Latest News
ਅਫਸੋਸਨਾਕ ਸਥਿਤੀ ਹੈ ਇਹ

Published on 17 May, 2018 11:35 AM.


ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਆਪਣੇ ਰਾਜ ਕਰਨਾਟਕਾ ਵਿੱਚ ਇੱਕ ਵਾਰ ਮੁੜ ਕੇ ਮੁੱਖ ਮੰਤਰੀ ਬਣ ਗਿਆ ਹੈ। ਇਸ ਰਾਜ ਦੀ ਵਿਧਾਨ ਸਭਾ ਚੋਣ ਵਿੱਚ ਜਿੱਦਾਂ ਦੀ ਨਾਟਕਬਾਜ਼ੀ ਹੁੰਦੀ ਰਹੀ, ਓਦੋਂ ਵੱਧ ਵੋਟਾਂ ਦੀ ਗਿਣਤੀ ਦੇ ਦਿਨ ਹੁੰਦੀ ਵੇਖੀ ਗਈ। ਕਦੀ ਇੱਕ ਧਿਰ ਅੱਗੇ ਤੇ ਕਦੀ ਦੂਸਰੀ ਅੱਗੇ ਨਿਕਲਦੀ ਰਹੀ। ਸ਼ਾਮ ਪੈਣ ਤੱਕ ਜਦੋਂ ਨੂੰ ਹਾਲਤ ਜ਼ਰਾ ਸਪੱਸ਼ਟ ਹੋਈ ਤਾਂ ਸਭ ਤੋਂ ਵੱਡੀ ਪਾਰਟੀ ਬਣ ਕੇ ਵੀ ਭਾਜਪਾ ਬਹੁ-ਮੱਤ ਤੋਂ ਪਛੜ ਗਈ। ਕਾਂਗਰਸ ਪਾਰਟੀ ਦੀ ਹਾਰ ਹੋਈ, ਪਰ ਉਹ ਏਨੇ ਜੋਗੀ ਰਹਿ ਗਈ ਕਿ ਵਿਰੋਧੀ ਧਿਰ ਦੀ ਇੱਕ ਹੋਰ ਪਾਰਟੀ, ਜਨਤਾ ਦਲ (ਐੱਸ) ਨਾਲ ਮਿਲ ਕੇ ਰਾਜ ਦੀ ਸਰਕਾਰ ਲਈ ਦਾਅਵਾ ਕਰ ਸਕੇ। ਜਨਤਾ ਦਲ (ਐੱਸ) ਨੇ ਉਸ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਅਤੇ ਜਦੋਂ ਗਵਰਨਰ ਤੱਕ ਪਹੁੰਚ ਕੀਤੀ ਤਾਂ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਯੇਦੀਯੁਰੱਪਾ ਓਥੇ ਜਾ ਕੇ ਬੇਨਤੀ ਕਰ ਚੁੱਕਾ ਸੀ। ਏਥੇ ਕੋਈ 'ਪਹਿਲਾਂ ਆਓ, ਪਹਿਲਾਂ ਪਾਓ'’ਦਾ ਫਾਰਮੂਲਾ ਨਹੀਂ ਸੀ ਚੱਲਣਾ, ਵਿਧਾਇਕਾਂ ਦੀ ਗਿਣਤੀ ਨਾਲ ਬਹੁ-ਗਿਣਤੀ ਵੇਖਣੀ ਪੈਣੀ ਸੀ। ਗਵਰਨਰ ਨੇ ਇਹ ਗਿਣਤੀ ਨਹੀਂ ਸੀ ਵੇਖੀ ਤੇ ਭਾਜਪਾ ਦੇ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਉਹ ਸੱਦਾ ਦੇ ਦਿੱਤਾ, ਜਿਹੜਾ ਇਖਲਾਕੀ ਆਧਾਰ ਉੱਤੇ ਵੀ ਅਤੇ ਬਹੁ-ਗਿਣਤੀ ਵਾਲੇ ਸੰਵਿਧਾਨਕ ਪੱਖ ਤੋਂ ਵੀ ਉਸ ਦਾ ਹੱਕ ਨਹੀਂ ਸੀ ਬਣ ਸਕਦਾ। ਇਸ ਤਰ੍ਹਾਂ ਗਵਰਨਰ ਨੇ ਸਾਫ਼ ਹੀ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਤੇ ਉਸ ਦੀ ਖ਼ੁਦ ਦੀ ਆਪਣੀ ਪਾਰਟੀ ਦਾ ਪੱਖ ਪੂਰਨ ਦਾ ਕੰਮ ਕਰ ਕੇ ਗ਼ਲਤ ਕੀਤਾ ਹੈ।
ਕਾਂਗਰਸ ਪਾਰਟੀ ਤੇ ਉਸ ਦੀ ਹਮਾਇਤ ਪ੍ਰਾਪਤ ਜਨਤਾ ਦਲ (ਐੱਸ) ਨੇ ਖੜੇ ਪੈਰ ਸੁਪਰੀਮ ਕੋਰਟ ਨੂੰ ਪਹੁੰਚ ਕੀਤੀ ਤਾਂ ਅੱਧੀ ਰਾਤ ਨੂੰ ਅਦਾਲਤ ਨੇ ਸੁਣਵਾਈ ਆਰੰਭ ਕਰ ਦਿੱਤੀ। ਦੋਵਾਂ ਧਿਰਾਂ ਦੇ ਵਕੀਲਾਂ ਦੀ ਭਖਵੀਂ ਬਹਿਸ ਹੋਈ ਤੇ ਨੁਕਤੇ ਇੱਕ ਤਰ੍ਹਾਂ ਭਾਜਪਾ ਅਤੇ ਗਵਰਨਰ ਦੇ ਵਿਰੋਧ ਵਿੱਚ ਭਾਰੂ ਨਜ਼ਰ ਆਉਂਦੇ ਸਨ। ਭਾਜਪਾ ਵਾਲੀ ਧਿਰ ਦੇ ਵਕੀਲ ਦੀ ਦਲੀਲ ਇਹ ਸੀ ਕਿ ਗਵਰਨਰ ਨੇ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਕਿਹੜੀ ਧਿਰ ਬਹੁ-ਸੰਮਤੀ ਸਾਬਤ ਕਰ ਸਕਦੀ ਹੈ ਤੇ ਇਸ ਵਾਰੀ ਕਰਨਾਟਕਾ ਦੇ ਗਵਰਨਰ ਨੂੰ ਇਹ ਲੱਗਾ ਹੈ ਕਿ ਭਾਜਪਾ ਕੋਲ ਬਹੁ-ਸੰਮਤੀ ਦੇ ਨੇੜੇ ਸੀਟਾਂ ਆਪਣੀਆਂ ਹਨ ਅਤੇ ਉਹ ਥੋੜ੍ਹਾ ਹੰਭਲਾ ਮਾਰ ਕੇ ਬਹੁ-ਸੰਮਤੀ ਬਣਾ ਸਕਦੀ ਹੈ। ਕਾਂਗਰਸ ਵਾਲੇ ਗੱਠਜੋੜ ਦੇ ਵਕੀਲ ਦੀ ਦਲੀਲ ਸੀ ਕਿ ਦੂਸਰੀਆਂ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਦੀ ਗਿਣਤੀ ਜਦੋਂ ਸਾਫ਼ ਹੀ ਬਹੁ-ਸੰਮਤੀ ਤੋਂ ਚਾਰ ਵੱਧ ਬਣਦੀ ਹੈ ਤਾਂ ਭਾਜਪਾ ਹੰਭਲੇ ਨਹੀਂ ਮਾਰੇਗੀ, ਖ਼ਰੀਦੋ-ਫਰੋਖਤ ਕਰਨ ਦੇ ਗ਼ਲਤ ਢੰਗ ਇਸਤੇਮਾਲ ਕਰ ਕੇ ਸੱਤਾ ਸੰਭਾਲਣ ਦਾ ਜ਼ੋਰ ਲਾਵੇਗੀ। ਭਾਜਪਾ ਪੱਖ ਦਾ ਵਕੀਲ ਕਹਿੰਦਾ ਸੀ ਕਿ ਜਦੋਂ ਏਦਾਂ ਦੀ ਸਥਿਤੀ ਹੋਵੇ ਤਾਂ ਗਵਰਨਰ ਦਾ ਹੱਕ ਹੁੰਦਾ ਹੈ ਕਿ ਉਹ ਵਿਧਾਨ ਸਭਾ ਵਿਚਲੀ ਸਭ ਤੋਂ ਵੱਡੀ ਪਾਰਟੀ ਨੂੰ ਪਹਿਲਾਂ ਸੱਦਾ ਦੇਵੇ ਤੇ ਇਹੋ ਕੁਝ ਕਰਨਾਟਕਾ ਦੇ ਗਵਰਨਰ ਨੇ ਕੀਤਾ ਹੈ। ਕਾਂਗਰਸ ਦੇ ਵਕੀਲ ਨੇ ਇਹੋ ਨੁਕਤਾ ਮੋੜਵਾਂ ਉਭਾਰਿਆ ਕਿ ਇਹ ਅਸੂਲ ਹੀ ਮੰਨਣਾ ਸੀ ਤਾਂ ਗੋਆ ਵਿੱਚ ਕਾਂਗਰਸ ਕੋਲ ਸਤਾਰਾਂ ਤੇ ਭਾਜਪਾ ਵਾਲੇ ਪਾਸੇ ਸਿਰਫ਼ ਤੇਰਾਂ ਸਨ, ਓਥੇ ਇਹ ਅਸੂਲ ਨਹੀਂ ਸੀ ਵਰਤਿਆ ਗਿਆ ਤੇ ਭਾਜਪਾ ਨੂੰ ਸੱਦਾ ਦੇ ਦਿੱਤਾ ਗਿਆ ਸੀ। ਮਨੀਪੁਰ ਵਿੱਚ ਵੀ ਕਾਂਗਰਸ ਕੋਲ ਅਠਾਈ ਸੀਟਾਂ ਸਨ ਤੇ ਭਾਜਪਾ ਕੋਲ ਸਿਰਫ਼ ਇੱਕੀ ਹੋਣ ਦੇ ਬਾਵਜੂਦ ਇਹ ਸੱਦਾ ਭਾਜਪਾ ਨੂੰ ਹੀ ਦਿੱਤਾ ਗਿਆ ਸੀ। ਇਸ ਦਾ ਅਰਥ ਹੈ ਕਿ ਜਿੱਥੇ ਜਿਹੜਾ ਫਾਰਮੂਲਾ ਭਾਜਪਾ ਨੂੰ ਫਿੱਟ ਬੈਠਦਾ ਹੈ, ਉਹ ਵਰਤਿਆ ਜਾਣ ਦਾ ਰਿਵਾਜ ਪੈਂਦਾ ਜਾ ਰਿਹਾ ਹੈ। ਅੰਤਲੀ ਦਲੀਲ ਸਰਕਾਰੀ ਧਿਰ ਦੀ ਇਹ ਸੀ ਕਿ ਗਵਰਨਰ ਇਸ ਵਕਤ ਇੱਕ ਐਕਸ਼ਨ ਛੋਹ ਬੈਠਾ ਹੈ, ਅੱਧ ਵਿਚਾਲੇ ਨਹੀਂ ਰੋਕਿਆ ਜਾ ਸਕਦਾ, ਬਾਅਦ ਵਿੱਚ ਇਸ ਮੁੱਦੇ ਉੱਤੇ ਅਦਾਲਤ ਸੁਣਵਾਈ ਕਰ ਸਕਦੀ ਹੈ।
ਏਥੇ ਆ ਕੇ ਜੱਜ ਸਾਹਿਬਾਨ ਨੇ ਚੱਲਦੀ ਪ੍ਰਕਿਰਿਆ ਹੇਠ ਗਵਰਨਰ ਦੇ ਸੱਦੇ ਉੱਤੇ ਯੇਦੀਯੁਰੱਪਾ ਦੇ ਸਹੁੰ ਚੁੱਕਣ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਕਾਂਗਰਸ ਦੀ ਅਰਜ਼ੀ ਰੱਦ ਨਹੀਂ ਸੀ ਕੀਤੀ, ਇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਕਰਨ ਦਾ ਐਲਾਨ ਕਰ ਦਿੱਤਾ। ਦਿਨ ਚੜ੍ਹੇ ਯੇਦੀਯੁਰੱਪਾ ਨੇ ਸਹੁੰ ਚੁੱਕੀ ਤੇ ਮੁੱਖ ਮੰਤਰੀ ਬਣ ਗਿਆ। ਕਰਨਾਟਕ ਦੀਆਂ ਤਾਜ਼ਾ ਖ਼ਬਰਾਂ ਇਹ ਹਨ ਕਿ ਖ਼ਰੀਦੋ-ਫਰੋਖਤ ਦਾ ਬਾਜ਼ਾਰ ਸਿਖ਼ਰਾਂ ਉੱਤੇ ਹੈ। ਕਦੀ ਕਾਂਗਰਸ ਦੇ ਚਾਰ ਵਿਧਾਇਕਾਂ ਨੂੰ ਖਿਸਕਾਏ ਜਾਣ ਦੀ ਖ਼ਬਰ ਆਉਂਦੀ ਹੈ ਤੇ ਕਦੀ ਜਨਤਾ ਦਲ (ਐੱਸ) ਦੇ ਬੰਦੇ ਪੱਟਣ ਲਈ ਹੁੰਦੇ ਯਤਨ ਸੁਣਨ ਲਈ ਮਿਲਣ ਲੱਗਦੇ ਹਨ। ਵਿਧਾਇਕਾਂ ਦੀ ਬੋਲੀ ਸ਼ਰੇਆਮ ਲੱਗਣ ਦੀ ਚਰਚਾ ਵੀ ਹੋਈ ਜਾ ਰਹੀ ਹੈ। ਅਮੀਰ ਰਾਜ ਕਰਨਾਟਕਾ ਦੀ ਗੱਦੀ ਲੈਣ ਲਈ ਜਿੱਦਾਂ ਦੀ ਸੌਦੇਬਾਜ਼ੀ ਚੱਲਦੀ ਸੁਣੀ ਜਾ ਰਹੀ ਹੈ, ਉਸ ਵਿੱਚ ਵਿਧਾਇਕਾਂ ਦਾ ਮੁੱਲ ਦੋ-ਚਾਰ ਜਾਂ ਵੀਹ-ਤੀਹ ਕਰੋੜ ਤੱਕ ਵੀ ਸੀਮਤ ਨਹੀਂ ਰਿਹਾ, ਇਹ ਇਸ ਵਕਤ ਤੱਕ ਸੌ ਕਰੋੜ ਰੁਪਏ ਪ੍ਰਤੀ ਵਿਧਾਇਕ ਤੱਕ ਪਹੁੰਚ ਗਿਆ ਸੁਣੀਂਦਾ ਹੈ।
ਸਿੱਧੀ ਜਿਹੀ ਗੱਲ ਇਹ ਹੈ ਕਿ ਏਨਾ ਪੈਸਾ ਜਿਸ ਕਿਸੇ ਨੇ ਖ਼ਰਚਣਾ ਹੈ, ਉਸ ਨੇ ਪੱਲਿਓਂ ਨਹੀਂ ਖ਼ਰਚਣਾ, ਕੁਝ ਖ਼ਾਸ ਥੈਲੀਸ਼ਾਹ ਉਸ ਦੇ ਪਿੱਛੇ ਖੜੇ ਹੋਣਗੇ। ਥੈਲੀਸ਼ਾਹ ਜਦੋਂ ਇਹੋ ਜਿਹੇ ਕੰਮ ਵਿੱਚ ਪੈਸਾ ਖ਼ਰਚਣਗੇ ਤਾਂ ਉਹ ਖ਼ਰਚ ਨਹੀਂ ਕਰਦੇ, ਸਗੋਂ ਅਗਲੇ ਸਮੇਂ ਦੇ ਕਾਰੋਬਾਰ ਲਈ ਪੂੰਜੀ ਨਿਵੇਸ਼ ਕਰਦੇ ਹਨ। ਜਿੰਨਾ ਲਾਉਣਗੇ, ਉਸ ਤੋਂ ਕਈ ਗੁਣਾਂ ਕੱਢਣਗੇ। ਇਸ ਦੇ ਬਾਅਦ ਜਿਹੜਾ ਪੈਸਾ ਉਹ ਕਈ ਗੁਣਾਂ ਕਰ ਕੇ ਕੱਢਣਗੇ, ਉਹ ਲੋਕਾਂ ਦੇ ਹੱਡਾਂ ਵਿੱਚੋਂ ਨਿਕਲੇਗਾ। ਲੋਕਤੰਤਰ ਵਿੱਚ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਸੱਤਾ ਦੀ ਖਿੱਚੋਤਾਣ ਵਿੱਚ ਇਸ ਬੇਹੂਦਗੀ ਨਾਲ ਵਰਤੀ ਜਾਂਦੀ ਜਦੋਂ ਸਾਫ਼ ਦਿੱਸਦੀ ਹੈ ਤਾਂ ਉਸ ਦੇ ਹੁੰਦਿਆਂ ਲੋਕਤੰਤਰ ਦੇ ਅਰਥ ਹੀ ਬਦਲ ਜਾਂਦੇ ਹਨ। ਬਹੁਤ ਹੀ ਅਫਸੋਸਨਾਕ ਸਥਿਤੀ ਹੈ ਇਹ।

1459 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper