Latest News
ਸੰਘ ਦੀਆਂ ਵਧੀਕੀਆਂ ਨੂੰ ਰੋਕਣ ਲਈ ਠੋਸ ਰਾਜਨੀਤਕ ਬਦਲ ਪੇਸ਼ ਕੀਤਾ ਜਾਵੇਗਾ : ਅਰਸ਼ੀ

Published on 13 May, 2018 10:27 AM.

ਮਾਨਸਾ (ਨਵਾਂ ਜ਼ਮਾਨਾ ਸਰਵਿਸ)
ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਦੇ ਵਿਕਾਸ ਲਈ ਕੋਈ ਠੋਸ ਪ੍ਰੋਗਰਾਮ ਨੀਤੀ ਨਹੀਂ ਬਣਾ ਸਕੀ ਅਤੇ ਲੋਕਾਂ ਨੂੰ ਭਰਮਾਉਣ ਲਈ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸੰਘ ਪਰਵਾਰ ਵੱਲੋਂ ਅਖੌਤੀ ਰਾਸ਼ਟਰਵਾਦ ਦੇ ਰਾਹੀਂ ਫਿਰਕੂ ਪੱਤੀ ਖੇਡ ਕੇ ਦੇਸ਼ ਵਿੱਚ ਵੰਡ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲ ਮੀਟਿੰਗ ਦੌਰਾਨ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅੱਛੇ ਦਿਨਾਂ ਦੇ ਲਾਰੇ ਲਾ ਕੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਪਾਰੀਆਂ ਤੋਂ ਵੋਟਾਂ ਬਟੋਰਨ ਲਈ ਬੇਰੁਜ਼ਗਾਰੀ ਖਤਮ ਕਰਨ, ਦੇਸ਼ ਵਿੱਚ ਨਵੀਂ ਸਨਅਤ ਲਾਉਣ, ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ, ਕਿਸਾਨਾਂ, ਮਜ਼ਦੂਰਾਂ ਨੂੰ ਮਾੜੀ ਆਰਥਿਕ ਹਾਲਤ 'ਚੋਂ ਬਾਹਰ ਕਰਨ ਲਈ ਸਮੁੱਚੇ ਕਰਜ਼ਾ ਮੁਆਫੀ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮੰਨਣ ਆਦਿ ਲਾਰੇ ਲਾਏ ਗਏ, ਪ੍ਰੰਤੂ ਰਾਜ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੀ ਬਜਾਏ ਅਖੌਤੀ ਰਾਸ਼ਟਰਵਾਦ ਅਤੇ ਭਗਵਾਂਕਰਨ ਦੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਦਿਆਂ ਸਰਮਾਏਦਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇਣ, ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਲਗਾਤਾਰ ਅੱਤਿਆਚਾਰ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ।
ਉਨ੍ਹਾਂ ਕਿਹਾ ਕਿ ਸੀ.ਪੀ.ਆਈ. ਵੱਲੋਂ ਦੇਸ਼ ਵਿੱਚ ਘੱਟ ਗਿਣਤੀਆਂ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰ ਨੂੰ ਰੋਕਣ ਅਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅਤੇ ਸੰਘ ਪਰਵਾਰ ਨੂੰ ਰੋਕਣ ਲਈ ਰਾਜਨੀਤਕ ਬਦਲ ਪੇਸ਼ ਕਰਨ ਅਤੇ ਲੋਕ ਲਾਮਬੰਦੀ ਰਾਹੀਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ।
ਮੀਟਿੰਗ ਨੂੰ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਫਿਰਕੂਪਤੇ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਸੀ.ਪੀ.ਆਈ. ਦੇ ਦੇਸ਼ ਵਿਆਪੀ ਸੱਦੇ 'ਤੇ ਮਾਨਸਾ ਜ਼ਿਲ੍ਹੇ ਵਿੱਚ 23 ਮਈ ਨੂੰ ਰੋਸ ਪ੍ਰਦਰਸ਼ਨ ਕਰਕੇ ਅਰਥੀ-ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਸਮੇਂ ਨਵੀਂ ਜ਼ਿਲ੍ਹਾ ਕਾਰਜਕਾਰਨੀ 17 ਮੈਂਬਰੀ ਕਮੇਟੀ ਦਾ ਗਠਨ ਸਰਵ-ਸੰਮਤੀ ਨਾਲ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸਾਥੀ ਨਿਹਾਲ ਸਿੰਘ ਮਾਨਸਾ ਨੇ ਕੀਤੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ, ਕਾਕਾ ਸਿੰਘ, ਡਾ. ਆਤਮਾ ਸਿੰਘ ਆਤਮਾ, ਅਰਵਿੰਦਰ ਕੌਰ, ਮਨਜੀਤ ਕੌਰ ਗਾਮੀਵਾਲਾ, ਕਿਰਨਾ ਰਾਣੀ ਐੱਮ.ਸੀ., ਦਰਸ਼ਨ ਪੰਧੇਰ, ਰਤਨ ਭੋਲਾ, ਅਮਰੀਕ ਸਿੰਘ ਬਰੇਟਾ, ਭੁਪਿੰਦਰ ਸਿੰਘ ਬੱਪੀਆਣਾ, ਭੁਪਿੰਦਰ ਸਿੰਘ ਗੁਰਨੇ ਕਲਾਂ, ਜਗਤਾਰ ਸਿੰਘ ਕਾਲਾ, ਮਲਕੀਤ ਸਿੰਘ, ਹਰਮੇਲ ਸਿੰਘ ਉੱਭਾ, ਹਰਪਾਲ ਸਿੰਘ ਬੱਪੀਆਣਾ, ਪੱਪੀ ਮੂਲਾ ਸਿੰਘ ਵਾਲਾ, ਜਗਸੀਰ ਸਿੰਘ ਕੁਸਲਾ, ਸੁਖਦੇਵ ਸਿੰਘ ਬੋੜਾਵਾਲ ਅਤੇ ਹਰਬੰਤ ਸਿੰਘ ਦਫਤਰ ਸਕੱਤਰ ਆਦਿ ਆਗੂ ਹਾਜ਼ਰ ਸਨ।

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper