Latest News
ਡੋਨਾਲਡ ਟਰੰਪ ਦੀਆਂ ਆਪ-ਹੁਦਰੀਆਂ

Published on 11 May, 2018 11:14 AM.


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2015 ਵਿੱਚ ਈਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਇੱਕਤਰਫ਼ਾ ਤੌਰ ਉੱਤੇ ਤੋੜਨ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਉਜ਼ਰ ਉਨ੍ਹਾ ਨੇ ਇਹ ਪੇਸ਼ ਕੀਤਾ ਹੈ ਕਿ ਈਰਾਨ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਕੇ ਪ੍ਰਮਾਣੂ ਹਥਿਆਰਾਂ ਦੀ ਤਿਆਰੀ ਦੇ ਪ੍ਰੋਗਰਾਮ ਨੂੰ ਅੱਗੇ ਵਧਾ ਰਿਹਾ ਹੈ, ਜਦੋਂ ਕਿ ਕੌਮਾਂਤਰੀ ਅਟਾਮਿਕ ਐਨਰਜੀ ਅਥਾਰਟੀ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇਹ ਗੱਲ ਸਪੱਸ਼ਟ ਤੌਰ ਉੱਤੇ ਤੱਥਾਂ ਸਹਿਤ ਕਹੀ ਹੈ ਕਿ ਈਰਾਨ ਸਮਝੌਤੇ ਦੀਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਹੈ।
ਇਹ ਸਮਝੌਤਾ ਕਈ ਸਾਲਾਂ ਦੀਆਂ ਕੂਟਨੀਤਕ ਕੋਸ਼ਿਸ਼ਾਂ ਮਗਰੋਂ ਸਿਰੇ ਚੜ੍ਹਿਆ ਸੀ। ਈਰਾਨ ਨੇ ਆਪਣੇ ਉਹ ਐਟਮੀ ਰਿਐਕਟਰ ਬੰਦ ਕਰ ਦਿੱਤੇ ਸਨ, ਜਿਨ੍ਹਾਂ ਤੋਂ ਐਟਮੀ ਹਥਿਆਰਾਂ ਦੀ ਤਿਆਰੀ ਵਿੱਚ ਕੰਮ ਆਉਣ ਵਾਲਾ ਪਲੂਟੀਨਮ ਹਾਸਲ ਹੁੰਦਾ ਸੀ। ਉਸ ਨੇ ਆਪਣੇ ਨਵੀਨਤਮ ਸੈਂਟਰੀਫਿਊਗ ਵੀ ਬੰਦ ਕਰ ਦਿੱਤੇ ਸਨ, ਜਿਹੜੇ ਪ੍ਰਮਾਣੂ ਬਾਲਣ ਨੂੰ ਸਾਫ਼ ਕਰ ਕੇ ਵਧੀਆ ਗਰੇਡ ਦਾ ਬਣਾਉਣ ਦੇ ਸਮਰੱਥ ਸਨ। ਇਸ ਸਮਝੌਤੇ 'ਤੇ ਸੁਰੱਖਿਆ ਕੌਂਸਲ ਦੇ ਪੰਜ ਸਥਾਈ ਮੈਂਬਰਾਂ; ਅਮਰੀਕਾ, ਰੂਸ, ਚੀਨ, ਫ਼ਰਾਂਸ ਤੇ ਬਰਤਾਨੀਆ ਤੋਂ ਇਲਾਵਾ ਜਰਮਨੀ ਨੇ ਵੀ ਦਸਤਖਤ ਕੀਤੇ ਸਨ।
ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਵੇਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਤੋੜਨ ਦਾ ਐਲਾਨ ਕੀਤਾ, ਸਭ ਤੋਂ ਪਹਿਲਾਂ ਇਹ ਬਰਾਕ ਓਬਾਮਾ ਹੀ ਹਨ, ਜਿਨ੍ਹਾ ਨੇ ਇਸ ਕਾਰਵਾਈ ਨੂੰ ਅੱਤ ਦੀ ਮੰਦਭਾਗੀ ਕਰਾਰ ਦਿੱਤਾ ਹੈ। ਫ਼ਰਾਂਸ ਦੇ ਰਾਸ਼ਟਰਪਤੀ ਮੈਕਰੋ ਤੇ ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਵਾਸ਼ਿੰਗਟਨ ਪਹੁੰਚ ਕੇ ਡੋਨਾਲਡ ਟਰੰਪ ਨੂੰ ਸਮਝੌਤੇ ਦਾ ਪਾਬੰਦ ਰਹਿਣ ਲਈ ਮਨਾਉਣ ਦਾ ਜਤਨ ਕੀਤਾ, ਪਰ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ। ਫਿਰ ਵੀ ਉਨ੍ਹਾਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉਹ ਸਮਝੌਤੇ ਦੀ ਪਾਲਣਾ ਕਰਦੇ ਰਹਿਣਗੇ। ਇਹੋ ਨਹੀਂ, ਬਰਤਾਨੀਆ ਦੀ ਪ੍ਰਧਾਨ ਮੰਤਰੀ ਨੇ ਵੀ ਮੈਕਰੋ ਤੇ ਐਂਜਲਾ ਮਰਕਲ ਦੇ ਸਟੈਂਡ ਦੀ ਹੀ ਪੁਸ਼ਟੀ ਕੀਤੀ। ਚੀਨ ਤੇ ਰੂਸ ਤਾਂ ਪਹਿਲਾਂ ਹੀ ਇਹ ਕਹਿ ਚੁੱਕੇ ਸਨ ਕਿ ਉਹ ਹਰ ਹਾਲਤ ਵਿੱਚ ਇਸ ਸਮਝੌਤੇ ਦੀ ਪਾਲਣਾ ਲਈ ਵਚਨਬੱਧ ਹਨ ਤੇ ਇਸ ਤੋਂ ਪਿੱਛੇ ਨਹੀਂ ਹਟਣਗੇ।
ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਨਾਬਰ ਹੋ ਕੇ ਕੌਮਾਂਤਰੀ ਕੂਟਨੀਤੀ ਵਿੱਚ ਇੱਕ ਨਵੇਂ ਅਵਿਸ਼ਵਾਸ ਵਾਲੇ ਦੌਰ ਦਾ ਆਰੰਭ ਕਰ ਦਿੱਤਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੌਮਾਂਤਰੀ ਚੱਜ-ਅਚਾਰ ਤੋਂ ਮੂੰਹ ਫੇਰਿਆ ਹੋਵੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਸਾਰ ਉਨ੍ਹਾ ਨੇ ਪੈਰਿਸ ਵਿੱਚ ਹੋਏ ਕੌਮਾਂਤਰੀ ਵਾਤਾਵਰਣ ਸਮਝੌਤੇ ਤੋਂ ਅਲਹਿਦਾ ਹੋਣ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਮਗਰੋਂ ਟਰਾਂਸ ਪੈਸੇਫਿਕ ਪਾਰਟਨਰਸ਼ਿਪ ਵਪਾਰ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ, ਜਿਸ ਨੂੰ ਨੇਪਰੇ ਚਾੜ੍ਹਨ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਹਿਮ ਭੂਮਿਕਾ ਨਿਭਾਈ ਸੀ।
ਗੱਲ ਏਥੇ ਹੀ ਨਹੀਂ ਮੁੱਕ ਜਾਂਦੀ। ਡੋਨਾਲਡ ਟਰੰਪ ਨੇ ਨਾਟੋ ਨੂੰ ਵੇਲਾ-ਵਿਹਾਅ ਚੁੱਕਾ ਗੱਠਜੋੜ ਕਰਾਰ ਦੇ ਦਿੱਤਾ ਸੀ। ਯੂ ਐੱਨ ਓ ਬਾਰੇ ਵੀ ਉਨ੍ਹਾ ਨੇ ਕੁਝ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਸਨ।
ਹੁਣ ਵੇਖਣਾ ਇਹ ਹੈ ਕਿ ਅਮਰੀਕਾ ਦੇ ਪੱਛਮੀ ਸਹਿਯੋਗੀ; ਜਰਮਨੀ, ਫ਼ਰਾਂਸ ਤੇ ਬਰਤਾਨੀਆ ਆਦਿ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਤੇ ਕੀਤੇ ਸਮਝੌਤਿਆਂ ਨਾਲ ਨਿਭਦੇ ਹਨ ਜਾਂ ਅਮਰੀਕਾ ਦੇ ਦਬਾਅ ਹੇਠ ਪਿੱਛੇ ਹਟਣ ਦਾ ਰਾਹ ਅਪਣਾ ਲੈਂਦੇ ਹਨ? ਜੋ ਵੀ ਹੋਵੇ, ਅਮਰੀਕਾ ਵੱਲੋਂ ਈਰਾਨ ਦੇ ਖ਼ਿਲਾਫ਼ ਪਾਬੰਦੀਆਂ ਲਾਏ ਜਾਣ ਦਾ ਕੱਚੇ ਤੇਲ ਦੇ ਬਾਜ਼ਾਰ 'ਤੇ ਪ੍ਰਭਾਵ ਪੈਣਾ ਆਰੰਭ ਹੋ ਗਿਆ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦਾ ਤੇਲ ਦੀਆਂ ਦਰਾਮਦਾਂ ਉੱਤੇ ਨਿਰਭਰ ਦੇਸਾਂ ਤੇ ਖ਼ਾਸ ਕਰ ਕੇ ਸਾਡੇ ਦੇਸ ਦੀ ਆਰਥਕਤਾ ਉੱਤੇ ਪ੍ਰਭਾਵ ਪਵੇਗਾ। ਈਰਾਨ ਭਾਰਤ ਦੀਆਂ ਤੇਲ ਲੋੜਾਂ ਪੂਰੀਆਂ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਦੇਸ ਹੈ।
ਪ੍ਰਮਾਣੂ ਸਮਝੌਤਾ ਹੋਣ ਤੋਂ ਪਹਿਲਾਂ ਵੀ ਜਦੋਂ ਅਮਰੀਕਾ ਨੇ ਈਰਾਨ ਉੱਤੇ ਆਰਥਕ ਪਾਬੰਦੀਆਂ ਲਾਈਆਂ ਸਨ ਤਾਂ ਸਾਨੂੰ ਇਸ ਦੀ ਭਾਰੀ ਕੀਮਤ ਅਦਾ ਕਰਨੀ ਪਈ ਸੀ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਨਾਲ ਸਾਡੇ ਦਰਾਮਦੀ-ਬਰਾਮਦੀ ਵਪਾਰ ਦਾ ਘਾਟਾ ਵਧਣਾ ਸ਼ੁਰੂ ਹੋ ਗਿਆ ਹੈ। ਇਹ ਠੀਕ ਹੈ ਕਿ ਇਸ ਸਮੇਂ ਸਾਡੇ ਕੋਲ ਬਦੇਸ਼ੀ ਕਰੰਸੀ ਦੇ ਚਾਰ ਸੌ ਬਿਲੀਅਨ ਡਾਲਰ ਦੇ ਕਰੀਬ ਭੰਡਾਰ ਮੌਜੂਦ ਹਨ, ਪਰ ਪਿਛਲੇ ਕੁਝ ਅਰਸੇ ਤੋਂ ਜਿਵੇਂ ਦਰਾਮਦੀ-ਬਰਾਮਦੀ ਵਪਾਰ ਵਿੱਚ ਘਾਟਾ ਵਧ ਰਿਹਾ ਹੈ ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਲਗਾਤਾਰ ਕਦਰ-ਘਟਾਈ ਹੋ ਰਹੀ ਹੈ, ਉਸ ਕਾਰਨ ਸਾਡੀ ਅਰਥ-ਵਿਵਸਥਾ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੇਗੀ।
ਇਹੋ ਨਹੀਂ, ਚਿੰਤਾ ਪੈਦਾ ਕਰਨ ਵਾਲਾ ਇੱਕ ਹੋਰ ਤੱਥ ਇਹ ਵੀ ਹੈ ਕਿ ਪਿਛਲੇ ਕੁਝ ਅਰਸੇ ਤੋਂ ਬਦੇਸ਼ੀ ਪੂੰਜੀ ਨਿਵੇਸ਼ ਦੇ ਮੁਕਾਬਲੇ ਨਿਕਾਸ ਜ਼ਿਆਦਾ ਹੋ ਰਿਹਾ ਹੈ। ਜੇ ਇਹ ਸਥਿਤੀ ਜਾਰੀ ਰਹਿੰਦੀ ਹੈ ਤਾਂ ਸਾਡੇ ਲਈ ਸੰਕਟ ਨਾਲ ਨਜਿੱਠਣਾ ਮੁਸ਼ਕਲ ਹੋ ਜਾਵੇਗਾ। ਭਾਰਤ ਸਰਕਾਰ ਨੂੰ ਇਸ ਸੰਬੰਧ ਵਿੱਚ ਬਿਨਾਂ ਦੇਰੀ ਕੌਮਾਂਤਰੀ ਪੱਧਰ ਉੱਤੇ ਅਜਿਹੇ ਕਦਮ ਪੁੱਟਣੇ ਚਾਹੀਦੇ ਹਨ, ਜਿਨ੍ਹਾਂ ਨਾਲ ਡੋਨਾਲਡ ਟਰੰਪ ਦੀਆਂ ਆਪ-ਹੁਦਰੀਆਂ ਨੂੰ ਠੱਲ੍ਹ ਪੈ ਸਕੇ।

1266 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper