Latest News
ਗੰਭੀਰ ਹੁੰਦਾ ਆਰਥਕ ਸੰਕਟ

Published on 27 May, 2018 09:32 AM.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਉੜੀਸਾ ਦੇ ਕਟਕ ਵਿੱਚ ਆਯੋਜਤ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਭਰਪੂਰ ਗੁਣ ਗਾਇਣ ਕੀਤਾ। ਹੋਰਨਾਂ ਗੱਲਾਂ ਦੇ ਇਲਾਵਾ ਉਨ੍ਹਾ ਨੇ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਉਨ੍ਹਾ ਤੋਂ ਪਹਿਲਾਂ ਵਾਲੇ ਸ਼ਾਸਕਾਂ ਨੇ ਸੱਤਰ ਸਾਲਾਂ ਵਿੱਚ ਦੇਸ਼ ਦੇ ਵਿਕਾਸ ਲਈ ਉਹ ਕੁਝ ਨਹੀਂ ਕੀਤਾ, ਜੋ ਉਨ੍ਹਾ ਨੇ ਕਰ ਵਿਖਾਇਆ ਹੈ। ਉਨ੍ਹਾ ਨੇ ਇਸ ਗੰਭੀਰ ਤੱਥ ਦਾ ਉੱਕਾ ਹੀ ਜ਼ਿਕਰ ਨਹੀਂ ਕੀਤਾ ਕਿ ਡਾਲਰ ਤੇ ਦੂਜੀਆਂ ਵਿਦੇਸ਼ੀ ਕਰੰਸੀਆਂ ਦੇ ਮੁਕਾਬਲੇ ਵਿੱਚ ਭਾਰਤੀ ਰੁਪਏ ਦੀ ਕੀਮਤ ਵਿੱਚ ਜੋ ਗਿਰਾਵਟ ਲਗਾਤਾਰ ਆ ਰਹੀ ਹੈ, ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਸ ਸਾਲ ਦੇ ਪਹਿਲੇ ਮਹੀਨੇ ਜਨਵਰੀ ਵਿੱਚ ਇੱਕ ਡਾਲਰ ਦੇ ਮੁਕਾਬਲੇ ਸਾਨੂੰ 63.64 ਰੁਪਏ ਅਦਾ ਕਰਨੇ ਪੈਂਦੇ ਸਨ। ਅਪ੍ਰੈਲ ਤੱਕ ਪਹੁੰਚਦਿਆਂ-ਪਹੁੰਚਦਿਆਂ ਇਹ ਦਰ 65.64 ਰੁਪਏ ਤੱਕ ਅੱਪੜ ਗਈ। ਮੌਜੂਦਾ ਸਮੇਂ ਰੁਪਏ ਦੀ ਹੋਰ ਤੋਂ ਹੋਰ ਕਦਰ-ਘਟਾਈ ਹੁੰਦੀ ਜਾ ਰਹੀ ਹੈ। ਪਿਛਲੇ ਹਫ਼ਤੇ ਇੱਕ ਡਾਲਰ ਦੇ ਮੁਕਾਬਲੇ ਸਾਨੂੰ 68.02 ਰੁਪਏ ਅਦਾ ਕਰਨੇ ਪੈਂਦੇ ਰਹੇ ਹਨ।
ਇਹੋ ਨਹੀਂ, ਸਾਡਾ ਵਪਾਰ ਘਾਟਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਸਾਨੂੰ ਵਾਧੂ ਵਿਦੇਸ਼ੀ ਧਨ ਖ਼ਰਚ ਕਰਨਾ ਪੈ ਰਿਹਾ ਹੈ। ਸਾਡੀਆਂ ਦਰਾਮਦਾਂ ਲਗਾਤਾਰ ਵਧ ਰਹੀਆਂ ਹਨ ਤੇ ਬਰਾਮਦਾਂ ਘਟਦੀਆਂ ਜਾ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਸਤੀ ਮਜ਼ਦੂਰੀ ਹੋਣ ਦੇ ਬਾਵਜੂਦ ਸਾਡੇ ਮੁਲਕ ਦੀਆਂ ਬਣੀਆਂ ਹੋਈਆਂ ਵਸਤਾਂ ਬਦੇਸ਼ੀ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਵਿੱਚ ਟਿਕ ਨਹੀਂ ਰਹੀਆਂ, ਪਰ ਡਾਲਰ ਦੇ ਮੁਕਾਬਲੇ ਰੁਪਏ ਦੀ ਕਦਰ-ਘਟਾਈ ਕਾਰਨ ਸਨਅਤਾਂ ਵਿੱਚ ਕੰਮ ਆਉਣ ਵਾਲਾ ਜੋ ਮਾਲ ਅਸੀਂ ਦਰਾਮਦ ਕਰਦੇ ਹਾਂ, ਉਸ ਦੀ ਸਾਨੂੰ ਵੱਧ ਕੀਮਤ ਤਾਰਨੀ ਪੈ ਰਹੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਆਰਥਕ ਮਾਹਰਾਂ ਤੇ ਬਦੇਸ਼ੀ ਰੇਟਿੰਗ ਏਜੰਸੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਮਲ ਇੰਜ ਹੀ ਜਾਰੀ ਰਹਿੰਦਾ ਹੈ ਤਾਂ ਸਾਡੀ ਜੀ ਡੀ ਪੀ ਵਿੱਚ ਕਮੀ ਵਾਪਰ ਸਕਦੀ ਹੈ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਅਮਰੀਕਾ ਦੇ ਫ਼ੈਡਰਲ ਰਿਜ਼ਰਵ ਵੱਲੋਂ ਜਿਵੇਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ, ਉਸ ਕਾਰਨ ਬਦੇਸ਼ੀ ਨਿਵੇਸ਼ਕ ਪੂੰਜੀ ਬਾਜ਼ਾਰ ਵਿੱਚ ਲਾਇਆ ਸਰਮਾਇਆ ਧੜਾਧੜ ਵਾਪਸ ਲਿਜਾ ਰਹੇ ਹਨ। ਕਹਿਣ ਦਾ ਭਾਵ ਇਹ ਹੈ ਕਿ ਬਦੇਸ਼ੀ ਪੂੰਜੀ ਨਿਵੇਸ਼ ਘਟਦਾ ਜਾ ਰਿਹਾ ਹੈ, ਜਿਸ ਕਾਰਨ ਰੁਪਏ ਦੀ ਕਦਰ-ਘਟਾਈ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸਧਾਰਨ ਨਾਗਰਿਕ ਹੀ ਮੁਸ਼ਕਲਾਂ ਵਿੱਚ ਨਹੀਂ ਘਿਰ ਰਹੇ, ਸਗੋਂ ਸੰਕਟ ਦੀ ਮਾਰੀ ਕਿਸਾਨੀ ਦੀ ਹਾਲਤ ਵੀ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਕਿ ਉਨ੍ਹਾ ਨੇ ਕਟਕ ਦੀ ਰੈਲੀ ਵਿੱਚ ਕਿਸਾਨੀ ਨੂੰ 2022 ਤੱਕ ਅਨਾਜ ਦੀਆਂ ਦੁੱਗਣੀਆਂ, ਅਰਥਾਤ ਲਾਹੇਵੰਦ ਕੀਮਤਾਂ ਹਾਸਲ ਕਰਵਾਉਣ ਦਾ ਲਾਲੀਪਾਪ ਵਿਖਾ ਦਿੱਤਾ ਹੈ। ਉਨ੍ਹਾ ਨੇ ਕਿਸਾਨੀ ਨਾਲ ਸੱਤਾ ਸੰਭਾਲਣ ਸਮੇਂ ਜੋ ਵਾਅਦੇ ਕੀਤੇ ਸਨ, ਹੁਣ ਉਨ੍ਹਾਂ ਨੂੰ ਉੱਕਾ ਹੀ ਵਿਸਾਰ ਦਿੱਤਾ ਹੈ। ਕਿਸਾਨਾਂ ਦੀ ਹਾਲਤ ਅੱਜ ਇਹ ਹੈ ਕਿ ਭਾਜਪਾ ਸ਼ਾਸਤ ਰਾਜਾਂ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਆਦਿ ਵਿੱਚ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਮੰਡੀ ਵਿੱਚ ਲਿਆਂਦੀਆਂ ਜਿਣਸਾਂ ਦਾ ਉਹ ਸਮਰੱਥਨ ਮੁੱਲ ਵੀ ਨਹੀਂ ਮਿਲ ਰਿਹਾ, ਜਿਸ ਦਾ ਮੋਦੀ ਸਰਕਾਰ ਨੇ ਐਲਾਨ ਕਰ ਰੱਖਿਆ ਹੈ।
ਚਾਰ ਸਾਲਾ ਜਸ਼ਨਾਂ ਦੀ ਆਪਣੀ ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਤਾਂ ਖ਼ੂਬ ਗਿਣਾਈਆਂ, ਪਰ ਉਨ੍ਹਾ ਨੇ ਇਹ ਨਹੀਂ ਦੱਸਿਆ ਕਿ ਆਰਥਕਤਾ ਵਿੱਚ ਆ ਰਹੇ ਨਿਘਾਰ ਨੂੰ ਰੋਕਣ ਲਈ ਸਰਕਾਰ ਕਿਹੜੇ ਕਦਮ ਪੁੱਟਣ ਜਾ ਰਹੀ ਹੈ। ਹੁਣੇ-ਹੁਣੇ ਕਰਨਾਟਕ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਐੱਨ ਡੀ ਏ ਸਰਕਾਰ ਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਬਾਰੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਰ ਦਿੱਤਾ ਹੈ। ਜੇ ਫਿਰ ਵੀ ਭਾਜਪਾ ਆਗੂ ਆਪਣੇ ਮੂੰਹ ਮੀਆਂ ਮਿੱਠੂ ਬਣਨ ਦਾ ਸਵਾਂਗ ਰਚਦੇ ਹਨ ਤਾਂ ਉਨ੍ਹਾਂ ਨੂੰ ਭਲਾ ਕੌਣ ਰੋਕ ਸਕਦਾ ਹੈ!

1364 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper