Latest News
ਪਾਣੀ ਦਾ ਸੰਕਟ ਅਤੇ ਸਾਡਾ ਸਾਰਿਆਂ ਦਾ ਫਰਜ਼

Published on 08 May, 2018 11:17 AM.

ਭਾਰਤ ਵਿੱਚ ਪਾਣੀ ਦਾ ਸੰਕਟ ਗੰਭੀਰ ਹੈ। ਅਸੀਂ ਇਹ ਪਹਿਲੀ ਵਾਰੀ ਨਹੀਂ ਕਹਿ ਰਹੇ, ਕਈ ਵਾਰ ਕਈ ਲੋਕ ਕਹਿ ਚੁੱਕੇ ਹਨ। ਇਸ ਵਾਰ ਇਹੋ ਗੱਲ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਵੀ ਕਹੀ ਹੈ। ਉਨ੍ਹਾਂ ਨੇ ਸਮੁੱਚੇ ਦੇਸ਼ ਦੀ ਗੱਲ ਭਾਵੇਂ ਨਹੀਂ ਕੀਤੀ, ਪਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਪੇਸ਼ ਆ ਰਹੀ ਪਾਣੀ ਦੀ ਘਾਟ ਵਾਲੀ ਸਮੱਸਿਆ ਦਾ ਮੁੱਦਾ ਜਿਸ ਗੰਭੀਰਤਾ ਨਾਲ ਚੁੱਕਿਆ ਹੈ, ਉਹ ਦੇਸ਼ ਦੇ ਹਰ ਨਾਗਰਿਕ ਦਾ ਧਿਆਨ ਮੰਗਦਾ ਹੈ। ਹਾਲ ਇਹ ਹੈ ਕਿ ਭਾਰਤ ਦੇ ਰਾਸ਼ਟਰਪਤੀ ਭਵਨ ਤੱਕ ਲਈ ਇਸ ਵੇਲੇ ਪਾਣੀ ਦੀ ਘਾਟ ਦਾ ਸੰਕਟ ਬਣਿਆ ਪਿਆ ਹੈ ਅਤੇ ਇਹੀ ਗੱਲ ਹਰ ਨਾਗਰਿਕ ਨੂੰ ਭਵਿੱਖ ਦੀਆਂ ਲੋੜਾਂ ਅਤੇ ਪਾਣੀ ਦੀ ਦਿਨੋਂ ਦਿਨ ਵਧਦੀ ਜਾ ਰਹੀ ਘਾਟ ਦਾ ਅਹਿਸਾਸ ਕਰਾਉਣ ਵਾਲੀ ਹੈ।
ਸੱਚਾਈ ਇਹ ਹੈ ਕਿ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਘਾਟ ਤੋਂ ਵੱਧ ਘਾਟ ਇਸ ਵਕਤ ਕਈ ਹੋਰ ਮਹਾਂਨਗਰਾਂ ਅਤੇ ਰਾਜਾਂ ਦੇ ਲੋਕਾਂ ਨੂੰ ਸਹਿਣੀ ਪੈ ਰਹੀ ਹੈ। ਇਸ ਵਕਤ ਸਭ ਤੋਂ ਵੱਧ ਬੁਰਾ ਹਾਲ ਉਸ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਦਾ ਹੈ, ਜਿੱਥੇ ਵਿਧਾਨ ਸਭਾ ਚੋਣਾਂ ਕਾਰਨ ਦੇਸ਼ ਦਾ ਪ੍ਰਧਾਨ ਮੰਤਰੀ ਵੀ ਗਲੀ-ਗਲੀ ਵੋਟਾਂ ਲਈ ਹੋਕਾ ਦੇਂਦਾ ਫਿਰਦਾ ਹੈ ਤੇ ਰਾਜ ਦੇ ਮੁੱਖ ਮੰਤਰੀ ਨਾਲ ਸਾਰੇ ਭਾਰਤ ਦੀ ਕਾਂਗਰਸ ਪਾਰਟੀ ਦੇ ਆਗੂ ਵੀ ਓਥੇ ਫਿਰਦੇ ਹਨ। ਸਾਈਬਰ ਸਿਟੀ ਵਜੋਂ ਜਾਣੇ ਜਾਂਦੇ ਉਸ ਸ਼ਹਿਰ ਨੂੰ ਲੋੜ ਜੋਗੀ ਸਪਲਾਈ ਵਾਸਤੇ ਪਾਣੀ ਦੇ ਟੈਂਕਰ ਰੇਲ ਗੱਡੀਆਂ ਰਾਹੀਂ ਬਾਹਰੋਂ ਮੰਗਵਾਉਣੇ ਪੈਂਦੇ ਹਨ ਤੇ ਚਿੰਤਾ ਇਹ ਬਣੀ ਪਈ ਹੈ ਕਿ ਕਿਧਰੇ ਕੇਪਟਾਊਨ ਵਾਲਾ ਹਾਲ ਨਾ ਹੋ ਜਾਂਦਾ ਹੋਵੇ। ਦੱਖਣੀ ਅਫਰੀਕਾ ਦੇ ਸ਼ਹਿਰ ਕੇਪਟਾਊਨ ਵਿੱਚ ਕੁਝ ਹਫਤੇ ਪਹਿਲਾਂ ਜਦੋਂ ਭਾਰਤੀ ਕ੍ਰਿਕਟ ਟੀਮ ਖੇਡਣ ਗਈ ਹੋਈ ਸੀ, ਉਨ੍ਹਾਂ ਦਿਨਾਂ ਵਿੱਚ ਓਥੇ ਸਰਕਾਰ ਨੇ ਆਦੇਸ਼ ਜਾਰੀ ਕੀਤਾ ਸੀ ਕਿ ਟਾਇਲੇਟਸ ਵਾਸਤੇ ਫਲੱਸ਼ ਨਹੀਂ ਚਲਾਉਣਾ, ਬਾਹਰੋਂ ਪਾਣੀ ਦੇ ਡੱਬਿਆਂ ਨਾਲ ਸਫ਼ਾਈ ਕਰਨੀ ਹੈ ਅਤੇ ਛੋਟੀ ਲੋੜ ਲਈ ਹਰ ਵਾਰ ਪਾਣੀ ਚਲਾਉਣ ਦੀ ਲੋੜ ਨਹੀਂ। ਸਾਡੀ ਟੀਮ ਦੇ ਖਿਡਾਰੀਆਂ ਲਈ ਭਾਵੇਂ ਪੰਜ ਤਾਰਾ ਹੋਟਲਾਂ ਵਿੱਚ ਕੁਝ ਪ੍ਰਬੰਧ ਹੋ ਜਾਂਦਾ ਹੋਵੇਗਾ, ਜਿਹੜੇ ਦਰਸ਼ਕ ਉਨ੍ਹਾਂ ਦਿਨਾਂ ਵਿੱਚ ਓਥੇ ਗਏ ਸਨ, ਉਹ ਦੱਸਦੇ ਸਨ ਕਿ ਹਾਲਾਤ ਦੀ ਵਿਆਖਿਆ ਵੀ ਕਰਨੀ ਔਖੀ ਹੈ। ਪਿਛਲੇਰੇ ਮਹੀਨੇ ਐਨ ਇਹੋ ਜਿਹੀ ਇੱਕ ਖ਼ਬਰ ਬੰਗਲੌਰ, ਜਾਂ ਅੱਜ ਦੇ ਬੰਗਲੂਰੂ ਤੋਂ ਸੁਣੀ ਗਈ ਸੀ ਤੇ ਇਸ ਖ਼ਬਰ ਤੋਂ ਜਿਹੜਾ ਸਬਕ ਬਾਕੀ ਦੇਸ਼ ਦੇ ਲੋਕਾਂ ਨੂੰ ਸਿੱਖਣ ਦੀ ਲੋੜ ਸੀ, ਉਹ ਨਹੀਂ ਸਿੱਖਿਆ ਗਿਆ।
ਅਸੀਂ ਪੰਜਾਬ ਦੇ ਲੋਕ ਖੁੱਲ੍ਹੇ ਹੱਥਾਂ ਨਾਲ ਪਾਣੀ ਵਰਤਣ ਦੀਆਂ ਆਦਤਾਂ ਪਾਈ ਬੈਠੇ ਹਾਂ। ਕਿਸੇ ਸ਼ਹਿਰ ਜਾਂ ਕਸਬੇ ਜਾਂ ਫਿਰ ਪਿੰਡ ਵਿੱਚ ਇਹ ਗੱਲ ਕਹੀ ਜਾਵੇ ਕਿ ਪਾਣੀ ਸੰਕੋਚ ਨਾਲ ਵਰਤਣਾ ਚਾਹੀਦਾ ਹੈ ਤਾਂ ਲੋਕ ਲੜਨ ਨੂੰ ਪੈਂਦੇ ਹਨ। ਖੇਤਾਂ ਵਿੱਚ ਲੱਗੇ ਹੋਏ ਟਿਊਬਵੈੱਲਾਂ ਦੀ ਬਿਜਲੀ ਮੁਫਤ ਹੋਣ ਕਾਰਨ ਮੋਟਰ ਚਲਾ ਕੇ ਸ਼ਹਿਰ ਨੂੰ ਵੀ ਤੁਰ ਜਾਈਏ ਤਾਂ ਫ਼ਿਕਰ ਨਹੀਂ ਹੁੰਦਾ, ਕਿਉਂਕਿ ਬਿੱਲ ਨਹੀਂ ਭਰਨਾ ਹੁੰਦਾ। ਸ਼ਹਿਰਾਂ ਵਿੱਚ ਜਿਹੜੇ ਇਲਾਕਿਆਂ ਵਿੱਚ ਪਾਣੀ ਦੇ ਬਿੱਲ ਲਾਗੂ ਨਹੀਂ ਹੁੰਦੇ, ਉਨ੍ਹਾਂ ਦੇ ਵਾਸੀ ਬਾਹਰ ਫੁੱਲ-ਬੂਟਿਆਂ ਵਾਲੀਆਂ ਕਿਆਰੀਆਂ ਵਿੱਚ ਪਾਈਪ ਖੁੱਲ੍ਹੀ ਛੱਡ ਕੇ ਆਪ ਅੰਦਰ ਬਰੇਕ ਫਾਸਟ ਛਕਣ ਜਾ ਬੈਠਦੇ ਹਨ ਅਤੇ ਓਥੇ ਕੋਈ ਸੀਰੀਅਲ ਜਾਂ ਕੋਈ ਮੈਚ ਚੱਲਦਾ ਹੋਵੇ ਤਾਂ ਟੀ ਵੀ ਅੱਗੋਂ ਉਸ ਦੇ ਖ਼ਤਮ ਹੋਣ ਤੱਕ ਉੱਠਦੇ ਨਹੀਂ। ਓਨੀ ਦੇਰ ਤੱਕ ਉਨ੍ਹਾਂ ਦੀ ਪਾਈਪ ਨੇ ਬਾਹਰ ਸੜਕ ਉੱਤੇ ਛੱਪੜ ਬਣਾਇਆ ਹੁੰਦਾ ਹੈ, ਪਰ ਇਸ ਦੀ ਚਿੰਤਾ ਨਹੀਂ ਕੀਤੀ ਜਾਂਦੀ ਅਤੇ ਕੋਈ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਲੋਕ ਉਸ ਨਾਲ ਲੜਨ ਨੂੰ ਪੈ ਜਾਂਦੇ ਹਨ।
ਸਿਰਫ਼ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਲਈ ਚਿੱਠੀ ਲਿਖ ਦਿੱਤੀ ਕਿ ਸਾਡੇ ਰਾਵੀ ਦਰਿਆ ਦਾ ਪਾਣੀ ਬਿਨਾਂ ਵਜ੍ਹਾ ਪਾਕਿਸਤਾਨ ਨੂੰ ਵਗੀ ਜਾਂਦਾ ਹੈ, ਇਸ ਨੂੰ ਰੋਕਿਆ ਜਾਵੇ। ਇਹ ਪਾਣੀ ਏਸੇ ਸਾਲ ਨਹੀਂ ਵਗਣ ਲੱਗਾ। ਪਾਕਿਸਤਾਨ ਦੇ ਨਾਲ ਸਮਝੌਤਾ ਕੋਈ ਪੌਣੇ ਛੇ ਦਹਾਕੇ ਪਹਿਲਾਂ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਸਿੰਧ, ਜੇਹਲਮ ਤੇ ਚਨਾਬ ਦੇ ਪਾਣੀ ਉਸ ਨੂੰ ਦੇ ਕੇ ਰਾਵੀ, ਬਿਆਸ ਅਤੇ ਸਤਲੁਜ ਦਾ ਭਾਰਤ ਨੇ ਵਰਤਣਾ ਸੀ। ਇਸ ਦੌਰਾਨ ਨਾ ਕਦੀ ਭਾਰਤ ਦੀ ਕਿਸੇ ਵੀ ਰੰਗ ਵਾਲੀ ਸਰਕਾਰ ਨੂੰ ਇਹ ਪਾਣੀ ਰੋਕਣ ਦਾ ਖ਼ਿਆਲ ਆਇਆ ਤੇ ਨਾ ਪੰਜਾਬ ਦੀਆਂ ਵੱਖੋ-ਵੱਖ ਰੰਗ ਦੀ ਰਾਜਨੀਤੀ ਕਰਨ ਵਾਲੀਆਂ ਸਰਕਾਰਾਂ ਨੇ ਇਸ ਬਾਰੇ ਕੁਝ ਕੀਤਾ। ਇਸ ਵੇਲੇ ਵੀ ਕੁਝ ਕਰਨਾ ਹੈ ਤਾਂ ਇਸ ਵਿੱਚ ਕੇਂਦਰੀ ਅਗਵਾਈ ਦੀ ਲੋੜ ਹੈ। ਜਿੱਦਾਂ ਦੀ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਦਿੱਤੀ ਹੈ, ਇਸ ਦੀ ਥਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਲਿਖ ਕੇ ਟਾਈਮ ਮੰਗਣਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਓਥੇ ਬੇਨਤੀ ਕਰਨ ਜਾਣਾ ਚਾਹੀਦਾ ਸੀ ਕਿ ਪਾਕਿਸਤਾਨ ਵੱਲ ਬਿਨਾਂ ਵਜ੍ਹਾ ਵਗ ਰਿਹਾ ਪਾਣੀ ਰੋਕਣ ਲਈ ਉਹ ਪਹਿਲ ਕਰਨ। ਏਦਾਂ ਦਾ ਕੰਮ ਕੇਂਦਰੀ ਫ਼ੰਡਾਂ ਵਿੱਚੋਂ ਢੁੱਕਵਾਂ ਬੰਨ੍ਹ ਬਣਾਉਣ ਦੇ ਨਾਲ ਹੀ ਹੋ ਸਕਣਾ ਹੈ, ਪੰਜਾਬ ਜਾਂ ਕਿਸੇ ਵੀ ਹੋਰ ਰਾਜ ਇਕੱਲੇ ਦੇ ਵੱਸ ਦਾ ਨਹੀਂ ਹੈ। ਜਦੋਂ ਪਾਕਿਸਤਾਨ ਨਾਲ ਸਮਝੌਤੇ ਹੇਠ ਇਹ ਪਾਣੀ ਸਾਡਾ ਹੈ ਤਾਂ ਸਾਡੀਆਂ ਸਰਕਾਰਾਂ ਦੀ ਨਾ-ਅਹਿਲੀਅਤ ਦੇ ਕਾਰਨ ਉਸ ਦੇਸ਼ ਨੂੰ ਮੁਫਤ ਮਿਲ ਰਿਹਾ ਹੈ ਤੇ ਸਾਡੇ ਲੋਕ ਏਸੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਪਏ ਹਨ। ਇਸ ਨੂੰ ਰੋਕਣ ਦਾ ਯਤਨ ਛੇਤੀ ਕਰਨਾ ਚਾਹੀਦਾ ਹੈ।
ਇਹ ਕੰਮ ਕੀਤਾ ਜਾਂਦਾ ਹੈ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ, ਪਹਿਲੀ ਇਹ ਹੈ ਕਿ ਅਸੀਂ ਜਿੱਥੇ ਤੇ ਜਿਸ ਹਾਲਤ ਵਿੱਚ ਵੱਸਦੇ ਹਾਂ, ਸਾਨੂੰ ਸਾਰਿਆਂ ਨੂੰ ਹਾਲਾਤ ਨੂੰ ਸਮਝਣਾ ਅਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਪਵੇਗਾ। ਜਿਹੜੀ ਸਥਿਤੀ ਇਸ ਵੇਲੇ ਦਿੱਲੀ ਵਿੱਚ ਹੈ, ਉਹ ਕੱਲ੍ਹ ਨੂੰ ਸਾਡੇ ਘਰਾਂ-ਦਰਾਂ ਤੱਕ ਵੀ ਆਉਣੀ ਹੈ। ਕਬੂਤਰ ਅੱਖਾਂ ਮੀਟ ਲਵੇਗਾ ਤਾਂ ਬਿੱਲੀ ਨੇ ਪਾਸਾ ਵੱਟ ਕੇ ਨਹੀਂ ਲੰਘ ਜਾਣਾ ਹੁੰਦਾ। ਸੰਕਟ ਚੜ੍ਹਿਆ ਆ ਰਿਹਾ ਹੈ। ਭਾਰਤ ਦੇ ਦੂਸਰੇ ਰਾਜਾਂ ਦੀ ਗੱਲ ਓਥੋਂ ਦੇ ਲੋਕ ਜਾਣਦੇ ਹੋਣਗੇ, ਅਸੀਂ ਆਪਣੇ ਪੰਜਾਬ ਤੇ ਆਪਣੇ ਸ਼ਹਿਰ ਜਾਂ ਪਿੰਡ ਵਿੱਚ ਧਰਤੀ ਹੇਠਲਾ ਪਾਣੀ ਬਚਾਉਣ ਵਾਸਤੇ ਕੀ ਕਰ ਸਕਦੇ ਹਾਂ, ਇਸ ਦੀ ਸੰਭਾਲ ਵਾਸਤੇ ਕੀ ਕਰ ਸਕਦੇ ਹਾਂ, ਇਹ ਸੋਚਣਾ ਸਾਡਾ ਸਾਰਿਆਂ ਦਾ ਫਰਜ਼ ਹੈ।
-ਜਤਿੰਦਰ ਪਨੂੰ

1238 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper