Latest News
ਨਰੇਗਾ ਨੂੰ ਫ਼ੇਲ੍ਹ ਕਰਨ ਵਾਲੇ ਬਾਜ਼ ਆ ਜਾਣ : ਜਗਰੂਪ

Published on 13 May, 2018 10:29 AM.

ਨਿਹਾਲ ਸਿੰਘ ਵਾਲਾ
(ਮਿੰਟੂ ਖੁਰਮੀਂ ਹਿੰਮਤਪੁਰਾ)
ਬੀਤੇ ਕੱਲ੍ਹ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ 'ਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਕੌਮਾਂਤਰੀ ਕਿਰਤ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਵਿਹੜੇ ਇੱਕ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਕੌਮੀ ਆਗੂ ਕਾਮਰੇਡ ਜਗਰੂਪ, ਮਹਿੰਦਰ ਧੂੜਕੋਟ, ਭਾਰਤੀ ਕਮਿਊਨਿਸਟ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ ਜਗਜੀਤ ਧੂੜਕੋਟ, ਬਲਾਕ ਸੰਮਤੀ ਮੈਂਬਰ ਜਸਪਾਲ ਧੂੜਕੋਟ, ਨਰੇਗਾ ਆਗੂ ਜਗਰਾਜ ਰਾਮਾਂ, ਜਸਵਿੰਦਰ ਕੌਰ ਬਿਲਾਸਪੁਰ, ਜਸਵੀਰ ਕੌਰ ਬਿਲਾਸਪੁਰ, ਹਰਭਜਨ ਸਿੰਘ ਬਿਲਾਸਪੁਰ, ਹੰਸਰਾਜ ਸਿੰਘ, ਨੌਜਵਾਨ ਵਿਦਿਆਰਥੀ ਆਗੂ ਗੁਰਦਿੱਤ ਦੀਨਾ ਅਤੇ ਵਿਜੇ ਦੀਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਨਰੇਗਾ ਮਜ਼ਦੂਰਾਂ ਦੇ ਭਾਰੀ ਇਕੱਠ ਦਾ ਹੋਣਾ ਆਉਣ ਵਾਲੇ ਸਮੇਂ ਲਈ ਸ਼ੁੱਭ ਸੰਕੇਤ ਲੱਗ ਰਿਹਾ ਸੀ। ਇਸ ਸੈਮੀਨਾਰ ਦਾ ਹੈਰਾਨੀਜਨਕ ਪਹਿਲੂ ਇਹ ਸੀ ਕਿ ਪਹਿਲੀ ਵਾਰ ਪਿੰਡ ਮਾਛੀਕੇ ਤੋਂ ਤਿੰਨ ਸੌ ਦੇ ਕਰੀਬ ਨਰੇਗਾ ਮਜ਼ਦੂਰ ਕਾਫ਼ਲਾ ਬਣਾ ਕੇ ਅਤੇ ਨਾਅਰੇ ਲਾਉਂਦੇ ਹੋਏ ਗਰਮੀ ਦੇ ਬਾਵਜੂਦ ਤੁਰ ਕੇ ਪਹੁੰਚੇ ਸਨ। ਇਸ ਮੌਕੇ ਹਾਜ਼ਰ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਿਹਾ ਕਿ ਪਹਿਲੀ ਮਈ ਨੂੰ ਕਿਰਤ ਦਿਹਾੜਾ ਲੰਘ ਕੇ ਗਿਆ। ਇਸਦਾ ਮਤਲਬ ਇਹ ਨਹੀਂ ਕਿ ਸਿਰਫ਼ ਕਿਰਤ ਦਿਹਾੜੇ ਨੂੰ ਕਿਰਤੀਆਂ ਦੀ ਬਿਹਤਰੀ ਲਈ ਜਾਨਾਂ ਦੇ ਗਏ ਸ਼ਹੀਦਾਂ ਨੂੰ ਸਿਰਫ ਇੱਕ ਦਿਨ ਯਾਦ ਕਰ ਕੇ ਭੁੱਲ ਜਾਈਏ। ਉਨ੍ਹਾਂ ਕਿਹਾ ਕਿ ਉਹਨਾਂ ਸੂਰਮਿਆਂ ਦੀ ਕਿਰਤੀਆਂ ਦੇ ਹੱਕਾਂ ਲਈ ਦਿੱਤੀ ਕੁਰਬਾਨੀ ਸਾਨੂੰ ਅੱਜ ਦੇ ਹਾਲਾਤਾਂ 'ਚ ਕਿਰਤ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ ਦਾ ਵਲ ਸਿਖਾਉਂਦੀ ਹੈ। ਕਿਰਤੀ ਵਰਗ ਨੂੰ ਕਿਸੇ ਨੇ ਹੱਕ ਥਾਲੀ 'ਚ ਪਰੋਸ ਕੇ ਨਹੀਂ ਦੇਣੇ, ਹੱਕ ਲੈਣ ਲਈ ਚੇਤੰਨ ਹੋ ਕੇ ਲੜਨਾ ਅੱਜ ਸਮੇਂ ਦੀ ਮੁੱਖ ਲੋੜ ਹੈ, ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ 2005 ਵੇਲੇ ਨਰੇਗਾ ਕਾਨੂੰਨ ਲਾਗੂ ਹੋਇਆ ਸੀ ਤੇ ਉਸ ਸਮੇਂ ਕੰਮ ਦਿਹਾੜੀ ਛੇ ਘੰਟੇ ਸੀ, ਸਮੇਂ ਦੀ ਕਿਰਤੀਆਂ ਦੀ ਵਿਰੋਧੀ ਸਰਕਾਰ ਨੇ 2008 ਚ ਇਸਨੂੰ ਨੌਂ ਘੰਟੇ ਕਰ ਦਿੱਤਾ, ਜੋ ਕਿਰਤ ਕਾਨੂੰਨ ਦੀ ਉਲੰਘਣਾ ਹੈ ਅਤੇ ਉਸ ਸਮੇਂ ਸਰਕਾਰ ਦੇ ਇਸ ਫ਼ੈਸਲੇ ਖਿਲਾਫ਼ ਆਪਣੀ ਆਵਾਜ਼ ਨਾ ਉਠਾਉਣਾ ਸਾਬਿਤ ਕਰਦਾ ਹੈ ਕਿ ਅਸੀਂ ਆਪਣੇ ਹੱਕਾਂ ਪ੍ਰਾਪਤੀ ਸੁਚੇਤ ਨਾ ਪਹਿਲਾਂ ਸੀ ਅਤੇ ਨਾ ਹੀ ਅਜੇ ਹੋਏ ਹਾਂ। ਇਹ ਸੁਚੇਤ ਹੋਣ ਦੀ ਘਾਟ ਸਾਡੇ 'ਚ ਹੁਣ ਵੀ ਹੈ ਅਤੇ ਹੁਣ ਸਾਨੂੰ ਇਸ ਘਾਟ ਪ੍ਰਤੀ ਚੇਤੰਨ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਸਾਡੀ ਸੱਚੀ-ਸੁੱਚੀ ਕਿਰਤ ਦੇ ਲੁਟੇਰੇ ਸਾਨੂੰ ਅੱਖ ਦੇ ਫੋਰ 'ਚ ਲੁੱਟ ਲੈਣਗੇ। ਉਨ੍ਹਾ ਕਿਹਾ ਕਿ ਇਸ ਕਾਨੂੰਨ ਤਹਿਤ ਘੱਟ ਜ਼ਮੀਨ ਵਾਲੇ ਕਿਸਾਨ ਵੀ ਆਉਂਦੇ ਹਨ, ਉਨ੍ਹਾਂ ਨੂੰ ਵੀ ਨਰੇਗਾ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ। ਸਰਕਾਰਾਂ ਇਸ ਨਰੇਗਾ ਵਰਗੇ ਇਨਕਲਾਬੀ ਕੰਮ ਮੰਗਣ ਦੇ ਕਾਨੂੰਨ ਨੂੰ ਫ਼ੇਲ੍ਹ ਕਰਨ ਦੇ ਮਨਸੂਬੇ ਘੜ ਰਹੀਆਂ ਹਨ, ਉਨ੍ਹਾਂ ਦੇ ਮੰਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਨ ਲਈ ਸਾਡਾ ਸਿੱਖਿਅਤ ਹੋਣਾ ਅਤੇ ਜਥੇਬੰਦੀ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸਮੇਂ ਦੀ ਮੁੱਖ ਲੋੜ ਹੈ। ਬਨੇਗਾ ਬਾਰੇ ਜਗਰੂਪ ਨੇ ਕਿਹਾ ਕਿ ਨੌਜਵਾਨ ਬਹੁਤ ਵੱਡੀ ਗਿਣਤੀ 'ਚ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ, ਸਰਕਾਰਾਂ ਕੋਲ ਨੌਜਵਾਨਾਂ ਦੇ ਭਵਿੱਖ ਦੀ ਬੇਹਤਰੀ ਲਈ ਕੋਈ ਨਿੱਘਰ ਪ੍ਰੋਗਰਾਮ ਨਾ ਹੋਣ ਕਰਕੇ ਸਾਡੀ ਨੌਜਵਾਨ ਪੀੜ੍ਹੀ ਦਾ ਦੇਸ਼ ਛੱਡ ਹੋਰਨਾਂ ਦੇਸ਼ਾਂ 'ਚ ਜਾ ਕੇ ਕੰਮ ਕਰਨਾ ਬੇਹੱਦ ਚਿੰਤਤ ਹੈ। ਉਹਨਾ ਕਿਹਾ ਕਿ ਅਸੀਂ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਭਾਰਤ ਸਰਕਾਰ ਤੋਂ ਭਗਤ ਸਿੰਘ ਨੈਸ਼ਨਲ ਰੁਜ਼ਗਾਰ ਗਾਰੰਟੀ ਯੋਜਨਾ (ਬਨੇਗਾ) ਦੀ ਮੰਗ ਕਰਦੇ ਹਾਂ, ਜਿਸ ਚ ਜਿੰਨਾ ਚਿਰ ਸਰਕਾਰ ਸਿੱਖਿਅਤ ਨੌਜਵਾਨਾਂ ਨੂੰ ਕੰਮ ਦੇਣ 'ਚ ਨਾਕਾਮ ਰਹਿੰਦੀ ਹੈ, ਓਨਾ ਚਿਰ ਅਣਸਿੱਖਿਅਤ ਨੂੰ ਅੱਜ ਦੀ ਮਹਿੰਗਾਈ ਮੁਤਾਬਕ 20000, ਅਰਧ ਸਿੱਖਿਅਤ ਨੂੰ 25000, ਸਿੱਖਿਅਤ ਨੂੰ 30000 ਅਤੇ ਉੱਚ ਸਿੱਖਿਅਤ ਨੌਜਵਾਨ ਮੁੰਡੇ ਕੁੜੀਆਂ ਨੂੰ 35000 ਰੁਪਏ ਰੁਜ਼ਗਾਰ ਭੱਤਾ ਦੇਣ ਦਾ ਪ੍ਰਬੰਧ ਕਰੇ। ਕਾਮਰੇਡ ਜਗਰੂਪ ਤੋਂ ਇਲਾਵਾ ਇਸ ਸੈਮੀਨਾਰ 'ਚ ਹਾਜ਼ਰ ਆਗੂਆਂ ਨੇ ਵੀ ਭਾਰੀ ਗਿਣਤੀ 'ਚ ਪਹੁੰਚੇ ਜਨ-ਸਮੂਹ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ 'ਚ ਕਾਮਰੇਡ ਹਰਭਜਨ ਸਿੰਘ ਦੇ ਢਾਡੀ ਜਥੇ ਵੱਲੋਂ ਜੋਸ਼ੀਲੀਆਂ ਵਾਰਾਂ ਦਾ ਗਾਇਨ ਵੀ ਕੀਤਾ ਗਿਆ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਹਰਭਜਨ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ ।

135 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper