Latest News
ਸ਼ਿਮਲੇ ਦਾ ਜਲ ਸੰਕਟ

Published on 30 May, 2018 11:28 AM.


ਹਿਮਾਚਲ ਦੀ ਰਾਜਧਾਨੀ ਸ਼ਿਮਲਾ ਇਹਨੀਂ ਦਿਨੀਂ ਪੀਣ ਵਾਲੇ ਪਾਣੀ ਦੀ ਥੁੜੋਂ ਦੇ ਸੰਕਟ ਵਿੱਚ ਘਿਰਿਆ ਹੋਇਆ ਹੈ। ਜਿਨ੍ਹਾਂ ਸੋਮਿਆਂ ਤੋਂ ਇਸ ਸ਼ਹਿਰ ਨੂੰ ਪਾਣੀ ਦੀ ਸਪਲਾਈ ਹੁੰਦੀ ਸੀ, ਉਨ੍ਹਾਂ ਵਿੱਚ ਪਾਣੀ ਦੀ ਘਾਟ ਨੇ ਇਸ ਸੰਕਟ ਨੂੰ ਹੋਰ ਵੀ ਗੰਭੀਰ ਰੂਪ ਦੇ ਦਿੱਤਾ ਹੈ। ਇਸ ਸ਼ਹਿਰ ਦੀ ਰੋਜ਼ਾਨਾ ਪਾਣੀ ਦੀ ਲੋੜ ਪੰਜਤਾਲੀ ਮਿਲੀਅਨ ਲਿਟਰ ਦੇ ਕਰੀਬ ਹੈ, ਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਗਰਮੀਆਂ ਦੀ ਰੁੱਤ ਵਿੱਚ ਪਾਣੀ ਦੀ ਰੋਜ਼ਾਨਾ ਸਪਲਾਈ 29 ਤੋਂ 30 ਮਿਲੀਅਨ ਲਿਟਰ ਦੇ ਕਰੀਬ ਹੋ ਗਈ ਸੀ। ਨਾ ਰਾਜ ਸਰਕਾਰ ਨੇ ਇਸ ਕਮੀ ਨੂੰ ਪੂਰਾ ਕਰਨ ਲਈ ਕੋਈ ਠੋਸ ਕਦਮ ਪੁੱਟੇ ਤੇ ਨਾ ਸ਼ਿਮਲੇ ਦੀ ਮਿਊਂਸਪਲ ਕਾਰਪੋਰੇਸ਼ਨ ਦੇ ਕਰਤੇ-ਧਰਤਿਆਂ ਨੇ ਇਸ ਸਮੱਸਿਆ ਨਾਲ ਨਜਿੱਠਣ ਬਾਰੇ ਕੋਈ ਯੋਜਨਾਬੰਦੀ ਕੀਤੀ।
ਅੰਗਰੇਜ਼ਾਂ ਦੇ ਸਮੇਂ ਜਦੋਂ ਸ਼ਿਮਲੇ ਵਿੱਚ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਉਸ ਵਕਤ ਸ਼ਹਿਰ ਦੀ ਵੱਸੋਂ ਤੀਹ ਹਜ਼ਾਰ ਦੇ ਕਰੀਬ ਸੀ। ਹੁਣ ਵਿਉਂਤਬੰਦੀ ਦੀ ਘਾਟ ਤੇ ਭਵਨ ਨਿਰਮਾਤਾਵਾਂ ਵੱਲੋਂ ਅੰਧਾ-ਧੁੰਦ ਉਸਾਰੀਆਂ ਕਰਨ ਕਾਰਨ ਪਾਣੀ ਦੀ ਖ਼ਪਤ ਵਿੱਚ ਭਾਰੀ ਵਾਧਾ ਹੋ ਗਿਆ ਹੈ। ਸੈਲਾਨੀਆਂ ਦੀ ਗਰਮੀਆਂ ਦੀ ਰੁੱਤ ਵਿੱਚ ਆਮਦ ਕਾਰਨ ਰੋਜ਼ਾਨਾ ਪਾਣੀ ਦੀ ਲੋੜ ਪੰਜਤਾਲੀ ਮਿਲੀਅਨ ਲਿਟਰ ਪ੍ਰਤੀ ਦਿਨ ਹੋ ਜਾਂਦੀ ਹੈ, ਪਰ ਇਸ ਸਾਲ ਪਾਣੀ ਦੀ ਪ੍ਰਾਪਤੀ ਕੇਵਲ ਵੀਹ ਮਿਲੀਅਨ ਲਿਟਰ ਰੋਜ਼ਾਨਾ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸ਼ਿਮਲੇ ਦੀਆਂ ਕਈ ਬਸਤੀਆਂ ਦੇ ਵਸਨੀਕਾਂ ਨੂੰ ਤਾਂ ਹਫ਼ਤੇ ਵਿੱਚ ਇੱਕ ਦਿਨ ਹੀ ਪਾਣੀ ਦੀ ਸੀਮਤ ਸਪਲਾਈ ਹੁੰਦੀ ਹੈ। ਪਾਣੀ ਦੇ ਇਸ ਸੰਕਟ ਨੇ ਏਨਾ ਗੰਭੀਰ ਰੂਪ ਧਾਰਨ ਕਰ ਲਿਆ ਹੈ ਕਿ ਲੋਕ ਸੜਕਾਂ 'ਤੇ ਮੁਜ਼ਾਹਰੇ ਕਰਨ ਤੇ ਏਥੋਂ ਤੱਕ ਕਿ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਓਕਓਵਰ ਦਾ ਘੇਰਾਓ ਕਰਨ ਤੱਕ ਚਲੇ ਗਏ। ਰਾਜ ਦੇ ਸ਼ਾਸਕ ਤੇ ਮਿਊਂਸਪਲ ਕਾਰਪੋਰੇਸ਼ਨ ਦੇ ਕਰਤੇ-ਧਰਤੇ ਇਸ ਸੰਕਟ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋ ਰਹੇ ਹਨ।
ਕੁਝ ਮਾਹਰਾਂ ਦਾ ਕਹਿਣਾ ਹੈ ਕਿ ਕੁਦਰਤੀ ਸੋਮਿਆਂ ਤੋਂ ਪਾਣੀ ਦੀ ਜਿੰਨੀ ਵੀ ਪ੍ਰਾਪਤੀ ਹੁੰਦੀ ਹੈ, ਉਸ ਦਾ ਚੋਖਾ ਹਿੱਸਾ ਲੀਕੇਜ ਕਾਰਨ ਅੰਞਾਈਂ ਚਲਾ ਜਾਂਦਾ ਹੈ। ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਪਾਣੀ ਦੀਆਂ ਪਾਈਪ ਲਾਈਨਾਂ ਵੇਲਾ-ਵਿਹਾਅ ਚੁੱਕੀਆਂ ਹਨ। ਸ਼ਿਮਲੇ ਨੂੰ ਪਾਣੀ ਦੀ ਸਪਲਾਈ ਦਾ ਇੱਕ ਸੋਮਾ ਅਸ਼ਵਨੀ ਖੱਡ ਸੀ, ਪਰ ਪੰਪ ਵਾਲੀ ਥਾਂ ਤੋਂ ਕੁਝ ਮੀਲ ਉੱਪਰ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਵਾਲਾ ਪਲਾਂਟ ਲਾਏ ਜਾਣ ਕਾਰਨ ਪਾਣੀ ਦਾ ਇਹ ਸੋਮਾ ਵੀ ਦੂਸ਼ਤ ਹੋ ਗਿਆ ਸੀ।
ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਪੀਣ ਵਾਲੇ ਪਾਣੀ ਦੀਆਂ ਸਪਲਾਈ ਲਾਈਨਾਂ ਵਿੱਚ ਸੀਵਰੇਜ ਦੇ ਪਾਣੀ ਦੇ ਮਿਲਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਪੀਲੀਏ ਦਾ ਸ਼ਿਕਾਰ ਹੋ ਗਏ ਸਨ। ਤਦ ਜਾ ਕੇ ਕਿਧਰੇ ਸਰਕਾਰੀ ਅਹਿਲਕਾਰਾਂ ਦੀ ਨੀਂਦ ਖੁੱਲ੍ਹੀ ਤੇ ਉਨ੍ਹਾਂ ਨੇ ਇਸ ਖੱਡ ਤੋਂ ਹੋਣ ਵਾਲੀ ਪਾਣੀ ਦੀ ਸਪਲਾਈ ਨੂੰ ਸੀਮਤ ਕਰ ਦਿੱਤਾ, ਪਰ ਪਾਣੀ ਦਾ ਕੋਈ ਬਦਲਵਾਂ ਸਰੋਤ ਨਹੀਂ ਲੱਭਿਆ, ਜਿਸ ਕਾਰਨ ਪਾਣੀ ਦੀ ਸਪਲਾਈ ਲਗਾਤਾਰ ਘਟਦੀ ਗਈ। ਵਿਸ਼ਵ ਬੈਂਕ ਦੀ ਮਦਦ ਨਾਲ ਸਤਲੁਜ ਦੇ ਕੋਲ ਡੈਮ ਤੋਂ ਪਾਈਪਾਂ ਰਾਹੀਂ ਪਾਣੀ ਲਿਆਉਣ ਦੀ ਯੋਜਨਾ ਕਈ ਸਾਲ ਬੀਤ ਜਾਣ ਪਿੱਛੋਂ ਵੀ ਅਮਲ ਵਿੱਚ ਨਹੀਂ ਲਿਆਂਦੀ ਜਾ ਸਕੀ। ਇਹ ਯੋਜਨਾ ਹਾਲੇ ਤੱਕ ਫ਼ਾਈਲਾਂ ਦਾ ਸ਼ਿੰਗਾਰ ਬਣੀ ਹੋਈ ਹੈ। ਪਾਣੀ ਦੇ ਸਰੋਤਾਂ ਦੇ ਲਗਾਤਾਰ ਘਟਣ ਲਈ ਸਾਡੀ ਪ੍ਰਬੰਧਕੀ ਵਿਵਸਥਾ ਵੀ ਜ਼ਿੰਮੇਵਾਰ ਹੈ, ਕਿਉਂਕਿ ਜੰਗਲਾਂ ਦੀ ਕਟਾਈ ਵਧੀ ਹੈ ਤੇ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਪ੍ਰਤੀ ਅਣਗਹਿਲੀ ਤੋਂ ਕੰਮ ਲਿਆ ਜਾ ਰਿਹਾ ਹੈ। ਇਸ ਦੀ ਕੀਮਤ ਹੁਣ ਸ਼ਿਮਲੇ ਦੇ ਸਧਾਰਨ ਨਾਗਰਿਕਾਂ ਨੂੰ ਤਾਰਨੀ ਪੈ ਰਹੀ ਹੈ। ਪਾਣੀ ਦੀ ਸਪਲਾਈ ਦੇ ਘਟਣ ਕਾਰਨ ਸੈਰ-ਸਪਾਟਾ ਸਨਅਤ 'ਤੇ ਮੰਦਾ ਪ੍ਰਭਾਵ ਪਿਆ ਹੈ। ਚਹਿਲ-ਪਹਿਲ ਵਾਲੇ ਹੋਟਲ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਹਨ। ਸਥਿਤੀ ਦੀ ਗੰਭੀਰਤਾ ਦਾ ਇਸ ਗੱਲੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਈ ਕੋਰਟ ਨੇ ਵੀ ਇਸ ਸਮੱਸਿਆ ਦਾ ਨੋਟਿਸ ਲਿਆ ਹੈ। ਸਿੱਟੇ ਵਜੋਂ ਰਾਜ ਸਰਕਾਰ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਨਿੱਜੀ ਰੂਪ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਹ ਆਦੇਸ਼ ਵੀ ਕੀਤਾ ਗਿਆ ਹੈ ਕਿ ਵੀ ਆਈ ਪੀਜ਼ ਦੀ ਰਿਹਾਇਸ਼ ਵਾਲੇ ਇਲਾਕਿਆਂ ਵਿੱਚ ਟੈਂਕਰਾਂ ਰਾਹੀਂ ਪਹਿਲ ਦੇ ਆਧਾਰ 'ਤੇ ਪਾਣੀ ਦੀ ਸਪਲਾਈ ਨੂੰ ਰੋਕ ਦਿੱਤਾ ਜਾਵੇ, ਕਿਉਂਕਿ ਪੀਣ ਵਾਲੇ ਪਾਣੀ ਉੱਤੇ ਸਭਨਾਂ ਨਾਗਰਿਕਾਂ ਦਾ ਬਰਾਬਰ ਦਾ ਹੱਕ ਹੈ।
ਸ਼ਿਮਲੇ ਦੇ ਪਾਣੀ ਦੇ ਸੰਕਟ ਨੇ ਹੀ ਗੰਭੀਰ ਰੂਪ ਧਾਰਨ ਨਹੀਂ ਕਰ ਲਿਆ, ਸਗੋਂ ਸਾਡੇ ਦੇਸ ਦੇ ਬਹੁਤੇ ਨਗਰ ਤੇ ਮਹਾਂਨਗਰ ਤੇ ਏਥੋਂ ਤੱਕ ਕਿ ਰਾਜਧਾਨੀ ਦਿੱਲੀ ਦੇ ਲੋਕ ਵੀ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਪਾਣੀ ਦੀ ਪ੍ਰਾਪਤੀ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਸ਼ਹਿਰਾਂ ਦੇ ਵਿਸਥਾਰ ਵਿੱਚ ਲੱਗੇ ਹੋਏ ਹਾਂ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ, ਕਿਉਂਕਿ ਅਸੀਂ ਪਾਣੀ ਦੀ ਸਹੀ ਤੇ ਸੰਜਮ ਨਾਲ ਵਰਤੋਂ ਕਰਨ ਨੂੰ ਉੱਕਾ ਹੀ ਵਿਸਾਰ ਦਿੱਤਾ ਹੈ। ਪਾਣੀ ਦੇ ਮੁੱਖ ਸਰੋਤ ਨਦੀਆਂ ਦੀ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਦਾ ਪਾਣੀ ਪੀਣ ਤਾਂ ਕੀ, ਨਹਾਉਣ ਦੇ ਯੋਗ ਵੀ ਨਹੀਂ ਰਿਹਾ।
ਸਮਾਂ ਰਹਿੰਦੇ ਜੇ ਪੀਣ ਵਾਲੇ ਪਾਣੀ ਦੇ ਪ੍ਰਬੰਧਨ ਵਿੱਚ ਬੁਨਿਆਦੀ ਸੁਧਾਰ ਨਾ ਲਿਆਂਦੇ ਗਏ ਤਾਂ ਸ਼ਿਮਲੇ ਵਰਗੇ ਸੰਕਟ ਦਾ ਸਾਰੇ ਦੇਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਤਾਂ ਇੱਕ ਚੇਤਾਵਨੀ ਹੈ, ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

1628 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper