Latest News
ਸੱਚ ਤੋਂ ਪਰਦਾ ਉੱਠਣਾ ਚਾਹੀਦਾ

Published on 07 May, 2018 10:36 AM.


ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਉਂਜ ਇਸ ਹਲਕੇ ਦੀ ਚੋਣ ਮੁਹਿੰਮ ਦਾ ਆਗਾਜ਼ ਉਸੇ ਦਿਨ ਹੀ ਹੋ ਗਿਆ ਸੀ, ਜਦੋਂ ਇਸ ਹਲਕੇ ਦੀ ਲਗਾਤਾਰ ਪੰਜਵੀਂ ਵਾਰ ਨੁਮਾਇੰਦਗੀ ਕਰ ਰਹੇ ਅਕਾਲੀ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਪਿਛਲੀਆਂ ਚੋਣਾਂ ਵਿੱਚ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅਜੀਤ ਸਿੰਘ ਕੋਹਾੜ ਦੇ ਭੋਗ ਸਮਾਗਮ ਉੱਤੇ ਹੀ ਐਲਾਨ ਕਰ ਦਿੱਤਾ ਸੀ ਕਿ ਪਾਰਟੀ ਵੱਲੋਂ ਟਿਕਟ ਕੋਹਾੜ ਪਰਵਾਰ ਦੇ ਕਿਸੇ ਮੈਂਬਰ ਨੂੰ ਦਿੱਤੀ ਜਾਵੇਗੀ। ਇਸੇ ਐਲਾਨ ਉੱਤੇ ਫੁੱਲ ਚੜ੍ਹਾਉਂਦਿਆਂ ਪਾਰਟੀ ਵੱਲੋਂ ਅਜੀਤ ਸਿੰਘ ਕੋਹਾੜ ਦੇ ਸਪੁੱਤਰ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਬਣਾ ਦਿੱਤਾ ਗਿਆ।
ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸੰਬੰਧ ਹੈ, ਲੋਕਾਂ ਵਿੱਚ ਆਮ ਚਰਚਾ ਸੀ ਕਿ ਅਕਾਲੀ ਦਲ ਦੇ ਇਸ ਮਜ਼ਬੂਤ ਗੜ੍ਹ ਨੂੰ ਜੇ ਕੋਈ ਕਾਂਗਰਸੀ ਸੰਨ੍ਹ ਲਾ ਸਕਦਾ ਹੈ ਤਾਂ ਉਹ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹੈ। ਦੂਜੇ ਪਾਸੇ ਲਾਡੀ ਸ਼ੇਰੋਵਾਲੀਆ ਦਾ ਰਾਹ ਰੋਕਣ ਲਈ ਟਿਕਟ ਦੇ ਇੱਕ ਤੋਂ ਬਾਅਦ ਇੱਕ ਚਾਹਵਾਨਾਂ ਦੇ ਨਾਂਅ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਹਨਾਂ ਵਿੱਚ ਅਵਤਾਰ ਹੈਨਰੀ, ਲਾਲ ਸਿੰਘ ਤੇ ਬੀਬੀ ਰਜਿੰਦਰ ਕੌਰ ਭੱਠਲ ਦੇ ਨਾਂਅ ਜ਼ਿਕਰ ਯੋਗ ਸਨ। ਇਹੋ ਨਹੀਂ, ਕਾਂਗਰਸੀਆਂ ਵੱਲੋਂ ਹੀ ਲਾਡੀ ਸ਼ੇਰੋਵਾਲੀਆ ਉੱਤੇ ਰੇਤ ਦੀ ਗ਼ੈਰ-ਕਨੂੰਨੀ ਮਾਈਨਿੰਗ ਵਿੱਚ ਹਿੱਸਾ-ਪੱਤੀ ਦੇ ਦੋਸ਼ ਵੀ ਲੱਗਣੇ ਸ਼ੁਰੂ ਹੋ ਗਏ। ਅਸੀਂ ਇਹ ਨਹੀਂ ਕਹਿੰਦੇ ਕਿ ਲਾਡੀ ਸ਼ੇਰੋਵਾਲੀਆ ਦੁੱਧ-ਧੋਤੇ ਹਨ, ਪਰ ਅਜਿਹੇ ਦੋਸ਼ ਕੋਹਾੜ ਸਾਹਿਬ ਦੇ ਦਿਹਾਂਤ ਤੋਂ ਪਹਿਲਾਂ ਨਾ ਕਿਸੇ ਵਿਰੋਧੀ ਕਾਂਗਰਸੀ ਨੇ ਲਾਏ ਤੇ ਨਾ ਹਲਕੇ ਦਾ ਵਿਧਾਇਕ ਹੋਣ ਦੇ ਬਾਵਜੂਦ ਖ਼ੁਦ ਜਥੇਦਾਰ ਅਜੀਤ ਸਿੰਘ ਕੋਹਾੜ ਨੇ।
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਜਦੋਂ ਇਹ ਸਟੈਂਡ ਲੈ ਲਿਆ ਕਿ ਉਮੀਦਵਾਰ ਹਲਕੇ ਦਾ ਹੀ ਹੋਵੇਗਾ, ਤਾਂ ਲਾਡੀ ਸ਼ੇਰੋਵਾਲੀਆ ਦਾ ਰਾਹ ਰੋਕਣ ਲਈ ਪੰਜ ਆਗੂ ਮੈਦਾਨ ਵਿੱਚ ਨਿੱਤਰ ਆਏ। ਇਨ੍ਹਾਂ ਵਿੱਚ ਸਾਬਕਾ ਵਿਧਾਇਕ ਅਤੇ ਕੁਝ ਸਾਬਕਾ ਮੰਤਰੀ ਵੀ ਸ਼ਾਮਲ ਸਨ। ਸਾਰਿਆਂ ਦੀ ਇੱਕੋ ਸੁਰ ਸੀ ਕਿ ਲਾਡੀ ਸ਼ੇਰੋਵਾਲੀਆ ਰੇਤ ਦੀ ਗ਼ੈਰ-ਕਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੈ, ਇਸ ਲਈ ਉਸ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਵਿੱਚੋਂ ਕਿਸੇ ਨੂੰ ਦਿੱਤੀ ਜਾਵੇ। ਕੇਂਦਰੀ ਲੀਡਰਸ਼ਿਪ ਨੇ ਪੰਜਾਬ ਪਾਰਟੀ ਦੀ ਸਿਫ਼ਾਰਸ਼ ਉੱਤੇ ਮੋਹਰ ਲਾ ਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ।
ਇਸ ਤੋਂ ਬਾਅਦ ਅਗਲਾ ਡਰਾਮਾ ਪਹਿਲਾਂ ਇੱਕ ਵੀਡੀਓ ਜਾਰੀ ਕਰ ਕੇ ਹਰਦੇਵ ਸਿੰਘ ਲਾਡੀ ਉੱਤੇ ਰੇਤ ਠੇਕੇਦਾਰਾਂ ਤੋਂ ਹਿੱਸਾ-ਪੱਤੀ ਲੈਣ ਦੀ ਗੱਲ ਕਰਦਿਆਂ ਪੇਸ਼ ਕੀਤਾ ਗਿਆ। ਫਿਰ ਮੋਹਨ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਦਿੱਤੀ ਕਿ ਹਰਦੇਵ ਸਿੰਘ ਲਾਡੀ ਰੇਤੇ ਦੀ ਨਾਜਾਇਜ਼ ਮਾਈਨਿੰਗ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਇਹ ਸ਼ਿਕਾਇਤ ਜ਼ਿਲ੍ਹਾ ਪੁਲਸ ਨੂੰ ਭੇਜ ਕੇ ਕਿਹਾ ਗਿਆ ਕਿ ਇਸ ਦੀ ਪੜਤਾਲ ਕਰ ਕੇ ਰਿਪੋਰਟ ਉਸ ਨੂੰ ਭੇਜੀ ਜਾਵੇ। ਇਹ ਸ਼ਿਕਾਇਤ ਈ-ਮੇਲ ਰਾਹੀਂ ਮਹਿਤਪੁਰ ਦੇ ਥਾਣੇ ਵਿੱਚ 4 ਮਈ ਨੂੰ ਸਵੇਰੇ 3 ਵਜੇ ਪਹੁੰਚੀ। ਥਾਣਾ ਮੁਖੀ ਪਰਮਿੰਦਰ ਸਿੰਘ ਬਾਜਵਾ ਨੇ ਇਸ ਦੀ ਪੜਤਾਲ ਕਰਨ ਦੀ ਥਾਂ ਸਵੇਰੇ 4 ਵੱਜ ਕੇ 26 ਮਿੰਟ ਉੱਤੇ ਹਰਦੇਵ ਸਿੰਘ ਲਾਡੀ ਵਿਰੁੱਧ ਕੇਸ ਦਰਜ ਕਰ ਲਿਆ। ਇਹ ਕੇਸ ਦਰਜ ਕਰ ਲੈਣ ਤੋਂ ਕੁਝ ਸਮਾਂ ਬਾਅਦ ਥਾਣਾ ਮੁਖੀ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਅਸਤੀਫ਼ਾ ਪਾ ਦਿੱਤਾ, ਪਰ ਕੁਝ ਸਮੇਂ ਬਾਅਦ ਉਸ ਨੇ ਇਹ ਕਹਿ ਕੇ ਅਸਤੀਫ਼ਾ ਵਾਪਸ ਲੈ ਲਿਆ ਕਿ ਆਪਣੇ ਪਰਵਾਰ ਦੇ ਦਬਾਅ ਹੇਠ ਏਦਾਂ ਕੀਤਾ ਸੀ। ਇਸ ਘਟਨਾ ਨੇ ਸ਼ਾਹਕੋਟ ਹਲਕੇ ਵਿੱਚ ਹੜਕੰਪ ਮਚਾ ਦਿੱਤਾ। ਅਕਾਲੀ ਤੇ 'ਆਪ' ਵਾਲੇ ਖ਼ੁਸ਼ੀਆਂ ਮਨਾਉਣ ਲੱਗੇ। ਕਾਂਗਰਸ ਦੇ ਅੰਦਰੋਂ ਵੀ ਲਾਡੀ ਸ਼ੇਰੋਵਾਲੀਆ ਤੋਂ ਟਿਕਟ ਵਾਪਸ ਲੈਣ ਦੀ ਮੰਗ ਹੋਣ ਲੱਗੀ।
ਇਸੇ ਦੌਰਾਨ ਮਹਿਤਪੁਰ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਦਾ ਇੱਕ ਵੀਡੀਓ ਵਾਇਰਲ ਹੋ ਗਿਆ। ਇਸ ਵੀਡੀਓ ਮੁਤਾਬਕ ਥਾਣਾ ਮੁਖੀ ਦੇ ਨਾਂਅ ਉੱਤੇ ਜਲੰਧਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ 3 ਮਈ ਨੂੰ ਕਮਰਾ ਬੁੱਕ ਹੋਇਆ ਅਤੇ ਉਹ 5 ਮਈ ਤੱਕ ਉਸ ਕਮਰੇ ਵਿੱਚ ਰਿਹਾ ਸੀ। ਇਸ ਦੌਰਾਨ ਕਪੂਰਥਲੇ ਨਾਲ ਸੰਬੰਧਤ ਇੱਕ ਔਰਤ ਵੀ ਉਸ ਨਾਲ ਹੋਣ ਦਾ ਦਾਅਵਾ ਕੀਤਾ ਗਿਆ। ਇੱਕ ਚੈਨਲ ਵੱਲੋਂ ਹੋਟਲ ਦੇ ਸੀ ਸੀ ਟੀ ਵੀ ਕੈਮਰਿਆਂ ਦੀਆਂ ਤਸਵੀਰਾਂ ਰਾਹੀਂ ਥਾਣਾ ਮੁਖੀ ਦੇ ਹੋਟਲ 'ਚ ਆਉਣ ਅਤੇ ਜਾਣ ਦਾ ਸਾਰਾ ਵੇਰਵਾ ਪੇਸ਼ ਕੀਤਾ ਗਿਆ। ਹੋਟਲ ਦੇ ਕਮਰੇ ਦਾ ਕਿਰਾਇਆ, ਸ਼ਰਾਬ ਤੇ ਖਾਣ-ਪੀਣ ਦੇ ਖ਼ਰਚੇ ਦਾ 33,643 ਰੁਪਏ ਦਾ ਬਿੱਲ ਵੀ ਥਾਣਾ ਮੁਖੀ ਵੱਲੋਂ ਭਰਿਆ ਦੱਸਿਆ ਗਿਆ। ਪਰਚਾ ਦਰਜ ਕਰਨ ਤੋਂ 4 ਘੰਟੇ ਪਹਿਲਾਂ ਥਾਣਾ ਮੁਖੀ ਪਰਮਿੰਦਰ ਸਿੰਘ ਬਾਜਵਾ ਵੱਲੋਂ ਕਮਰੇ 'ਚ ਸ਼ਰਾਬ ਮੰਗਵਾਈ ਗਈ ਸੀ ਤੇ ਪਰਚਾ ਦਰਜ ਕਰਨ ਤੋਂ ਬਾਅਦ ਸਵੇਰੇ 11 ਵਜੇ ਉਨ੍ਹਾ ਫਿਰ ਸ਼ਰਾਬ ਦਾ ਆਰਡਰ ਦਿੱਤਾ ਸੀ। ਇਹ ਖੁਲਾਸਾ ਵੀ ਹੋਇਆ ਕਿ ਪਰਚਾ ਦਰਜ ਕਰਨ ਤੋਂ ਪਹਿਲਾਂ ਉਹ ਕਥਿਤ ਤੌਰ ਉੱਤੇ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਦੇ ਸੰਪਰਕ ਵਿੱਚ ਸੀ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਥਾਣਾ ਮੁਖੀ 3 ਤੋਂ 5 ਮਈ ਤੱਕ ਪੰਜ ਤਾਰਾ ਹੋਟਲ ਵਿੱਚ ਸੀ ਤਾਂ ਫਿਰ 4 ਮਈ ਨੂੰ ਸਵੇਰੇ 4 ਵੱਜ ਕੇ 26 ਮਿੰਟ ਉੱਤੇ ਮਹਿਤਪੁਰ ਥਾਣੇ ਵਿੱਚ ਹਰਦੇਵ ਸਿੰਘ ਲਾਡੀ ਵਿਰੁੱਧ ਕੇਸ ਦਰਜ ਕਿਸ ਨੇ ਕੀਤਾ? ਇਹ ਵੀ ਹੋ ਸਕਦਾ ਹੈ ਕਿ ਇਹ ਕੰਮ ਹੋਟਲ ਵਿੱਚੋਂ ਹੀ ਕੀਤਾ ਗਿਆ ਹੋਵੇ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਥਾਣਾ ਮੁਖੀ ਦਾ ਥਾਣਾ ਛੱਡ ਕੇ ਪੰਜ ਤਾਰਾ ਹੋਟਲ ਵਿੱਚ ਠਹਿਰਨਾ ਵੀ ਗੰਭੀਰ ਕੁਤਾਹੀ ਸੀ। ਸਾਫ਼ ਹੈ ਕਿ ਲਾਡੀ ਸ਼ੇਰੋਵਾਲੀਆ ਨੂੰ ਬਦਨਾਮ ਕਰਨ ਲਈ ਖੇਡੀ ਗਈ ਇਸ ਖੇਡ ਪਿੱਛੇ ਇਕੱਲਾ ਪਰਮਿੰਦਰ ਸਿੰਘ ਬਾਜਵਾ ਨਹੀਂ ਹੋ ਸਕਦਾ। ਅਸੀਂ ਸਮਝਦੇ ਹਾਂ ਕਿ ਇਸ ਸਾਰੀ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋਣਾ ਚਾਹੀਦਾ ਹੈ। ਜੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਗੁਨਾਹਗਾਰ ਨਿਕਲਦਾ ਹੈ ਤਾਂ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਇਸ ਸਾਜ਼ਿਸ਼ ਪਿੱਛੇ ਅਕਾਲੀ ਹਲਕਿਆਂ ਜਾਂ ਕਾਂਗਰਸ ਦੇ ਅੰਦਰਲੇ ਹਲਕਿਆਂ ਦਾ ਹੱਥ ਹੈ ਤਾਂ ਉਹ ਵੀ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਹਨ।
ਆਖ਼ਿਰ ਵਿੱਚ ਅਸੀਂ ਸਭਨਾਂ ਧਿਰਾਂ ਨੂੰ ਅਪੀਲ ਕਰਾਂਗੇ ਕਿ ਉਹ ਸੰਜੀਦਗੀ ਨਾਲ ਆਪਣੀ ਚੋਣ ਮੁਹਿੰਮ ਚਲਾਉਣ। ਇੱਕ ਦੂਜੇ ਦੇ ਔਗੁਣਾਂ ਉੱਤੇ ਵੀ ਉਂਗਲ ਰੱਖਣ ਅਤੇ ਆਪਣੀ ਲੋਕ ਸੇਵਾ ਦਾ ਚਿੱਠਾ ਵੀ ਵੋਟਰਾਂ ਦੀ ਕਚਹਿਰੀ ਵਿੱਚ ਪੇਸ਼ ਕਰਨ, ਪਰ ਕੁਝ ਸੰਜਮ ਤੋਂ ਕੰਮ ਲੈਣ।

1102 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper