Latest News
ਟੀਕਾਕਰਨ ਮੁਹਿੰਮ : ਸ਼ਰਾਰਤੀ ਤੱਤਾਂ ਨੂੰ ਬੇਨਕਾਬ ਕਰੋ

Published on 02 May, 2018 10:59 AM.

ਵਿਸ਼ਵ ਸਿਹਤ ਸੰਸਥਾ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਖਸਰਾ ਤੇ ਰੁਬੇਲਾ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਵੱਖ-ਵੱਖ ਸੂਬਿਆਂ ਵਿੱਚ 9 ਤੋਂ 15 ਸਾਲ ਤੱਕ ਦੇ ਅੱਠ ਕਰੋੜ ਬੱਚਿਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਪੰਜਾਬ ਵਿੱਚ ਇਹ ਮੁਹਿੰਮ ਪਹਿਲੀ ਮਈ ਤੋਂ ਸ਼ੁਰੂ ਕੀਤੀ ਜਾਣੀ ਸੀ। ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਛਪਵਾਏ ਗਏ।
ਖਸਰਾ ਇੱਕ ਅਜਿਹੀ ਬਿਮਾਰੀ ਹੈ, ਜਿਸ ਨਾਲ ਭਾਰਤ ਵਿੱਚ ਹਰ ਸਾਲ 50 ਹਜ਼ਾਰ ਦੇ ਲੱਗਭੱਗ ਮੌਤਾਂ ਹੋ ਜਾਂਦੀਆਂ ਹਨ। ਇਸੇ ਕਾਰਨ ਹੀ ਵਿਸ਼ਵ ਸਿਹਤ ਸੰਸਥਾ ਵੱਲੋਂ ਟੀਕਾਕਰਨ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ, ਤਾਂ ਕਿ ਇਸ ਬਿਮਾਰੀ ਨੂੰ ਜੜ੍ਹੋਂ ਪੁੱਟਿਆ ਜਾ ਸਕੇ।
ਪੰਜਾਬ ਵਿੱਚ ਇਹ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੁਝ ਸ਼ਰਾਰਤੀ ਤੱਤਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਕਰ ਦਿੱਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਮੁਹਿੰਮ ਸਿੱਖਾਂ ਦੀ ਨਸਲਕੁਸ਼ੀ ਲਈ ਸ਼ੁਰੂ ਕੀਤੀ ਗਈ ਹੈ, ਕਿਉਂਕਿ ਇਸ ਟੀਕੇ ਦੇ ਲੱਗਣ ਨਾਲ ਵਿਅਕਤੀ ਨਿਪੁੰਸਕ ਹੋ ਜਾਂਦਾ ਹੈ। ਇੱਕ ਯੋਜਨਾਬੱਧ ਢੰਗ ਨਾਲ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਫੈਲਾਇਆ ਗਿਆ। ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਨਾ ਭੇਜਿਆ ਜਾਵੇ। ਇਸ ਦੇ ਸਿੱਟੇ ਵਜੋਂ ਮਾਲਵੇ ਦੇ ਕਈ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਸਿਰਫ਼ 20 ਫ਼ੀਸਦੀ ਰਹੀ। ਕਈ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਟੀਕਾਕਰਨ ਟੀਮਾਂ ਨੂੰ ਸਕੂਲਾਂ ਵਿੱਚ ਵੜਨ ਤੋਂ ਰੋਕ ਦਿੱਤਾ ਗਿਆ।
ਯਾਦ ਰਹੇ ਕਿ ਖਸਰਾ ਤੇ ਰੁਬੇਲਾ ਦੀ ਰੋਕਥਾਮ ਦਾ ਇਹ ਟੀਕਾ ਨਵਾਂ ਨਹੀਂ, ਸਗੋਂ ਮਾਰਕੀਟ ਵਿੱਚ ਪਹਿਲਾਂ ਤੋਂ ਉਪਲੱਬਧ ਹੈ। ਟੀਕੇ ਦੀ ਮਾਰਕੀਟ ਕੀਮਤ 2000 ਰੁਪਏ ਤੱਕ ਹੈ। ਸਰਦੇ-ਪੁੱਜਦੇ ਘਰਾਂ ਦੇ ਲੋਕ ਤਾਂ ਆਪਣੇ ਬੱਚਿਆਂ ਨੂੰ ਇਹ ਟੀਕੇ ਲਗਵਾ ਲੈਂਦੇ ਸਨ, ਪਰ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਇਹ ਬਾਹਰ ਸਨ। ਇਹ ਬਿਮਾਰੀਆਂ ਛੂਤ ਦੀਆਂ ਬੀਮਾਰੀਆਂ ਹਨ ਤੇ ਇਹਨਾਂ ਦੀ ਰੋਕਥਾਮ ਤਦ ਹੀ ਹੋ ਸਕਦੀ ਹੈ, ਜੇਕਰ ਇਸ ਟੀਕਾਕਰਨ ਮੁਹਿੰਮ ਦੇ ਘੇਰੇ ਵਿੱਚ ਸਭਨਾਂ ਬੱਚਿਆਂ ਨੂੰ ਲਿਆਂਦਾ ਜਾਵੇ। ਇਸ ਮੁਹਿੰਮ ਤਹਿਤ ਪੰਜਾਬ ਭਰ ਵਿੱਚ 9 ਤੋਂ 15 ਸਾਲ ਦੇ 73 ਲੱਖ 50 ਹਜ਼ਾਰ ਬੱਚਿਆਂ ਨੂੰ ਮੁਫ਼ਤ ਟੀਕੇ ਲਾਏ ਜਾਣੇ ਹਨ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੇ ਸਿਹਤ ਮਹਿਕਮੇ ਵੱਲੋਂ ਆਪਣੇ 56794 ਕਰਮਚਾਰੀਆਂ ਤੇ 48983 ਸਵੈ-ਇੱਛਕ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਮੁਹਿੰਮ ਦੀ ਸਫ਼ਲਤਾ ਲਈ 5200 ਟੀਮਾਂ ਬਣਾਈਆਂ ਗਈਆਂ ਹਨ। ਪਹਿਲੇ ਗੇੜ ਵਿੱਚ ਸਭ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਟੀਕੇ ਲਾਏ ਜਾਣਗੇ। ਉਪਰੰਤ ਘਰ-ਘਰ ਜਾ ਕੇ ਬੱਚਿਆਂ ਨੂੰ ਟੀਕੇ ਲਾਏ ਜਾਣਗੇ, ਤਾਂ ਜੁ ਕੋਈ ਵੀ ਬੱਚਾ ਟੀਕਾ ਲੱਗੇ ਬਿਨਾਂ ਨਾ ਰਹੇ। ਇਹਨਾਂ ਟੀਕਿਆਂ ਦੀ ਮਾਰਕੀਟ ਕੀਮਤ 1400 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਮੁਹਿੰਮ ਦਾ ਸਭ ਤੋਂ ਵੱਧ ਨੁਕਸਾਨ ਦਵਾ ਵਿਕਰੇਤਾਵਾਂ ਨੂੰ ਹੋਣਾ ਹੈ। ਇਸ ਲਈ ਟੀਕਾਕਰਨ ਵਿਰੋਧੀ ਵੀਡੀਓ ਜਾਰੀ ਕਰਨ ਪਿੱਛੇ ਇਹਨਾਂ ਮੁਨਾਫ਼ਾਖੋਰਾਂ ਦਾ ਵੀ ਹੱਥ ਹੋ ਸਕਦਾ ਹੈ। ਪਿਛਲੇ ਸਾਲ ਦੇ ਸ਼ੁਰੂ ਵਿੱਚ ਜਦੋਂ ਬਾਕੀ ਰਾਜਾਂ ਵਿੱਚ ਇਹ ਮੁਹਿੰਮ ਆਰੰਭ ਕੀਤੀ ਗਈ ਸੀ ਤਾਂ ਉਨ੍ਹਾਂ ਰਾਜਾਂ ਵਿੱਚ ਵੀ ਅਜਿਹੀ ਹੀ ਵੀਡੀਓ ਜਾਰੀ ਕਰ ਕੇ ਕਿਹਾ ਗਿਆ ਸੀ ਕਿ ਇਹ ਟੀਕੇ ਮੁਸਲਮਾਨਾਂ ਨੂੰ ਨਿਪੁੰਸਕ ਬਣਾਉਣਾ ਦੀ ਸਾਜ਼ਿਸ਼ ਅਧੀਨ ਲਾਏ ਜਾ ਰਹੇ ਹਨ। ਉਸ ਸਮੇਂ ਫ਼ਰਵਰੀ ਮਹੀਨੇ ਦੌਰਾਨ ਇੱਕ ਟੀ ਵੀ ਚੈਨਲ ਨੇ ਆਪਣੇ ਪ੍ਰੋਗਰਾਮ 'ਵਾਇਰਲ ਦਾ ਸੱਚ' ਵਿੱਚ ਇਸ ਦਾ ਖੰਡਨ ਕੀਤਾ ਸੀ।
ਇਹ ਚੰਗੀ ਗੱਲ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੀਡੀਓ ਰਾਹੀਂ ਇਸ ਅਫ਼ਵਾਹ ਦਾ ਖੰਡਨ ਕੀਤਾ ਹੈ। ਐੱਸ ਜੀ ਪੀ ਸੀ ਵੱਲੋਂ ਤਿਆਰ ਇਸ ਵੀਡੀਓ ਵਿੱਚ ਡਾ. ਸੰਤੋਖ ਸਿੰਘ, ਜੋ ਮੈਡੀਕਲ ਕਾਲਜ ਵਿੱਚੋਂ ਰਿਟਾਇਰ ਹੋਏ ਹਨ ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਹਨ, ਨੇ ਕਿਹਾ ਹੈ ਕਿ ਉਨ੍ਹਾ ਨੂੰ ਵਾਇਰਲ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਹੈ। ਇਹ ਸ਼ਰਾਰਤੀ ਅਨਸਰ ਲੋਕਾਂ ਦੇ ਜਜ਼ਬਾਤ ਨਾਲ ਖੇਡ ਰਹੇ ਹਨ। ਉਨ੍ਹਾ ਅੱਗੇ ਕਿਹਾ ਕਿ ਇਹ ਲੋਕ ਕਹਿ ਰਹੇ ਹਨ ਕਿ ਸਿੱਖ ਤੇ ਮੁਸਲਮਾਨ ਇਹ ਟੀਕਾ ਨਾ ਲਵਾਉਣ। ਇਹ ਲੋਕਾਂ ਦੀ ਸਿਹਤ ਦਾ ਸਿਆਸੀਕਰਨ ਕਰ ਰਹੇ ਹਨ, ਐੱਮ ਆਰ ਟੀਕੇ ਦਾ ਸਿਹਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
ਉਨ੍ਹਾ ਅੱਗੇ ਚੱਲ ਕੇ ਕਿਹਾ, 'ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਹਾਂ ਤੇ ਚੀਫ਼ ਖ਼ਾਲਸਾ ਦੀਵਾਨ ਦੇ ਸਭ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਦੇਸ਼ ਦਿੰਦਾ ਹਾਂ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇਸ ਲੋਕ ਲਹਿਰ ਨੂੰ ਅੱਗੇ ਵਧਾਇਆ ਜਾਵੇ। ਬੱਚਿਆਂ ਦੀ ਸਿਹਤ ਲਈ, ਉਨ੍ਹਾਂ ਦੀ ਬਿਹਤਰੀ ਲਈ ਜਿਸ ਤਰ੍ਹਾਂ ਬਾਕੀ ਟੀਕੇ ਲਗਾਏ ਜਾਂਦੇ ਹਨ, ਉਸੇ ਤਰ੍ਹਾਂ ਇਹ ਟੀਕਾ ਵੀ ਲਵਾਓ ਤੇ ਇਸ ਲਹਿਰ ਵਿੱਚ ਪੂਰੀ ਤਰ੍ਹਾਂ ਭਾਗ ਲਓ।'
ਅਸੀਂ ਵੀ ਡਾ. ਸੰਤੋਖ ਸਿੰਘ ਦੀ ਆਵਾਜ਼ ਵਿੱਚ ਆਵਾਜ਼ ਰਲਾਉਂਦੇ ਹਾਂ। ਇਸ ਦੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਆਧਾਰਹੀਣ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਬੇਨਕਾਬ ਕਰ ਕੇ ਉਨ੍ਹਾਂ ਨੂੰ ਸਜ਼ਾ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ। ਸਾਡਾ ਰਾਜ ਇੱਕ ਸੰਵੇਦਨਸ਼ੀਲ ਸੂਬਾ ਹੈ। ਜੇਕਰ ਅਜਿਹੇ ਸ਼ਰਾਰਤੀਆਂ ਨੂੰ ਲੋਕਾਂ ਵਿੱਚੋਂ ਨਿਖੇੜਿਆ ਨਾ ਗਿਆ ਤਾਂ ਕੱਲ੍ਹ ਨੂੰ ਉਹ ਕੋਈ ਹੋਰ ਚੁਆਤੀ ਵੀ ਲਾ ਸਕਦੇ ਹਨ, ਜਿਹੜੀ ਸਾਡੀਆਂ ਭਾਈਚਾਰਕ ਸਾਂਝਾਂ 'ਤੇ ਸੱਟ ਮਾਰ ਸਕਦੀ ਹੈ।

1241 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper