਾ ਨਹੀਂ ਚੁੱਕਿਆ। ਪਾਕਿਸਤਾਨ ਪੱਖੀ ਤਾਲਿਬਾਨ ਓਥੇ ਕਿਸੇ ਵੀ ਵਿਦੇਸ਼ੀ ਕੰਪਨੀ ਅਤੇ ਖ਼ਾਸ ਤੌਰ ਉੱਤੇ ਭਾਰਤ ਦੀ ਕਿਸੇ ਕੰਪਨੀ ਦਾ ਕੰਮ ਚੱਲਦਾ ਵੇਖ ਕੇ ਸਹਾਰ ਨਹੀਂ ਸਕਦੇ ਤੇ ਜਦੋਂ ਭਾਰਤ ਦੇ ਨਾਲ ਚੀਨੀ ਕੰਪਨੀ ਦਾ ਫੱਟਾ ਅਫ਼ਗ਼ਾਨਿਸਤਾਨ ਵਿੱਚ ਲੱਗਾ ਹੋਇਆ ਤੇ ਉਸ ਦੇ ਇੰਜੀਨੀਅਰ ਕੰਮ ਕਰਦੇ ਹੋਏ ਤਾਂ ਤਾਲਿਬਾਨ ਨੂੰ ਕੌੜ ਜ਼ਰੂਰ ਚੜ੍ਹਨੀ ਹੈ। ਇਸ ਸੂਰਤ ਵਿੱਚ ਜੇ ਉਹ ਚੁੱਪ ਰਹਿਣਗੇ ਤਾਂ ਉਨ੍ਹਾਂ ਦੀ ਕਮਜ਼ੋਰੀ ਗਿਣੀ ਜਾਣੀ ਹੈ ਅਤੇ ਜੇ ਉਹ ਕੋਈ ਹਮਲਾ ਕਰਨਗੇ ਤਾਂ ਇਹ ਪਾਕਿਸਤਾਨ ਦੇ ਸਿਰ ਮੜ੍ਹਿਆ ਜਾਣਾ ਹੈ, ਕਿਉਂਕਿ ਅਫ਼ਗ਼ਾਨਿਸਤਾਨ ਦੀ ਸਰਕਾਰ ਵੀ ਅਤੇ ਭਾਰਤ ਸਰਕਾਰ ਵੀ ਇਸ ਬਾਰੇ ਓਹਲਾ ਰੱਖੇ ਬਿਨਾਂ ਬੋਲਣ ਤੋਂ ਗੁਰੇਜ਼ ਨਹੀਂ ਕਰਨਗੇ।
ਅਸੀਂ ਇਸ ਵੇਲੇ ਇਹ ਮੁੱਦਾ ਨਹੀਂ ਛੋਹ ਰਹੇ ਕਿ ਭਾਰਤ-ਚੀਨ ਵਪਾਰ ਜਾਂ ਹੋਰ ਮੁੱਦਿਆਂ ਉੱਤੇ ਕਿੰਨੀ ਵਿਚਾਰ ਹੋਈ ਹੈ, ਸਿਰਫ਼ ਚੋਣਵੇਂ ਮੁੱਦੇ ਪਾਠਕਾਂ ਦੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਖਿੱਤੇ ਦੇ ਇਹ ਦੋਵੇਂ ਆਬਾਦੀ ਪੱਖੋਂ ਬਹੁਤ ਵੱਡੇ ਦੇਸ਼ ਕਿਸ ਤਰ੍ਹਾਂ ਹੱਥ ਮਿਲਾ ਕੇ ਅਗਲੇ ਪੰਧ ਵੱਲ ਤੁਰਨ ਲੱਗੇ ਹਨ। ਇਨ੍ਹਾਂ ਦੋ ਦੇਸ਼ਾਂ ਦੀ ਆਬਾਦੀ ਜੋੜੀ ਜਾਵੇ ਤਾਂ ਸਾਰੇ ਸੰਸਾਰ ਦਾ ਸੱਠ ਫ਼ੀਸਦੀ ਤੋਂ ਵੱਧ ਬਣਦੀ ਹੈ। ਸੰਸਾਰ ਦੇ ਲੋਕ ਇਨ੍ਹਾਂ ਵੱਲ ਵੇਖ ਰਹੇ ਸਨ ਤੇ ਇਨ੍ਹਾਂ ਦੋਵਾਂ ਨੇ ਜ਼ਿੰਮੇਵਾਰੀ ਨੂੰ ਸਮਝਿਆ ਹੈ। ਦੋਵਾਂ ਦੇਸ਼ਾਂ ਦੇ ਲੋਕ ਇਸ ਤੋਂ ਖ਼ੁਸ਼ ਹੋਣਗੇ। ਇਸ ਮੌਕੇ ਸਿਰਫ਼ ਆਪਣੇ ਦੇਸ਼ ਵਿਚਲੇ ਰਿਵਾਇਤੀ ਚੀਨ-ਵਿਰੋਧੀ ਟੋਲੇ ਦੀ ਵਾਗ ਖਿੱਚ ਕੇ ਰੱਖਣ ਦੀ ਲੋੜ ਹੈ। ਸੁੱਖ ਮੰਗੀ ਹੀ ਚੰਗੀ ਹੁੰਦੀ ਹੈ।
-ਜਤਿੰਦਰ ਪਨੂੰ

1131 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper