Latest News
ਖਹਿਰਾ ਦੀ ਗੱਡੀ ਰੋਕ ਕਾਂਗਰਸੀਆਂ ਕੁੱਟੇ ਪੁਲਸ ਮੁਲਾਜ਼ਮ

Published on 14 May, 2018 11:07 AM.


ਫ਼ਿਰੋਜ਼ਪੁਰ/ਗੁਰੂ ਹਰਸਹਾਏ
(ਗੁਰਬਚਨ ਸਿੰਘ ਸੋਨੂੰ,
ਮਨਦੀਪ ਸਿੰਘ ਸੋਢੀ)
ਸੜਕ ਖਾਲੀ ਕਰਵਾਉਂਦੇ ਪੁਲਸ ਮੁਲਾਜ਼ਮਾਂ ਨੂੰ ਕਾਂਗਰਸੀਆਂ ਨੇ ਕੁਟਾਪਾ ਚਾੜ੍ਹਿਆ। ਇਸ ਮੌਕੇ ਪੁਲਸ ਕੁਝ ਵੀ ਨਾ ਕਰ ਸਕੀ। ਦੋ-ਤਿੰਨ ਵਿਅਕਤੀਆਂ ਨੇ ਪੁਲਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਇਹ ਰੌਲਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਵੱਲੋਂ ਰੋਕਣ ਕਰਕੇ ਵਧਿਆ।
ਦਰਅਸਲ ਕਈ ਦਹਾਕਿਆਂ ਤੋਂ ਜ਼ਮੀਨ 'ਤੇ ਖੇਤੀ ਕਰ ਕੇ ਪਰਵਾਰ ਪਾਲਣ ਵਾਲੇ ਕਿਸਾਨ ਆਪਣੇ ਤੋਂ ਖੋਹੀ ਗਈ ਜ਼ਮੀਨ ਦੀ ਪ੍ਰਾਪਤੀ ਲਈ ਧਰਨੇ 'ਤੇ ਬੈਠੇ ਸਨ। ਉਨ੍ਹਾਂ ਨੂੰ ਮਿਲਣ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਨੇ ਰਸਤੇ ਵਿੱਚ ਰੋਕ ਲਿਆ। ਕਿਸਾਨਾਂ ਦੀ ਵਾਹੀਯੋਗ ਜ਼ਮੀਨ 'ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਕਥਿਤ ਸ਼ਹਿ 'ਤੇ ਉਸ ਦੇ ਸਾਲੇ ਵੱਲੋਂ ਨਜਾਇਜ਼ ਕਬਜ਼ਾ ਕੀਤੇ ਜਾਣ ਦਾ ਇਲਜ਼ਾਮ ਹੈ। ਪੀੜਤ ਪਰਵਾਰ ਦੇ ਮਰਨ ਵਰਤ ਨੂੰ ਚੁਕਵਾਉਣ ਦੇ ਮੰਤਵ ਨਾਲ ਕਾਂਗਰਸੀਆਂ ਵੱਲੋਂ ਕੁਝ ਲੋਕਾਂ ਦੀ ਮਦਦ ਨਾਲ ਧਰਨਾ ਵੀ ਲਾ ਦਿੱਤਾ ਗਿਆ। ਕਾਂਗਰਸੀਆਂ ਤੋਂ ਡਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤੱਕ ਪੀੜਤ ਪਰਵਾਰਾਂ ਦੀ ਸਾਰ ਨਹੀਂ ਲਈ।
ਜਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਫ਼ਿਰੋਜ਼ਪੁਰ ਪਹੁੰਚ ਕੇ ਪਰਵਾਰਾਂ ਦਾ ਦੁਖੜਾ ਸੁਣਨ ਲਈ ਆਏ ਤਾਂ ਉਹਨਾ ਦਾ ਰਾਹ ਰੋਕਿਆ ਗਿਆ। ਸੜਕ ਖਾਲੀ ਕਰਵਾਉਂਦੇ ਪੁਲਸ ਮੁਲਾਜ਼ਮਾਂ ਨੂੰ ਕਾਂਗਰਸੀਆਂ ਨੇ ਕੁਟਾਪਾ ਚਾੜ੍ਹ ਦਿੱਤਾ। ਪੂਰੇ ਮਾਮਲੇ ਵਿੱਚ ਪੁਲਸ ਕੁਝ ਖਾਸ ਕਾਰਵਾਈ ਨਾ ਕਰ ਸਕੀ।
ਇਸ ਘਟਨਾ ਦੀ ਨਿਖੇਧੀ ਕਰਦਿਆਂ ਸ੍ਰੀ ਖਹਿਰਾ ਨੇ ਕਾਂਗਰਸੀਆਂ ਨੂੰ ਗੁੰਡਾ ਕਰਾਰ ਦਿੱਤਾ ਤੇ ਕਿਹਾ ਕਿ ਇਹ ਤਾਂ ਪੁਲਸ ਦੀਆਂ ਵਰਦੀਆਂ ਪਾੜਨ ਤੱਕ ਜਾ ਰਹੇ ਸਨ। ਉਨ੍ਹਾ ਅਜਿਹਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।ਫਿਰੋਜ਼ਪੁਰ ਜ਼ਿਲ੍ਹੇ ਅੰਦਰ ਡੀ ਸੀ ਦਫਤਰ ਸਾਹਮਣੇ ਬੀਤੇ ਤਿੰਨ ਮਹੀਨਿਆਂ ਤੋਂ ਬੈਠੇ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗੱਡੀ ਅੱਗੇ ਕੁਝ ਲੋਕਾਂ ਵੱਲੋਂ ਲੰਮੇ ਪੈ ਕੇ ਗੱਡੀ ਨੂੰ ਰੋਕ ਕੇ ਨਾਅਰੇਬਾਜ਼ੀ ਕੀਤੀ ਗਈ। ਜਦ ਪੁਲਸ ਵਾਲਿਆਂ ਨੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਸ਼ੁਰੁ ਕਰ ਦਿੱਤੀ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ। ਜ਼ਿਕਰਯੋਗ ਹੈ ਕਿ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਪੁਲਸ ਦਾ ਕੋਈ ਖੌਫ ਨਹੀਂ ਰਿਹਾ, ਜੋ ਪੁਲਸ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੀ ਜਾਂਦੀ ਹੈ, ਜੇਕਰ ਲੋਕ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਲੱਗ ਪੈਣ ਤਾਂ ਉਸ ਦੇਸ਼ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਕਾਂਗਰਸ ਦੇ ਗੁੰਡੇ ਜਿਨ੍ਹਾਂ ਨੇ ਮੀਡੀਆ ਦੇ ਸਾਹਮਣੇ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਪੁਲਸ ਨੂੰ ਕੁੱਟਿਆ ਅਤੇ ਮੇਰੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਲਾਊਡ ਸਪੀਕਰ 'ਤੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ। ਉਹਨਾਂ ਕਿਹਾ ਕਿ ਇਹੋ ਜਿਹੇ ਲੋਕਾਂ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਹਨਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਹਨਾਂ ਕਿਹਾ ਕਿ ਉਹ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹਨ।
ਬੀਤੇ ਦਿਨੀਂ ਹੋਈ ਜ਼ਮੀਨੀ ਵਿਵਾਦ ਵਿਚ ਲੜਕੀ ਲਛਮੀ ਦੇਵੀ ਦੀ ਮੌਤ 'ਤੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੁਖਪਾਲ ਸਿੰਘ ਖਹਿਰਾ ਫਤਿਹਗੜ੍ਹ ਗਹਿਰੀ ਵਿਖੇ ਪੁੱਜੇ। ਜਿੱਥੇ ਉਨ੍ਹਾਂ ਨੇ ਪਰਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਆਖਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ।ਉਨ੍ਹਾਂ ਕਿਹਾ ਕਿ ਹਲਕੇ ਵਿੱਚ ਵਾਰਦਾਤ ਹੋਣਾ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾ ਆਖਿਆ ਕਿ ਪ੍ਰਦੇਸ਼ ਵਿੱਚ ਗੁੰਡਾ ਰਾਜ ਬਣ ਚੁੱਕਿਆ ਹੈ।ਉਨ੍ਹਾਂ ਨੇ ਪਰਵਾਰ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਮੌਕੇ ਪਰਵਾਰ ਦੇ ਨਾਲ ਖੜਨਗੇ ਤੇ ਇਹ ਮੁੱਦਾ ਵਿਧਾਨ ਸਭਾ ਵਿੱਚ ਲਿਆਇਆ ਜਾਵੇਗਾ।ਜ਼ਿਕਰਯੋਗ ਹੈ ਕਿ ਪਿੰਡ ਫਤਿਹਗੜ੍ਹ ਗਹਿਰੀ ਵਿਖੇ ਬੀਤੀ ਦਿਨੀਂ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿਚ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਸੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਲਾਸ਼ ਨੂੰ ਚੌਕ ਵਿਚ ਰੱਖ ਕੇ ਥਾਣੇ ਅੱਗੇ 3 ਦਿਨਾ ਧਰਨਾ ਲਗਾਇਆ ਗਿਆ, ਜਿਸ ਦੌਰਾਨ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੇ ਪੁੱਜ ਕੇ ਪੀੜਤ ਪਰਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਨਾਲ ਸੰਬੰਧਤ ਪੜਤਾਲ ਕਰਕੇ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਜ਼ਖਮੀਆਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ ਅਤੇ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਗੁਰੂ ਹਰਸਹਾਏ ਦੇ ਐੱਸ.ਐੱਚ.ਓ. ਨੂੰ ਤਿੰਨ ਦਿਨ ਦੀ ਜਬਰੀ ਛੁੱਟੀ 'ਤੇ ਭੇਜ ਦਿੱਤਾ, ਜਿਸ ਤੋਂ ਬਾਅਦ ਪਰਵਾਰ ਵੱਲੋਂ ਲੜਕੀ ਦਾ ਅੰਤਿਮ ਸਸਕਾਰ ਛੇਵੇਂ ਦਿਨ ਕੀਤਾ ਗਿਆ ਅਤੇ ਹੁਣ ਵੀ ਇਲਾਕੇ ਅਤੇ ਪੰਜਾਬ ਭਰ ਦੀ ਲੀਡਰਸ਼ਿਪ ਵੱਲੋਂ ਪਰਵਾਰ ਨਾਲ ਦੁੱਖ ਸਾਂਝ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਮਲਕੀਤ ਥਿੰਦ ਜ਼ਿਲ੍ਹਾ ਪ੍ਰਧਾਨ, ਰਣਜੀਤ ਸਿੰਘ, ਮਨੋਜ ਕੁਮਾਰ, ਗੁਰਮੀਤ ਬਰਾੜ ਤੇ ਹੋਰ ਆਮ ਆਦਮੀ ਪਾਰਟੀ ਦੇ ਨੇਤਾ ਮੌਜੂਦ ਸਨ।

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper