Latest News
ਕਰਨਾਟਕਾ ਦੀ ਚੋਣ ਤੇ ਇਸ ਦੇ ਬਾਅਦ

Published on 15 May, 2018 11:20 AM.


ਹਮੇਸ਼ਾ ਵਾਂਗ ਅੱਜ ਕਰਨਾਟਕਾ ਦੀ ਵਿਧਾਨ ਸਭਾ ਚੋਣ ਦੇ ਨਤੀਜਿਆਂ ਦੀ ਗਿਣਤੀ ਦੌਰਾਨ ਵੀ ਸਾਰਾ ਦਿਨ ਉਤਾਰ-ਚੜ੍ਹਾਅ ਦਾ ਚੱਕਰ ਚੱਲਦਾ ਰਿਹਾ ਹੈ। ਇੱਕ ਵਾਰੀ ਕਾਂਗਰਸ ਅੱਗੇ ਲੰਘਦੀ ਜਾਪਦੀ ਸੀ ਤੇ ਫਿਰ ਭਾਜਪਾ ਏਨੀ ਤੇਜ਼ੀ ਨਾਲ ਅੱਗੇ ਲੰਘ ਗਈ ਕਿ ਹਰ ਕੋਈ ਇਹ ਮੰਨ ਬੈਠਾ ਸੀ ਕਿ ਉਸ ਦੀ ਧੜੱਲੇਦਾਰ ਜਿੱਤ ਹੋ ਗਈ ਹੈ। ਬਾਅਦ ਵਿੱਚ ਨਤੀਜੇ ਦਾ ਨਵਾਂ ਮੋੜ ਆਇਆ ਤੇ ਭਾਜਪਾ ਇੱਕ ਸੌ ਵੀਹ ਸੀਟਾਂ ਦੀ ਲੀਡ ਦੇ ਰੁਝਾਨ ਤੋਂ ਡਿੱਗਦੀ ਹੋਈ ਇੱਕ ਸੌ ਤੋਂ ਮਸਾਂ ਸੱਤ ਸੀਟਾਂ ਵੱਧ ਉੱਤੇ ਜਾ ਕੇ ਖੜੀ ਹੋ ਗਈ। ਓਧਰ ਕਾਂਗਰਸ ਪਾਰਟੀ ਜਦੋਂ ਹਾਰ ਮੰਨ ਬੈਠੀ ਸੀ, ਉਸ ਦੀਆਂ ਸੀਟਾਂ ਵਧ ਕੇ ਸੱਤਰ ਤੋਂ ਉੱਤੇ ਹੋ ਗਈਆਂ ਤੇ ਦੇਵਗੌੜਾ ਵਾਲੇ ਜਨਤਾ ਦਲ ਐੱਸ ਦੀਆਂ ਚਾਲੀ ਦੇ ਕਰੀਬ ਹੋਣ ਨਾਲ ਇੱਕ ਵਾਰ ਫਿਰ ਕਾਂਗਰਸ ਵਾਲੇ ਆਗੂ ਅਗਲੀ ਸਰਕਾਰ ਬਣਾਉਣ ਲਈ ਦੌੜਾਂ ਲਾਉਣ ਲੱਗ ਪਏ। ਜਿਸ ਜਗ੍ਹਾ ਨਤੀਜੇ ਪਹੁੰਚ ਚੁੱਕੇ ਹਨ, ਓਥੇ ਕੋਈ ਅਗਲਾ ਪਲਟਾ ਵੱਜ ਸਕਣ ਦੀ ਸੰਭਾਵਨਾ ਲਗਭਗ ਖਤਮ ਹੈ ਤੇ ਬਾਕੀ ਕੰਮ ਤਾਲਮੇਲ ਦੀ ਕਾਰੀਗਰੀ ਦਾ ਰਹਿ ਗਿਆ ਹੈ।
ਉਂਜ ਇਸ ਨਤੀਜੇ ਨਾਲ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਝਟਕਾ ਲੱਗਾ ਹੈ। ਕਰਨਾਟਕ ਦਾ ਇੱਕ ਹੋਰ ਰਾਜ ਜਿੱਤ ਕੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਉਨੱਤੀ ਰਾਜਾਂ ਵਿੱਚ ਆਪਣੀ ਸਰਕਾਰ ਬਣਾ ਲੈਣ ਦੇ ਸੁਫਨੇ ਲੈ ਰਹੀ ਸੀ। ਜਦੋਂ ਨਰਿੰਦਰ ਮੋਦੀ ਨੇ ਦੇਸ਼ ਦੀ ਅਗਵਾਈ ਸੰਭਾਲੀ ਸੀ, ਭਾਜਪਾ ਕੋਲ ਉਸ ਵਕਤ ਅੱਠ ਰਾਜਾਂ ਦੀ ਸਰਕਾਰ ਜਾਂ ਸਰਕਾਰ ਵਿੱਚ ਹਿੱਸੇਦਾਰੀ ਸੀ, ਪਰ ਉਸ ਦੇ ਬਾਅਦ ਇੱਕੀ ਰਾਜਾਂ ਦੀਆਂ ਚੋਣਾਂ ਦੌਰਾਨ ਇਸ ਨੇ ਚੌਦਾਂ ਜਿੱਤੇ ਤੇ ਇੱਕ ਸਾਡੇ ਪੰਜਾਬ ਵਾਲਾ ਰਾਜ ਹਾਰਿਆ ਸੀ। ਕਾਂਗਰਸ ਸਿਰਫ ਦੋ ਥਾਂਈਂ ਪੰਜਾਬ ਤੇ ਪੁਡੂਚੇਰੀ ਵਿੱਚ ਜਿੱਤੀ ਤੇ ਮੀਜ਼ੋਰਮ ਦੀ ਸਰਕਾਰ ਬਚਾਉਣ ਜੋਗੀ ਸਾਬਤ ਹੋਈ ਸੀ। ਇਸ ਲਈ ਭਾਜਪਾ ਵਿੱਚ ਜਿੰਨੀ ਹੁਲਾਰੇ ਦੀ ਲਹਿਰ ਸੀ, ਕਾਂਗਰਸ ਦੀਆਂ ਸਫਾਂ ਅੰਦਰ ਓਸੇ ਤਰ੍ਹਾਂ ਦੀ ਮਾਯੂਸੀ ਦਾ ਕਿਆਸ ਲਾਇਆ ਜਾਣ ਲੱਗਾ ਸੀ। ਬਾਅਦ ਵਿੱਚ ਆਖਰੀ ਗਿਣਤੀ ਤੱਕ ਜਦੋਂ ਨਤੀਜੇ ਪਾਸਾ ਪਟਲਣ ਵਾਲੇ ਸਾਬਤ ਹੋਏ ਤਾਂ ਭਾਜਪਾ ਵਿੱਚ ਮਾਯੂਸੀ ਹੈ ਤੇ ਕਾਂਗਰਸ ਵਾਲੇ ਚਿਹਰੇ ਖਿੜੇ ਜਾਪਦੇ ਹਨ।
ਪਿਛਲੇ ਦੋ ਹਫਤੇ ਜਦੋਂ ਕਰਨਾਟਕਾ ਦੀ ਚੋਣ ਮੁਹਿੰਮ ਸਿਖਰ ਉੱਤੇ ਸੀ, ਓਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸੁਣੇ ਜਾਣ ਲੱਗੇ ਸਨ ਕਿ ਭਾਰਤ ਨੂੰ 'ਕਾਂਗਰਸ ਮੁਕਤ' ਕਰਨ ਦਾ ਨਾਅਰਾ ਅਮਲ ਵਿੱਚ ਆਉਣ ਲੱਗਾ ਹੈ। ਉਸ ਨੇ ਪਿਛਲੇ ਮਹੀਨੇ ਇਹ ਕਿਹਾ ਸੀ ਕਿ ਆਪਣੀ ਚੜ੍ਹਤ ਦੇ ਸਿਖਰ ਉੱਤੇ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦਾ ਰਾਜ ਸਿਰਫ ਅਠਾਰਾਂ ਰਾਜਾਂ ਵਿੱਚ ਸੀ ਤੇ ਮੇਰੀ ਅਗਵਾਈ ਹੇਠ ਭਾਜਪਾ ਦਾ ਰਾਜ ਉੱਨੀ ਰਾਜਾਂ ਵਿੱਚ ਹੋ ਚੁੱਕਾ ਹੈ। ਕੁਝ ਲੋਕ ਇਸ ਗੱਲ ਨੂੰ ਉਸ ਦੀ ਸਵੈ-ਸੋਹਲੇ ਗਾਉਣ ਦੀ ਆਦਤ ਕਹਿ ਕੇ ਟਾਲਣਾ ਚਾਹੁੰਦੇ ਸਨ, ਪਰ ਹਕੀਕਤ ਇਹ ਸੀ ਕਿ ਉਹ ਆਪਣੇ ਮਕਸਦ ਲਈ ਆਪਣੇ ਪਿਛਲੱਗਾਂ ਨੂੰ ਤਿਆਰ ਕਰਨ ਲਈ ਏਦਾਂ ਦੇ ਬੋਲ ਬੜਾ ਗਿਣ-ਮਿਥ ਕੇ ਬੋਲਦੇ ਸਨ ਤੇ ਇਹ ਸ਼ਬਦ ਅਸਰ ਵੀ ਵਿਖਾਉਂਦੇ ਸਨ। ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਚੋਣਾਂ ਵਿੱਚ ਜਿਹੇ ਜਿਹੇ ਭਾਸ਼ਣ ਕਾਂਗਰਸੀ ਆਗੂ ਬੋਲਦੇ ਹਨ, ਉਹ ਕਾਲਜ ਦੇ ਪ੍ਰੋਫੈਸਰ ਵੱਲੋਂ ਸਾਹਮਣੇ ਬੈਠੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਢੰਗ ਹੋਇਆ ਕਰਦਾ ਸੀ ਅਤੇ ਮੋਦੀ ਦਾ ਭਾਸ਼ਣ ਸਿਰਫ ਸਿਆਸਤ ਦੇ ਪੱਤੇ ਸੁੱਟਣ ਵਾਲਾ ਨਹੀਂ, ਆਪਣੇ ਕੇਡਰ ਵਿੱਚ ਜੰਗੀ ਕਿਸਮ ਦਾ ਜਨੂੰਨ ਭਰਨ ਵਾਲਾ ਹੁੰਦਾ ਸੀ। ਉਸ ਦੀ ਰਾਜਨੀਤੀ ਜਨੂੰਨ ਭਰਨ ਦੀ ਹਮੇਸ਼ਾ ਤੋਂ ਰਹੀ ਹੈ ਤੇ ਹਰ ਚੋਣ ਵਿੱਚ ਜਦੋਂ ਅੰਤਲਾ ਸਿਰਾ ਆਉਣ ਲੱਗਦਾ ਹੈ ਤਾਂ ਉਹ ਕੋਈ ਨਾ ਕੋਈ ਚੁਸਤ ਨੁਕਤਾ ਚੁਣ ਕੇ ਇਸ ਚੋਣ ਨੂੰ ਨਿੱਜੀ ਜਾਂ ਫਿਰਕੂ ਰੂਪ ਵੀ ਦੇ ਜਾਂਦੇ ਹਨ।
ਦੂਸਰੇ ਪਾਸੇ ਕਾਂਗਰਸ ਵਾਲਿਆਂ ਨੇ ਅਜੇ ਤੱਕ ਅਕਲ ਕਰਨ ਦਾ ਰਾਹ ਨਹੀਂ ਫੜਿਆ। ਪਹਿਲਾਂ ਤਾਂ ਉਨ੍ਹਾਂ ਕੋਲੋਂ ਇਹੋ ਜਿਹੇ ਕੁਝ ਲੋਕ ਨਹੀਂ ਸੰਭਾਲੇ ਜਾਂਦੇ, ਜਿਹੜੇ ਕੁਝ ਨਾ ਕੁਝ ਉਲਟਾ-ਸਿੱਧਾ ਬੋਲ ਕੇ ਨਰਿੰਦਰ ਮੋਦੀ ਨੂੰ ਆਪਣੇ ਖਿਲਾਫ ਕੁਝ ਹੋਰ ਕੁੜੱਤਣ ਵਾਲਾ ਬੋਲਣ ਦਾ ਮੌਕਾ ਦੇਈ ਜਾਂਦੇ ਹਨ। ਇਸ ਦੀ ਉੱਘੀ ਮਿਸਾਲ ਮਣੀ ਸ਼ੰਕਰ ਅਈਅਰ ਹੈ। ਦੂਸਰਾ ਇਸ ਪਾਰਟੀ ਨੇ ਆਪਣੇ ਪ੍ਰਧਾਨ ਵਜੋਂ ਉਸ ਰਾਹੁਲ ਗਾਂਧੀ ਨੂੰ ਅੱਗੇ ਕਰ ਰੱਖਿਆ ਹੈ, ਜਿਹੜਾ ਆਪਣੇ ਸਲਾਹਕਾਰਾਂ ਦੀ ਤਜਰਬੇ ਤੋਂ ਸੱਖਣੀ ਟੀਮ ਦੀ ਸਿਖਾਵਟ ਮੁਤਾਬਕ ਹਰ ਵਾਰੀ ਕੋਈ ਨਵੀਂ ਉਲਝਣ ਪੈਦਾ ਕਰ ਬਹਿੰਦਾ ਹੈ। ਇਸ ਵਾਰੀ ਕਰਨਾਟਕਾ ਦੀ ਚੋਣ ਜਦੋਂ ਸਿਰੇ ਉੱਤੇ ਪਹੁੰਚੀ ਪਈ ਸੀ, ਉਸ ਨੇ ਇਹ ਕਹਿ ਕੇ ਆਪਣਾ ਮਜ਼ਾਕ ਬਣਾ ਲਿਆ ਕਿ ਅਗਲੇ ਸਾਲ ਕਾਂਗਰਸ ਦੀ ਜਿੱਤ ਦੇ ਬਾਅਦ ਮੈਂ ਪ੍ਰਧਾਨ ਮੰਤਰੀ ਬਣ ਜਾਵਾਂਗਾ। ਪੁੱਛੇ ਜਾਣ ਉੱਤੇ ਉਹ ਕਹਿ ਸਕਦਾ ਸੀ ਕਿ ਇਸ ਕੰਮ ਵਿੱਚ ਅਜੇ ਇੱਕ ਸਾਲ ਪਿਆ ਹੈ, ਹਾਲ ਦੀ ਘੜੀ ਅਸੀਂ ਕਰਨਾਟਕਾ ਦੀ ਗੱਲ ਕਰੀਏ ਤੇ ਜੇ ਫਿਰ ਵੀ ਸਵਾਲ ਕਰਨ ਵਾਲੇ ਨਾ ਰੁਕਦੇ ਤਾਂ ਉਹ ਇਹ ਕਹਿ ਦੇਂਦਾ ਕਿ ਉਹ ਮੌਕਾ ਆਵੇਗਾ ਤਾਂ ਅਸੀਂ ਆਪਣੇ ਗੱਠਜੋੜ ਦੇ ਭਾਈਵਾਲਾਂ ਨਾਲ ਸਲਾਹ ਕਰਾਂਗੇ। ਪ੍ਰਧਾਨ ਮੰਤਰੀ ਬਣਨ ਵਾਸਤੇ ਆਪਣੇ ਤਿਆਰ ਹੋਣ ਦੀ ਇਸ ਇੱਕੋ ਗੱਲ ਨਾਲ ਉਸ ਨੇ ਇਹੋ ਜਿਹੀ ਬਹਿਸ ਛੇੜ ਦਿੱਤੀ ਕਿ ਮੀਡੀਏ ਵਿੱਚ ਇਹੋ ਚਰਚਾ ਹੁੰਦੀ ਰਹੀ ਕਿ ਇਹ ਨੌਜਵਾਨ ਵੱਡੀ ਕੁਰਸੀ ਦੇ ਸੁਫਨੇ ਬਹੁਤ ਲੈਂਦਾ ਹੈ। ਭਾਜਪਾ ਵਾਲਿਆਂ ਤੇ ਉਨ੍ਹਾਂ ਦੇ ਆਗੂ ਨਰਿੰਦਰ ਮੋਦੀ ਨੇ ਇਸ ਮੁੱਦੇ ਨੂੰ ਲੈ ਕੇ ਚੋਣਾਂ ਵਿੱਚ ਵੀ ਗੁੱਡਾ ਬੰਨ੍ਹਣ ਦਾ ਕੰਮ ਜਾਰੀ ਰੱਖਿਆ ਸੀ।
ਤੀਸਰੀ ਗੱਲ ਇਹ ਕਿ ਬਿਹਾਰ ਦਾ ਤਜਰਬਾ ਯਾਦ ਰੱਖਣ ਦੀ ਥਾਂ ਕਾਂਗਰਸ ਪਾਰਟੀ ਆਪਣੇ ਮੁੱਖ ਮੰਤਰੀ ਦੇ ਸ਼ਬਦਾਂ ਉੱਤੇ ਵੱਧ ਭਰੋਸਾ ਕਰ ਗਈ। ਜਦੋਂ ਇਹ ਪਰਖ ਬਿਹਾਰ ਵਿੱਚ ਹੋ ਚੁੱਕੀ ਸੀ ਕਿ ਇਹੋ ਜਿਹੀ ਲੜਾਈ ਵਿੱਚ ਹੋਰਨਾਂ ਧਿਰਾਂ ਦੇ ਨਾਲ ਸਾਂਝਾ ਮੋਰਚਾ ਬਣਾਏ ਬਿਨਾਂ ਕੰਮ ਨਹੀਂ ਸਰ ਸਕਦਾ ਤਾਂ ਏਥੇ ਗੱਠਜੋੜ ਕਰਨ ਲਈ ਤਿਆਰ ਖੜੇ ਐੱਚ ਡੀ ਦੇਵਗੌੜਾ ਅਤੇ ਉਸ ਦੇ ਪੁੱਤਰ ਤੋਂ ਪਾਸਾ ਨਹੀਂ ਸੀ ਵੱਟਣਾ ਚਾਹੀਦਾ। ਉਹ ਆਪਣੀਆਂ ਪਿਛਲੀ ਵਾਰੀ ਦੀਆਂ ਸੀਟਾਂ ਬਚਾ ਕੇ ਇਹ ਕਹਿਣ ਜੋਗੇ ਹੋ ਗਏ ਹਨ ਕਿ ਕਾਂਗਰਸ ਨੂੰ ਖੋਰਾ ਲੱਗਾ ਹੈ, ਅਸੀਂ ਹਨੇਰੀ ਅੱਗੇ ਵੀ ਖੜੇ ਰਹੇ ਹਾਂ, ਪਰ ਕਾਂਗਰਸ ਪਾਰਟੀ ਦੇ ਆਗੂ ਕੀ ਕਹਿਣਗੇ, ਇਸ ਦੇ ਲਈ ਉਨ੍ਹਾਂ ਨੂੰ ਮੱਥਾ ਠਕੋਰਨਾ ਪਵੇਗਾ। ਉਨ੍ਹਾਂ ਦੀ ਬੱਜਰ ਭੁੱਲ ਨੇ ਨੁਕਸਾਨ ਕੀਤਾ ਹੈ।
ਆਖਰੀ ਗੱਲ ਇਹ ਕਿ ਇਸ ਚੋਣ ਤੋਂ ਬਾਅਦ ਦਸੰਬਰ ਵਿੱਚ ਅਗਲਾ ਚੋਣ ਘੋਲ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਉੱਤਰ ਪੂਰਬੀ ਰਾਜ ਮੀਜ਼ੋਰਮ ਦਾ ਹੋਣ ਵਾਲਾ ਹੈ। ਪਿਛਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਦੋਵੇਂ ਥਾਂ ਭਾਜਪਾ ਸਰਕਾਰਾਂ ਹੋਣ ਦੇ ਬਾਵਜੂਦ ਉੱਪ ਚੋਣ ਜਿੱਤਣ ਦੇ ਬਾਅਦ ਇਹ ਵਹਿਮ ਪਾਲ ਲਿਆ ਹੈ ਕਿ ਇਹ ਦੋ ਰਾਜ ਸਾਡੇ ਆਉਣ ਦੀ ਉਡੀਕ ਕਰਦੇ ਪਏ ਹਨ। ਇਹੋ ਜਿਹਾ ਵਹਿਮ ਇਸ ਪਾਰਟੀ ਨੂੰ ਲੈ ਡੁੱਬੇਗਾ। ਉਨ੍ਹਾਂ ਨੂੰ ਅਗਲੇ ਘੋਲ ਲਈ ਬਿਨਾਂ ਦੇਰੀ ਕੀਤੇ ਕੁਝ ਕਰਨਾ ਪਵੇਗਾ, ਨਹੀਂ ਤਾਂ ਨਰਿੰਦਰ ਮੋਦੀ ਦਾ ਕਾਂਗਰਸ-ਮੁਕਤ ਭਾਰਤ ਦਾ ਨਾਅਰਾ ਸੱਚਮੁੱਚ ਅਮਲ ਵਿੱਚ ਆ ਸਕਦਾ ਹੈ। ਇਸੇ ਪੱਖ ਤੋਂ ਖੱਬੇ ਪੱਖੀਆਂ ਅਤੇ ਹੋਰਨਾਂ ਧਿਰਾਂ ਨੂੰ ਵੀ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ। ਭਾਰਤ ਦਾ ਭਵਿੱਖ ਇਸ ਵਕਤ ਇੱਕ ਪਾਰਟੀ ਦੇ ਹੱਥਾਂ ਵਿੱਚ ਜਿਸ ਤਰ੍ਹਾਂ ਸੀਮਤ ਹੁੰਦਾ ਜਾਂਦਾ ਹੈ, ਇਸ ਤੋਂ ਕਈ ਇਹੋ ਜਿਹੇ ਸਿੱਟੇ ਵੀ ਨਿਕਲ ਸਕਦੇ ਹਨ, ਜਿਹੜੇ ਹਾਲੇ ਤੱਕ ਸੋਚੇ ਨਹੀਂ ਜਾ ਰਹੇ। ਕਰਨਾਟਕ ਦੀ ਚੋਣ ਤੋਂ ਸਭ ਨੂੰ ਸਿੱਖਣ ਦੀ ਲੋੜ ਹੈ।
ਰਹੀ ਗੱਲ ਭਾਜਪਾ ਵਾਲਿਆਂ ਦੀ, ਉਨ੍ਹਾਂ ਨੂੰ ਵੀ ਇਹ ਸੋਚ ਨਹੀਂ ਰੱਖ ਲੈਣੀ ਚਾਹੀਦੀ ਕਿ ਸਾਡੇ ਰਾਹ ਵਿੱਚ ਕੋਈ ਖੜੇ ਹੋਣ ਜੋਗਾ ਨਹੀਂ ਰਹਿ ਗਿਆ। ਏਦਾਂ ਦੀ ਸੋਚ ਜਿਸ ਦੇ ਵੀ ਮਨ ਵਿੱਚ ਆ ਜਾਵੇ, ਉਹ ਆਖਰ ਘਾਟੇ ਵਿੱਚ ਰਹਿੰਦਾ ਹੈ। ਜਦੋਂ ਇੰਦਰਾ ਗਾਂਧੀ ਤੇ ਉਸ ਦੇ ਛੋਟੇ ਪੁੱਤਰ ਨੇ 'ਇੰਦਰਾ ਇਜ਼ ਇੰਡੀਆ' ਦਾ ਨਾਅਰਾ ਪ੍ਰਚਾਰਤ ਹੋਣ ਨੂੰ ਸ਼ਹਿ ਦਿੱਤੀ ਤਾਂ ਉਨ੍ਹਾਂ ਨੂੰ ਵੀ ਬੜਾ ਵੱਡਾ ਵਹਿਮ ਸੀ। ਇਹ ਵਹਿਮ ਲੈ ਬੈਠਾ ਸੀ। ਇਸ ਵੇਲੇ ਇਸ ਤਰ੍ਹਾਂ ਦਾ ਵਹਿਮ ਭਾਜਪਾ ਵਿੱਚ ਕਈ ਆਗੂਆਂ ਨੂੰ ਹੁੰਦਾ ਜਾਂਦਾ ਹੈ ਤੇ ਉਹ ਕਿਸੇ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਜਾਪਦੇ। ਲੋਕਤੰਤਰ ਵਿੱਚ ਲੋਕਾਂ ਦੀ ਵੀ ਤੇ ਆਪਣੀ ਪਾਰਟੀ ਅੰਦਰਲੇ ਵੱਖਰੀ ਸੋਚ ਵਾਲਿਆਂ ਦੀ ਗੱਲ ਵੀ ਸੁਣਨੀ ਪੈਂਦੀ ਹੈ। ਇਸ ਦਾ ਚੇਤਾ ਰੱਖਣਾ ਪਵੇਗਾ।

1224 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper