Latest News
ਦੁਰਾਨੀ ਦੀ ਕਿਤਾਬ ਦੇ ਸਨਸਨੀ ਖੇਜ਼ ਖੁਲਾਸੇ ਅਤੇ ਭਾਰਤ

Published on 29 May, 2018 11:25 AM.


ਰਾਜਨੀਤਕ ਹਲਚਲ ਭਾਰਤ ਵਿੱਚ ਵੀ ਬਹੁਤ ਹੈ, ਅਤੇ ਲੱਗਭੱਗ ਹਮੇਸ਼ਾ ਰਹਿੰਦੀ ਹੈ, ਪਰ ਗਵਾਂਢ ਪਾਕਿਸਤਾਨ ਦੀ ਰਾਜਨੀਤੀ ਵਿੱਚ ਇਸ ਵੇਲੇ ਹੱਦੋਂ ਵੱਡੀ ਹਲਚਲ ਦਾ ਦੌਰ ਚੱਲਦਾ ਦਿਖਾਈ ਦੇਂਦਾ ਹੈ। ਇਸ ਦੇ ਦੋ ਕਾਰਨ ਹਨ। ਪਹਿਲਾ ਤਾਂ ਇਹ ਕਿ ਉਸ ਦੇਸ਼ ਦੀ ਪਾਰਲੀਮੈਂਟ ਦੀਆਂ ਚੋਣਾਂ ਸਿਰ ਉੱਤੇ ਆਣ ਪਹੁੰਚੀਆਂ ਹਨ ਤੇ ਉਨ੍ਹਾਂ ਨੂੰ ਮੁੱਖ ਰੱਖ ਕੇ ਹਰ ਹੋਰ ਚੋਣ ਵਾਂਗ ਇਸ ਵਾਰੀ ਵੀ ਫ਼ੌਜ ਦਾ ਦਖ਼ਲ ਅਤੇ ਆਪਸੀ ਦੂਸ਼ਣਬਾਜ਼ੀ ਸਿਖ਼ਰ ਛੋਹ ਰਹੀ ਹੈ। ਦੂਸਰਾ ਕਾਰਨ ਇੱਕ ਕਿਤਾਬ ਬਣੀ ਪਈ ਹੈ, ਜਿਸ ਵਿੱਚ ਉਸ ਦੇਸ਼ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ, ਅਤੇ ਦੁਨੀਆ ਭਰ ਵਿੱਚ ਬਦਨਾਮ ਖੁਫੀਆ ਏਜੰਸੀ ਦੇ ਸਾਬਕਾ ਮੁਖੀ ਨੇ ਇਹੋ ਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨਾਲ ਉਹ ਸਾਰਾ ਦੇਸ਼ ਹਲੂਣਿਆ ਜਾ ਰਿਹਾ ਹੈ। ਇਹ ਦੂਸਰਾ ਕਾਰਨ ਇਸ ਤਰ੍ਹਾਂ ਦਾ ਹੈ ਕਿ ਇਸ ਦੀਆਂ ਕੁਝ ਗੱਲਾਂ ਸਾਡੇ ਭਾਰਤ ਨਾਲ ਸੰਬੰਧ ਰੱਖਦੀਆਂ ਵੀ ਹੋਣ ਕਾਰਨ ਜਿਸ ਤਰ੍ਹਾਂ ਉਨ੍ਹਾਂ ਬਾਰੇ ਏਧਰ ਚਰਚਾ ਹੋਣੀ ਚਾਹੀਦੀ ਸੀ, ਉਹੋ ਜਿਹੀ ਕੋਈ ਖ਼ਾਸ ਚਰਚਾ ਸਾਡੇ ਦੇਸ਼ ਵਿੱਚ ਛਿੜੀ ਹੀ ਨਹੀਂ ਹੈ।
ਜਿਹੜੀ ਕਿਤਾਬ ਏਡੇ ਵੱਡੇ ਪੁਆੜੇ ਦਾ ਕਾਰਨ ਬਣੀ ਪਈ ਹੈ ਕਿ ਉਸ ਦੇ ਦੋ ਲੇਖਕਾਂ ਵਿੱਚੋਂ ਪਾਕਿਸਤਾਨੀ ਖੁਫੀਆ ਏਜੰਸੀ ਦਾ ਮੁਖੀ ਰਹਿ ਚੁੱਕੇ ਇੱਕ ਲੇਖਕ ਉੱਤੇ ਆਪਣਾ ਦੇਸ਼ ਛੱਡ ਕੇ ਬਾਹਰ ਜਾਣ ਦੀ ਪਾਬੰਦੀ ਲਾ ਦਿੱਤੀ ਗਈ ਹੈ, ਉਸ ਕਿਤਾਬ ਦੇ ਦੂਸਰੇ ਲੇਖਕ ਸਾਡੇ ਭਾਰਤ ਦੀ ਖੁਫੀਆ ਏਜੰਸੀ ਦੇ ਮੁਖੀ ਰਹਿ ਚੁੱਕੇ ਹਨ। ਇੱਕੋ ਲੇਖਕ ਨੇ ਕੁਝ ਲਿਖਣਾ ਹੋਵੇ ਤਾਂ ਉਹ ਆਪਣੇ ਦੇਸ਼ ਵੱਲ ਉਲਾਰ ਤੇ ਦੂਸਰੇ ਦੇ ਖ਼ਿਲਾਫ਼ ਮਨ-ਚਾਹੇ ਵਿਰੋਧ ਦੀ ਭਾਵਨਾ ਉਲੱਦਣ ਤੱਕ ਜਾ ਸਕਦਾ ਹੈ, ਪਰ ਜਦੋਂ ਦੋ ਦੇਸ਼ਾਂ ਦੀਆਂ ਏਜੰਸੀਆਂ ਦੇ ਆਹਮੋ ਸਾਹਮਣੇ ਮੁਖੀ ਰਹਿ ਚੁੱਕੇ ਦੋਵੇਂ ਜਣੇ ਮਿਲ ਕੇ ਕੁਝ ਲਿਖਦੇ ਹਨ ਤਾਂ ਕਿਸੇ ਪਾਸੇ ਉਲਾਰਪੁਣਾ ਵਿਖਾਉਣ ਦੀ ਗੁੰਜਾਇਸ਼ ਨਹੀਂ ਰਹਿੰਦੀ ਤੇ ਦੋਵਾਂ ਨੂੰ ਸੱਚ ਦੇ ਨੇੜੇ ਰਹਿਣਾ ਪੈਂਦਾ ਹੈ। ਇਹ ਕਿਤਾਬ ਇਸ ਪੱਖ ਤੋਂ ਇੱਕ ਅਹਿਮ ਦਸਤਾਵੇਜ਼ ਬਣ ਜਾਂਦੀ ਹੈ, ਜਿਸ ਵਿੱਚ ਇਨ੍ਹਾਂ ਦੋਵਾਂ ਜਣਿਆਂ ਨੇ ਜਿੱਡੇ ਖੁਲਾਸੇ ਕੀਤੇ ਹਨ, ਉਹ ਇੱਕ ਜਾਂ ਦੂਸਰੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਕੀਤੇ ਮੰਨਣ ਦੀ ਥਾਂ ਨਿਰਪੱਖ ਤੋਲ-ਤੁਲਾਵਾ ਜਾਪਦੇ ਹਨ। ਭਾਰਤ ਵੱਲ ਇਸ ਕਿਤਾਬ ਦੇ ਕਾਰਨ ਕੋਈ ਬਖੇੜਾ ਖੜਾ ਨਹੀਂ ਹੋਇਆ ਤੇ ਪਾਕਿਸਤਾਨ ਵਿੱਚ ਸਾਰਾ ਸਰਕਾਰੀ ਤੰਤਰ ਵੀ ਹਿੱਲਿਆ ਪਿਆ ਹੈ, ਸਿਆਸੀ ਖੇਤਰ ਵੀ ਤੇ ਫ਼ੌਜ ਦੇ ਵੱਡੇ ਮੌਜੂਦਾ ਤੇ ਸੇਵਾ-ਮੁਕਤ ਹੋ ਚੁੱਕੇ ਜਰਨੈਲਾਂ ਤੱਕ ਨੂੰ ਵੀ ਭਾਜੜ ਪਈ ਮਹਿਸੂਸ ਹੁੰਦੀ ਹੈ।
ਬਹੁਤ ਵੱਡੇ ਜਿਹੜੇ ਖੁਲਾਸੇ ਕੀਤੇ ਗਏ ਤੇ ਜਿਨ੍ਹਾਂ ਤੋਂ ਪਾਕਿਸਤਾਨ ਦਾ ਸਾਰਾ ਤੰਤਰ ਹਿੱਲਿਆ ਪਿਆ ਹੈ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਓਸਾਮਾ ਬਿਨ ਲਾਦੇਨ ਵਰਗਾ ਖ਼ਤਰਨਾਕ ਦਹਿਸ਼ਤਗਰਦ ਪਾਕਿਸਤਾਨ ਵਿੱਚ ਓਥੋਂ ਦੀ ਸਰਕਾਰ ਤੇ ਫ਼ੌਜੀ ਕਮਾਂਡ ਦੀ ਮਰਜ਼ੀ ਨਾਲ ਰਹਿੰਦਾ ਪਿਆ ਸੀ ਤੇ ਮਰਜ਼ੀ ਨਾਲ ਹੀ ਮਾਰਿਆ ਗਿਆ ਸੀ। ਕਿਤਾਬ ਕਹਿ ਰਹੀ ਹੈ ਕਿ ਓਸਾਮਾ ਬਿਨ ਲਾਦੇਨ ਨੂੰ ਅਚਾਨਕ ਹਮਲਾ ਕਰ ਕੇ ਅਮਰੀਕਾ ਵਾਲਿਆਂ ਨੇ ਬਾਅਦ ਵਿੱਚ ਮਾਰਿਆ, ਪਹਿਲਾਂ ਇੱਕ ਸਮੁੰਦਰੀ ਜਹਾਜ਼ ਵਿੱਚ ਪਾਕਿਸਤਾਨੀ ਫ਼ੌਜ ਦੇ ਓਦੋਂ ਦੇ ਮੁਖੀ ਜਨਰਲ ਅਸ਼ਫਾਕ ਕਿਆਨੀ ਨੂੰ ਅਮਰੀਕਾ ਦਾ ਇੱਕ ਗੁਪਤ ਦੂਤ ਮਿਲਿਆ ਅਤੇ ਬਾਕਾਇਦਾ ਸੌਦਾ ਮਾਰਿਆ ਗਿਆ ਸੀ। ਇਹ ਗੱਲ ਅੱਜ ਤੱਕ ਬਾਹਰ ਨਹੀਂ ਸੀ ਨਿਕਲੀ। ਜਨਰਲ ਕਿਆਨੀ ਇਸ ਕਿਤਾਬ ਦੇ ਪਾਕਿਸਤਾਨੀ ਲੇਖਕ ਦੁਰਾਨੀ ਦਾ ਕਿਸੇ ਸਮੇਂ ਮਿਲਟਰੀ ਅਕੈਡਮੀ ਦੇ ਸਮੇਂ ਦਾ ਵਿਦਿਆਰਥੀ ਰਹਿ ਚੁੱਕਾ ਸੀ ਤੇ ਜਦੋਂ ਲੇਖਕ ਨੇ ਉਸ ਨੂੰ ਮਿਲ ਕੇ ਕੁਰੇਦਣ ਦਾ ਯਤਨ ਕਰਨਾ ਸੀ, ਕਿਆਨੀ ਨੇ ਉਸ ਨੂੰ ਮਿਲਣਾ ਵੀ ਪਸੰਦ ਨਹੀਂ ਸੀ ਕੀਤਾ।
ਦੂਸਰਾ ਖੁਲਾਸਾ ਇਸ ਲੇਖਕ ਨੇ ਸੰਸਾਰ ਪ੍ਰਸਿੱਧ ਦਹਿਸ਼ਤਗਰਦ ਹਾਫਿਜ਼ ਸਈਦ ਤੇ ਉਸ ਨਾਲ ਜੁੜੇ ਹੋਏ ਅਦਾਲਤੀ ਕੇਸ ਬਾਰੇ ਕਰਨ ਦਾ ਯਤਨ ਕੀਤਾ ਹੈ, ਜਿਸ ਬਾਰੇ ਕੋਈ ਵੱਡੀ ਨਵੀਂ ਗੱਲ ਬਾਹਰ ਨਹੀਂ ਆਈ। ਜਿੰਨਾ ਕੁਝ ਲਿਖਿਆ ਗਿਆ ਹੈ, ਉਸ ਤੋਂ ਵੱਧ ਲੋਕਾਂ ਤੱਕ ਇਸ ਤੋਂ ਪਹਿਲਾਂ ਪਹੁੰਚ ਚੁੱਕਾ ਸੀ। ਅੱਜ ਕੱਲ੍ਹ ਹਾਫਿਜ਼ ਸਈਦ ਰਾਜਨੀਤੀ ਵਿੱਚ ਆ ਰਿਹਾ ਹੈ ਤੇ ਪਾਕਿਸਤਾਨੀ ਫ਼ੌਜ ਉਸ ਦੀ ਪਿੱਠ ਪਿੱਛੇ ਖੜੋਤੀ ਹੈ। ਉਸ ਬਾਰੇ ਖੁਲਾਸੇ ਹੋਏ ਵੀ ਰਾਜਸੀ ਚਾਂਦਮਾਰੀ ਮੰਨੇ ਜਾਣਗੇ।
ਤੀਸਰੀ ਅਤੇ ਸਭ ਤੋਂ ਵੱਡੀ ਗੱਲ ਇਹ ਕਹੀ ਗਈ ਹੈ ਕਿ ਅਮਰੀਕਾ ਦੀ ਜੇਲ੍ਹ ਵਿੱਚ ਤੜਿਆ ਬੈਠਾ ਡੇਵਿਡ ਕੋਲਮੈਨ ਹੈਡਲੀ ਜਦੋਂ ਅਮਰੀਕੀ ਅਦਾਲਤ ਵਿੱਚ ਵਾਅਦਾ ਮੁਆਫ ਗਵਾਹ ਬਣਿਆ ਤਾਂ ਹੋਰ ਸਭ ਕੁਝ ਮੰਨ ਕੇ ਵੀ ਉਹ ਆਪਣੇ ਬਾਰੇ ਇਹ ਗੱਲ ਲੁਕਾ ਗਿਆ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ ਦਾ ਮੇਜਰ ਰੈਂਕ ਦਾ ਅਫ਼ਸਰ ਸੀ। ਪਾਕਿਸਤਾਨੀ ਫ਼ੌਜ ਵੱਲੋਂ ਡੈਪੂਟੇਸ਼ਨ ਉੱਤੇ ਆਏ ਅਫ਼ਸਰਾਂ ਵੱਲੋਂ ਚਲਾਈ ਜਾਂਦੀ ਇਸ ਖੁਫੀਆ ਏਜੰਸੀ ਦੇ ਅਫ਼ਸਰਾਂ ਦੇ ਰੈਂਕ ਵੀ ਫ਼ੌਜ ਵਾਲੇ ਹੀ ਹਨ ਤੇ ਡੇਵਿਡ ਕੋਲਮੈਨ ਹੈਡਲੀ, ਜਿਹੜਾ ਮੇਜਰ ਦਾਊਦ ਗਿਲਾਨੀ ਹੁੰਦਾ ਸੀ, ਅਮਰੀਕਾ ਦੀ ਡਰੱਗ ਇਨਫੋਰਸਮੈਂਟ ਏਜੰਸੀ ਦਾ ਏਜੰਟ ਬਣ ਕੇ ਹੌਲੀ-ਹੌਲੀ ਅਮਰੀਕੀ ਨਾਗਰਿਕ ਬਣਿਆ ਤੇ ਉਸ ਨੇ ਆਪਣਾ ਨਾਂਅ ਵੀ ਬਦਲ ਲਿਆ ਸੀ। ਇਹ ਹੀ ਅਸਲ ਏਜੰਟ ਸੀ, ਜਿਸ ਨੇ ਮੁੰਬਈ ਦੇ ਦਹਿਸ਼ਤਗਰਦ ਹਮਲੇ ਤੋਂ ਪਹਿਲਾਂ ਉਸ ਸ਼ਹਿਰ ਦੀ ਗਲੀ-ਗਲੀ ਗੇੜੇ ਮਾਰ ਕੇ ਸੜਕਾਂ ਦੇ ਨਕਸ਼ੇ ਬਣਾਏ ਤੇ ਹਮਲਾ ਕਰਨ ਲਈ ਆਉਣ ਵਾਲੇ ਦਹਿਸ਼ਤਗਰਦਾਂ ਨੂੰ ਦਿੱਤੇ ਸਨ। ਭਾਰਤ ਸਰਕਾਰ ਹਾਫਿਜ਼ ਸਈਦ ਅਤੇ ਕੁਝ ਹੋਰ ਬੰਦੇ ਗਿਣਦੀ ਰਹੀ, ਪਰ ਡੈੱਨਮਾਰਕ ਵਿੱਚ ਅਗਲੀ ਵਾਰਦਾਤ ਦੀ ਸਾਜ਼ਿਸ਼ ਘੜਨ ਲਈ ਫੜੇ ਜਾਣ ਤੱਕ ਡੇਵਿਡ ਹੈਡਲੀ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਲੱਗਾ। ਸ਼ੈਤਾਨੀ ਦਿਮਾਗ਼ ਵਾਲਾ ਦਾਊਦ ਗਿਲਾਨੀ ਉਰਫ ਡੇਵਿਡ ਹੈਡਲੀ ਆਪਣੀ ਕਲਾ ਵਿਖਾ ਕੇ ਅਮਰੀਕਾ ਵਾਲਿਆਂ ਨੂੰ ਫਿਰ ਵੀ ਝਕਾਨੀ ਦੇ ਗਿਆ ਤੇ ਜੇਲ੍ਹ ਬੈਠਾ ਵੀਡੀਓ ਕਾਨਫ਼ਰੰਸ ਕਰਨ ਵੇਲੇ ਭਾਰਤੀ ਅਦਾਲਤ ਵਿੱਚ ਗਵਾਹੀ ਦੇਂਦੇ ਸਮੇਂ ਭਾਰਤੀ ਏਜੰਸੀਆਂ ਨੂੰ ਵੀ ਝਕਾਨੀ ਦੇ ਗਿਆ ਸੀ। ਉਸ ਦਾ ਅਸਲੀ ਪਾਜ ਇਸ ਕਿਤਾਬ ਦੇ ਵਿੱਚ ਉਸ ਖੁਫੀਆ ਏਜੰਸੀ ਦੇ ਓਦੋਂ ਦੇ ਮੁਖੀ ਅਸਦ ਦੁਰਾਨੀ ਨੇ ਖੋਲ੍ਹਿਆ ਹੈ, ਜਿਸ ਏਜੰਸੀ ਦਾ ਉਹ ਸਿਰਫ਼ ਕਾਰਿੰਦਾ ਨਹੀਂ, ਸਗੋਂ ਬਾਕਾਇਦਾ ਮੇਜਰ ਦੇ ਰੈਂਕ ਦਾ ਫ਼ੌਜੀ ਅਫ਼ਸਰ ਹੁੰਦਾ ਸੀ। ਇਹ ਗੱਲ ਅੱਜ ਤੱਕ ਲੁਕੀ ਰਹੀ ਸੀ।
ਅਸਦ ਦੁਰਾਨੀ ਦੀ ਇਹ ਕਿਤਾਬ ਸਿਰਫ਼ ਇੱਕ ਕਿਤਾਬ ਨਾ ਰਹਿ ਕੇ ਭਾਰਤ ਵਾਸਤੇ ਏਦਾਂ ਦਾ ਸਬੂਤ ਹੋ ਸਕਦੀ ਹੈ, ਜਿਸ ਨੂੰ ਲੈ ਕੇ ਭਾਰਤ ਸਰਕਾਰ ਇੱਕ ਵਾਰ ਅਮਰੀਕਾ ਕੋਲ ਵੀ ਡੇਵਿਡ ਕੋਲਮੈਨ ਹੈਡਲੀ ਦੀ ਹੋਰ ਪੁੱਛਗਿੱਛ ਲਈ ਪਹੁੰਚ ਕਰ ਸਕਦੀ ਹੈ ਤੇ ਯੂ ਐੱਨ ਸਕਿਓਰਟੀ ਕੌਂਸਲ ਵਿੱਚ ਪਾਕਿਸਤਾਨ ਨੂੰ ਵੀ ਨੰਗਾ ਕਰ ਸਕਦੀ ਹੈ। ਪਾਕਿਸਤਾਨੀ ਦੂਤ ਹਮੇਸ਼ਾ ਏਨੇ ਸਰਗਰਮ ਹੁੰਦੇ ਹਨ ਕਿ ਭਾਰਤ ਦੀ ਭੰਡੀ ਦਾ ਕੋਈ ਮੌਕਾ ਨਹੀਂ ਜਾਣ ਦੇਂਦੇ। ਦੁਰਾਨੀ ਦੀ ਕਿਤਾਬ ਨਾਲ ਭਾਰਤ ਸੰਸਾਰ ਦੀ ਸੱਥ ਵਿੱਚ ਇਹ ਗੱਲ ਚੁੱਕ ਸਕਦਾ ਹੈ ਕਿ ਸਾਜ਼ਿਸ਼ਾਂ ਦੀ ਜੜ੍ਹ ਨੰਗੇ ਹੋਣ ਪਿੱਛੋਂ ਪਾਕਿਸਤਾਨ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਭਾਰਤ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ।
-ਜਤਿੰਦਰ ਪਨੂੰ

1416 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper