Latest News
ਸੀ ਪੀ ਆਈ ਦੇ ਬਲਾਕ ਦਫ਼ਤਰ ਦਾ ਉਦਘਾਟਨ ਅੱਜ

Published on 04 May, 2018 11:50 AM.


ਚਵਿੰਡਾ ਦੇਵੀ (ਨਵਾਂ ਜ਼ਮਾਨਾ ਸਰਵਿਸ)
'ਅੱਜ ਮਹਾਨ ਕ੍ਰਾਂਤੀਕਾਰੀ ਅਤੇ ਵਿਗਿਆਨਕ ਸਮਾਜਵਾਦ ਦੇ ਮੋਢੀ ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦੀਆਂ ਮਿਲ ਬੈਠ ਕੇ ਮੁਸ਼ਕਲਾਂ ਹੱਲ ਕਰਨ ਵਾਸਤੇ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਜੀਠਾ ਦੇ ਦਫ਼ਤਰ ਦਾ ਨੀਂਹ ਪੱਥਰ ਸੂਬਾ ਐਗਜ਼ੈਕਟਿਵ ਮੈਂਬਰ (ਸੀ ਪੀ ਆਈ) ਕਾਮਰੇਡ ਹਰਭਜਨ ਸਿੰਘ ਕਸਬਾ ਚਵਿੰਡਾ ਦੇਵੀ ਵਿਖੇ ਰੱਖਣਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸੀ ਪੀ ਆਈ ਬਲਾਕ ਮਜੀਠਾ ਦੇ ਸਕੱਤਰ ਬਲਕਾਰ ਸਿੰਘ ਦੁਧਾਲਾ ਨੇ ਦੱਸਿਆ ਕਿ ਕਮਿਊਨਿਸਟ ਪਾਰਟੀ ਬਲਾਕ ਮਜੀਠਾ ਦੇ ਦਫ਼ਤਰ ਬਣਾਉਣ ਵਾਸਤੇ ਜੋਗਿੰਦਰ ਸਿੰਘ ਚਵਿੰਡਾ ਦੇਵੀ ਨੇ ਤਕਰੀਬਨ 6 ਮਰਲੇ ਦਾ ਪਲਾਟ ਦਾਨ ਵਜੋਂ ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਅੰਮ੍ਰਿਤਸਰ ਦੇ ਨਾਂਅ 'ਤੇ ਰਜਿਸਟਰੀ ਕਰ ਦਿੱਤੀ ਸੀ।
ਬਲਕਾਰ ਸਿੰਘ ਦੁਧਾਲਾ ਨੇ ਦਸਿਆ ਕਿ ਮਹਾਨ ਕ੍ਰਾਂਤੀਕਾਰੀ ਵੀ ਆਈ ਲੈਨਿਨ ਦੇ ਜਨਮ ਦਿਨ ਦੇ ਮੌਕੇ ਚਵਿੰਡਾ ਦੇਵੀ ਵਿਖੇ ਪਾਰਟੀ ਦਾ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਸੀ। ਉਸ ਦਿਨ ਹੀ ਦਫ਼ਤਰ ਬਣਾਉਣ ਲਈ ਤਿਆਰੀ ਕਮੇਟੀ ਵੀ ਬਣਾਈ ਗਈ, ਜਿਸ ਦੇ ਕਨਵੀਨਰ ਸੀ ਪੀ ਆਈ ਦੀ ਸਟੇਟ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਦੁਧਾਲਾ ਨੂੰ ਬਣਾਇਆ ਗਿਆ। ਤਿਆਰੀ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਦੁਧਾਲਾ ਨੇ ਦੱਸਿਆ ਕਿ ਭਲਕੇ ਨੀਂਹ ਪੱਥਰ ਰੱਖਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਤਿਆਰੀ ਕਮੇਟੀ ਦੇ ਮੈਂਬਰਾਂ ਬਲਕਾਰ ਸਿੰਘ ਦੁਧਾਲਾ, ਬਲਵਿੰਦਰ ਦੁਧਾਲਾ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਚਵਿੰਡਾ ਦੇਵੀ, ਅਮਰੀਕ ਸਿੰਘ ਫੱਤੂਭੀਲਾ, ਹਰਵਿੰਦਰ ਸਿੰਘ, ਮੱਖਣ ਸਿੰਘ, ਮੇਜਰ ਸਿੰਘ ਲੈਹਿਰਕਾ, ਬਲਬੀਰ ਸਿੰਘ, ਰਣਜੀਤ ਸਿੰਘ ਰੂਪੋਵਾਲੀ ਅਤੇ ਬਾਬਾ ਗੁਰਦੀਪ ਸਿੰਘ ਜੈਂਤੀਪੁਰ ਨੇ ਦੱਸਿਆ ਕਿ ਕਮੇਟੀ ਮੈਂਬਰ ਲਗਾਤਾਰ ਬਲਾਕ ਮਜੀਠਾ ਦੇ ਪਿੰਡਾਂ ਦੇ ਸਾਥੀਆ ਅਤੇ ਆਮ ਲੋਕਾਂ ਕੋਲ ਪਹੁੰਚ ਕਰ ਰਹੇ ਹਨ ਅਤੇ ਆਸ ਤੋਂ ਵਧੇਰੇ ਹੁੰਗਾਰਾ ਮਿਲ ਰਿਹਾ ਹੈ। ਕਮੇਟੀ ਮੈਂਬਰਾਂ ਨੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਪਾਰਟੀ ਮੈਂਬਰਾਂ ਅਤੇ ਹਮਦਰਦਾਂ ਨੂੰ ਅਪੀਲ ਕੀਤੀ ਕਿ ਭਲਕੇ 5 ਮਈ (ਸ਼ਨੀਵਾਰ) ਨੂੰ ਠੀਕ 9 ਵਜੇ ਨੀਂਹ ਪੱਥਰ ਰੱਖਣ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਿਆ ਜਾਵੇ।

2660 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper