Latest News
ਸ਼ਰਮਨਾਕ ਹੈ ਚਿੱਟੇ ਦਿਨ ਸਰਕਾਰੀ ਅਧਿਕਾਰੀ ਦਾ ਕਤਲ

Published on 03 May, 2018 11:31 AM.

ਅੱਜ ਵੀਰਵਾਰ ਦੇ ਦਿਨ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਸਾਹਮਣੇ ਦੋ ਦਿਨ ਪਹਿਲਾਂ ਦੀ ਉਸ ਘਟਨਾ ਬਾਰੇ ਜਵਾਬ ਪੇਸ਼ ਕੀਤਾ ਹੈ, ਜਿਸ ਵਿੱਚ ਉਸ ਰਾਜ ਦੀ ਇੱਕ ਮਹਿਲਾ ਅਧਿਕਾਰੀ ਨੂੰ ਇੱਕ ਹੋਟਲ ਦੇ ਮਾਲਕ ਨੇ ਚਿੱਟੇ ਦਿਨ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਹ ਕਤਲ ਵੀ ਉਸ ਵਕਤ ਹੋਇਆ ਸੀ, ਜਦੋਂ ਸਰਕਾਰੀ ਫਰਜ਼ ਦੀ ਪੂਰਤੀ ਵਾਸਤੇ ਗਈ ਉਸ ਅਧਿਕਾਰੀ ਦੇ ਨਾਲ ਪੁਲਸ ਦੇ ਅਫਸਰ ਮੌਜੂਦ ਸਨ। ਸ਼ਰਮਨਾਕ ਤਾਂ ਇਹ ਵੀ ਸੀ ਕਿ ਇੱਕ ਸੀਨੀਅਰ ਅਧਿਕਾਰੀ ਦਾ ਫਰਜ਼-ਪੂਰਤੀ ਕਰਦਿਆਂ ਕਤਲ ਕਰ ਦਿੱਤਾ ਗਿਆ ਹੋਵੇ, ਉਸ ਤੋਂ ਵੀ ਸ਼ਰਮਨਾਕ ਗੱਲ ਇਹ ਸੀ ਕਿ ਪੁਲਸ ਦੇ ਅਧਿਕਾਰੀਆਂ ਅਤੇ ਹੋਰ ਸਰਕਾਰੀ ਅਮਲੇ ਦੀ ਹਾਜ਼ਰੀ ਵਿੱਚ ਹੋਟਲ ਦਾ ਮਾਲਕ ਇਹ ਵਾਰਦਾਤ ਕਰਨ ਪਿੱਛੋਂ ਫਰਾਰ ਹੋ ਗਿਆ ਤੇ ਕਿਸੇ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਬਾਅਦ ਵਿੱਚ ਸਰਕਾਰ ਕਹਿੰਦੀ ਹੈ ਕਿ ਉਸ ਦੀ ਸੂਹ ਦੇਣ ਵਾਲੇ ਲਈ ਵੱਡਾ ਇਨਾਮ ਰੱਖ ਦਿੱਤਾ ਹੈ ਤੇ ਛੇਤੀ ਹੀ ਉਸ ਨੂੰ ਫੜ ਲਿਆ ਜਾਵੇਗਾ। ਪੰਜਾਬੀ ਮੁਹਾਵਰੇ ਵਾਂਗ ਸੱਪ ਲੰਘ ਜਾਣ ਤੋਂ ਬਾਅਦ ਲਕੀਰ ਉੱਤੇ ਸੋਟੇ ਮਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਕਾਰਵਾਈ ਵਿੱਚ ਹਿਮਾਚਲ ਸਰਕਾਰ ਦੀ ਅਗਵਾਈ ਦੀਆਂ ਰਿਪੋਰਟਾਂ ਦੇ ਓਹਲੇ ਹੇਠ ਇਸ ਕਤਲ ਦੀ ਕੌੜੀ ਸੱਚਾਈ ਦਬਾਈ ਜਾ ਰਹੀ ਹੈ।
ਕੌੜੀ ਸੱਚਾਈ ਇਹ ਹੈ ਕਿ ਇਸ ਪਹਾੜੀ ਰਾਜ ਵਿੱਚ ਹਰ ਕਿਸੇ ਸੜਕ ਉੱਤੇ ਹਰ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰ ਕੇ ਹੋਟਲ ਅਤੇ ਹੋਰ ਕਾਰੋਬਾਰੀ ਅਦਾਰੇ ਚਲਾਏ ਜਾ ਰਹੇ ਹਨ। ਸੜਕਾਂ ਉੱਤੇ ਲੰਘਣ ਲਈ ਰਸਤੇ ਵੀ ਨਹੀਂ ਬਚਦੇ ਅਤੇ ਕਿਸੇ ਸੰਕਟ ਦੀ ਘੜੀ ਜ਼ਰੂਰੀ ਸੇਵਾਵਾਂ ਲਈ ਵੀ ਮੁਸ਼ਕਲ ਆਉਂਦੀ ਹੈ। ਕੇਦਾਰਨਾਥ ਵਿੱਚ ਪੰਜ ਕੁ ਸਾਲ ਪਹਿਲਾਂ ਜਿਹੜੇ ਦੁਖਾਂਤ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਮੌਤਾਂ ਹੋ ਗਈਆਂ ਸਨ, ਉਹ ਵੀ ਏਸੇ ਕਾਰਨ ਵਾਪਰਿਆ ਸੀ ਕਿ ਇਸ ਤਰ੍ਹਾਂ ਦੇ ਕਾਰੋਬਾਰੀ ਲੋਕਾਂ ਨੇ ਸੜਕਾਂ ਤਾਂ ਕੀ, ਕੁਦਰਤੀ ਵਹਿਣ ਵਾਲੇ ਨਦੀ-ਨਾਲੇ ਤੱਕ ਮੱਲ ਕੇ ਹੋਟਲ ਤੇ ਹੋਰ ਅਦਾਰੇ ਬਣਾ ਲਏ ਸਨ ਅਤੇ ਔਖੀ ਘੜੀ ਕਿਸੇ ਜ਼ਰੂਰੀ ਸੇਵਾ ਦਾ ਪਹੁੰਚਣਾ ਸੰਭਵ ਨਹੀਂ ਸੀ ਰਿਹਾ। ਜਿੱਡਾ ਦੁਖਾਂਤ ਓਥੇ ਵਾਪਰਿਆ ਸੀ ਤੇ ਫਿਰ ਉਸ ਦੇ ਬਾਅਦ ਜੰਮੂ-ਕਸ਼ਮੀਰ ਵਿੱਚ ਵੀ ਵਾਪਰ ਗਿਆ ਸੀ, ਉਸ ਤੋਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਸਬਕ ਸਿੱਖਣ ਦੀ ਲੋੜ ਨਹੀਂ ਸਮਝੀ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ ਤੇ ਇਸ ਦੁਖਾਂਤ ਦੀ ਨੌਬਤ ਵੀ ਆਈ ਹੈ।
ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਇਹ ਹੁਕਮ ਜਾਰੀ ਕੀਤਾ ਸੀ ਕਿ ਇਨ੍ਹਾਂ ਰਾਹਾਂ ਉੱਤੇ ਜਿੱਥੇ ਵੀ ਨਾਜਾਇਜ਼ ਕਬਜ਼ੇ ਹੋਏ ਹਨ, ਉਹ ਸਾਰੇ ਦੋ ਹਫਤਿਆਂ ਦੇ ਅੰਦਰ ਹਟਾ ਕੇ ਰਿਪੋਰਟ ਕੀਤੀ ਜਾਵੇ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਇਸ ਕੰਮ ਵਿੱਚ ਜਿੰਨਾ ਅਵੇਸਲਾਪਣ ਵਿਖਾਇਆ, ਉਹ ਆਪਣੇ ਆਪ ਵਿੱਚ ਨਿੰਦਾ ਯੋਗ ਹੈ। ਫਿਰ ਜਦੋਂ ਇੱਕ ਦਿਨ ਬਾਕੀ ਬਚਦਾ ਸੀ ਤਾਂ ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਅਮਲ ਕਰਨ ਨੂੰ ਟੀਮ ਤੋਰ ਦਿੱਤੀ ਗਈ, ਪਰ ਜਿਨ੍ਹਾਂ ਨਾਜਾਇਜ਼ ਕਬਜ਼ੇ ਕੀਤੇ ਸਨ, ਉਹ ਇਸ ਦੇ ਬਾਵਜੂਦ ਪਿੱਛੇ ਹਟਣ ਨੂੰ ਤਿਆਰ ਨਹੀਂ ਸਨ। ਇਸ ਟੀਮ ਦੀ ਮੁਖੀ ਦੇ ਤੌਰ ਉੱਤੇ ਸਹਾਇਕ ਟਾਊਨ ਪਲਾਨਰ ਸ਼ੈਲ ਬਾਲਾ ਨੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਤਾਂ ਹੋਟਲ ਮਾਲਕ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਅਤੇ ਉਸ ਦੇ ਨਾਲ ਖੜੇ ਪੁਲਸ ਵਾਲੇ ਤੇ ਹੋਰ ਸਾਰੇ ਅਧਿਕਾਰੀ ਦਰਸ਼ਕ ਬਣੇ ਤਮਾਸ਼ਾ ਵੇਖਦੇ ਰਹੇ। ਸਰਕਾਰ ਦੀ ਇਸ ਕਤਲ ਦੇ ਮਾਮਲੇ ਵਿੱਚ ਏਨੀ ਲਾਪਰਵਾਹੀ ਸੀ ਕਿ ਜਦੋਂ ਤੱਕ ਸੁਪਰੀਮ ਕੋਰਟ ਨੇ ਆਪਣੇ ਆਪ ਇਸ ਦਾ ਨੋਟਿਸ ਨਹੀਂ ਲਿਆ, ਕੋਈ ਖਾਸ ਕਾਰਵਾਈ ਹੀ ਹੁੰਦੀ ਦਿਖਾਈ ਨਹੀਂ ਸੀ ਦੇ ਰਹੀ। ਇਸ ਦੇ ਬਾਅਦ ਵੀ ਸਰਕਾਰ ਦਾ ਬਹੁਤਾ ਧਿਆਨ ਮਾਰੀ ਜਾ ਚੁੱਕੀ ਮਹਿਲਾ ਅਧਿਕਾਰੀ ਦੇ ਪਰਵਾਰ ਨੂੰ ਦਿੱਤੀ ਮਾਇਕ ਸਹਾਇਤਾ ਦਾ ਢੰਡੋਰਾ ਪਿੱਟਣ ਵੱਲ ਸੀ, ਅਪਰਾਧੀ ਦੇ ਖਿਲਾਫ ਜਾਂ ਉਸ ਵਰਗੇ ਹੋਰਨਾਂ ਨਾਜਾਇਜ਼ ਕਬਜ਼ੇ ਕਰਨ ਵਾਲੇ ਕਾਰੋਬਾਰੀਆਂ ਖਿਲਾਫ ਕਾਰਵਾਈ ਵੱਲ ਨਹੀਂ ਸੀ ਜਾਪਦਾ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਇਸੇ ਲਈ ਰਾਜ ਸਰਕਾਰ ਅਤੇ ਓਥੋਂ ਦੀ ਅਫਸਰਸ਼ਾਹੀ ਦੀ ਚੋਖੀ ਝਾੜ-ਝੰਬ ਕੀਤੀ ਹੈ।
ਜੋ ਕੁਝ ਓਥੇ ਹੋਇਆ, ਉਹ ਕਤਲ ਦੀ ਵਾਰਦਾਤ ਦੇ ਪੱਖੋਂ ਵੀ ਅੱਤ ਦਾ ਨਿਖੇਧੀ ਯੋਗ ਹੈ, ਸਰਕਾਰ ਦੇ ਵਿਹਾਰ ਦੇ ਪੱਖੋਂ ਵੀ ਅਤੇ ਅਫਸਰੀ ਧਾੜ ਦੀ ਨਾਲਾਇਕੀ ਦੇ ਪੱਖ ਤੋਂ ਵੀ, ਪਰ ਸਿਆਣਿਆਂ ਦਾ ਕਥਨ ਹੈ ਕਿ ਗੱਲ ਸਹੇ ਦੀ ਨਹੀਂ, ਪਹੇ ਦੀ ਕਰਨੀ ਪੈਂਦੀ ਹੈ। ਏਥੇ ਜਿਹੜਾ ਪਹਿਆ ਪੈ ਚੁੱਕਾ ਹੈ ਕਿ ਜਿੱਥੇ ਕੋਈ ਜਦੋਂ ਚਾਹੇ ਕਬਜ਼ਾ ਕਰਦਾ ਜਾਵੇ ਤੇ ਸਰਕਾਰ ਵਿੱਚ ਬੈਠੇ ਹੋਏ ਲੋਕ ਇਹੋ ਜਿਹੇ ਕਬਜ਼ੇਦਾਰਾਂ ਦੀ ਢਾਲ ਬਣਦੇ ਰਹਿਣ, ਇਸ ਵਿਹਾਰ ਨੂੰ ਨੱਥ ਪਾਉਣੀ ਪਵੇਗੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਤਾਂ ਇਸ ਮਾਮਲੇ ਵਿੱਚ ਕਟਹਿਰੇ ਵਿੱੱਚ ਖੜੀ ਹੈ ਹੀ, ਬਾਕੀ ਰਾਜਾਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ। ਹਕੂਮਤ ਚਲਾ ਰਹੇ ਲੋਕਾਂ ਨਾਲ ਸੈਨਤ ਮਿਲਾ ਕੇ ਕਦੇ ਉੱਤਰ ਪ੍ਰਦੇਸ਼ ਦੇ ਰੇਤ ਮਾਫੀਆ ਦੇ ਲੋਕ ਕਿਸੇ ਪੁਲਸ ਅਫਸਰ ਨੂੰ ਗੱਡੀ ਹੇਠ ਕੁਚਲ ਦੇਂਦੇ ਹਨ ਤੇ ਕਦੀ ਏਦਾਂ ਦੀ ਖਬਰ ਮੱਧ ਪ੍ਰਦੇਸ਼ ਜਾਂ ਕਿਸੇ ਹੋਰ ਰਾਜ ਵਿੱਚੋਂ ਆ ਜਾਂਦੀ ਹੈ। ਮਹਾਰਾਸ਼ਟਰ ਵਿੱਚ ਇੱਕ ਵਾਰੀ ਪੈਟਰੋਲ ਤਸਕਰੀ ਕਰਨ ਵਾਲੇ ਮਾਫੀਏ ਨੇ ਇੱਕ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਚਿੱਟੇ ਦਿਨ ਤੇਲ ਸੁੱਟ ਕੇ ਜ਼ਿੰਦਾ ਸਾੜ ਦਿੱਤਾ ਅਤੇ ਸੂਚਨਾ ਮਿਲਣ ਦੇ ਬਾਵਜੂਦ ਬਾਕੀ ਸਾਰੇ ਸੀਨੀਅਰ ਤੇ ਜੂਨੀਅਰ ਅਫਸਰ ਉਸ ਜਗ੍ਹਾ ਵੱਲ ਜਾਣ ਤੋਂ ਸ਼ਾਮ ਤੱਕ ਕਤਰਾਉਂਦੇ ਰਹੇ ਸਨ। ਹਿਮਾਚਲ ਪ੍ਰਦੇਸ਼ ਦੇ ਕਸੌਲੀ ਦੀ ਇਸ ਘਟਨਾ ਨੇ ਉਹੋ ਕੁਝ ਫਿਰ ਚੇਤੇ ਕਰਵਾ ਦਿੱਤਾ ਹੈ।
ਇਸ ਦੇਸ਼ ਦੇ ਲੋਕਾਂ ਨੇ ਪਹਿਲਾਂ ਵੀ ਕਈ ਵਾਰ ਵੇਖਿਆ ਹੈ ਕਿ ਜਦੋਂ ਚੁਣੀਆਂ ਹੋਈਆਂ ਸਰਕਾਰਾਂ ਆਪਣੇ ਫਰਜ਼ ਦੀ ਪੂਰਤੀ ਤੋਂ ਅੱਖਾਂ ਚੁਰਾਉਣ ਲੱਗ ਪੈਂਦੀਆਂ ਹਨ ਤਾਂ ਓਦੋਂ ਨਿਆਂ ਪਾਲਿਕਾ ਨੂੰ ਕੁਝ ਕਰਨਾ ਪੈਂਦਾ ਹੈ। ਇਸ ਵਾਰ ਫਿਰ ਇਹ ਹੀ ਵਾਪਰਿਆ ਹੈ। ਰਾਜ ਸਰਕਾਰ ਫਰਜ਼ ਨਿਭਾਉਣ ਜੋਗੀ ਸਾਬਤ ਨਹੀਂ ਹੋ ਸਕੀ। ਪਿੱਛੇ ਜੋ ਵੀ ਹੋਇਆ ਹੋਵੇ, ਸੁਪਰੀਮ ਕੋਰਟ ਨੇ ਜਿਹੜਾ ਛਾਂਟਾ ਬਾਅਦ ਵਿੱਚ ਉਲਾਰਿਆ ਹੈ, ਉਸ ਪਿੱਛੋਂ ਹਿਮਾਚਲ ਸਰਕਾਰ ਨੂੰ ਕੁਝ ਕਰ ਕੇ ਵਿਖਾਉਣਾ ਹੀ ਪਵੇਗਾ।
-ਜਤਿੰਦਰ ਪਨੂੰ

1096 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper