Latest News
ਮੁੱਦਾ ਧਰਮ ਦੇ ਨਾਂਅ 'ਤੇ ਨਾਜਾਇਜ਼ ਕਬਜ਼ਿਆਂ ਦਾ

Published on 09 May, 2018 10:57 AM.

ਕੁਝ ਦਿਨ ਪਹਿਲਾਂ ਹਰਿਆਣੇ ਦੇ ਗੁਰੂਗਰਾਮ ਵਿੱਚ ਕੁਝ ਅਖੌਤੀ ਹਿੰਦੂ ਟੋਲਿਆਂ ਵੱਲੋਂ ਜੁਮੇ ਦੀ ਨਮਾਜ਼ ਪੜ੍ਹਨ ਦੌਰਾਨ ਮੁਸਲਮਾਨ ਭਾਈਚਾਰੇ ਦੇ ਲੋਕਾਂ ਉੱਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਕੁਝ ਨਮਾਜ਼ੀ ਜ਼ਖ਼ਮੀ ਵੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਹਮਲਾ ਕਰਨ ਵਾਲੇ ਕੁਝ ਲੋਕਾਂ ਉੱਤੇ ਕੇਸ ਦਰਜ ਕੀਤੇ ਗਏ। ਮਸਲੇ ਦਾ ਹੱਲ ਕੱਢਣ ਲਈ ਪੁਲਸ ਵੱਲੋਂ ਦੋਹਾਂ ਭਾਈਚਾਰਿਆਂ ਦੇ ਆਗੂਆਂ ਦੀਆਂ ਆਪਸੀ ਮੀਟਿੰਗਾਂ ਕਰਾਈਆਂ ਗਈਆਂ। ਇਹਨਾਂ ਮੀਟਿੰਗਾਂ ਵਿੱਚ ਸਹਿਮਤੀ ਬਣੀ ਕਿ ਜਿਨ੍ਹਾਂ ਤਿੰਨ ਥਾਂਵਾਂ ਉੱਤੇ ਨਮਾਜ਼ ਅਦਾ ਕਰਨ ਕਾਰਨ ਬਾਕੀ ਲੋਕਾਂ ਦੀਆਂ ਨਿੱਤ ਦਿਨ ਦੀਆਂ ਸਰਗਰਮੀਆਂ ਵਿੱਚ ਵਿਘਨ ਪੈਂਦਾ ਹੈ, ਉੱਥੇ ਨਮਾਜ਼ ਨਾ ਪੜ੍ਹੀ ਜਾਵੇ। ਲੱਗਦਾ ਸੀ ਕਿ ਮਸਲਾ ਹੱਲ ਹੋ ਗਿਆ, ਪਰ 4 ਮਈ ਨੂੰ ਫਿਰ ਹਿੰਦੂਤੱਵੀ ਟੋਲਿਆਂ ਨੇ ਬਦਲੀਆਂ ਥਾਂਵਾਂ ਉੱਤੇ ਪੜ੍ਹੀ ਜਾ ਰਹੀ ਨਮਾਜ਼ ਵਿੱਚ 'ਜੈ ਸ੍ਰੀ ਰਾਮ' ਦੇ ਨਾਹਰੇ ਲਾ ਕੇ ਵਿਘਨ ਪਾ ਦਿੱਤਾ। ਪੁਲਸ ਤਮਾਸ਼ਬੀਨ ਬਣੀ ਰਹੀ।
ਯਾਦ ਰਹੇ ਕਿ ਗੁੜਗਾਓਂ ਜਾਂ ਗੁਰੂਗਰਾਮ ਦੇ ਸਥਾਨਕ ਮੁਸਲਮਾਨ ਵੰਡ ਸਮੇਂ ਇੱਥੋਂ ਚਲੇ ਗਏ ਸਨ। ਦਿੱਲੀ ਨਾਲ ਲੱਗਦੇ ਇਸ ਸ਼ਹਿਰ ਦਾ ਤੇਜ਼ੀ ਨਾਲ ਸਨਅਤੀ ਵਿਕਾਸ ਹੋਇਆ। ਇਸ ਸਮੇਂ ਇੱਥੇ ਕੰਮ ਕਰਦੇ ਪਰਵਾਸੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ। ਇਹਨਾਂ ਪਰਵਾਸੀ ਮਜ਼ਦੂਰਾਂ ਵਿੱਚ ਚੋਖੀ ਗਿਣਤੀ ਮੁਸਲਮਾਨਾਂ ਦੀ ਵੀ ਹੈ, ਜਿਹੜੇ ਯੂ ਪੀ, ਬਿਹਾਰ ਤੇ ਹੋਰ ਪ੍ਰਦੇਸ਼ਾਂ ਵਿੱਚੋਂ ਰੁਜ਼ਗਾਰ ਦੀ ਭਾਲ ਵਿੱਚ ਇੱਥੇ ਆਏ ਸਨ। ਇਸ ਸ਼ਹਿਰ ਵਿੱਚ ਕੋਈ ਵੱਡੀ ਮਸੀਤ ਵੀ ਨਹੀਂ ਹੈ। ਮੁਸਲਮਾਨਾਂ ਵਿੱਚ ਜੁਮੇ ਦੀ ਨਮਾਜ਼ ਸਮੂਹਿਕ ਤੌਰ 'ਤੇ ਪੜ੍ਹਨ ਦੀ ਰਿਵਾਇਤ ਹੈ। ਇਸ ਲਈ ਇਹ ਲੋਕ ਕੁਝ ਸਮੇਂ ਲਈ ਪਾਰਕਾਂ ਜਾਂ ਹੋਰ ਵਿਹਲੀਆਂ ਪਈਆਂ ਥਾਂਵਾਂ ਦਾ ਇਸਤੇਮਾਲ ਕਰ ਕੇ ਆਪਣੀ ਧਾਰਮਿਕ ਆਸਥਾ ਦਾ ਨਿਰਬਾਹ ਕਰਦੇ ਹਨ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਵੱਲੋਂ ਅਖੌਤੀ ਹਿੰਦੂ ਧਾਰਮਿਕ ਗਰੋਹਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਤੋਂ ਰੋਕਿਆ ਜਾਂਦਾ, ਪਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਕਹਿ ਕੇ, ਕਿ ਮੁਸਲਮਾਨਾਂ ਨੂੰ ਨਮਾਜ਼ ਮਸਜਿਦ ਜਾਂ ਘਰਾਂ ਵਿੱਚ ਪੜ੍ਹਨੀ ਚਾਹੀਦੀ ਹੈ, ਇਹਨਾਂ ਹੁੜਦੰਗੀ ਟੋਲਿਆਂ ਦਾ ਹੀ ਪੱਖ ਪੂਰਿਆ। ਮੁੱਖ ਮੰਤਰੀ ਦੀ ਇਹ ਦਲੀਲ, ਕਿ ਪਾਰਕਾਂ ਜਾਂ ਹੋਰ ਖੁੱਲ੍ਹੀਆਂ ਥਾਂਵਾਂ ਉੱਤੇ ਨਮਾਜ਼ ਪੜ੍ਹਨ ਨਾਲ ਬਾਕੀ ਭਾਈਚਾਰਿਆਂ ਦੇ ਲੋਕਾਂ ਦੇ ਕੰਮਾਂ-ਕਾਰਾਂ ਵਿੱਚ ਰੁਕਾਵਟ ਪੈਂਦੀ ਹੈ, ਵੀ ਅੱਧਾ ਸੱਚ ਹੈ। ਹਿੰਦੂ ਧਰਮ ਸਮੇਤ ਬਾਕੀ ਧਰਮਾਂ ਦੇ ਵੀ ਬਹੁਤ ਸਾਰੇ ਉਹ ਧਾਰਮਿਕ ਪ੍ਰੋਗਰਾਮ ਹੁੰਦੇ ਹਨ, ਜਿਨ੍ਹਾਂ ਤੋਂ ਬਾਕੀਆਂ ਨੂੰ ਮੁਸ਼ਕਲ ਹੋ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਹਰ ਸਾਲ ਨਿਕਲਦੀ ਕਾਂਵੜ ਯਾਤਰਾ, ਜਗਰਾਤੇ, ਸ਼ੋਭਾ ਯਾਤਰਾਵਾਂ, ਲੱਖਾਂ ਦੀ ਗਿਣਤੀ ਵਾਲੇ ਸ਼ਰਧਾਲੂਆਂ ਦੇ ਮੇਲੇ ਆਦਿ ਨਾਲ ਆਮ ਲੋਕਾਂ ਦੇ ਕੰਮਾਂ-ਕਾਰਾਂ ਤੇ ਆਵਾਜਾਈ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਹਨ, ਇਹ ਅਸੀਂ ਸਭ ਜਾਣਦੇ ਹਾਂ। ਧਾਰਮਿਕ ਪ੍ਰੋਗਰਾਮਾਂ ਤੋਂ ਇਲਾਵਾ ਵੀ ਕਈ ਸੰਸਥਾਵਾਂ ਜਨਤਕ ਥਾਂਵਾਂ ਉੱਤੇ ਆਪਣੇ ਪ੍ਰੋਗਰਾਮ ਨਿਰਵਿਘਨ ਕਰਦੀਆਂ ਰਹਿੰਦੀਆਂ ਹਨ। ਮਨੋਹਰ ਲਾਲ ਖੱਟਰ ਸਾਹਿਬ ਦੀ ਆਪਣੀ ਸੰਸਥਾ ਰਾਸ਼ਟਰੀ ਸੋਇਮ ਸੇਵਕ ਸੰਘ ਦੀਆਂ ਵੀ ਹਰ ਛੋਟੇ-ਵੱਡੇ ਸ਼ਹਿਰ ਦੇ ਪਾਰਕਾਂ ਵਿੱਚ ਬਿਨਾਂ ਨਾਗਾ ਸ਼ਾਖਾਵਾਂ ਲੱਗਦੀਆਂ ਹਨ। ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਆਯੋਜਨਾਂ ਉੱਤੇ ਕੋਈ ਇਤਰਾਜ਼ ਨਹੀਂ, ਪਰ ਮੁਸਲਮਾਨਾਂ ਵੱਲੋਂ ਪੜ੍ਹੀ ਜਾਂਦੀ ਨਮਾਜ਼ ਉਨ੍ਹਾ ਨੂੰ ਦੁਖੀ ਕਰਦੀ ਹੈ। ਇਸੇ ਕਾਰਨ ਉਹ ਨਮਾਜ਼ ਰੋਕਣ ਵਾਲੇ ਟੋਲਿਆਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਹਨ।
ਇਸੇ ਦੌਰਾਨ ਹਰਿਆਣੇ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਮੁਸਲਮਾਨ ਨਮਾਜ਼ ਦੇ ਬਹਾਨੇ ਇਹਨਾਂ ਜਨਤਕ ਥਾਂਵਾਂ ਉੱਤੇ ਕਬਜ਼ੇ ਕਰ ਕੇ ਮਸਜਿਦਾਂ ਬਣਾਉਣੀਆਂ ਚਾਹੁੰਦੇ ਹਨ, ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਮੰਤਰੀ ਸਾਹਿਬ ਨੂੰ ਜੇਕਰ ਜਨਤਕ ਥਾਂਵਾਂ ਉੱਤੇ ਹੁੰਦੇ ਨਾਜਾਇਜ਼ ਕਬਜ਼ਿਆਂ ਦੀ ਸੱਚਮੁੱਚ ਚਿੰਤਾ ਹੁੰਦੀ ਤਾਂ ਉਹ ਵਧਾਈ ਦੇ ਹੱਕਦਾਰ ਹੁੰਦੇ, ਪਰ ਅਜਿਹਾ ਹੈ ਨਹੀਂ, ਕਿਉਂਕਿ ਹਕੀਕਤ ਇਸ ਦੇ ਉਲਟ ਹੈ। ਅਸਲੀਅਤ ਇਹ ਹੈ ਕਿ ਦੇਸ਼ ਭਰ ਵਿੱਚ ਸਰਕਾਰੀ ਜ਼ਮੀਨਾਂ ਉੱਤੇ ਧਰਮ ਅਸਥਾਨਾਂ ਦੇ ਨਾਂਅ ਉੱਤੇ ਹੋਏ ਕਬਜ਼ਿਆਂ ਵਿੱਚ ਸਭ ਤੋਂ ਵੱਧ ਹਿੰਦੂ ਧਰਮ ਨਾਲ ਸੰਬੰਧਤ ਹਨ। ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਅੰਕਿੜਆਂ ਮੁਤਾਬਕ ਇਕੱਲੇ ਯੂ ਪੀ ਵਿੱਚ ਹੀ 38000 ਅਜਿਹੇ ਧਰਮ ਸਥਾਨ ਹਨ, ਜਿਹੜੇ ਕਿਸੇ ਸੜਕ, ਰੇਲਵੇ ਜਾਂ ਪਾਰਕ ਦੀ ਜ਼ਮੀਨ ਉੱਤੇ ਕਬਜ਼ਾ ਕਰ ਕੇ ਬਣਾਏ ਗਏ ਹਨ। ਯੂ ਪੀ ਸਰਕਾਰ ਕੋਲ ਅਜਿਹੇ ਧਾਰਮਿਕ ਸਥਾਨਾਂ ਦੀ ਜ਼ਿਲ੍ਹਾਵਾਰ ਸੂਚੀ ਹੈ, ਪਰ ਇਹਨਾਂ ਨੂੰ ਹਟਾਉਣ ਦਾ ਜੋਖ਼ਮ ਕੋਈ ਵੀ ਉਠਾਉਣ ਨੂੰ ਤਿਆਰ ਨਹੀਂ।
ਦੋ ਸਾਲ ਪਹਿਲਾਂ ਭਾਜਪਾ ਸ਼ਾਸਤ ਛੱਤੀਸਗੜ੍ਹ ਦਾ ਇੱਕ ਮਾਮਲਾ ਬਹੁਤ ਚਰਚਿਤ ਹੋਇਆ ਸੀ। ਉਸ ਕੇਸ ਵਿੱਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਸਪੀਕਰ ਗੌਰੀਸ਼ੰਕਰ ਅਗਰਵਾਲ ਤੇ ਉਸ ਦੇ ਪਰਵਾਰ ਵੱਲੋਂ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕਰ ਕੇ ਬਣਾਏ ਗਏ ਮੰਦਰ ਤੇ ਵਪਾਰਕ ਕੰਪਲੈਕਸ ਨੂੰ ਤੋੜਣ ਦੇ ਆਦੇਸ਼ ਦਿੱਤੇ ਸਨ। ਗੌਰੀਸ਼ੰਕਰ ਨੇ ਇੱਕ ਟਰੱਸਟ ਬਣਾ ਕੇ ਇਸ ਸੈਂਕੜੇ ਏਕੜ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ। ਇਸ ਜ਼ਮੀਨ ਉੱਤੇ ਬਣੇ ਮੰਦਰ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਰਮਨ ਸਿੰਘ ਵੀ ਸ਼ਾਮਲ ਹੋਏ ਸਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਭ ਹਿੰਦੂ ਸੰਗਠਨਾਂ ਨੇ ਹਾਲ-ਪਾਹਰਿਆ ਸ਼ੁਰੂ ਕਰ ਦਿੱਤੀ ਸੀ।
ਇੱਕ ਹੋਰ ਦਿਲਚਸਪ ਮਾਮਲਾ ਭਾਜਪਾ ਦੇ ਸ਼ਾਸਨ ਵਾਲੇ ਰਾਜ ਮੱਧ ਪ੍ਰਦੇਸ਼ ਦਾ ਹੈ। ਇਸ ਕੇਸ ਵਿੱਚ ਗਵਾਲੀਅਰ ਹਾਈ ਕੋਰਟ ਨੇ ਸੜਕ ਕਿਨਾਰੇ ਨਾਜਾਇਜ਼ ਕਬਜ਼ਾ ਕਰ ਕੇ ਖੜੇ ਕੀਤੇ ਹਨੂੰਮਾਨ ਜੀ ਨੂੰ ਹੀ ਸਿੱਧਾ ਨੋਟਿਸ ਭੇਜ ਦਿੱਤਾ ਸੀ ਕਿ ਤੁਸੀਂ ਨਾਜਾਇਜ਼ ਕਬਜ਼ਾ ਕੀਤਾ ਹੈ। ਵਾਰ-ਵਾਰ ਆਦੇਸ਼ ਦੇਣ ਦੇ ਬਾਵਜੂਦ ਤੁਸੀਂ ਜਗ੍ਹਾ ਖ਼ਾਲੀ ਨਹੀਂ ਕਰ ਰਹੇ, ਕਿਉਂ ਨਾ ਤੁਹਾਡੇ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਚਲਾਇਆ ਜਾਵੇ? ਇਹ ਤਾਂ ਅਸੀਂ ਨਹੀਂ ਜਾਣਦੇ ਕਿ ਇਸ ਤੋਂ ਬਾਅਦ ਹਨੂੰਮਾਨ ਜੀ ਹਟੇ ਹਨ ਜਾਂ ਨਹੀਂ, ਪਰ ਇਹ ਕੋਈ ਇਕੱਲਾ ਮਾਮਲਾ ਨਹੀਂ। ਬਹੁਤ ਸਾਰੇ ਹੋਰ ਦੇਵੀ-ਦੇਵਤੇ ਵੀ ਹਨ, ਜਿਹੜੇ ਅਦਾਲਤਾਂ ਨੂੰ ਟਿੱਚ ਜਾਣਦੇ ਹਨ ਤੇ ਸੜਕਾਂ ਤੇ ਰੇਲ ਲਾਈਨਾਂ ਦੇ ਕੰਢੇ ਸ਼ਾਨ ਨਾਲ ਬਿਰਾਜਮਾਨ ਹਨ।
ਸਾਡੀ ਅਨਿਲ ਵਿੱਜ ਨੂੰ ਸਲਾਹ ਹੈ ਕਿ ਇਹ ਨਾਜਾਇਜ਼ ਕਬਜ਼ੇ ਖ਼ਤਮ ਕਰਨ ਦਾ ਜਿਹੜਾ ਬੀੜਾ ਉਨ੍ਹਾ ਉਠਾਇਆ ਹੈ, ਇਸ ਨੂੰ ਅੱਗੇ ਵਧਾਉਣ, ਦੇਸ਼ ਉਨ੍ਹਾ ਦਾ ਰਿਣੀ ਹੋਵੇਗਾ। ਪਰ ਸੱਚ ਇਹ ਹੈ ਕਿ ਉਨ੍ਹਾ ਨੂੰ ਚਿੰਤਾ ਦੇਸ਼ ਦੀ ਨਹੀਂ, 2019 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਹੈ। ਉਹ ਤੇ ਬਾਕੀ ਭਾਜਪਾ ਆਗੂ ਜਾਣਦੇ ਹਨ ਕਿ ਰਮਜ਼ਾਨ ਦਾ ਮਹੀਨਾ ਨੇੜੇ ਆ ਚੁੱਕਾ ਹੈ। ਇਹੋ ਹੀ ਸਭ ਤੋਂ ਵਧੀਆ ਸਮਾਂ ਹੈ, ਜਦੋਂ ਦੋਹਾਂ ਭਾਈਚਾਰਿਆਂ ਵਿੱਚ ਪਾੜਾ ਪਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਸਕਦੀਆਂ ਹਨ।

497 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper