Latest News
ਕੈਪਟਨ ਅਮਰਿੰਦਰ ਵੱਲੋਂ ਗਡਕਰੀ ਨੂੰ ਪੱਤਰ

Published on 16 May, 2018 11:09 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰੋਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਣਨ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰੋਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਸੜਕੀ ਟਰਾਂਸਪੋਰਟ, ਹਾਈਵੇਜ਼ ਅਤੇ ਸ਼ਿਪਿੰਗ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਪੱਤਰ ਲਿਖ ਕੇ ਇਸ ਸੰਬੰਧ ਵਿਚ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਸੜਕੀ ਸੰਪਰਕ ਉਪਲੱਬਧ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਕਿਸੇ ਅੜਚਨ ਦੇ ਆਉਣ-ਜਾਣ ਦੀ ਸੁਵਿਧਾ ਮਿਲ ਸਕੇ।
ਇਹ 13 ਸੜਕੀ ਪ੍ਰੋਜੈਕਟ 436.48 ਕਿਲੋਮੀਟਰ ਲੰਮੇ ਅਤੇ 1737.20 ਕਰੋੜ ਰੁਪਏ ਦੀ ਲਾਗਤ ਦੇ ਹਨ। ਇਨ੍ਹਾਂ ਵਿਚ ਲੁਧਿਆਣਾ-ਹੰਬੜਾਂ-ਸਿੱਧਵਾਂ ਬੇਟ-ਧਰਮਕੋਟ-ਕੋਟ ਈਸੇ ਖਾਂ (70 ਕਿ.ਮੀ), ਪਾਤੜਾਂ-ਮੂਣਕ (24 ਕਿ.ਮੀ), ਫਿਲੌਰ-ਨਗਰ-ਰਾਹੋਂ (31.50 ਕਿ.ਮੀ), ਮੋਰਿੰਡਾ-ਕੈਨੌਰ–ਰੋਪੜ (18.03 ਕਿ.ਮੀ), ਪੱਖੋਂ ਕੈਂਚੀਆਂ-ਭਗਤਾ ਭਾਈਕਾ (35 ਕਿ.ਮੀ) ਅਬੋਹਰ-ਹਨੂੰਮਾਨਗੜ੍ਹ (21 ਕਿ.ਮੀ), ਕੌਹਾੜ-ਸਾਹਨੇਵਾਲ-ਡੇਹਲੋਂ-ਪੱਖੋਵਾਲ ਤੋਂ ਦਾਖਾ-ਬਰਨਾਲਾ (63.35 ਕਿ.ਮੀ), ਭਵਾਨੀਗੜ੍ਹ-ਸਮਾਣਾ (23 ਕਿ.ਮੀ), ਸਮਰਾਲਾ-ਪਾਇਲ-ਰਾੜਾ-ਜਗਾੜਾ (40.38 ਕਿ.ਮੀ), ਅੰਮ੍ਰਿਤਸਰ- ਫਤਹਿਗੜ੍ਹ ਚੂੜੀਆਂ- ਡੇਰਾ ਬਾਬਾ ਨਾਨਕ (45.75 ਕਿ.ਮੀ), ਬਟਾਲਾ-ਕਾਦੀਆਂ (15.50 ਕਿ.ਮੀ), ਲੰਬੀ-ਗਿੱਦੜਬਾਹਾ (16.75 ਕਿ.ਮੀ) ਅਤੇ ਫਿਰੋਜ਼ਪੁਰ-ਫਰੀਦਕੋਟ 31.22 ਕਿ.ਮੀ ਸ਼ਾਮਲ ਹਨ।
ਜਿਨ੍ਹਾਂ 7 ਸੜਕੀ ਪ੍ਰੋਜੈਕਟਾਂ ਨੂੰ ਨਵੇਂ ਕੌਮੀ ਰਾਜ ਮਾਰਗ ਐਲਾਣਨ ਬਾਰੇ ਮੁੱਖ ਮੰਤਰੀ ਨੇ ਪੱਤਰ ਲਿਖਿਆ ਹੈ, ਉਨ੍ਹਾਂ ਵਿੱਚ ਪਟਿਆਲਾ-ਪਾਤੜਾਂ-ਮੂਣਕ (90 ਕਿ.ਮੀ), ਲਾਂਡਰਾਂ-ਸਰਹਿੰਦ (32 ਕਿ.ਮੀ), ਗੁਰਦਾਸਪੁਰ-ਸ੍ਰੀ ਹਰਗੋਬਿੰਦ ਪੁਰ (40 ਕਿ.ਮੀ), ਬਿਆਸ-ਮਹਿਤਾ-ਬਟਾਲਾ (35 ਕਿ.ਮੀ), ਲੁਧਿਆਣਾ-ਮੱਤੇਵਾੜਾ-ਰਾਹੋਂ (23 ਕਿ.ਮੀ), ਕਪੂਰਥਲਾ-ਨਕੋਦਰ-ਨੂਰਮਹਿਲ-ਫਿਲੌਰ (66 ਕਿ.ਮੀ) ਅਤੇ ਕਪੂਰਥਲਾ-ਕਰਤਾਰਪੁਰ-ਕਿਸ਼ਨਗੜ੍ਹ-ਆਦਮਪੁਰ (35 ਕਿ.ਮੀ) ਸ਼ਾਮਲ ਹਨ।
ਮੁੱਖ ਮੰਤਰੀ ਨੇ ਐੱਨ ਐੱਚ-64 'ਤੇ ਭਵਾਨੀਗੜ੍ਹ ਕਸਬੇ ਵਿਚ 250 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੁਲ ਦੇ ਨਿਰਮਾਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਵੀ ਸ੍ਰੀ ਗਡਕਰੀ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਆਵਾਜਾਈ ਦੀ ਸਮੱਸਿਆ ਹੱਲ ਕਰੇਗਾ ਅਤੇ ਸੰਘਣੀ ਵਸੋਂ ਵਾਲੇ ਭਵਾਨੀਗੜ੍ਹ ਸ਼ਹਿਰ ਵਿਚ ਸੜਕੀ ਹਾਦਸਿਆਂ ਨੂੰ ਘਟਾਵੇਗਾ।
ਉਨ੍ਹਾਂ ਲਿਖਿਆ ਹੈ ਕਿ ਐਨ ਐਚ-64 ਦਾ ਪਟਿਆਲਾ-ਬਠਿੰਡਾ ਸੈਕਸ਼ਨ 176 ਕਿ.ਮੀ ਹੈ, ਨੂੰ ਹਾਲ ਹੀ ਵਿੱਚ ਚਾਰ ਮਾਰਗੀ ਕੀਤਾ ਗਿਆ ਹੈ ਅਤੇ ਇਸ 'ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਵੱਲੋਂ ਟੋਲ ਇਕੱਤਰ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲਿਖੇ ਆਪਣੇ ਪੱਤਰ ਵਿਚ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਸੰਪਰਕ 800 ਕਰੋੜ ਰੁਪਏ ਦੀ ਲਾਗਤ ਨਾਲ ਆਰਥਿਕ ਗਲਿਆਰੇ ਨਾਲ ਜੋੜਨ ਦਾ ਵੀ ਮੁੱਦਾ ਉਠਾਇਆ। ਕੇਂਦਰ ਸਰਕਾਰ ਭਾਰਤਮਾਲਾ ਪਰਿਯੋਜਨਾ ਦੇ ਹੇਠ ਆਰਥਿਕ ਗਲਿਆਰਿਆਂ, ਅੰਤਰ-ਗਲਿਆਰਿਆਂ ਅਤੇ ਫੀਡਰ ਰੂਟਾਂ ਨੂੰ ਵਿਕਸਤ ਕਰ ਰਹੀ ਹੈ। ਪੰਜਾਬ ਸੂਬੇ ਵਿੱਚ ਅਜ਼ਮੇਰ-ਲੁਧਿਆਣਾ-ਆਰਥਿਕ ਗਲਿਆਰਾ ਜੋ ਮਾਲੇਰਕੋਟਲਾ-ਸੰਗਰੂਰ-ਸੁਨਾਮ-ਮੂਣਕ ਵਿੱਚੋਂ ਦੀ ਗੁਜ਼ਰਦਾ ਹੈ, ਨੂੰ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਲਿਆਰੇ ਨੂੰ ਮੰਡੀ ਗੋਬਿੰਦਗੜ੍ਹ ਨਾਲ ਜੋੜੇ ਜਾਣ ਨਾਲ ਇਸ ਦੇ ਸਟੀਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਵਾਸਤੇ ਸਿੱਧਾ ਸੰਪਰਕ ਸੰਗਰੂਰ ਦੇ ਨੇੜੇ ਅਮਲੋਹ-ਭਦੌੜ-ਛਿੰਟਾਂਵਾਲਾ-ਭਲਵਾਨ ਫੀਡਰ ਰੂਟ ਨਾਲ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਬਾਈਪਾਸ ਨੇੜਿਓਂ ਸ਼ੁਰੂ ਹੁੰਦੇ ਜੰਕਸ਼ਨ ਵਿਚ ਵੀ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਵਾਸਤੇ 25 ਕਰੋੜ ਰੁਪਏ ਦੀ ਲਾਗਤ ਨਾਲ ਇਕ ਫਲਾਈਓਵਰ ਦੇ ਨਿਰਮਾਣ ਦੀ ਮੰਗ ਕੀਤੀ ਹੈ, ਤਾਂ ਜੋ ਆਵਾਜਾਈ ਦੀ ਸੱਮਸਿਆ ਨੂੰ ਹੱਲ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਨੇ 60 ਕਰੋੜ ਦੀ ਲਾਗਤ ਨਾਲ ਐੱਨ ਐੱਚ-64 ਕੌਮੀ ਮਾਰਗ ਦੇ ਸੈਕਸ਼ਨ ਨੂੰ ਵੀ ਮਜ਼ਬੂਤ ਬਣਾਉਣ ਦੀ ਵੀ ਮੰਗ ਉਠਾਈ ਹੈ। ਮੁੱਖ ਮੰਤਰੀ ਨੇ ਸੂਬੇ ਵਿਚ ਨੈਸ਼ਨਲ ਹਾਈਵੇਜ਼ ਦੇ ਚਾਰ ਮਾਰਗੀ ਪ੍ਰੋਜੈਕਟ ਲਾਗੂ ਕਰਨ ਦਾ ਕੰਮ ਪੀ.ਡਬਲਯੂ.ਡੀ ਨੂੰ ਦਿੱਤੇ ਜਾਣ ਦੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿਉਂਕਿ ਇਸ ਕੰਮ ਵਿਚ ਇਸ ਦਾ ਲੋੜੀਂਦਾ ਤਜਰਬਾ ਹੈ।

112 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper