Latest News
ਸਕਿਉਰਟੀ ਗਾਰਡ ਨੂੰ ਮਾਰੀ ਗੋਲੀ, 9 ਲੱਖ ਲੁੱਟੇ

Published on 14 May, 2018 11:18 AM.


ਸੰਗਰੂਰ (ਪ੍ਰਵੀਨ ਸਿੰਘ)
ਸਵੇਰ ਵੇਲੇ ਏ.ਟੀ.ਐੱਮ ਵਿਚ ਪੈਸੇ ਪਾਉਣ ਸਮੇਂ ਸਕਿਉਰਟੀ ਗਾਰਡ ਦੇ ਗੋਲੀ ਮਾਰ ਕੇ ਲੁਟੇਰੇ 9 ਲੱਖ ਰੁਪਏ ਕੈਸ਼ ਲੈ ਕੇ ਫਰਾਰ ਹੋਣ ਵਿਚ ਸਫਲ ਹੋ ਗਏ। ਲੁਟੇਰੇ ਮੋਟਰਸਾਇਕਲ 'ਤੇ ਆਏ ਸਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਸਕਿਉਰਟੀ ਗਾਰਡ ਦੀ ਰਾਇਫਲ ਵੀ ਨਾਲ ਲੈ ਗਏ। ਅੱਖ ਦੇ ਝਪਕੇ ਦੇ ਸਮੇਂ ਵਿਚ ਇਹ ਕਾਰਾ ਕਰਕੇ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਸੁਰੱਖਿਅਤ ਨਿਕਲਣ ਵਿਚ ਸਫਲ ਹੋ ਗਏ। ਇਹ ਘਟਨਾ ਨਾਭਾ ਗੇਟ ਬਾਹਰ ਸੀ.ਐੱਲ ਟਾਵਰ ਵਾਲੇ ਏ ਟੀ ਐੱਮ 'ਤੇ ਵਾਪਰੀ। ਉਸ ਸਮੇਂ ਸੀ ਐੱਲ ਟਾਵਰ ਵਿਚ ਕੋਈ ਰੌਣਕ ਵੀ ਨਹੀਂ ਸੀ ਤੇ ਨਜ਼ਦੀਕ ਦੇ ਲੋਕਾਂ ਨੂੰ ਜਦੋਂ ਤੱਕ ਘਟਨਾ ਬਾਰੇ ਪਤਾ ਲੱਗਦਾ, ਉਸ ਸਮੇਂ ਤੱਕ ਦੇਰ ਹੋ ਚੁੱਕੀ ਸੀ। ਗਾਰਡ ਗੋਲੀ ਲੱਗਣ ਕਾਰਨ ਫੱਟੜ ਸੀ ਤੇ ਲੁਟੇਰੇ ਦੂਰ ਨਿਕਲ ਜਾਣ ਵਿਚ ਸਫਲ ਹੋ ਗਏ ਸਨ। ਘਟਨਾ ਸਵੇਰ ਵੇਲੇ ਵਾਪਰੀ ਤੇ ਜ਼ਖਮੀ ਸਕਿਉਰਟੀ ਗਾਰਡ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਪਟਿਆਲਾ ਹਸਪਤਾਲ ਲਈ ਰੈਫਰ ਕਰ ਦਿੱਤਾ। ਘਟਨਾ ਦੀ ਖਬਰ ਮਿਲਦਿਆਂ ਹੀ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਸੀ ਐੱਲ ਟਾਵਰ 'ਤੇ ਘਟਨਾ ਸਥਾਨ 'ਤੇ ਪਹੁੰਚੇ ਤੇ ਜਾਇਜ਼ਾ ਲਿਆ। ਉਸੇ ਸਮੇਂ ਉਹਨਾਂ ਨੇ ਸਾਰੇ ਜ਼ਿਲ੍ਹੇ ਅੰਦਰ ਨਾਕੇਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਲੁਟੇਰੇ ਜਲਦੀ ਕਾਬੂ ਕਰ ਲਏ ਜਾਣਗੇ। ਲੁਟੇਰਿਆਂ ਦੀ ਗੋਲੀ ਨਾਲ ਸਕਿਉਰਟੀ ਗਾਰਡ ਲੀਲਾ ਸਿੰਘ ਫੱਟੜ ਹੋਇਆ ਹੈ ਤੇ ਲੁਟੇਰੇ ਕੈਸ਼ ਵੈਨ ਦੀਆਂ ਚਾਬੀਆਂ ਵੀ ਨਾਲ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਅਤੇ ਡੀ ਐੱਸ ਪੀ (ਆਰ) ਸੰਦੀਪ ਵਡੇਰਾ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਲਾਕੇ ਦੀ ਸਖਤ ਨਾਕਾਬੰਦੀ ਕਰਵਾ ਦਿੱਤੀ ਗਈ। ਸੀ ਐੱਲ ਟਾਵਰ 'ਚ ਲੱਗਾ ਹੋਇਆ ਆਈ ਡੀ. ਬੀ. ਆਈ ਬੈਂਕ ਦੇ ਏ ਟੀ ਐੱਮ ਵਿੱਚ ਸਵੇਰੇ ਇੱਕ ਕੈਸ਼ ਵੈਨ ਰਾਹੀਂ ਸਕਿਉਰਟੀ ਗਾਰਡ ਲੀਲਾ ਸਿੰਘ, ਡਰਾਈਵਰ ਰਜਿੰਦਰ ਸਿੰਘ ਤੇ ਇਕ ਹੋਰ ਮੁਲਾਜ਼ਮ ਮੁਖਤਿਆਰ ਸਿੰਘ ਕੈਸ਼ ਪਾਉਣ ਲਈ ਪੁੱਜੇ ਸਨ ਤਾਂ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ। ਸੀ ਐੱਲ ਟਾਵਰ ਵਿਖੇ ਘੱਟ ਰੌਣਕ ਰਹਿੰਦੀ ਹੈ ਤੇ ਇਸ ਸੜਕ 'ਤੇ ਸੀਵਰੇਜ ਪੈਣ ਕਰਕੇ ਆਵਾਜਾਈ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਘਟਨਾ ਨਾਲ ਨੇੜੇ ਦੁਕਾਨਦਾਰਾਂ ਵਿਚ ਸਹਿਮ ਛਾ ਗਿਆ। ਪੁਲਸ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋ ਲੁਟੇਰੇ ਇਕ ਮੋਟਰਸਾਇਕਲ 'ਤੇ ਸਵਾਰ ਸਨ ਤੇ ਇਹਨਾਂ ਨੇ ਮੂੰਹ ਢਕੇ ਹੋਏ ਸਨ। ਬੜੇ ਦਲੇਰਾਨਾ ਢੰਗ ਨਾਲ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰਿਆਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਉਹਨਾਂ ਨੂੰ ਪੁਲਸ ਦਾ ਕੋਈ ਖੌਫ ਨਹੀਂ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਉੱਭਿਆ ਭੱਠੇ ਦੇ ਮਾਲਕ ਦੇ ਗੋਲੀ ਮਾਰ ਕੇ ਲੁਟੇਰੇ ਉਸ ਦੀ ਕਾਰ ਤੇ ਕੈਸ਼ ਲੈ ਗਏ ਸਨ। ਬਾਅਦ ਵਿਚ ਪੀ.ਜੀ.ਆਈ ਵਿਚ ਇਲਾਜ ਕਰਾਉਣ ਉਪਰੰਤ ਭੱਠਾ ਮਾਲਕ ਦੀ ਮੌਤ ਹੋ ਗਈ ਸੀ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper