Latest News
ਕਾਂਗਰਸ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨਵਾਂ ਐਕਟ ਲਿਆਉਣ ਦੀ ਤਿਆਰੀ 'ਚ

Published on 23 May, 2018 03:27 AM.

ਚੰਡੀਗੜ੍ਹ, 23 ਮਈ (ਕ੍ਰਿਸ਼ਨ ਗਰਗ)
ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ 'ਤੇ ਵਿਚਾਰ ਕਰਨ ਲਈ ਬਣਾਈ ਸਬ ਕੈਬਨਿਟ ਕਮੇਟੀ ਜਿਸ ਵਿਚ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ ਅਤੇ ਓ.ਪੀ ਸੋਨੀ ਵੱਲੋਂ ਮੁਲਾਜ਼ਮ ਜਥੇਬੰਦੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਘੱਟੋ-ਘੱਟ ਉਜਰਤ ਲਾਗੂ ਕਰਨ ਦੀ ਮੰਗ ਰੱਖੀ ਗਈ, ਜਿਸ 'ਤੇ ਲੰਬੀ ਵਿਚਾਰ ਚਰਚਾ ਹੋਈ ਅਤੇ ਮੁਲਾਜ਼ਮਾਂ ਵੱਲੋਂ ਆਪਣੇ ਤਰਕ ਰੱਖੇ ਗਏ। ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਏ ਐਕਟ ਨੂੰ ਮਾਨਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਅਦਾਲਤ ਵੱਲੋਂ ਐਕਟ ਵਿਚ ਬਦਲਾਅ ਕਰਨ ਸੰਬੰਧੀ ਨਿਰਦੇਸ਼ ਦਿੱਤੇ ਗਏ ਹਨ, ਜਿਸ ਕਰਕੇ ਸਰਕਾਰ ਵੱਲੋਂ ਇਸ ਐਕਟ ਵਿਚ ਲੋੜੀਂਦੇ ਬਦਲਾਅ ਕਰਕੇ ਐਕਟ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਰਣਜੀਤ ਸਿੰਘ ਰਾਣਵਾਂ, ਅੰਮ੍ਰਿਤਪਾਲ ਸਿੰਘ, ਰਜਿੰਦਰ ਸਿੰਘ, ਰਵਿੰਦਰ ਰਵੀ ਨੇ ਕਿਹਾ ਕਿ ਮੀਟਿੰਗ ਦੌਰਾਨ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਵੱਖ-ਵੱਖ ਵਿਭਾਗਾਂ ਵਿਚ ਮੁਲਾਜ਼ਮ ਪਿਛਲੇ 15-20 ਸਾਲਾਂ ਤੋਂ ਠੇਕਾ ਅਧਾਰ 'ਤੇ ਕੰਮ ਕਰ ਰਹੇ ਹਨ ਤੇ ਚੋਣਾਂ ਦੌਰਾਨ ਕਾਂਗਰਸ ਵੱਲੋਂ ਸਰਕਾਰ ਬਨਣ 'ਤੇ ਤੁਰੰਤ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਸਬ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਐਕਟ ਦਾ ਖਰੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰ ਦਿੱਤਾ ਗਿਆ ਹੈ ਅਤੇ ਖਰੜੇ 'ਤੇ ਅਗਲੇ ਵਿਚਾਰ ਲਈ ਮੁਲਾਜ਼ਮ ਜਥੇਬੰਦੀ ਨਾਲ ਜੂਨ ਮਹੀਨੇ ਦੌਰਾਨ ਮੀਟਿੰਗ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਐਕਟ ਵਿਚ ਕੀਤੀਆਂ ਜਾਣ ਵਾਲੀਆਂ ਸੋਧਾਂ ਮੁਲਾਜ਼ਮ ਵਿਰੋਧੀ ਹੋਈਆਂ ਤਾਂ ਮੁਲਾਜ਼ਮ ਸੰਘਰਸ਼ ਕਰਦੇ ਹੋਏ ਸੜਕਾਂ 'ਤੇ ਉਤਰਨਗੇ। ਆਗੂਆਂ ਨੇ ਦੱਸਿਆ ਕਿ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਸਬ ਕੈਬਨਿਟ ਕਮੇਟੀ ਪ੍ਰਧਾਨ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਦ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ 25 ਮਈ ਨੂੰ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ।

430 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper