Latest News
ਭਾਜਪਾ ਦਾ ਦਲਿਤ ਪ੍ਰੇਮ

Published on 04 May, 2018 11:34 AM.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦਲਿਤ ਪ੍ਰੇਮ ਦਾ ਪ੍ਰਗਟਾਵਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਂਦੇ। ਡਾਕਟਰ ਅੰਬੇਡਕਰ ਦੀ ਜਯੰਤੀ ਧੂਮ-ਧੂਮ ਨਾਲ ਮਨਾਉਣ ਦਾ ਪ੍ਰਪੰਚ ਵੀ ਉਨ੍ਹਾ ਵੱਲੋਂ ਰਚਿਆ ਗਿਆ, ਪਰ ਸੁਪਰੀਮ ਕੋਰਟ ਵੱਲੋਂ ਦਿੱਤੇ ਦਲਿਤ-ਵਿਰੋਧੀ ਫ਼ੈਸਲੇ ਮਗਰੋਂ ਹੋਏ ਭਾਰਤ ਬੰਦ ਨੇ ਭਾਜਪਾ ਵਾਲਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਜੇ 2019 ਵਾਲਾ ਚੋਣਾਂ ਦਾ ਭਵ-ਸਾਗਰ ਉਨ੍ਹਾਂ ਨੇ ਪਾਰ ਕਰਨਾ ਹੈ ਤਾਂ ਪੱਟੀਦਰਜ ਜਾਤਾਂ ਤੇ ਪੱਟੀਦਰਜ ਕਬੀਲਿਆਂ ਦੇ ਲੋਕਾਂ ਨੂੰ ਹਰ ਹਾਲਤ ਵਿੱਚ ਆਪਣੇ ਨਾਲ ਜੋੜਨਾ ਹੋਵੇਗਾ। ਇਸ ਮੰਤਵ ਦੀ ਪ੍ਰਾਪਤੀ ਲਈ ਕੇਂਦਰ ਤੇ ਰਾਜਾਂ ਦੇ ਸਾਰੇ ਮੰਤਰੀਆਂ, ਅਹੁਦੇਦਾਰਾਂ, ਵਿਧਾਇਕਾਂ ਤੇ ਐੱਮ ਪੀਆਂ ਤੱਕ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪੋ-ਆਪਣੇ ਹਲਕੇ ਵਿੱਚ ਜਾ ਕੇ ਇੱਕ ਰਾਤ ਪੱਟੀਦਰਜ ਜਾਤਾਂ ਤੇ ਪੱਟੀਦਰਜ ਕਬੀਲਿਆਂ ਦੇ ਲੋਕਾਂ ਦੇ ਘਰਾਂ ਵਿੱਚ ਗੁਜ਼ਾਰਨ ਤੇ ਭੋਜਨ ਵੀ ਉੱਥੇ ਹੀ ਕਰਨ।
ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸੁਰੇਸ਼ ਰਾਣਾ ਨੇ ਇੱਕ ਦਲਿਤ ਦੇ ਘਰ ਵਿੱਚ ਜਾ ਕੇ ਸਾਂਝੇ ਰੂਪ ਵਿੱਚ ਭੋਜਨ ਕਰਨ ਦਾ ਪ੍ਰੋਗਰਾਮ ਬਣਾਇਆ, ਪਰ ਸਵਾਦਿਸ਼ਟ ਖਾਣਾ, ਜਿਸ ਵਿੱਚ ਦਾਲ-ਮਖਣੀ, ਮਟਰ-ਪਨੀਰ, ਪਲਾਓ, ਤੰਦੂਰੀ ਰੋਟੀ ਤੇ ਗੁਲਾਬ ਜਾਮਨਾਂ ਸ਼ਾਮਲ ਸਨ, ਇੱਕ ਨੇੜਲੇ ਹਲਵਾਈ ਕੋਲੋਂ ਤਿਆਰ ਕਰਵਾ ਕੇ ਮੰਗਵਾਇਆ ਗਿਆ। ਏਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਬੋਤਲ ਬੰਦ ਵਰਤਿਆ ਗਿਆ। ਜਦੋਂ ਇਸ ਸਾਰੇ ਵਰਤਾਰੇ ਦਾ ਵੀਡੀਓ ਵਾਇਰਲ ਹੋਇਆ ਤਾਂ ਭਾਜਪਾ ਵਾਲਿਆਂ ਦਾ ਦੰਭ ਖੁੱਲ੍ਹ ਕੇ ਸਾਹਮਣੇ ਆ ਗਿਆ ਕਿ ਉਹ ਦਲਿਤ ਲੋਕਾਂ ਨਾਲ ਕਿੰਨਾ ਪ੍ਰੇਮ ਕਰਦੇ ਹਨ। ਹੁਣ ਸੁਰੇਸ਼ ਰਾਣਾ ਲਈ ਇਸ ਦਾ ਜਵਾਬ ਦੇਣਾ ਮੁਸ਼ਕਲ ਹੋ ਗਿਆ ਹੈ।
ਇਹ ਦੋਹਰੇ ਮਾਪਦੰਡਾਂ ਵਾਲਾ ਵਰਤਾਰਾ ਕੇਵਲ ਸੁਰੇਸ਼ ਰਾਣਾ ਤੱਕ ਹੀ ਸੀਮਤ ਨਹੀਂ। ਕੁਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਉੱਤਰ ਪ੍ਰਦੇਸ਼ ਦੇ ਕਈ ਭਾਜਪਾਈ ਆਗੂਆਂ ਨੇ ਇੱਕ ਦਲਿਤ ਦੇ ਘਰ ਪ੍ਰੀਤੀ ਭੋਜ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੇਵਲ ਖਾਣਾ ਹੀ ਨਹੀਂ, ਸਗੋਂ ਪਲੇਟਾਂ ਤੇ ਦੂਜਾ ਸਾਜ਼ੋ-ਸਾਮਾਨ ਵੀ ਬਾਹਰੋਂ ਮੰਗਵਾਇਆ ਗਿਆ ਸੀ।
ਹਕੀਕਤ ਵਿੱਚ ਉੱਤਰ ਪ੍ਰਦੇਸ਼ ਵਿੱਚ ਪੱਟੀਦਰਜ ਜਾਤਾਂ ਤੇ ਪੱਟੀਦਰਜ ਕਬੀਲਿਆਂ ਦੇ ਲੋਕਾਂ ਨਾਲ ਸ਼ਾਸਕ ਪਾਰਟੀ ਦੇ ਗੁਮਾਸ਼ਤਿਆਂ ਤੇ ਪ੍ਰਸ਼ਾਸਨ ਵੱਲੋਂ ਕੀ ਸਲੂਕ ਕੀਤਾ ਜਾ ਰਿਹਾ ਹੈ, ਉਸ ਦੀਆਂ ਕਈ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ। ਬਦਾਊਂ ਜ਼ਿਲ੍ਹੇ ਦੇ ਸੀਤਾ ਰਾਮ ਵਾਲਮੀਕੀ ਨਾਲ ਉਸ ਦੇ ਹੀ ਪਿੰਡ ਦੇ ਠਾਕਰਾਂ ਵੱਲੋਂ ਕਣਕ ਦੀ ਕਟਾਈ ਕਰਨ ਤੋਂ ਇਨਕਾਰ ਕਰਨ 'ਤੇ ਉਸ ਨਾਲ ਜੋ ਅਣ-ਮਨੁੱਖੀ ਸਲੂਕ ਕੀਤਾ ਗਿਆ, ਉਸ ਨੇ ਭਾਜਪਾ ਦੇ ਦਲਿਤ ਪ੍ਰੇਮ ਦੀ ਪੋਲ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤੀ। ਉਸ ਨਾਲ ਹੋਏ-ਵਾਪਰੇ ਦਾ ਵੀਡੀਓ ਵੀ ਵਾਇਰਲ ਹੋਇਆ ਤੇ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਗਈ, ਪਰ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਓਦੋਂ ਹੀ ਆਰੰਭ ਹੋਈ, ਜਦੋਂ ਉੱਤਰ ਪ੍ਰਦੇਸ਼ ਦੇ ਐੱਸ ਸੀ/ਐੱਸ ਟੀ ਕਮਿਸ਼ਨ ਦੇ ਚੇਅਰਮੈਨ ਬ੍ਰਿਜ ਲਾਲ ਨੇ ਮਾਮਲਾ ਆਪਣੇ ਹੱਥ ਵਿੱਚ ਲਿਆ। ਉਸ ਨੇ ਪੁਲਸ ਨੂੰ ਇਹ ਆਦੇਸ਼ ਦਿੱਤਾ ਕਿ ਉਹ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰੇ ਤੇ ਕਮਿਸ਼ਨ ਨੂੰ ਇਸ ਬਾਰੇ ਸੂਚਿਤ ਕਰੇ।
ਸੁਰੇਸ਼ ਰਾਣਾ ਦਾ ਇੱਕ ਦਲਿਤ ਦੇ ਘਰ ਪ੍ਰੀਤੀ ਭੋਜ ਦਾ ਆਯੋਜਨ ਕਰਨਾ ਤੇ ਉਸ ਦੀ ਹੀ ਪਾਰਟੀ ਦੇ ਸ਼ਾਸਨ ਵਾਲੇ ਰਾਜ ਵਿੱਚ ਇੱਕ ਦਲਿਤ ਨਾਲ ਅਮਾਨਵੀ ਸਲੂਕ ਦਾ ਹੋਣਾ ਇਹੋ ਜ਼ਾਹਰ ਕਰਦਾ ਹੈ ਕਿ ਮੋਦੀ-ਅਮਿਤ ਸ਼ਾਹ ਜੋੜੀ ਤੋਂ ਲੈ ਕੇ ਭਾਜਪਾ ਦੇ ਹਰ ਛੋਟੇ-ਵੱਡੇ ਆਗੂ ਤੇ ਮੰਤਰੀਆਂ-ਮੁਸ਼ੱਦੀਆਂ ਦਾ ਡਾਕਟਰ ਅੰਬੇਡਕਰ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਅਹਿਦ ਵੋਟ ਰਾਜਨੀਤੀ ਤੋਂ ਸਿਵਾ ਕੁਝ ਨਹੀਂ।
ਹੁਣ ਮੋਹਣ ਭਾਗਵਤ ਨੇ ਆਪਣੇ ਪੈਰੋਕਾਰਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਦਲਿਤਾਂ ਦੇ ਘਰ ਜਾ ਕੇ ਭੋਜਨ ਕਰਨ ਦੀ ਥਾਂ ਖ਼ੁਦ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਬੁਲਾ ਕੇ ਭੋਜਨ ਕਰਵਾਉਣ। ਉਨ੍ਹਾ ਦੇ ਇਸ ਮਸ਼ਵਰੇ ਦਾ ਹਸ਼ਰ ਵੀ ਉਹੋ ਜਿਹਾ ਹੀ ਹੋਣਾ ਹੈ, ਜਿਹੋ ਜਿਹਾ ਮੋਦੀ ਦੀ ਅਪੀਲ ਦਾ ਹੋ ਰਿਹਾ ਹੈ।

1105 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper