Latest News
ਭਾਜਪਾ ਦੀਆਂ ਕੁਚਾਲਾਂ ਨੂੰ ਪਛਾੜਨ ਦੀ ਲੋੜ

Published on 06 May, 2018 11:13 AM.

ਪਿਛਲੇ ਬੁੱਧਵਾਰ ਨੂੰ ਦੇਸ਼ ਦੀਆਂ ਨਾਮਣੇ ਵਾਲੀਆਂ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਹਾਲ ਵਿੱਚ ਲੱਗੀ ਮੁਹੰਮਦ ਜਿਨਾਹ ਦੀ ਤਸਵੀਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਆਰ ਐੱਸ ਐੱਸ ਨਾਲ ਸੰਬੰਧਤ ਕੁਝ ਹਿੰਦੂਤੱਵੀ ਤੱਤਾਂ ਵੱਲੋਂ ਹੰਗਾਮਾ ਖੜਾ ਕੀਤਾ ਗਿਆ। ਅਸਲ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹਮੇਸ਼ਾ ਤੋਂ ਹਿੰਦੂਤੱਵੀਆਂ ਦੇ ਨਿਸ਼ਾਨੇ ਉੱਤੇ ਰਹੀ ਹੈ। ਉਹ ਅਜਿਹਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ, ਜਿਸ ਨੂੰ ਵਰਤ ਕੇ ਇਸ ਯੂਨੀਵਰਸਿਟੀ ਨੂੰ ਦੇਸ਼-ਧਰੋਹੀਆਂ ਦੇ ਅੱਡੇ ਵਜੋਂ ਬਦਨਾਮ ਕੀਤਾ ਜਾ ਸਕੇ। ਸੱਚ ਇਹ ਹੈ ਕਿ ਯੂਨੀਵਰਸਿਟੀ ਦੇ ਯੂਨੀਅਨ ਹਾਲ ਵਿੱਚ ਜਿਨਾਹ ਦੀ ਫੋਟੋ ਲਾਉਣ ਲਈ ਅੱਜ ਦੇ ਵਿਦਿਆਰਥੀ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹਨ।
ਇਤਿਹਾਸ ਨੂੰ ਕੋਈ ਮਿਟਾ ਨਹੀਂ ਸਕਦਾ। ਜਿਨਾਹ ਇਸ ਯੂਨੀਵਰਸਿਟੀ ਦੇ ਸੰਸਥਾਪਕ ਮੈਂਬਰ ਸਨ ਤੇ ਉਨ੍ਹਾ ਨੂੰ 1938 ਵਿੱਚ ਉਮਰ ਭਰ ਦੀ ਮੈਂਬਰਸ਼ਿਪ ਦਿੱਤੀ ਗਈ ਸੀ। ਉਨ੍ਹਾ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਵੀ 1920 ਵਿੱਚ ਇਸੇ ਉਪਾਧੀ ਨਾਲ ਸਨਮਾਨਿਆ ਗਿਆ ਸੀ। ਯੂਨੀਵਰਸਿਟੀ ਵਿੱਚ ਮਹਾਤਮਾ ਗਾਂਧੀ ਦੀ ਜਯੰਤੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ, ਪਰ ਜਿਨਾਹ ਸੰਬੰਧੀ ਉੱਥੇ ਕੋਈ ਸਮਾਗਮ ਨਹੀਂ ਹੁੰਦਾ। ਮਹਾਤਮਾ ਗਾਂਧੀ ਦੀ ਸ਼ਹਾਦਤ ਦੇ ਦਿਨ 30 ਜਨਵਰੀ ਨੂੰ ਹੱਤਿਆ ਦੇ ਐਨ ਵਕਤ ਉੱਤੇ ਪੰਜ ਵੱਜ ਕੇ ਸਤਾਰਾਂ ਮਿੰਟ ਉੱਤੇ ਯੂਨੀਵਰਸਿਟੀ ਵਿੱਚ ਹੂਟਰ ਵੱਜਦਾ ਹੈ ਤੇ ਉਸ ਸਮੇਂ ਜਿਹੜਾ ਜਿੱਥੇ ਹੁੰਦਾ ਹੈ, ਉੱਥੇ ਖੜਾ ਹੋ ਕੇ 2 ਮਿੰਟ ਦਾ ਮੌਨ ਧਾਰਨ ਕਰ ਕੇ ਮਹਾਤਮਾ ਗਾਂਧੀ ਨੂੰ ਅਕੀਦਤ ਪੇਸ਼ ਕਰਦਾ ਹੈ।
ਬੁੱਧਵਾਰ ਦੀ ਇਸ ਘਟਨਾ ਦਾ ਇੱਕ ਹੋਰ ਪਹਿਲੂ ਵੀ ਹੈ। ਉਸ ਦਿਨ ਸਾਬਕਾ ਉੱਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਯੂਨੀਵਰਸਿਟੀ ਵਿੱਚ ਘੱਟ-ਗਿਣਤੀਆਂ ਨਾਲ ਸੰਬੰਧਤ ਵਿਸ਼ੇ ਉੱਤੇ ਭਾਸ਼ਣ ਦੇਣ ਲਈ ਬੁਲਾਇਆ ਗਿਆ ਸੀ। ਹਾਮਿਦ ਅੰਸਾਰੀ ਪ੍ਰਤੀ ਭਾਜਪਾ ਆਗੂਆਂ ਦੀ ਨਫ਼ਤਰ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਆਪਣੇ ਕਾਰਜ ਕਾਲ ਦੀ ਸਮਾਪਤੀ ਤੋਂ ਬਾਅਦ ਉਨ੍ਹਾ ਭੀੜ ਤੰਤਰ ਵੱਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ ਬਾਰੇ ਇਹ ਬਿਆਨ ਦਿੱਤਾ ਸੀ ਕਿ ਦੇਸ਼ ਵਿੱਚ ਮੁਸਲਮਾਨ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ। ਉਸੇ ਦਿਨ ਤੋਂ ਅੰਸਾਰੀ ਸਾਹਿਬ ਹਿੰਦੂਤੱਵੀ 'ਦੇਸ਼ ਭਗਤਾਂ' ਦੇ ਨਿਸ਼ਾਨੇ ਉੱਤੇ ਹਨ।
ਉੱਤਰ ਪ੍ਰਦੇਸ਼ ਵਿੱਚ ਸਮੁੱਚਾ ਪ੍ਰਸ਼ਾਸਨ ਭਾਜਪਾ ਦੀ ਸ਼ਰਨ ਵਿੱਚ ਹੈ। ਇਹ ਸੰਯੋਗ ਨਹੀਂ ਕਿ ਘਟਨਾ ਤੋਂ ਤਿੰਨ ਦਿਨ ਪਹਿਲਾਂ ਅਲੀਗੜ੍ਹ ਦੇ ਪੁਲਸ ਮੁਖੀ ਦਾ ਤਬਾਦਲਾ ਕਰ ਕੇ ਉਸ ਦੀ ਥਾਂ ਅਜੈ ਕੁਮਾਰ ਸੈਣੀ ਨੂੰ ਲਿਆਂਦਾ ਗਿਆ, ਜਿਸ ਦੀ ਆਜ਼ਮਗੜ੍ਹ ਦੰਗਿਆਂ ਦੌਰਾਨ ਭੂਮਿਕਾ ਸ਼ੱਕੀ ਸਮਝੀ ਜਾਂਦੀ ਸੀ। ਇਹੋ ਕਾਰਨ ਹੈ ਕਿ ਹਿੰਦੂ ਯੁਵਾ ਵਾਹਿਨੀ ਦੇ ਸਿਰਫ਼ 30 ਵਿਅਕਤੀ ਜੈ ਸ੍ਰੀ ਰਾਮ ਦੇ ਨਾਹਰੇ ਲਾਉਂਦੇ ਆਉਣ ਤੇ ਉੱਪ-ਰਾਸ਼ਟਰਪਤੀ ਦੇ ਪ੍ਰੋਗਰਾਮ ਨੂੰ ਰੱਦ ਕਰਵਾ ਦੇਣ। ਪੁਲਸ ਦੀ ਵੱਡੀ ਗਿਣਤੀ ਦੇ ਹੁੰਦਿਆਂ ਵੀ ਇਸ ਗਰੋਹ ਨੂੰ ਯੂਨੀਵਰਸਿਟੀ ਤੱਕ ਪਹੁੰਚਣ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਜਦੋਂ ਵਿਦਿਆਰਥੀਆਂ ਨੇ ਸ਼ਾਂਤਮਈ ਰੋਸ ਮਾਰਚ ਕੱਢਿਆ ਤਾਂ ਪੁਲਸ ਨੇ ਉਸ ਉੱਤੇ ਲਾਠੀਚਾਰਜ ਕਰ ਦਿੱਤਾ। ਬਹੁਤ ਸਾਰੇ ਵਿਦਿਆਰਥੀ ਜ਼ਖ਼ਮੀ ਹੋ ਗਏ ਤੇ ਹੁਣ ਇਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕੀਤਾ ਹੋਇਆ ਹੈ। ਅਸਲ ਗੱਲ ਇਹ ਹੈ ਕਿ ਹਿੰਦੂਤੱਵੀ ਅਨਸਰਾਂ ਦਾ ਮਕਸਦ ਹਾਮਿਦ ਅੰਸਾਰੀ ਦੇ ਭਾਸ਼ਣ ਵਿੱਚ ਖਲਲ ਪਾਉਣਾ ਸੀ, ਜਿਸ ਵਿੱਚ ਉਹ ਪ੍ਰਸ਼ਾਸਨ ਦੀ ਮਿਲੀ-ਭੁਗਤ ਨਾਲ ਕਾਮਯਾਬ ਹੋਏ। ਹਾਮਿਦ ਅੰਸਾਰੀ ਬਗ਼ੈਰ ਭਾਸ਼ਣ ਦਿੱਤੇ ਅਲੀਗੜ੍ਹ ਤੋਂ ਵਾਪਸ ਚਲੇ ਗਏ।
ਜੇਕਰ ਮੁੱਖ ਮਸਲਾ ਜਿਨਾਹ ਦੀ ਤਸਵੀਰ ਦਾ ਹੁੰਦਾ ਤਾਂ ਪਹਿਲਾਂ ਵੀ ਕੇਂਦਰ ਤੇ ਯੂ ਪੀ ਵਿੱਚ ਭਾਜਪਾ ਦੀਆਂ ਸਰਕਾਰਾਂ ਰਹੀਆਂ ਹਨ, ਇਹ ਮੁੱਦਾ ਉਦੋਂ ਕਿਉਂ ਨਾ ਉਠਿਆ? ਅਸਲੀਅਤ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੂੰ ਸ਼ਰਮਨਾਕ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਭਾਜਪਾ ਵੱਲੋਂ ਕਾਲਾ ਧਨ ਵਾਪਸ ਲਿਆਉਣ, ਹਰ ਇੱਕ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣ, ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦਿਆਂ ਤੋਂ ਮੁੱਕਰ ਜਾਣ ਦੇ ਸਵਾਲ ਖੜੇ ਕਰ ਰਹੇ ਹਨ। ਇਸ ਸਥਿਤੀ ਨੇ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੇ ਰੂ-ਬ-ਰੂ ਹੋਣ ਤੋਂ ਡਰ ਰਹੇ ਹਨ। ਇਸੇ ਕਾਰਨ ਉਹ ਲੋਕਾਂ ਵਿੱਚ ਫ਼ਿਰਕੂ ਲੀਹਾਂ 'ਤੇ ਵੰਡੀਆਂ ਪਾ ਕੇ 2019 ਵਾਲੇ ਭਵਸਾਗਰ ਨੂੰ ਪਾਰ ਲੰਘਣਾ ਚਾਹੁੰਦੇ ਹਨ।
ਇਸ ਘਟਨਾ ਤੋਂ ਪਹਿਲਾਂ ਵੀ 26 ਜਨਵਰੀ ਨੂੰ ਕਾਸਗੰਜ ਵਿੱਚ ਹਿੰਦੂ-ਮੁਸਲਿਮ ਫ਼ਸਾਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਬਜਰੰਗੀਆਂ ਵੱਲੋਂ ਮੁਸਲਿਮ ਸਮੁਦਾਏ ਵੱਲੋਂ ਤਿਰੰਗਾ ਲਹਿਰਾਉਣ ਦੇ ਇੱਕ ਸਮਾਗਮ ਉੱਤੇ ਹਮਲਾ ਕੀਤਾ ਗਿਆ ਸੀ, ਪਰ ਸਥਾਨਕ ਲੋਕਾਂ ਨੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਦਿਆਂ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਹ ਫੁੱਟ-ਪਾਊ ਸ਼ਕਤੀਆਂ ਚੁੱਪ ਰਹਿਣ ਵਾਲੀਆਂ ਨਹੀਂ ਹਨ। ਇਹ ਕਿਸੇ ਵੀ ਥਾਂ ਕੋਈ ਵੀ ਬਖੇੜਾ ਖੜਾ ਕਰ ਸਕਦੀਆਂ ਹਨ।
ਇਸ ਸਮੇਂ ਦੋ ਘਟਨਾਵਾਂ ਸਾਡੇ ਸਾਹਮਣੇ ਹਨ, ਜੋ ਇਹਨਾਂ ਦੇ ਨਾਪਾਕ ਇਰਾਦਿਆਂ ਨੂੰ ਜ਼ਾਹਰ ਕਰਦੀਆਂ ਹਨ। ਇਹ ਦੋਵੇਂ ਘਟਨਾਵਾਂ ਰਾਜਧਾਨੀ ਦਿੱਲੀ ਦੀਆਂ ਹਨ। ਪਹਿਲੀ ਘਟਨਾ ਸਫ਼ਦਰ ਜੰਗ ਇਨਕਲੇਵ ਦੇ ਪਿੰਡ ਹਿਮਾਯੂੰਪੁਰ ਦੀ ਹੈ, ਜਿੱਥੇ ਤੁਗਲਕ ਕਾਲ ਦੇ ਇੱਕ ਮਕਬਰੇ ਨੂੰ ਸ਼ਿਵ ਮੰਦਰ ਵਿੱਚ ਬਦਲ ਦਿੱਤਾ ਗਿਆ ਹੈ। ਇਸ ਨੂੰ ਸਫ਼ੈਦ ਤੇ ਭਗਵਾਂ ਰੰਗ ਕਰ ਕੇ ਅੰਦਰ ਮੂਰਤੀਆਂ ਰੱਖ ਦਿੱਤੀਆਂ ਗਈਆਂ ਹਨ। ਇਹ ਮਕਬਰਾ ਪੁਰਾਤੱਤਵ ਵਿਭਾਗ ਦੇ ਅਧੀਨ ਹੈ। ਇਸ ਨੂੰ ਰੰਗ ਕਰਨਾ, ਜਾਂ ਇਸ ਦੀ ਮੂਲ ਸ਼ਕਲ ਨਾਲ ਛੇੜ-ਛਾੜ ਕਰਨਾ ਗ਼ੈਰ-ਕਨੂੰਨੀ ਹੈ। ਦੂਜੀ ਘਟਨਾ ਦਿੱਲੀ ਯੂਨੀਵਰਸਿਟੀ ਦੇ ਕਾਲਜ ਸੇਂਟ ਸਟੀਫਨਜ਼ ਕਾਲਜ ਦੀ ਹੈ, ਜਿੱਥੇ ਅੰਦਰ ਬਣੇ ਚਰਚ ਦੇ ਗੇਟ ਉੱਤੇ ਆਰ ਐੱਸ ਐੱਸ ਨਾਲ ਜੁੜੇ ਕੁਝ ਤੱਤਾਂ ਨੇ ਲਿਖ ਦਿੱਤਾ ਹੈ; 'ਮੰਦਰ ਇੱਥੇ ਬਣੇਗਾ'। ਇਸ ਦੇ ਨਾਲ ਹੀ ਈਸਾ ਦੇ ਕਰਾਸ ਉੱਤੇ 'ਆਈ ਐਮ ਗੋਇੰਗ ਟੂ ਹੈੱਲ', ਮਤਲਬ ਮੈਂ ਨਰਕ ਨੂੰ ਜਾ ਰਿਹਾ ਹਾਂ, ਲਿਖ ਦਿੱਤਾ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਾਕੀ ਤੁਸ਼ੀਦ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਧਰਮ ਦੇ ਆਧਾਰ ਉੱਤੇ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਅਲੀਗੜ੍ਹ ਵਿੱਚ ਵੀ ਹੋ ਰਹੀ ਹੈ ਤੇ ਇੱਥੇ ਵੀ।
ਉਪਰੋਕਤ ਘਟਨਾਵਾਂ ਜ਼ਾਹਰ ਕਰਦੀਆਂ ਹਨ ਕਿ ਆਉਣ ਵਾਲਾ ਸਮਾਂ ਬਹੁਤ ਹੀ ਚੌਕਸੀ ਦੀ ਮੰਗ ਕਰਦਾ ਹੈ। ਭਾਜਪਾ ਲੋਕਾਂ ਦੇ ਮਨਾਂ ਵਿੱਚ ਡਿੱਗ ਚੁੱਕੀ ਆਪਣੀ ਸਾਖ਼ ਨੂੰ ਮੁੜ ਬਹਾਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਦੇਸ਼ ਦੇ ਸਭ ਸੈਕੂਲਰ, ਜਮਹੂਰੀਅਤ ਤੇ ਅਮਨ-ਪਸੰਦ ਲੋਕ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਭਾਜਪਾ ਦੀਆਂ ਫੁੱਟ-ਪਾਊ ਕੁਚਾਲਾਂ ਨੂੰ ਮਾਤ ਦੇਣ।

1494 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper