Latest News
ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

Published on 15 May, 2018 11:22 AM.


ਬੰਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਹਾਲਾਂਕਿ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐੱਸ ਯੇਦੀਯੁਰੱਪਾ ਨੇ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾ ਤੋਂ ਬਾਅਦ ਕੁਮਾਰਸੁਆਮੀ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾ ਨਾਲ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਅਜ਼ਾਦ ਵੀ ਮੌਜੂਦ ਸਨ। ਕਾਂਗਰਸ ਨੇ ਜਨਤਾ ਦਲ ਐੱਸ ਨੂੰ ਸਰਕਾਰ ਬਣਾਉਣ ਲਈ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ।
ਚੋਣ ਨਤੀਜਿਆਂ ਮੁਤਾਬਕ ਭਾਜਪਾ ਨੂੰ 104, ਕਾਂਗਰਸ ਨੂੰ 78, ਜਨਤਾ ਦਲ ਐੱਸ ਨੂੰ 38 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ, ਜਦਕਿ 2 ਆਜ਼ਾਦ ਉਮੀਦਵਾਰਾਂ ਨੂੰ ਵੀ ਜਿੱਤ ਨਸੀਬ ਹੋਈ ਹੈ।
ਯੇਦੀਯੁਰੱਪਾ ਅਤੇ ਕੁਮਾਰ ਸਵਾਮੀ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਬਹੁਮਤ ਸਾਬਤ ਕਰਨ ਲਈ ਇੱਕ ਹਫਤੇ ਦਾ ਸਮਾਂ ਮੰਗਿਆ ਹੈ।
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਆਈ ਹੈ ਅਤੇ ਉਸ ਨੇ 100 ਦਾ ਅੰਕੜਾ ਪਾਰ ਕਰ ਲਿਆ ਹੈ, ਪਰ ਉਹ ਦੋ ਸੌ ਬਾਈ ਮੈਂਬਰੀ ਵਿਧਾਨ ਸਭਾ ਵਿੱਚ 112 ਸੀਟਾਂ ਹਾਸਲ ਕਰਨ ਦੇ ਅੰਕੜੇ ਤੋਂ ਦੂਰ ਰਹਿ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਅਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਦੀ ਜਨਤਾ ਦਲ ਸੈਕੂਲਰ ਪਾਰਟੀ ਲਈ ਖ਼ੁਸ਼ੀ ਦੀ ਗੱਲ ਹੈ। ਜਨਤਾ ਦਲ ਸੈਕੂਲਰ ਨੇ ਭਾਵੇਂ 38 ਸੀਟਾਂ ਜਿੱਤੀਆਂ ਹਨ, ਪਰ ਕਾਂਗਰਸ ਨੇ ਉਸ ਨੂੰ ਹਮਾਇਤ ਕਰਨ ਦੀ ਪੇਸ਼ਕਸ਼ ਕਰ ਦਿੱਤੀ ਹੈ। ਕਾਂਗਰਸ ਨੇ ਪਹਿਲ ਕਰਦਿਆਂ ਜਨਤਾ ਦਲ ਐੱਸ ਨੂੰ ਸਰਕਾਰ ਬਣਾਉਣ ਲਈ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਨ੍ਹਾ ਦੀ ਦੇਵਗੌੜਾ ਅਤੇ ਐੱਚ ਡੀ ਕੁਮਾਰਸਵਾਮੀ ਨਾਲ ਫ਼ੋਨ 'ਤੇ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਕਾਂਗਰਸ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ। ਇਸ ਵਾਰ ਜਨਤਾ ਦਲ ਐੱਸ ਨੇ ਬਸਪਾ ਸਮੇਤ ਚਾਰ ਪਾਰਟੀਆਂ ਦੇ ਸਹਿਯੋਗ ਨਾਲ ਚੋਣਾਂ ਲੜੀਆਂ ਸਨ। ਆਜ਼ਾਦ ਉਮੀਦਵਾਰਾਂ ਨੇ ਭਾਜਪਾ ਨੂੰ ਹਮਾਇਤ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਚੋਣ ਨਤੀਜਿਆਂ ਮੁਤਾਬਕ ਕਾਂਗਰਸ ਅਤੇ ਜਨਤਾ ਦਲ ਐੱਸ ਮਿਲ ਕੇ ਆਸਾਨੀ ਨਾਲ ਸਰਕਾਰ ਬਣਾ ਸਕਦੇ ਹਨ। ਇਸ ਦੌਰਾਨ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਬਣਾਉਣ ਲਈ ਕੀਤੀ ਗਈ ਪੇਸ਼ਕਸ਼ ਨੂੰ ਜਨਤਾ ਦਲ ਐੱਸ ਨੇ ਮਨਜ਼ੂਰ ਕਰ ਲਿਆ ਹੈ। ਸਾਲ 2004 ਦੀਆਂ ਚੋਣਾਂ ਵਿੱਚ ਜਨਤਾ ਦਲ ਐੱਸ ਨੂੰ 58 ਸੀਟਾਂ ਮਿਲੀਆਂ ਸਨ, ਜਦਕਿ ਭਾਜਪਾ ਨੂੰ ਇਨ੍ਹਾਂ ਚੋਣਾਂ ਵਿੱਚ 79 ਅਤੇ ਕਾਂਗਰਸ ਨੂੰ 65 ਸੀਟਾਂ ਮਿਲੀਆਂ ਸਨ, ਅਜਿਹੇ ਹਾਲਾਤ ਵਿੱਚ ਜਨਤਾ ਦਲ ਐੱਸ ਨੇ ਦੋਵਾਂ ਪਾਰਟੀਆਂ ਦਾ ਰਾਹ ਰੋਕ ਲਿਆ ਸੀ। ਜਨਤਾ ਦਲ ਐੱਸ ਨੇ ਪਹਿਲਾਂ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਅਤੇ ਇਸ ਤੋਂ ਬਾਅਦ ਭਾਜਪਾ ਨਾਲ ਹੱਥ ਮਿਲਾ ਲਿਆ ਸੀ।

137 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper