Latest News
ਭਾਜਪਾ ਦੀ ਉਲਟੀ ਗਿਣਤੀ ਦੀ ਸ਼ੁਰੂਆਤ

Published on 31 May, 2018 10:55 AM.


ਦੇਸ ਦੇ ਵੱਖ-ਵੱਖ ਰਾਜਾਂ ਦੀਆਂ 4 ਲੋਕ ਸਭਾ ਤੇ 10 ਵਿਧਾਨ ਸਭਾ ਦੀਆਂ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਗਿਆਰ੍ਹਵੀਂ ਮਹਾਰਾਸ਼ਟਰ ਦੇ ਕੋਡੇਗਾਂਵ ਵਾਲੀ ਵਿਧਾਨ ਸਭਾ ਸੀਟ ਆਖ਼ਰੀ ਸਮੇਂ ਉੱਤੇ ਭਾਜਪਾ ਉਮੀਦਵਾਰ ਵੱਲੋਂ ਕਾਗ਼ਜ਼ ਚੁੱਕ ਲੈਣ ਤੋਂ ਬਾਅਦ ਪਹਿਲਾਂ ਹੀ ਕਾਂਗਰਸ ਦੀ ਝੋਲੀ ਪੈ ਗਈ ਸੀ।
2019 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਹੋਈਆਂ ਇਹਨਾਂ ਉੱਪ-ਚੋਣਾਂ ਦਾ ਵੱਡਾ ਮਹੱਤਵ ਹੈ। ਇੱਕ ਤਾਂ ਉੱਪ-ਚੋਣਾਂ ਵਾਲੀਆਂ ਇਹ ਸੀਟਾਂ 10 ਰਾਜਾਂ ਵਿੱਚ ਖਿੱਲਰੀਆਂ ਹੋਈਆਂ ਸਨ ਤੇ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਲੋਕਾਂ ਦੇ ਰੌਂਅ ਦੀ ਨਿਸ਼ਾਨਦੇਹੀ ਕਰਨੀ ਸੀ ਤੇ ਦੂਜਾ, ਵਿਰੋਧੀ ਪਾਰਟੀਆਂ ਦੇ ਮਹਾਂ-ਗੱਠਜੋੜ ਵੱਲ ਵਧ ਰਹੇ ਕਦਮਾਂ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਹਿੱਸਾ ਪਾਉਣ ਦਾ ਕੰਮ ਕਰਨਾ ਸੀ। ਲੋਕ ਸਭਾ ਦੀਆਂ ਉੱਪ-ਚੋਣ ਵਾਲੀਆਂ ਚਾਰੇ ਸੀਟਾਂ ਉਹਨਾਂ ਰਾਜਾਂ ਵਿੱਚ ਪੈਂਦੀਆਂ ਸਨ, ਜਿੱਥੇ ਸੂਬੇ ਵਿੱਚ ਵੀ ਇਕੱਲੇ ਜਾਂ ਐੱਨ ਡੀ ਏ ਦੇ ਤੌਰ 'ਤੇ ਭਾਜਪਾ ਸੱਤਾਧਾਰੀ ਹੈ। ਆਮ ਤੌਰ ਉੱਤੇ ਉੱਪ-ਚੋਣਾਂ ਵਿੱਚ ਉਹੀ ਪਾਰਟੀ ਜਿੱਤਦੀ ਹੈ, ਜਿਹੜੀ ਰਾਜ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋਵੇ, ਪਰ ਇਹਨਾਂ ਚੋਣਾਂ ਵਿੱਚ ਲੋਕਾਂ ਦਾ ਫ਼ਤਵਾ ਰਾਜ-ਭਾਗ ਦੇ ਸੁਆਮੀਆਂ ਦੇ ਵਿਰੁੱਧ ਆਇਆ ਹੈ। ਮਹਾਰਾਸ਼ਟਰ ਦੀਆਂ ਦੋ ਸੀਟਾਂ ਵਿੱਚੋਂ ਇੱਕ ਸੀਟ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਖੋਹ ਲਈ ਹੈ ਤੇ ਦੂਜੀ ਮਸਾਂ ਹੀ ਭਾਜਪਾ ਜਿੱਤ ਸਕੀ ਹੈ। ਸਾਲ 2014 ਵਿੱਚ ਇਹ ਸੀਟ ਭਾਜਪਾ ਨੇ 1 ਲੱਖ 40 ਹਜ਼ਾਰ ਦੇ ਫ਼ਰਕ ਨਾਲ ਜਿੱਤੀ ਸੀ ਅਤੇ ਹੁਣ ਉਸ ਦੀ ਜਿੱਤ ਦਾ ਅੰਤਰ ਸਿਰਫ਼ 25 ਹਜ਼ਾਰ ਰਹਿ ਗਿਆ ਹੈ।
ਇਹਨਾਂ ਉੱਪ-ਚੋਣਾਂ ਵਿੱਚ ਸਮੁੱਚੇ ਦੇਸ ਦੀਆਂ ਨਜ਼ਰਾਂ ਜਿਸ ਸੀਟ ਉੱਤੇ ਲੱਗੀਆਂ ਹੋਈਆਂ ਸਨ, ਉਹ ਸੀ ਕੈਰਾਨਾ (ਯੂ ਪੀ) ਦੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਖੇਤਰ ਵਿੱਚ ਹੋਏ ਫ਼ਿਰਕੂ ਦੰਗਿਆਂ ਕਾਰਨ ਭਾਜਪਾ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਨ ਵਿੱਚ ਕਾਮਯਾਬ ਹੋ ਗਈ ਸੀ। ਉਸ ਸਮੇਂ ਭਾਜਪਾ ਉਮੀਦਵਾਰ ਹੁਕਮ ਸਿੰਘ 50 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਸੀ। ਹੁਕਮ ਸਿੰਘ ਨੂੰ 5 ਲੱਖ 65 ਹਜ਼ਾਰ ਵੋਟਾਂ ਪਈਆਂ ਸਨ ਅਤੇ ਇਹ ਸਪਾ, ਬਸਪਾ ਤੇ ਆਰ ਐੱਸ ਡੀ ਦੇ ਤਿੰਨ ਉਮੀਦਵਾਰਾਂ ਨੂੰ ਪਈਆਂ ਕੁੱਲ ਵੋਟਾਂ 5 ਲੱਖ 32 ਹਜ਼ਾਰ ਤੋਂ 34 ਹਜ਼ਾਰ ਵੱਧ ਬਣਦੀਆਂ ਸਨ, ਪਰ ਇਸ ਵਾਰ ਦਾ ਚੋਣ ਘੋਲ ਵੱਖਰੀ ਕਿਸਮ ਦਾ ਸੀ। ਇੱਕ ਪਾਸੇ ਭਾਜਪਾ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਰਾਜ ਦੇ ਸਾਰੇ ਮੰਤਰੀ-ਮੁਸ਼ੱਦੀ ਹਿੰਦੂ ਵੋਟਾਂ ਦੇ ਧਰੁਵੀਕਰਨ ਨੂੰ ਹਵਾ ਦਿੰਦੇ ਰਹੇ ਤੇ ਦੂਜੇ ਪਾਸੇ ਸਪਾ, ਬਸਪਾ, ਆਰ ਐੱਲ ਡੀ ਤੇ ਕਾਂਗਰਸ ਦਾ ਕੋਈ ਵੀ ਵੱਡਾ ਆਗੂ ਚੋਣ ਮੁਹਿੰਮ 'ਚ ਨਾ ਗਿਆ। ਇਹਨਾਂ ਪਾਰਟੀਆਂ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਐਸੀ ਮੁਹਿੰਮ ਚਲਾਈ ਕਿ ਭਾਜਪਾ ਦੀਆਂ ਵੱਡੀਆਂ-ਵੱਡੀਆਂ ਰੈਲੀਆਂ ਦੀ ਫੂਕ ਨਿਕਲ ਗਈ। ਆਖ਼ਿਰ ਜਿੱਤ ਫ਼ਿਰਕੂ ਸਦਭਾਵਨਾ ਦੀ ਹੋਈ ਤੇ ਰਾਸ਼ਟਰੀ ਲੋਕ ਦਲ ਦੀ ਸਾਂਝੀ ਉਮੀਦਵਾਰ ਤਬੱਸੁਮ ਹਸਨ 50 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਈ। ਇਹੋ ਨਹੀਂ, ਨਾਲ ਲੱਗਦੀ ਨੂਰਪੁਰ ਦੀ ਵਿਧਾਨ ਸਭਾ ਸੀਟ ਵੀ ਸਮਾਜਵਾਦੀ ਪਾਰਟੀ ਨੇ ਭਾਜਪਾ ਕੋਲੋਂ ਖੋਹ ਲਈ। ਯੂ ਪੀ ਵਿੱਚ ਫੂਲਪੁਰ ਤੇ ਗੋਰਖਪੁਰ ਦੀ ਹਾਰ ਤੋਂ ਬਾਅਦ ਕੈਰਾਨਾ ਤੇ ਨੂਰਪੁਰ ਦੀ ਹਾਰ ਨੂੰ ਯੋਗੀ ਆਦਿੱਤਿਆਨਾਥ, ਜੋ ਮੋਦੀ ਤੋਂ ਬਾਅਦ ਆਰ ਐੱਸ ਐੱਸ ਦੀ ਦੂਜੀ ਪਸੰਦ ਸਮਝਿਆ ਜਾਂਦਾ ਹੈ, ਲਈ ਸਭ ਤੋਂ ਵੱਡਾ ਝਟਕਾ ਹੈ।
ਚੌਥੀ ਲੋਕ ਸਭਾ ਦੀ ਸੀਟ ਨਾਗਾਲੈਂਡ ਦੀ ਸੀ, ਜਿਹੜੀ ਨੀਟੀਊ ਰੀਓ ਦੇ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਖ਼ਾਲੀ ਕੀਤੀ ਗਈ ਸੀ। ਨਾਗਾਲੈਂਡ ਵਿੱਚ ਨਾਗਾ ਪੀਪਲਜ਼ ਫ਼ਰੰਟ ਤੇ ਭਾਜਪਾ ਦੀ ਸਾਂਝੀ ਸਰਕਾਰ ਹੈ। ਇਸ ਸੀਟ ਉੱਤੇ ਵੀ ਕਾਂਗਰਸ ਤੇ ਐੱਨ ਡੀ ਪੀ ਪੀ ਦੇ ਸਾਂਝੇ ਉਮੀਦਵਾਰ ਨੇ ਐੱਨ ਡੀ ਏ ਦੇ ਉਮੀਦਵਾਰ ਨੂੰ ਪਛਾੜ ਦਿੱਤਾ।
ਜਿੱਥੋਂ ਤੱਕ ਵਿਧਾਨ ਸਭਾ ਦੀਆਂ ਸੀਟਾਂ ਦੀਆਂ ਹੋਈਆਂ ਉੱਪ-ਚੋਣਾਂ ਦਾ ਸੰਬੰਧ ਹੈ, ਸਭ ਤੋਂ ਚਰਚਿਤ ਨਤੀਜਾ ਬਿਹਾਰ ਦੀ ਜੌਕੀਹੱਟ ਸੀਟ ਦਾ ਰਿਹਾ ਹੈ। ਇਹ ਸੀਟ ਅਸੰਬਲੀ ਚੋਣਾਂ ਦੌਰਾਨ ਜਨਤਾ ਦਲ (ਯੂ) ਨੇ ਜਿੱਤੀ ਸੀ। ਜਨਤਾ ਦਲ (ਯੂ) ਦੇ ਭਾਜਪਾ ਨਾਲ ਗੰਢ-ਚਿਤਰਾਵਾ ਕਰ ਲੈਣ ਤੋਂ ਬਾਅਦ ਇੱਥੋਂ ਜਿੱਤੇ ਵਿਧਾਇਕ ਨੇ ਪਾਰਟੀ ਤੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਹੋਈ ਇਸ ਹਲਕੇ ਦੀ ਚੋਣ ਵਿੱਚ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਉਮੀਦਵਾਰ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਉਹ 41244 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਹੈ।
ਬਾਕੀ ਸੀਟਾਂ ਵਿੱਚੋਂ ਕੇਰਲਾ ਵਿੱਚ ਸੀ ਪੀ ਐੱਮ ਨੇ, ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ, ਕਰਨਾਟਕ ਵਿੱਚ ਕਾਂਗਰਸ ਨੇ ਤੇ ਝਾਰਖੰਡ ਦੀਆਂ ਦੋ ਸੀਟਾਂ ਉੱਤੇ ਝਾਰਖੰਡ ਮੁਕਤੀ ਮੋਰਚਾ ਨੇ ਮੁੜ ਜਿੱਤ ਦਾ ਪਰਚਮ ਲਹਿਰਾਇਆ ਹੈ। ਭਾਜਪਾ ਦੇ ਪੱਲੇ ਵਿਧਾਨ ਸਭਾ ਦੀਆਂ ਗਿਆਰਾਂ ਵਿੱਚੋਂ ਸਿਰਫ਼ ਉੱਤਰਾ ਖੰਡ ਵਾਲੀ ਇੱਕ ਸੀਟ ਹੀ ਪਈ ਹੈ, ਜੋ ਬਹੁਤ ਹੀ ਨਿਗੂਣੇ ਫ਼ਰਕ ਨਾਲ ਜਿੱਤੀ ਹੈ।
ਦੋ ਹੋਰ ਸੀਟਾਂ ਹਨ, ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ। ਆਸਾਮ, ਤ੍ਰਿਪੁਰਾ ਵਿੱਚ ਜਿੱਤਾਂ ਪ੍ਰਾਪਤ ਕਰ ਲੈਣ ਤੇ ਨਾਗਾਲੈਂਡ, ਮੇਘਾਲਿਆ ਆਦਿ ਵਿੱਚ ਭੰਨ-ਤੋੜ ਕਰ ਕੇ ਰਾਜ-ਗੱਦੀ ਉੱਤੇ ਪੁੱਜਣ ਤੋਂ ਬਾਅਦ ਭਾਜਪਾ ਨੂੰ ਵਹਿਮ ਹੋ ਗਿਆ ਸੀ ਕਿ ਉਸ ਨੇ ਉੱਤਰੀ-ਪੁਰਬੀ ਰਾਜਾਂ ਵਿੱਚੋਂ ਸਭ ਨੂੰ ਸਾਫ਼ ਕਰ ਦਿੱਤਾ ਹੈ। ਇਹਨਾਂ ਉੱਪ-ਚੋਣਾਂ ਵਿੱਚ ਕਾਂਗਰਸ ਵੱਲੋਂ ਮੇਘਾਲਿਆ ਦੀ ਅਪਾਤੀ ਸੀਟ ਜਿੱਤ ਲੈਣ ਤੋਂ ਬਾਅਦ ਉਹ ਮੇਘਾਲਿਆ ਵਿੱਚ ਇਕੱਲੀ ਵੱਡੀ ਪਾਰਟੀ ਬਣ ਗਈ ਹੈ।
ਹੁਣ ਲਈਏ ਸਾਡੇ ਆਪਣੇ ਰਾਜ ਪੰਜਾਬ ਦੀ ਸ਼ਾਹਕੋਟ ਸੀਟ ਨੂੰ। ਇਹ ਸੀਟ ਪਿਛਲੀਆਂ ਪੰਜ ਚੋਣਾਂ ਵਿੱਚ ਅਕਾਲੀ ਪਾਰਟੀ ਜਿੱਤਦੀ ਰਹੀ ਹੈ। ਇਸ ਵਾਰ ਵੀ ਉਸ ਦਾ ਦਾਅਵਾ ਸੀ ਕਿ ਉਹ ਆਪਣੇ ਇਸ ਅਜਿੱਤ ਕਿਲ੍ਹੇ ਨੂੰ ਮੁੜ ਹਾਸਲ ਕਰ ਲਵੇਗੀ। ਇਸੇ ਕਾਰਨ ਦੋਹਾਂ ਪਾਸਿਆਂ ਤੋਂ ਹੀ ਹਰ ਜੁਗਾੜ ਲਾਇਆ ਗਿਆ, ਤਾਂ ਜੁ ਜਿੱਤ ਆਪਣੀ ਝੋਲੀ ਪਾਈ ਜਾ ਸਕੇ, ਪਰ ਆਖ਼ਿਰ ਬਾਜ਼ੀ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮਾਰ ਲਈ ਤੇ ਉਹ ਵੀ ਏਨੇ ਵੱਡੇ ਅੰਤਰ ਨਾਲ, ਜਿੰਨਾ ਪਹਿਲਾਂ ਕਦੇ ਵੀ ਕਿਸੇ ਦੇ ਹਿੱਸੇ ਨਹੀਂ ਸੀ ਆਇਆ।
ਆਖ਼ਿਰ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇੱਕ ਫਾਸ਼ੀ ਵਿਚਾਰਧਾਰਾ ਨੂੰ ਪ੍ਰਣਾਈ ਪਾਰਟੀ ਲਈ ਏਨੀ ਨਮੋਸ਼ੀ ਭਰੀ ਹਾਰ ਨੂੰ ਹਜ਼ਮ ਕਰ ਲੈਣਾ ਸੌਖਾ ਕੰਮ ਨਹੀਂ। ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਇੱਕ ਸਾਲ ਬਾਕੀ ਹੈ। ਇਸ ਇੱਕ ਸਾਲ ਦੌਰਾਨ ਸੱਤਾ ਨੂੰ ਮੁੜ ਹਾਸਲ ਕਰਨ ਲਈ ਭਾਜਪਾ ਆਗੂ ਕੋਈ ਵੀ ਦਾਅ-ਪੇਚ ਖੇਡ ਸਕਦੇ ਹਨ। ਹਿੰਦੂ ਵੋਟਾਂ ਦੇ ਧਰੁਵੀਕਰਨ ਦਾ ਤਾਂ ਉਹਨਾਂ ਪਾਸ ਅਜ਼ਮਾਇਆ ਹੋਇਆ ਹਥਿਆਰ ਹੈ। ਰਾਸ਼ਟਰਵਾਦ ਦੇ ਨਾਂਅ ਉੱਤੇ ਕਿਤੇ ਵੀ ਚੰਗਿਆੜੀ ਭੜਕਾਉਣ ਤੋਂ ਉਹ ਗੁਰੇਜ਼ ਨਹੀਂ ਕਰਨਗੇ। ਇਸ ਲਈ ਸਭ ਧਰਮ-ਨਿਰਪੱਖ ਸ਼ਕਤੀਆਂ ਨੂੰ ਆਪਣੀ ਏਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਜਪਾ ਦੀਆਂ ਅਜਿਹੀਆਂ ਚਾਲਾਂ ਤੋਂ ਵੀ ਸੁਚੇਤ ਰਹਿਣਾ ਪਵੇਗਾ।

1606 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper