Latest News
ਪਾਣੀ ਵਿੱਚ ਪੈਂਦੇ ਹੋਏ ਜ਼ਹਿਰ ਦਾ ਮੁੱਦਾ

Published on 21 May, 2018 11:18 AM.


ਪੰਜ ਦਰਿਆਵਾਂ ਦੀ ਧਰਤੀ ਦੇ ਦੋ ਦਰਿਆ ਪਾਕਿਸਤਾਨ ਚਲੇ ਗਏ ਤੇ ਜਿਹੜੇ ਸਾਡੇ ਤਿੰਨ ਏਧਰ ਵਗਦੇ ਰਹਿ ਗਏ, ਉਨ੍ਹਾਂ ਵਿੱਚੋਂ ਵਿਚਕਾਰਲਾ ਦਰਿਆ ਬਿਆਸ ਇਸ ਵਕਤ ਜ਼ਹਿਰੀਲੇ ਵਹਿਣ ਦੇ ਕਾਰਨ ਚਰਚਿਆਂ ਵਿੱਚ ਹੈ। ਉਸ ਦੇ ਅੰਦਰ ਵਗਦਾ ਇਹੋ ਜਿਹਾ ਜ਼ਹਿਰੀਲਾ ਪਾਣੀ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਮਾਲਵੇ ਦੇ ਕੁਝ ਜ਼ਿਲ੍ਹਿਆਂ ਅਤੇ ਫਿਰ ਰਾਜਸਥਾਨ ਦੇ ਇੱਕ ਕਾਫ਼ੀ ਵੱਡੇ ਹਿੱਸੇ ਦੇ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਿਆ ਪਿਆ ਹੈ। ਸਰਕਾਰ ਨੇ ਲੋਕਾਂ ਨੂੰ ਇਸ ਦਰਿਆ ਵਿੱਚੋਂ ਨਿਕਲੀਆਂ ਨਹਿਰਾਂ ਤੋਂ ਸਪਲਾਈ ਹੁੰਦਾ ਪਾਣੀ ਪੀਣ ਦੀ ਮਨਾਹੀ ਕਰ ਦਿੱਤੀ ਹੈ। ਅੜੇ-ਥੁੜੇ ਲੋਕਾਂ ਕੋਲ ਹੋਰ ਕੋਈ ਰਾਹ ਨਾ ਹੋਣ ਕਾਰਨ ਫਿਰ ਵੀ ਉਹ ਇਸ ਦਾ ਪਾਣੀ ਪੀਂਦੇ ਸੁਣੇ ਜਾ ਰਹੇ ਹਨ ਤੇ ਖ਼ਤਰਾ ਹੈ ਕਿ ਇਸ ਨਾਲ ਉਹ ਕੁਝ ਰੋਗ ਸਹੇੜ ਸਕਦੇ ਹਨ। ਸਰਕਾਰ ਦੀ ਚੌਕਸੀ ਜਿੰਨੀ ਕੁ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਏਸੇ ਲਈ ਇਹ ਡਰ ਕਾਇਮ ਹੈ ਕਿ ਕਿਧਰੇ ਇਸ ਪਾਣੀ ਦੇ ਨਾਲ ਉਸ ਪਾਸੇ ਕੋਈ ਵੱਡੀ ਮੁਸੀਬਤ ਖੜੀ ਨਾ ਹੋ ਜਾਂਦੀ ਹੋਵੇ।
ਕਿਹੋ ਜਿਹੀ ਅਤੇ ਕਿੱਥੇ ਇਹ ਮੁਸੀਬਤ ਹੋਵੇਗੀ, ਇਹ ਵੇਖਣਾ ਸਰਕਾਰ ਦਾ ਕੰਮ ਹੈ ਤੇ ਉਸ ਸਰਕਾਰ ਦਾ ਕੰਮ ਹੈ, ਜਿਸ ਦੀ ਮਸ਼ੀਨਰੀ ਦੀ ਲਾਪਰਵਾਹੀ ਕਾਰਨ ਇਹ ਦੁਖਾਂਤਕ ਸਥਿਤੀ ਪੈਦਾ ਹੋਈ ਹੈ। ਇੱਕ ਦਿਨ ਅਚਾਨਕ ਬਿਆਸ ਵਿੱਚੋਂ ਨਿਕਲ ਕੇ ਮੱਛੀਆਂ ਕੰਢੇ ਦੀ ਰੇਤ ਵਿੱਚ ਆ ਕੇ ਮਰਨ ਲੱਗ ਪਈਆਂ ਤੇ ਗਵਾਂਢ ਦੇ ਵਪਾਰੀ ਟਰੱਕਾਂ ਵਿੱਚ ਭਰ ਕੇ ਮੰਡੀਆਂ ਵੱਲ ਲਿਜਾਣ ਲੱਗ ਪਏ। ਫਿਰ ਇਹ ਪਤਾ ਲੱਗਾ ਕਿ ਇੱਕ ਮਿੱਲ ਦੇ ਅੰਦਰੋਂ ਜ਼ਹਿਰੀਲਾ ਸੀਰਾ ਛੱਡੇ ਜਾਣ ਨਾਲ ਦਰਿਆ ਦਾ ਪਾਣੀ ਜ਼ਹਿਰੀਲਾ ਹੋ ਕੇ ਇਹ ਮੱਛੀਆਂ ਮਰੀਆਂ ਹਨ ਤੇ ਇਹ ਖਾਣ ਵਾਲੀਆਂ ਨਹੀਂ, ਇਸ ਲਈ ਅੱਗੋਂ ਇਨ੍ਹਾਂ ਦੀ ਵਿਕਰੀ ਦਾ ਰਾਹ ਰੋਕਣ ਲਈ ਪ੍ਰਸ਼ਾਸਨ ਨੱਸ ਤੁਰਿਆ। ਇਹ ਉਹੀ ਪ੍ਰਸ਼ਾਸਨ ਹੈ, ਜਿਸ ਨੇ ਪਹਿਲਾਂ ਕਦੀ ਚੈੱਕ ਨਹੀਂ ਕੀਤਾ ਕਿ ਮਿੱਲਾਂ ਦੇ ਮਾਲਕ ਆਪਣੇ ਮੁਨਾਫੇ ਕਾਰਨ ਟਰੀਟਮੈਂਟ ਪਲਾਂਟ ਨਹੀਂ ਲਾਉਂਦੇ ਤੇ ਜ਼ਹਿਰੀਲਾ ਪਦਾਰਥ ਆਮ ਕਰ ਕੇ ਰਾਤਾਂ ਨੂੰ ਦਰਿਆਵਾਂ ਤੇ ਨਾਲਿਆਂ ਵਿੱਚ ਸੁੱਟਦੇ ਹਨ। ਇਸ ਵੇਲੇ ਇੱਕ ਮਿੱਲ ਦੇ ਪਾਣੀ ਦਾ ਮੁੱਦਾ ਗੰਭੀਰ ਹੋਇਆ ਪਿਆ ਹੈ ਤੇ ਜਿਹੜੇ ਵੀ ਮਿੱਲ ਮਾਲਕ ਦੀ ਗ਼ਲਤੀ ਨਿਕਲਦੀ ਹੈ, ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਪਰ ਗੱਲ ਸਿਰਫ਼ ਇੱਕ ਮਿੱਲ ਤੱਕ ਨਹੀਂ ਰੱਖੀ ਜਾ ਸਕਦੀ। ਸਾਰੇ ਪੰਜਾਬ ਵਿੱਚ ਇਹੋ ਹਾਲ ਕੀਤਾ ਪਿਆ ਹੈ, ਕੋਈ ਪੁੱਛਣ ਵਾਲਾ ਹੀ ਨਹੀਂ ਹੈ।
ਇਹ ਗੱਲ ਚਰਚਾ ਵਿੱਚ ਹੈ ਕਿ ਇਸ ਮਿੱਲ ਦੇ ਮਾਲਕ ਇਸ ਵਕਤ ਦੀ ਪੰਜਾਬ ਸਰਕਾਰ ਦੇ ਨੇੜੇ ਗਿਣੇ ਜਾਂਦੇ ਹਨ, ਪਰ ਜਦੋਂ ਪਿਛਲੀ ਸਰਕਾਰ ਸੀ, ਜਿਸ ਨਾਲ ਨੇੜ ਨਹੀਂ ਸੀ, ਕੀ ਓਦੋਂ ਇਸ ਮਿੱਲ ਵਿੱਚੋਂ ਇਹ ਪਾਣੀ ਲੀਕ ਨਹੀਂ ਸੀ ਹੁੰਦਾ? ਅਸਲੀਅਤ ਇਹ ਹੈ ਕਿ ਸਿਰਫ਼ ਇਹੋ ਇੱਕ ਮਿੱਲ ਨਹੀਂ, ਪੰਜਾਬ ਦੀਆਂ ਲਗਭਗ ਸਾਰੀਆਂ ਮਿੱਲਾਂ ਏਦਾਂ ਹੀ ਜ਼ਹਿਰੀ ਮਾਦਾ ਦਰਿਆਵਾਂ ਅਤੇ ਨਾਲਿਆਂ ਵਿੱਚ ਸੁੱਟਣ ਦਾ ਕੰਮ ਕਰਦੀਆਂ ਹਨ। ਜਿਹੜੇ ਮਿੱਲ ਮਾਲਕਾਂ ਦਾ ਸਰਕਾਰ ਦੇ ਨਾਲ ਕੋਈ ਸਿੱਧਾ ਟੇਢਾ ਸੰਬੰਧ ਨਹੀਂ ਹੁੰਦਾ, ਆਪਣੀ ਮਿੱਲ ਦਾ ਗੰਦ ਉਹ ਵੀ ਦਰਿਆਵਾਂ ਵਿੱਚ ਵਗਾਈ ਜਾਂਦੇ ਹਨ ਤੇ ਉਨ੍ਹਾਂ ਉੱਤੇ ਕਾਰਵਾਈ ਇਸ ਕਰ ਕੇ ਨਹੀਂ ਹੁੰਦੀ ਕਿ ਜੇ ਉਨ੍ਹਾਂ ਉੱਤੇ ਕੀਤੀ ਜਾਵੇ ਤਾਂ ਦੂਸਰਿਆਂ ਨਾਲ ਲਿਹਾਜ ਦਾ ਕੇਸ ਹਾਈ ਕੋਰਟ ਤੱਕ ਪਹੁੰਚ ਕੇ ਕਈ ਨਵੇਂ ਵਿਵਾਦ ਪੈਦਾ ਕਰ ਸਕਦਾ ਹੈ। ਇਸ ਕਰ ਕੇ ਸਰਕਾਰਾਂ ਚਲਾਉਣ ਵਾਲੇ ਇਸ ਸਾਰੇ ਕੁਝ ਨੂੰ ਹੁੰਦਾ ਵੇਖ ਕੇ ਆਪ ਵੀ ਅੱਖਾਂ ਮੀਟੀ ਰੱਖਦੇ ਹਨ ਤੇ ਆਪਣੇ ਅਫ਼ਸਰਾਂ ਨੂੰ ਵੀ ਇਹ ਕਹਿ ਦੇਂਦੇ ਹਨ ਕਿ ਕਰਨਾ ਕੁਝ ਨਹੀਂ, ਜੇ ਕੁਝ ਮਾੜਾ ਵਾਪਰ ਗਿਆ ਤਾਂ ਇਹ ਕਹਿ ਦੇਣਾ ਕਾਫ਼ੀ ਹੈ ਕਿ ਜਾਣ-ਬੁੱਝ ਕੇ ਕੁਝ ਨਹੀਂ ਸੀ ਕੀਤਾ, ਇਹ ਤਾਂ ਇੱਕ ਹਾਦਸਾ ਸੀ। ਇਹ ਮਿੱਲ ਤਾਂ ਮਾਝੇ ਦੇ ਅਣਗੌਲੇ ਜਿਹੇ ਖੇਤਰ ਵਿੱਚ ਲੱਗੀ ਹੋਈ ਹੋਣ ਕਰ ਕੇ ਕਿਸੇ ਨੇ ਧਿਆਨ ਨਹੀਂ ਕੀਤਾ ਹੋਵੇਗਾ, ਹਾਲਾਂਕਿ ਇਸ ਵੱਲ ਧਿਆਨ ਨਾ ਕਰਨਾ ਵੀ ਮੁਜਰਮਾਨਾ ਕੋਤਾਹੀ ਹੈ, ਪਰ ਲੁਧਿਆਣੇ ਦੇ ਬੁੱਢੇ ਨਾਲੇ ਉੱਤੋਂ ਰੋਜ਼ ਅੱਧੀ ਸਰਕਾਰ ਗੁਜ਼ਰਦੀ ਵੇਖਦੇ ਹਾਂ, ਉਸ ਦਾ ਗੰਦ ਵੀ ਕਦੀ ਕਿਸੇ ਨੇ ਨੋਟ ਕਰਨ ਦੀ ਲੋੜ ਨਹੀਂ ਸਮਝੀ। ਇੱਕ ਵਾਰੀ ਪਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੂੰ ਅੰਦਰ ਤਾੜ ਕੇ ਬਾਹਰੋਂ ਏਦਾਂ ਦਾ ਤਾਲਾ ਲਾਇਆ ਕਿ ਪੁਲਸ ਵਾਲੇ ਆ ਕੇ ਛੁਡਾ ਕੇ ਗਏ ਸਨ। ਪਿੱਛੋਂ ਇਹ ਪਤਾ ਲੱਗਾ ਸੀ ਕਿ ਮਿੱਲ ਇੱਕ ਮੰਤਰੀ ਦੇ ਪਰਵਾਰ ਦੀ ਸੀ।
ਅਸੀਂ ਫਿਰ ਇਹ ਕਹਿਣਾ ਜ਼ਰੂਰੀ ਸਮਝਦੇ ਹਾਂ ਕਿ ਜਿਸ ਵੀ ਮਿੱਲ ਤੋਂ ਇਹ ਪਾਣੀ ਛੱਡਿਆ ਗਿਆ ਹੋਵੇ, ਉਸ ਮਿੱਲ ਦੀ ਮੈਨੇਜਮੈਂਟ ਦੇ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੋਈ ਢਿੱਲ ਨਹੀਂ ਦੇਣੀ ਚਾਹੀਦੀ, ਪਰ ਗੱਲ ਏਥੋਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਸਮੁੱਚੇ ਪੰਜਾਬ ਵਿੱਚ ਇਸ ਵਕਤ ਗੰਦ ਦੇ ਵਹਿਣ ਵਗਦੇ ਪਏ ਹਨ। ਕੈਂਸਰ ਤੇ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਸਾਡੇ ਲੋਕਾਂ ਨੂੰ ਲੱਗ ਰਹੀਆਂ ਹਨ ਤੇ ਮੁਨਾਫੇ ਦੀ ਦੌੜ ਵਿੱਚ ਸਮਾਜੀ ਫ਼ਰਜ਼ਾਂ ਨੂੰ ਭੁਲਾਈ ਫਿਰਦੇ ਮਿੱਲ ਮਾਲਕਾਂ ਅਤੇ ਉਨ੍ਹਾਂ ਨੂੰ ਸ਼ਹਿ ਦੇਂਦੀਆਂ ਸਰਕਾਰਾਂ ਨੂੰ ਇਸ ਦੀ ਬਹੁਤੀ ਚਿੰਤਾ ਨਹੀਂ ਜਾਪਦੀ। ਇਹ ਚਿੰਤਾ ਕਰਨੀ ਪੈਣੀ ਹੈ, ਵਰਨਾ ਪੰਜਾਬ ਦੇ ਲੋਕਾਂ ਨਾਲ ਜੋ ਕੁਝ ਵਾਪਰ ਰਿਹਾ ਹੈ, ਭਵਿੱਖ ਵਿੱਚ ਉਸ ਤੋਂ ਨਿਕਲਣ ਵਾਲੇ ਸਿੱਟਿਆਂ ਤੋਂ ਸਰਕਾਰਾਂ ਨੂੰ ਚਲਾਉਣ ਵਾਲੇ ਪੱਲਾ ਨਹੀਂ ਝਾੜ ਸਕਣਗੇ। ਆਪਣੇ ਰਾਜ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਦਾ ਜਿਹੜਾ ਫ਼ਰਜ਼ ਉਨ੍ਹਾਂ ਦੇ ਜ਼ਿੰਮੇ ਹੈ, ਮਨੁੱਖੀ ਸਿਹਤ ਨਾਲ ਹੁੰਦਾ ਖਿਲਵਾੜ ਰੋਕਣ ਦੀ ਜ਼ਿੰਮੇਵਾਰੀ ਵੀ ਉਸ ਵਿੱਚ ਸ਼ਾਮਲ ਹੈ। ਸੰਸਾਰ ਤਾਂ ਧਰਤੀ ਦੇ ਬਚਾਅ ਲਈ ਕੁਦਰਤ ਦੀ ਬਣਾਈ ਹੋਈ ਓਜ਼ੋਨ ਗੈਸ ਦੀ ਛਤਰੀ ਵਿੱਚ ਹੁੰਦੇ ਛੇਕ ਬਾਰੇ ਵੀ ਚਿੰਤਾ ਕਰਦਾ ਪਿਆ ਹੈ, ਅਸੀਂ ਆਪਣੇ ਨੱਕ ਹੇਠ ਵਗਦੇ ਵਹਿਣਾਂ ਵੱਲ ਵੀ ਨਾ ਵੇਖ ਸਕੇ ਤਾਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਕੀ ਦੇਵਾਂਗੇ!

1518 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper