Latest News
ਮੋਦੀ ਨੂੰ ਜ਼ੁਬਾਨ ਸੰਭਾਲਣ ਲਈ ਕਹੋ

Published on 14 May, 2018 11:05 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਸ਼ਾ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਾਸੇ ਨਰਾਜ਼ ਹਨ। ਉਨ੍ਹਾ ਇਸ ਸੰਬੰਧੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਉਨ੍ਹਾ ਤੋਂ ਮੰਗ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਕਾਂਗਰਸੀ ਆਗੂਆਂ ਜਾਂ ਹੋਰ ਕਿਸੇ ਸ਼ਖ਼ਸ ਵਿਰੁੱਧ ਅਪਮਾਨਜਨਕ ਅਤੇ ਧਮਕਾਉਣ ਵਾਲੀਆਂ ਟਿੱਪਣੀਆਂ ਕਰਨ ਤੋਂ ਰੋਕਣ ਕਹਿਣ। ਉਨ੍ਹਾ ਲਿਖਿਆ ਕਿ ਅਜਿਹੀਆਂ ਗੱਲਾਂ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਿਆਂ। ਕਾਂਗਰਸ ਵੱਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 13 ਮਈ ਨੂੰ ਭੇਜੇ ਗਏ ਪੱਤਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਵਿੱਚ ਪਾਰਟੀ ਦੇ ਆਗੂ ਮਲਿਕ ਅਰਜੁਨ ਖੜਗੇ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ, ਉਪ ਆਗੂ ਆਨੰਦ ਸ਼ਰਮਾ, ਪਾਰਟੀ ਦੇ ਖ਼ਜ਼ਾਨਚੀ ਮੋਤੀ ਲਾਲ ਵੋਰਾ, ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ, ਸੀਨੀਅਰ ਆਗੂ ਅਹਿਮਦ ਪਟੇਲ, ਸਾਬਕਾ ਖ਼ਜ਼ਾਨਾ ਪੀ. ਚਿਦੰਬਰਮ ਅਤੇ ਪਾਰਟੀ ਦੇ ਕੁਝ ਹੋਰ ਸੀਨੀਅਰ ਆਗੂਆਂ ਦੇ ਹਸਤਾਖਰ ਹਨ। ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਇਸ ਤੋਂ ਪਹਿਲਾਂ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਉਨ੍ਹਾਂ ਸਾਰਿਆਂ ਨੇ ਮਾਣ-ਮਰਿਯਾਦਾ ਦਾ ਪਾਲਣ ਕੀਤਾ। ਉਨ੍ਹਾ ਕਿਹਾ ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਲੋਕਤੰਤਰੀ ਸਮਾਜ ਵਿੱਚ ਰਾਸ਼ਟਰ ਮੁਖੀ ਹੋਣ ਦੇ ਨਾਤੇ ਕੋਈ ਪ੍ਰਧਾਨ ਮੰਤਰੀ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਅਤੇ ਮੈਂਬਰਾਂ ਵਿਰੁੱਧ ਜਨਤਕ ਤੌਰ 'ਤੇ ਅਜਿਹੇ ਸ਼ਬਦਾਂ ਦੀ ਵਰਤੋਂ ਕਰੇਗਾ।
ਇਸ ਚਿੱਠੀ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਕਾਂਗਰਸੀ ਆਗੂਆਂ ਨੂੰ ਦਿੱਤੀਆਂ ਗਈਆਂ ਧਮਕੀਆਂ ਨਿੰਦਣਯੋਗ ਹਨ ਅਤੇ ਸਵਾ ਅਰਬ ਲੋਕਾਂ ਵਾਲੇ ਲੋਕਤੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਜਿਹੀ ਭਾਸ਼ਾ ਨਹੀਂ ਹੋਣੀ ਚਾਹੀਦੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਨੂੰ ਧਮਕਾਉਣ ਵਾਲੀ ਭਾਸ਼ਾ ਦੀ ਵਰਤੋਂ ਕਰਨ ਤੋਂ ਰੋਕਣ। ਇਸ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ, ਉਨ੍ਹਾ ਦੀ ਕੈਬਨਿਟ ਨੂੰ ਸਲਾਹ-ਮਸ਼ਵਰਾ ਦੇਣਾ ਅਤੇ ਮਾਰਗ-ਦਰਸ਼ਨ ਕਰਨਾ ਉਹਨਾ ਦਾ ਫ਼ਰਜ਼ ਹੁੰਦਾ ਹੈ।

159 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper