Latest News
ਸ਼ਾਹਕੋਟ ਜ਼ਿਮਨੀ ਚੋਣ ਮਗਰੋਂ ਪੰਚਾਇਤੀ ਚੋਣਾਂ ਲਈ ਮੈਦਾਨ ਤਿਆਰ

Published on 17 May, 2018 11:10 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਪੰਚਾਇਤੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਆਹਮੋ-ਸਾਹਮਣੇ ਹੋਣਗੀਆਂ।ਇਸ ਵਾਰ ਪੰਚਾਇਤ ਚੋਣਾਂ ਜੁਲਾਈ ਦੇ ਆਖਰ ਜਾਂ ਅਗਸਤ ਦੇ ਪਹਿਲੇ ਹਫਤੇ ਹੋਣਗੀਆਂ।ਸੂਤਰਾਂ ਮੁਤਾਬਿਕ ਸਰਕਾਰ ਵੱਲੋਂ 9 ਅਗਸਤ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਹੈ।ਪਿਛਲੀ ਵਾਰ ਪੰਚਾਇਤੀ ਚੋਣਾਂ 3 ਜੁਲਾਈ 2013 ਨੂੰ ਹੋਈਆਂ ਸਨ।ਪੰਚਾਇਤਾਂ ਨੂੰ 10 ਅਗਸਤ, 2013 ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ ਸੀ।ਇਸ ਹਿਸਾਬ ਨਾਲ ਮੌਜੂਦਾ ਪੰਚਾਇਤਾਂ ਦੀ ਮਿਆਦ 9 ਅਗਸਤ 2018 ਤੱਕ ਹੈ। ਇਸ ਕਾਰਨ ਸਰਕਾਰ ਵੱਲੋਂ ਇਸ ਮਿਤੀ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀਆਂ ਚੋਣਾਂ 19 ਜੂਨ, 2013 ਨੂੰ ਹੋਈਆਂ ਸਨ।ਇਨ੍ਹਾਂ ਦੋਵਾਂ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ 10 ਜੁਲਾਈ, 2013 ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ ਸੀ।
ਇਨ੍ਹਾਂ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀ ਮਿਆਦ 9 ਜੁਲਾਈ, 2018 ਤੱਕ ਹੈ।ਇਸ ਲਈ ਇਨ੍ਹਾਂ ਪੰਚਾਇਤੀ ਸੰਸਥਾਵਾਂ ਦੀ ਚੋਣ ਵੀ ਇਸ ਮਿਤੀ ਤੋਂ ਪਹਿਲਾਂ ਹੋਣ ਦੇ ਅਸਾਰ ਹਨ।
ਪਿਛਲੀਆਂ ਚੋਣਾਂ ਦੌਰਾਨ ਸੂਬੇ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,028 ਸੀ। ਇਸ ਵਾਰ 285 ਨਵੀਆਂ ਪੰਚਾਇਤ ਬਣਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਵਾਰ ਆਕਾਰ ਦੇ ਮੱਦੇਨਜ਼ਰ ਮੁੜ ਗਠਨ ਤਹਿਤ ਪੰਚਾਇਤਾਂ ਦੀ ਗਿਣਤੀ 300 ਤੱਕ ਵੱਧ ਸਕਦੀ ਹੈ।ਇਸ ਪ੍ਰਕਿਰਿਆ ਦੌਰਾਨ ਅਜਿਹੀਆਂ ਪੰਚਾਇਤਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਵੋਟਰਾਂ ਆਦਿ ਪੱਖੋਂ ਆਕਾਰ ਬੜਾ ਛੋਟਾ ਹੈ, ਜਿਸ ਤਹਿਤ ਕੁਝ ਪੰਚਾਇਤਾਂ ਨੂੰ ਇਕ-ਦੂਜੇ ਵਿੱਚ ਮਿਲਾਇਆ ਵੀ ਜਾ ਰਿਹਾ ਹੈ।

695 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper