Latest News
ਦਲਿਤਾਂ ਉੱਤੇ ਜਬਰ ਦੀ ਇੰਤਹਾ

Published on 01 May, 2018 12:18 PM.


ਅਸੀਂ ਹਰ ਖੇਤਰ ਵਿੱਚ ਜ਼ਿਕਰ ਯੋਗ ਤਰੱਕੀ ਕੀਤੀ ਹੈ। ਅਸੀਂ ਮੰਗਲ ਗ੍ਰਹਿ ਤੱਕ ਪਹੁੰਚ ਚੁੱਕੇ ਹਾਂ, ਪ੍ਰੰਤੂ ਇਸ ਤਰੱਕੀ ਦਾ ਸਾਡੀ ਜਾਤੀਵਾਦੀ ਮਾਨਸਿਕਤਾ ਉੱਤੇ ਕੋਈ ਅਸਰ ਨਹੀਂ ਪਿਆ। ਅੱਜ ਵੀ ਉੱਚ ਜਾਤੀਆਂ ਦਾ ਨਿਮਨ ਜਾਤੀਆਂ ਉੱਤੇ ਜਬਰ ਸਾਮੰਤਸ਼ਾਹੀ ਯੁੱਗ ਵਾਂਗ ਕਾਇਮ ਹੈ। ਇਹ ਇਸ ਲਈ ਹੈ, ਕਿਉਂਕਿ ਸੱਤਾਧਾਰੀ ਉੱਚ ਵਰਗ ਇਸ ਨੂੰ ਕਾਇਮ ਰੱਖਣਾ ਚਾਹੁੰਦਾ ਹੈ।
ਭਾਜਪਾ ਦੇ ਕੇਂਦਰ ਤੇ ਬਹੁਤ ਸਾਰੇ ਰਾਜਾਂ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਦਲਿਤਾਂ ਪ੍ਰਤੀ ਮਨੂੰਵਾਦੀ ਨਫ਼ਤਰ ਸਿਖ਼ਰਾਂ 'ਤੇ ਪਹੁੰਚ ਚੁੱਕੀ ਹੈ। ਇਸ ਦਾ ਸਭ ਤੋਂ ਭੱਦਾ ਮੁਜ਼ਾਹਰਾ 2016 ਵਿੱਚ ਗੁਜਰਾਤ ਦੇ ਸ਼ਹਿਰ ਊਨਾ ਵਿੱਚ ਹੋਇਆ ਸੀ। ਇਸ ਘਟਨਾ ਵਿੱਚ ਦਲਿਤ ਪਰਵਾਰ ਦੇ ਚਾਰ ਮੈਂਬਰਾਂ ਨੂੰ ਮਰੀ ਗਾਂ ਦੀ ਖੱਲ ਉਤਾਰਣ ਦੇ ਦੋਸ਼ ਵਿੱਚ ਨੰਗਿਆਂ ਕਰ ਕੇ ਉਨ੍ਹਾਂ ਦੀ ਸ਼ਰੇਆਮ ਮਾਰ-ਕੁਟਾਈ ਕੀਤੀ ਗਈ ਸੀ।
ਕਥਿਤ ਗਊ ਰੱਖਿਅਕਾਂ ਵੱਲੋਂ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵੀ ਪਾਇਆ ਗਿਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਮੁੱਚੇ ਦੇਸ ਵਿੱਚ ਇਸ ਘਟਨਾ ਉੱਤੇ ਤਿੱਖਾ ਪ੍ਰਤੀਕਰਮ ਹੋਇਆ ਸੀ। ਗੁਜਰਾਤ ਵਿੱਚ ਤਾਂ ਦਲਿਤਾਂ ਤੇ ਹੋਰ ਅਗਾਂਹ-ਵਧੂ ਵਿਚਾਰਾਂ ਵਾਲੇ ਲੋਕਾਂ ਦੇ ਸਹਿਯੋਗ ਨਾਲ ਦਲਿਤ ਅਧਿਕਾਰ ਮੰਚ ਵੱਲੋਂ ਇਸ ਦੇ ਆਗੂ ਜਿਗਨੇਸ਼ ਮੇਵਾਨੀ ਦੀ ਅਗਵਾਈ ਵਿੱਚ ਇੱਕ ਲੌਂਗ ਮਾਰਚ ਕੱਢਿਆ ਗਿਆ ਸੀ, ਜਿਸ ਵਿੱਚ ਇੱਕ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਊਨਾ ਘਟਨਾ ਤੇ ਹੋਰ ਵੱਖ-ਵੱਖ ਥਾਂਵਾਂ ਉੱਤੇ ਗਊ ਰੱਖਿਅਕਾਂ ਵੱਲੋਂ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੇ ਮਸਲਿਆਂ ਉੱਤੇ ਚੁੱਪ ਵੱਟੀ ਰੱਖਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਬੋਲਣਾ ਪਿਆ ਸੀ। ਉਨ੍ਹਾ ਗੁਜਰਾਤ ਵਿੱਚ ਦਿੱਤੇ ਇੱਕ ਭਾਸ਼ਣ ਦੌਰਾਨ ਕਿਹਾ ਸੀ, ''ਮੇਰੇ ਦਲਿਤ ਭਾਈਆਂ ਨੂੰ ਨਾ ਮਾਰੋ, ਮੈਨੂੰ ਬੇਸ਼ੱਕ ਗੋਲੀ ਮਾਰ ਦਿਉ।'' ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਵੀ ਇੱਕ ਜੁਮਲਾ ਸੀ, ਕਿਉਂਕਿ ਹਿੰਦੂਤੱਵੀ ਹੁੜਦੰਗਬਾਜ਼ਾਂ ਨੇ ਆਪਣੀਆਂ ਨਾਪਾਕ ਹਰਕਤਾਂ ਪਹਿਲਾਂ ਵਾਂਗ ਹੀ ਜਾਰੀ ਰੱਖੀਆਂ। ਇਹ ਘਟਨਾਵਾਂ ਮੁੱਖ ਤੌਰ ਉੱਤੇ ਉਨ੍ਹਾਂ ਰਾਜਾਂ ਵਿੱਚ ਵਾਪਰ ਰਹੀਆਂ ਹਨ, ਜਿਨ੍ਹਾਂ ਵਿੱਚ ਭਾਜਪਾ ਸੱਤਾਧਾਰੀ ਹੈ।
ਤਾਜ਼ਾ ਘਟਨਾ ਰਾਜਸਥਾਨ ਦੇ ਭੀਲਵਾੜਾ ਦੀ ਹੈ। ਇਸ ਘਟਨਾ ਵਿੱਚ ਇੱਕ ਦਲਿਤ ਲਾੜੇ ਨੂੰ ਘੋੜੀ ਉੱਤੇ ਚੜ੍ਹਨ ਦੀ ਸਜ਼ਾ ਦੇਣ ਲਈ ਉਸ ਦੀ ਕੁੱਟਮਾਰ ਕੀਤੀ ਗਈ ਤੇ ਮੁੱਛ ਪੁੱਟ ਕੇ ਉਸ ਨੂੰ ਪਿਸ਼ਾਬ ਪਿਲਾਇਆ ਗਿਆ। ਇਹ ਘਟਨਾ ਭੀਲਵਾੜਾ ਦੇ ਗੋਵਰਧਨਪੁਰਾ ਪਿੰਡ ਦੀ ਹੈ। ਪੀੜਤ ਪਰਵਾਰ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਪਿੰਡ ਦੇ ਜ਼ੋਰਾਵਰ ਲੋਕ ਹੰਗਾਮਾ ਕਰ ਸਕਦੇ ਹਨ। ਇਸ ਲਈ ਉਨ੍ਹਾਂ ਪੁਲਸ ਨੂੰ ਇਤਲਾਹ ਦੇ ਦਿੱਤੀ ਸੀ ਕਿ ਉਹ ਲਾੜੇ ਨੂੰ ਘੋੜੀ ਉੱਤੇ ਲੈ ਕੇ ਜਾਣਗੇ, ਪਰ ਪੁਲਸ ਦੇ ਸਾਹਮਣੇ ਹੀ ਦਬੰਗਾਂ ਵੱਲੋਂ ਇਹ ਸ਼ਰਮਨਾਕ ਕਾਰਾ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਲਾੜੇ ਸਮੇਤ ਦੋ ਨੌਜਵਾਨ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਪਿਛਲੇ ਮਹੀਨੇ ਗੁਜਰਾਤ ਦੇ ਭਾਵਨਗਰ ਵਿੱਚ ਇੱਕ 21 ਸਾਲਾ ਦਲਿਤ ਨੌਜਵਾਨ ਪ੍ਰਦੀਪ ਰਠੌੜ ਨੂੰ ਘੋੜੇ ਦੀ ਸਵਾਰੀ ਕਰਨ ਉੱਤੇ ਕੁੱਟ -ਕੁੱਟ ਕੇ ਮਾਰ ਦਿੱਤਾ ਗਿਆ ਸੀ। ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਇੱਕ ਪਿੰਡ ਨਿਜ਼ਾਮਪੁਰ ਵਿੱਚ ਵੀ ਦਲਿਤ ਲਾੜੇ ਦੇ ਘੋੜੀ ਚੜ੍ਹਨ ਦੇ ਐਲਾਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਉਸ ਸਮੇਂ ਪਿੰਡ ਦੀ ਸਰਪੰਚ ਸ਼ਾਂਤੀ ਦੇਵੀ ਨੇ ਕਿਹਾ ਸੀ ਕਿ ਠਾਕਰਾਂ ਦੇ ਘਰਾਂ ਅੱਗੋਂ ਤਾਂ ਦਲਿਤਾਂ ਤੇ ਜਾਟਵਾਂ ਦੀ ਬਰਾਤ ਕਦੇ ਪੈਦਲ ਵੀ ਨਹੀਂ ਲੰਘੀ, ਫਿਰ ਦਲਿਤ ਲਾੜਾ ਘੋੜੀ ਉੱਤੇ ਸਵਾਰ ਹੋ ਕੇ ਕਿਵੇਂ ਲੰਘ ਸਕਦਾ ਹੈ। ਇਸ ਹਾਲਤ ਵਿੱਚ ਪੁਲਸ ਤੇ ਪ੍ਰਸ਼ਾਸਨ ਨੇ ਬਰਾਤ ਲੈ ਜਾਣ ਉੱਤੇ ਰੋਕ ਲਾ ਦਿੱਤੀ। ਵਕੀਲ ਲਾੜੇ ਨੇ ਅਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਤਦ ਜਾ ਕੇ ਉਸ ਨੂੰ ਸ਼ਰਤਾਂ ਸਹਿਤ ਬਰਾਤ ਲੈ ਕੇ ਜਾਣ ਦੀ ਇਜਾਜ਼ਤ ਮਿਲੀ।
ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਹਨੀਂ ਦਿਨੀਂ ਦਲਿਤਾਂ ਦੇ ਘਰਾਂ ਵਿੱਚ ਠਹਿਰਣ ਤੇ ਖਾਣਾ ਖਾਣ ਦਾ ਨਾਟਕ ਕਰ ਰਹੇ ਹਨ, ਪਰ ਦੂਜੇ ਪਾਸੇ ਜ਼ੋਰਾਵਰ ਤਬਕਿਆਂ ਦੇ ਲੋਕਾਂ ਨੇ ਦਲਿਤਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਯੂ ਪੀ ਦੇ ਬਦਾਊਂ ਜ਼ਿਲ੍ਹੇ ਦੇ ਪਿੰਡ ਆਜ਼ਮਪੁਰ ਬਿਸੌਰੀਆ ਨਿਵਾਸੀ ਦਲਿਤ ਸੀਤਾ ਰਾਮ ਇੱਕ ਗ਼ਰੀਬ ਕਿਸਾਨ ਤੇ ਖੇਤ ਮਜ਼ਦੂਰ ਹੈ। 23 ਅਪ੍ਰੈਲ ਨੂੰ ਠਾਕੁਰ ਵਿਜੈ ਸਿੰਘ ਨੇ ਉਸ ਨੂੰ ਕਣਕ ਕੱਟਣ ਲਈ ਸੱਦਿਆ, ਪਰ ਉਹ ਆਪਣੇ ਖੇਤ ਵਿੱਚ ਕਣਕ ਕੱਟਦਾ ਹੋਣ ਕਰ ਕੇ ਜਾ ਨਾ ਸਕਿਆ। ਇਸ ਹੁਕਮ ਅਦੂਲੀ ਤੋਂ ਬਾਅਦ ਠਾਕੁਰ ਪਰਵਾਰ ਵੱਲੋਂ ਉਸ ਨੂੰ ਪਹਿਲਾਂ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ, ਫਿਰ ਉਸ ਦੀਆਂ ਮੁੱਛਾਂ ਪੁੱਟ ਦਿੱਤੀਆਂ ਗਈਆਂ। ਮੁੱਛਾਂ ਰੱਖਣ ਦੇ ਮਾਮਲੇ ਵਿੱਚ ਗੁਜਰਾਤ ਵਿੱਚ ਵੀ ਕਈ ਪਿੰਡਾਂ ਅੰਦਰ ਜ਼ੋਰਾਵਰਾਂ ਵੱਲੋਂ ਦਲਿਤ ਨੌਜਵਾਨਾਂ ਦੀ ਕੁੱਟਮਾਰ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਊਨਾ ਕਾਂਡ, ਜਿਸ ਦਾ ਅਸੀਂ ਉੱਪਰ ਜ਼ਿਕਰ ਕਰ ਚੁੱਕੇ ਹਾਂ, ਦੇ ਪੀੜਤਾਂ ਵੱਲੋਂ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਗਿਆ ਹੈ। ਇਸ ਧਰਮ ਬਦਲੀ ਪ੍ਰੋਗਰਾਮ ਤੋਂ ਪਹਿਲਾਂ 25 ਅਪਰੈਲ ਨੂੰ ਇਹਨਾਂ ਉੱਤੇ ਮੁੜ ਹਮਲਾ ਕੀਤਾ ਗਿਆ। ਊਨਾ ਕਾਂਡ ਦੇ ਪੀੜਤ ਵਿਅਕਤੀਆਂ ਰਮੇਸ਼ ਤੇ ਅਸ਼ੋਕ ਨੇ ਕਿਹਾ ਹੈ ਕਿ ਹਮਲਾ ਕਰਨ ਵਾਲਿਆਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਸੀ, ਜਿਸ ਨੇ ਊਨਾ ਕਾਂਡ ਵਿੱਚ ਦਲਿਤਾਂ ਦੀ ਸ਼ਰੇਆਮ ਮਾਰਕੁੱਟ ਕੀਤੀ ਸੀ। ਊਨਾ ਕਾਂਡ ਤੋਂ ਬਾਅਦ ਪੀੜਤ ਪਰਵਾਰ ਨੂੰ ਚਾਰ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਸਨ, ਪਰ ਘਟਨਾ ਸਮੇਂ ਉਹ ਹਾਜ਼ਰ ਨਹੀਂ ਸਨ। 29 ਅਪ੍ਰੈਲ ਨੂੰ ਹੋਏ ਧਰਮ ਪਰਿਵਰਤਨ ਪ੍ਰੋਗਰਾਮ ਵਿੱਚ ਇੱਕ ਹਜ਼ਾਰ ਦਲਿਤਾਂ ਨੇ ਭਾਗ ਲਿਆ ਤੇ 450 ਨੇ ਬੁੱਧ ਧਰਮ ਅਪਣਾਇਆ।
ਉਪਰੋਕਤ ਸਭ ਘਟਨਾਵਾਂ ਤੋਂ ਉਪਜੇ ਗੁੱਸੇ ਦਾ ਨਤੀਜਾ ਸੀ ਕਿ ਬਿਨਾਂ ਕਿਸੇ ਜਥੇਬੰਦਕ ਸੱਦੇ ਦੇ 2 ਅਪ੍ਰੈਲ ਨੂੰ ਦੇਸ਼ ਭਰ ਵਿੱਚ ਦਲਿਤਾਂ 'ਤੇ ਜਬਰ ਵਿਰੁੱਧ ਬੇਮਿਸਾਲ ਭਾਰਤ ਬੰਦ ਹੋਇਆ ਸੀ। ਇਸ ਬੰਦ ਦਾ ਨਤੀਜਾ ਹੀ ਸੀ ਕਿ ਭਾਜਪਾ ਦੇ ਅੰਦਰਲੇ ਦਲਿਤ ਆਗੂਆਂ ਨੇ ਵੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਯੂ ਪੀ 'ਚੋਂ ਚੁਣੀ ਗਈ ਸੰਸਦ ਮੈਂਬਰ ਸਵਿੱਤਰੀ ਬਾਈ ਫੂਲੇ ਨੇ ਇੱਕ ਵੱਡੀ ਰੈਲੀ ਕਰ ਕੇ ਭਾਜਪਾ ਆਗੂਆਂ ਨੂੰ ਚਿਤਾਵਨੀ ਦੇ ਦਿੱਤੀ। ਦੋ ਹੋਰ ਸੰਸਦ ਮੈਂਬਰਾਂ ਨੇ ਵੀ ਉਸ ਦੀ ਆਵਾਜ਼ ਵਿੱਚ ਆਵਾਜ਼ ਰਲਾਉਣੀ ਸ਼ੁਰੂ ਕਰ ਦਿੱਤੀ। ਗੁਜਰਾਤ ਦੇ ਭਾਜਪਾ ਵਿਧਾਇਕ ਪ੍ਰਦੀਪ ਪਰਮਾਰ ਨੇ ਊਨਾ ਪੀੜਤਾਂ ਦੇ ਧਰਮ ਬਦਲੀ ਪ੍ਰੋਗਰਾਮ 'ਚ ਸ਼ਿਰਕਤ ਕਰ ਕੇ ਭਾਜਪਾ ਨੂੰ ਕਹਿ ਦਿੱਤਾ ਹੈ ਕਿ ਉਹ ਦਲਿਤਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਸਹਿਣ ਨਹੀਂ ਕਰਨਗੇ।
ਅਜਿਹੀ ਸਥਿਤੀ ਵਿੱਚ ਜੇਕਰ ਭਾਜਪਾ ਆਪਣੇ ਹਿੰਦੂਤੱਵੀ ਲੱਠਮਾਰਾਂ ਨੂੰ ਨੱਥ ਨਹੀਂ ਪਾਉਂਦੀ ਤਾਂ ਇਸ ਦਾ ਖਮਿਆਜ਼ਾ ਉਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।

1453 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper