Latest News
ਕੇਂਦਰ ਕਸ਼ਮੀਰ 'ਚ ਜੰਗਬੰਦੀ ਲਈ ਰਾਜ਼ੀ

Published on 16 May, 2018 11:16 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੋਦੀ ਸਰਕਾਰ ਨੇ ਇੱਕ ਵੱਡਾ ਕਦਮ ਉਠਾਉਂਦਿਆਂ ਜੰਮੂ-ਕਸ਼ਮੀਰ ਸਰਕਾਰ ਦੀ ਇੱਕ ਵੱਡੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਹੁਣ ਰਮਜਾਨ ਦੇ ਪਵਿੱਤਰ ਮਹੀਨੇ ਦੌਰਾਨ ਸੁਰੱਖਿਆ ਦਸਤੇ ਕੋਈ ਅਪਰੇਸ਼ਨ ਨਹੀਂ ਚਲਾਉਣਗੇ। ਜੇਕਰ ਇਸ ਸਮੇਂ ਦੌਰਾਨ ਅੱਤਵਾਦੀ ਕੋਈ ਹਮਲਾ ਕਰਦੇ ਹਨ ਤਾਂ ਫ਼ੌਜ ਉਸ ਦਾ ਢੁੱਕਵਾਂ ਜਵਾਬ ਦੇਵੇਗੀ। ਇਸ ਫ਼ੈਸਲੇ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਰਮਜਾਨ 'ਚ ਮਾਹੌਲ ਸ਼ਾਂਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਾਲ ਹੀ 'ਚ ਕੇਂਦਰ ਸਰਕਾਰ ਕੋਲੋਂ ਕਸ਼ਮੀਰ ਘਾਟੀ 'ਚ ਰਮਜਾਨ ਤੋਂ ਲੈ ਕੇ ਅਮਰਨਾਥ ਯਾਤਰਾ ਦੀ ਸਮਾਪਤੀ ਅਰਥਾਤ ਅਗਸਤ ਦੇ ਆਖੀਰ ਤੱਕ ਇਕਤਰਫ਼ਾ ਜੰਗਬੰਦੀ ਐਲਾਨ ਕਰਨ ਦੀ ਅਪੀਲ ਕੀਤੀ ਸੀ। ਮੁਫ਼ਤੀ ਦੀ ਇਸ ਮੰਗ ਪਿੱਛੇ ਘਾਟੀ 'ਚ ਮੁਕਾਬਲਿਆਂ ਦੌਰਾਨ ਸੁਰੱਖਿਆ ਦਸਤਿਆਂ ਅਤੇ ਆਮ ਨਾਗਰਿਕਾਂ ਦੀਆਂ ਮੌਤਾਂ ਦੇ ਨਾਲ-ਨਾਲ ਪੱਥਰਬਾਜ਼ਾ 'ਤੇ ਰੋਕ ਲਾਉਣਾ ਦੱਸਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਜੇਕਰ ਨਿਰਦੋਸ਼ ਵਿਅਕਤੀਆਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਦਸਤਿਆਂ ਨੂੰ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ। ਮੰਤਰਾਲੇ ਨੇ ਆਸ ਪ੍ਰਗਟਾਈ ਕਿ ਰਮਜਾਨ ਦੇ ਪਵਿੱਤਰ ਦਿਨਾਂ 'ਚ ਸਰਕਾਰ ਅਤੇ ਸੁਰੱਖਿਆ ਦਸਤਿਆਂ ਨੂੰ ਲੋਕ ਸਹਿਯੋਗ ਦੇਣਗੇ। ਸਰਕਾਰ ਵੱਲੋਂ ਜੰਮੂ ਕਸ਼ਮੀਰ 'ਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ 'ਚ ਇਹ ਇੱਕ ਵੱਡਾ ਕਦਮ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਬਾਰੇ 'ਚ ਬਿਆਨ ਦਿੰਦਿਆਂ ਕਿਹਾ ਕਿ ਜੋ ਲੋਕ ਇਸਲਾਮ ਦੇ ਨਾਂਅ 'ਤੇ ਨਿਰਦੋਸ਼ਾਂ ਦਾ ਖ਼ੂਨ ਡੋਲ ਰਹੇ ਹਨ, ਉਨ੍ਹਾਂ ਨੂੰ ਸਮਾਜ ਤੋਂ ਵੱਖਰਾ ਕੀਤਾ ਜਾਵੇ। ਬਿਨਾਂ ਕਿਸੇ ਕਾਰਨ ਕਿਸੇ ਦਾ ਲਹੂ ਡੋਲਣਾ ਜਾਂ ਖੌਫ਼ ਦਾ ਮਾਹੌਲ ਪੈਦਾ ਕਰਨਾ ਆਮ ਜੀਵਨ ਸ਼ੈਲੀ ਦੇ ਖ਼ਿਲਾਫ਼ ਹੈ। ਇਸ ਤੋਂ ਪਹਿਲਾਂ ਸੂਬੇ ਦੇ ਡੀ ਜੀ ਪੀ ਵੀ ਕਹਿ ਚੁੱਕੇ ਹਨ ਕਿ ਉਹ ਉਨ੍ਹਾਂ ਅੱਤਵਾਦੀਆਂ ਦੀ ਸਹਾਇਤਾ ਅਤੇ ਸਮੱਰਥਨ ਕਰਨਗੇ, ਜੋ ਆਤਮ ਸਮਰਪਣ ਕਰਨਗੇ।

18 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper