Latest News
ਮੁੱਦਾ-ਹੀਣ ਚੋਣ ਮੁਹਿੰਮ

Published on 13 May, 2018 10:50 AM.

ਆਮ ਧਾਰਨਾ ਹੈ ਕਿ ਜੰਗ ਦੌਰਾਨ ਵਰਤਿਆ ਜਾਣ ਵਾਲਾ ਹਰ ਦਾਅ ਤੇ ਹਥਿਆਰ ਜਾਇਜ਼ ਹੁੰਦਾ ਹੈ। ਜਾਪਦਾ ਹੈ ਕਿ ਸਾਡੇ ਸਿਆਸੀ ਆਗੂਆਂ ਨੇ ਹੁਣ ਚੋਣਾਂ ਨੂੰ ਵੀ ਜੰਗ ਦਾ ਰੂਪ ਦੇ ਦਿੱਤਾ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪ੍ਰਚਾਰ ਕੇ ਵੋਟਾਂ ਦੀ ਮੰਗ ਕਰੇ, ਪਰ ਹੋ ਇਸ ਦੇ ਉਲਟ ਰਿਹਾ ਹੈ। ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਰੈਲੀਆਂ ਵਿੱਚ ਕਾਂਗਰਸ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਅਜਿਹੇ ਝੂਠੇ ਇਤਿਹਾਸਕ ਹਵਾਲੇ ਦਿੱਤੇ, ਜਿਹੜੇ ਸੱਚ ਦੇ ਨੇੜੇ-ਤੇੜੇ ਵੀ ਨਹੀਂ ਸਨ ਢੁੱਕਦੇ। ਕਦੇ ਇਹ ਕਹਿ ਦੇਣਾ ਕਿ ਜਵਾਹਰ ਲਾਲ ਨਹਿਰੂ ਤੇ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨੇ ਜਨਰਲ ਥਿਮੱਈਆ ਦਾ ਅਪਮਾਨ ਕੀਤਾ ਸੀ ਤੇ ਕਦੇ ਇਹ ਕਿ ਪੰਡਤ ਜਵਾਹਰ ਲਾਲ ਨਹਿਰੂ ਸ਼ਹੀਦ ਭਗਤ ਸਿੰਘ ਤੇ ਹੋਰ ਸੁਤੰਤਰਤਾ ਸੈਨਾਨੀਆਂ ਨੂੰ ਜੇਲ੍ਹ ਵਿੱਚ ਵੀ ਕਦੇ ਮਿਲਣ ਨਹੀਂ ਸਨ ਗਏ, ਇਹ ਇਤਿਹਾਸਕ ਤੱਥਾਂ ਨੂੰ ਆਪਣੀ ਸੁਵਿਧਾ ਅਨੁਸਾਰ ਤੋੜ-ਮਰੋੜ ਕੇ ਪੇਸ਼ ਕਰਨ ਦੀ ਸਭ ਤੋਂ ਘਟੀਆ ਤੇ ਪ੍ਰਧਾਨ ਮੰਤਰੀ ਵਰਗੇ ਉੱਚੇ ਅਹੁਦੇ ਦੀ ਮਾਣ-ਮਰਿਆਦਾ ਨੂੰ ਘਟਾਉਣ ਵਾਲੀ ਹਰਕਤ ਸੀ।
ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। 15 ਮਈ ਨੂੰ ਨਤੀਜਿਆਂ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਵੋਟਰ ਭਗਵਾਨ ਨੇ ਕਿਸ ਦੀ ਝੋਲੀ ਵਿੱਚ ਖ਼ੈਰ ਪਾਈ ਹੈ। ਇਸ ਦੇ ਵਿਸਥਾਰ ਵਿੱਚ ਨਾ ਜਾਂਦੇ ਹੋਏ ਅੱਜ ਅਸੀਂ ਪੰਜਾਬ 'ਚ ਹੋ ਰਹੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਬਾਰੇ ਗੱਲ ਕਰਦੇ ਹਾਂ। ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਸ਼ਾਹਕੋਟ ਦੀ ਸਮੁੱਚੀ ਚੋਣ ਮੁਹਿੰਮ ਸਿਰਫ਼ ਇੱਕ ਵਿਅਕਤੀ ਦੇ ਦੁਆਲੇ ਘੁੰਮੀ ਜਾਂਦੀ ਹੈ, ਤੇ ਇਹ ਵਿਅਕਤੀ ਹੈ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ। ਐੱਸ ਐੱਚ ਓ ਬਾਜਵਾ ਨੇ ਮਹਿਤਪੁਰ ਥਾਣੇ ਦਾ ਮੁਖੀ ਹੁੰਦਿਆਂ ਜਦੋਂ ਜਲੰਧਰ ਦੇ ਇੱਕ ਹੋਟਲ ਵਿੱਚ ਬੈਠ ਕੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਰੇਤ ਦੀ ਗ਼ੈਰ-ਕਨੂੰਨੀ ਖ਼ੁਦਾਈ ਦਾ ਕੇਸ ਦਰਜ ਕਰ ਲਿਆ ਤਾਂ ਦੋਵੇਂ ਵਿਰੋਧੀ ਪਾਰਟੀਆਂ; ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮਸਲੇ ਨੂੰ ਹੀ ਆਪਣਾ ਚੋਣ ਮੁੱਦਾ ਬਣਾ ਲਿਆ। ਅਗਲੇ ਦਿਨ ਜਦੋਂ ਇੱਕ ਟੀ ਵੀ ਚੈਨਲ ਨੇ ਐੱਸ ਐੱਚ ਓ ਬਾਜਵਾ ਦੇ ਹੋਟਲ ਵਿੱਚ ਠਹਿਰਣ ਦੇ ਸਮੇਂ, ਉਸ ਦੇ ਸ਼ਰਾਬ ਦੇ ਬਿੱਲ ਤੇ ਇਸ ਦੌਰਾਨ ਦਰਜ ਕੀਤੇ ਕੇਸ ਦਾ ਸਾਰਾ ਕੱਚਾ ਚਿੱਠਾ ਪੇਸ਼ ਕਰ ਦਿੱਤਾ ਤਾਂ ਇਹਨਾਂ ਆਗੂਆਂ ਨੇ ਨਵਾਂ ਪੈਂਤੜਾ ਮੱਲ ਲਿਆ। ਉਨ੍ਹਾਂ ਇਹ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਕਿ ਬਾਜਵਾ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਸ ਨੂੰ ਜ਼ਰੂਰੀ ਸੁਰੱਖਿਆ ਦਿੱਤਾ ਜਾਵੇ। ਇੱਕ ਆਗੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਏਨੇ ਬਹਾਦਰ ਪੁਲਸ ਅਫ਼ਸਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਹੁਣ ਜਦੋਂ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਅਦਾਲਤ ਵਿੱਚ ਹਥਿਆਰ ਲੈ ਕੇ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋ ਚੁੱਕਾ ਹੈ ਤਾਂ ਉਸ ਦੀ ਇੱਕ ਤੋਂ ਬਾਅਦ ਦੂਜੀ ਗ਼ਲਤ ਕਾਰਵਾਈ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਮੇਂ ਬਾਜਵਾ ਜਲੰਧਰ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੈ। ਮਨੋਰੋਗਾਂ ਦੇ ਮਾਹਰ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਡਾਕਟਰਾਂ ਮੁਤਾਬਕ ਬਾਜਵਾ ਦੇ ਪਰਵਾਰ ਵਾਲਿਆਂ ਨੇ ਦੱਸਿਆ ਹੈ ਕਿ ਉਸ ਦੀ ਕੁਝ ਸਮੇਂ ਤੋਂ ਮਾਨਸਿਕ ਸਥਿਤੀ ਠੀਕ ਨਹੀਂ ਸੀ ਤੇ ਉਸ ਦਾ ਇੱਕ ਨਿੱਜੀ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ। ਉਸ ਦਾ ਇਲਾਜ ਕਰ ਰਹੇ ਡਾ. ਨਿਰਦੋਸ਼ ਗੋਇਲ ਦਾ ਕਹਿਣਾ ਹੈ ਕਿ ਉਸ ਦੀਆਂ ਗਤੀਵਿਧੀਆਂ ਤੋਂ ਸੰਭਾਵਨਾ ਹੈ ਕਿ ਉਸ ਨੂੰ 'ਬਾਈਪੋਲਰ ਡਿਸਆਰਡਰ' ਦੀ ਬਿਮਾਰੀ ਹੋ ਸਕਦੀ ਹੈ। ਇਸ ਬਿਮਾਰੀ ਦਾ ਮਰੀਜ਼ ਉਤੇਜਿਤ ਹੋ ਕੇ ਬਿਨਾਂ ਸੋਚੇ-ਸਮਝੇ ਕੋਈ ਕੰਮ ਕਰ ਲੈਂਦਾ ਹੈ ਤੇ ਬਾਅਦ ਵਿੱਚ ਸ਼ਾਂਤ ਹੋਣ ਉਤੇ ਉਸ ਦੇ ਨਤੀਜਿਆਂ ਬਾਰੇ ਸੋਚਣ ਲੱਗਦਾ ਹੈ। ਬਾਜਵਾ ਨੂੰ ਹਸਪਤਾਲ ਦੇ ਜਿਸ ਕਮਰੇ ਵਿੱਚ ਰੱਖਿਆ ਗਿਆ ਹੈ, ਉਸ ਦੇ ਬਾਥਰੂਮ ਦੀਆਂ ਕੁੰਡੀਆਂ ਤੋੜ ਦਿੱਤੀਆਂ ਗਈਆਂ ਹਨ, ਤਾਂ ਕਿ ਉਹ ਕੋਈ ਗ਼ਲਤ ਕਦਮ ਨਾ ਚੁੱਕ ਲਵੇ।
ਇਸ ਦੌਰਾਨ ਬਾਜਵਾ ਨੇ ਵੀ ਇਹ ਇਕਬਾਲ ਕੀਤਾ ਹੈ ਕਿ ਉਹ ਪਿਛਲੇ ਇੱਕ ਸਾਲ ਤੋਂ ਡਿਪਰੈਸ਼ਨ ਵਿੱਚ ਹੈ। ਇਸੇ ਕਾਰਨ ਉਹ ਲਗਾਤਾਰ ਸ਼ਰਾਬ ਪੀ ਰਿਹਾ ਹੈ। ਉਸ ਨੇ ਕਿਹਾ ਕਿ ਉਹ ਸ਼ਰਾਬ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਉਸ ਨੇ ਇਹ ਵੀ ਦੱਸਿਆ ਕਿ 20 ਜਨਵਰੀ ਨੂੰ ਉਸ ਦਾ ਆਪਣੇ ਕਸਬੇ ਫੱਤੂਢੀਂਗੇ ਤੋਂ ਸ਼ਾਹਕੋਟ ਤਬਾਦਲਾ ਕਰ ਦਿੱਤਾ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਇਸ ਪਿੱਛੇ ਰਾਣਾ ਗੁਰਜੀਤ ਸਿੰਘ ਦਾ ਹੱਥ ਹੈ। ਇਸ ਲਈ ਉਸ ਨੇ ਸ਼ਾਹਕੋਟ ਆਉਂਦਿਆਂ ਹੀ ਸਭ ਸਟਾਫ਼ ਨੂੰ ਕਹਿ ਦਿੱਤਾ ਸੀ ਕਿ ਰਾਣੇ ਦਾ ਸੱਜਾ ਹੱਥ ਮੰਨੇ ਜਾਂਦੇ ਲਾਡੀ ਸ਼ੇਰੋਵਾਲੀਆ ਦਾ ਕੋਈ ਕੰਮ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਉਸ ਨੇ ਰਾਣਾ ਗੁਰਜੀਤ ਸਿੰਘ ਦੇ ਨਾਲ ਸੰਬੰਧ ਰੱਖਣ ਵਾਲੇ ਕੁਝ ਰੇਤ ਠੇਕੇਦਾਰਾਂ ਉੱਤੇ ਕੇਸ ਦਰਜ ਕਰ ਦਿੱਤਾ। ਉਸ ਉਪਰੰਤ ਰਾਣਾ ਗੁਰਜੀਤ ਸਿੰਘ ਨੇ 26 ਅਪ੍ਰੈਲ ਨੂੰ ਉਸ ਦਾ ਸ਼ਾਹਕੋਟ ਥਾਣੇ ਤੋਂ ਤਬਾਦਲਾ ਕਰਾ ਕੇ ਆਰਥਿਕ ਅਪਰਾਧ ਸ਼ਾਖਾ ਵਿੱਚ ਭੇਜ ਦਿੱਤਾ। ਕੋਡ ਆਫ਼ ਕੰਡਕਟ ਲੱਗ ਜਾਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਉਸ ਨੂੰ ਮੁੜ ਸ਼ਾਹਕੋਟ ਹਲਕੇ ਵਿੱਚ ਪੈਂਦੇ ਮਹਿਤਪੁਰ ਥਾਣੇ ਦਾ ਮੁਖੀ ਲਾ ਦਿੱਤਾ ਗਿਆ। ਉਸ ਨੇ 2 ਮਈ ਨੂੰ ਮਹਿਤਪੁਰ ਥਾਣੇ ਦਾ ਚਾਰਜ ਲਿਆ ਤੇ ਵਾਪਸ ਜਲੰਧਰ ਦੇ ਹੋਟਲ ਵਿੱਚ ਆ ਗਿਆ। ਅਗਲੇ ਦਿਨ ਤੜਕੇ ਤਿੰਨ ਵਜੇ ਉਸ ਨੇ ਲਾਡੀ ਸ਼ੇਰੋਵਾਲੀਆ ਉੱਤੇ ਰੇਤ ਦੀ ਗ਼ੈਰ-ਕਨੂੰਨੀ ਮਾਈਨਿੰਗ ਦਾ ਕੇਸ ਬਣਾ ਦਿੱਤਾ।
ਉਪਰੋਕਤ ਸਾਰੇ ਘਟਨਾਕ੍ਰਮ ਤੋਂ ਸਪੱਸ਼ਟ ਹੁੰਦਾ ਹੈ ਕਿ ਪਰਮਿੰਦਰ ਸਿੰਘ ਬਾਜਵਾ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਇਸੇ ਕਾਰਨ ਉਸ ਤੋਂ ਉਹ ਗ਼ਲਤੀਆਂ ਹੋਈਆਂ, ਜਿਸ ਕਾਰਨ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਸਾਡੀ ਸਮਝ ਮੁਤਾਬਕ ਬਾਜਵਾ ਨੂੰ ਇਸ ਹਾਲਤ ਵਿੱਚ ਪੁਚਾਉਣ ਲਈ ਉਹ ਸਿਆਸੀ ਆਗੂ ਵੀ ਦੋਸ਼ੀ ਹਨ, ਜੋ ਆਪਣੇ ਲਾਭ ਲਈ ਉਸ ਨੂੰ ਇੱਕ ਤੋਂ ਬਾਅਦ ਦੂਜੀ ਗ਼ਲਤੀ ਕਰਨ ਲਈ ਉਤਸ਼ਾਹਤ ਕਰਦੇ ਰਹੇ।
ਸਮੁੱਚੇ ਸੱਚ ਦੀ ਇੱਕ-ਇੱਕ ਕੜੀ ਸਾਹਮਣੇ ਆ ਜਾਣ ਤੋਂ ਬਾਅਦ ਵੀ ਇਹ ਆਗੂ ਕਦੇ ਨਹੀਂ ਮੰਨਣਗੇ ਕਿ ਉਹ ਗ਼ਲਤ ਖੇਡ ਖੇਡਦੇ ਰਹੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਕਿ ਇੱਕ ਨੌਜਵਾਨ ਅਫ਼ਸਰ ਅਜਿਹੀ ਗੰਭੀਰ ਸਥਿਤੀ ਨੂੰ ਪਹੁੰਚ ਚੁੱਕਾ ਹੈ। ਉਨ੍ਹਾਂ ਨੂੰ ਤਾਂ ਇਹ ਦੁੱਖ ਹੋਵੇਗਾ ਕਿ ਉਨ੍ਹਾਂ ਦੇ ਹੱਥੋਂ ਇੱਕ ਚੋਣ ਮੁੱਦਾ ਨਿਕਲ ਗਿਆ ਹੈ।

1359 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper