Latest News
ਕਿਸਾਨੀ ਦੀ ਸਾਰ ਲਉ

Published on 03 Jun, 2018 10:40 AM.

ਦੇਸ਼ ਭਰ ਦੀਆਂ 100 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਭਾਰਤੀ ਕਿਸਾਨ ਮਹਾਂ ਸੰਘ ਵੱਲੋਂ ਕਿਸਾਨਾਂ ਨੂੰ 1 ਜੂਨ ਤੋਂ 10 ਜੂਨ ਤੱਕ ਮੰਡੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨੀ ਹੜਤਾਲ ਦਾ ਅੱਜ ਤੀਜਾ ਦਿਨ ਹੈ। ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ ਇਹ ਅੰਦੋਲਨ ਉੱਤਰੀ ਤੇ ਮੱਧ ਭਾਰਤ ਦੇ 7 ਰਾਜਾਂ ਵਿੱਚ ਫੈਲ ਚੁੱਕਾ ਹੈ। ਸੰਬੰਧਤ ਜਥੇਬੰਦੀਆਂ ਦੇ ਕਿਸਾਨ ਆਗੂ ਆਪਣੇ-ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਬਾਈਕਾਟ ਨੂੰ ਸਫ਼ਲ ਬਣਾਉਣ ਲਈ ਯਤਨਸ਼ੀਲ ਹਨ। ਸਬਜ਼ੀਆਂ ਨੂੰ ਮੰਡੀ ਵਿੱਚ ਪੁੱਜਣ ਤੋਂ ਰੋਕਣ ਲਈ ਉਨ੍ਹਾਂ ਨੇ ਹਮਾਇਤੀ ਕਿਸਾਨਾਂ ਦੀ ਸਹਾਇਤਾ ਨਾਲ ਮੁੱਖ ਸੜਕਾਂ ਉੱਤੇ ਨਾਕੇ ਲਾਏ ਹੋਏ ਹਨ। ਇਹਨਾਂ ਨਾਕਿਆਂ ਉੱਤੇ ਪਿੰਡਾਂ 'ਚੋਂ ਸਬਜ਼ੀਆਂ ਲੈ ਕੇ ਪੁੱਜਣ ਵਾਲੀਆਂ ਗੱਡੀਆਂ ਨੂੰ ਜਬਰੀ ਰੋਕ ਕੇ ਸਬਜ਼ੀਆਂ ਨੂੰ ਖਿਲਾਰਿਆ ਜਾ ਰਿਹਾ ਹੈ। ਦੋਧੀਆਂ ਰਾਹੀਂ ਪਿੰਡਾਂ 'ਚੋਂ ਆਉਣ ਵਾਲਾ ਦੁੱਧ ਜਬਰੀ ਖੋਹ ਕੇ ਸੜਕਾਂ ਉੱਤੇ ਡੋਲ੍ਹਣ ਦੇ ਦ੍ਰਿਸ਼ ਸੋਸ਼ਲ ਮੀਡੀਆ ਉੱਤੇ ਆਮ ਦੇਖਣ ਨੂੰ ਮਿਲ ਰਹੇ ਹਨ। ਕਿਸਾਨੀ ਮੰਗਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਲੋਕ ਵੀ ਇਸ ਵਰਤਾਰੇ ਨੂੰ ਠੀਕ ਨਹੀਂ ਸਮਝ ਰਹੇ।
ਅਜਿਹੀਆਂ ਗ਼ਲਤ ਗੱਲਾਂ ਦੇ ਬਾਵਜੂਦ ਇਹ ਕਿਸਾਨ ਅੰਦੋਲਨ ਲਗਾਤਾਰ ਫੈਲ ਰਿਹਾ ਹੈ। ਇਹ ਅੰਦੋਲਨ ਕੋਈ ਅਚਨਚੇਤ ਸ਼ੁਰੂ ਨਹੀਂ ਹੋਇਆ, ਇਸ ਦਾ ਇੱਕ ਲੰਮਾ ਪਿਛੋਕੜ ਹੈ। ਭਾਜਪਾ ਆਗੂਆਂ ਨੇ 2014 ਦੀ ਆਪਣੀ ਚੋਣ ਮੁਹਿੰਮ ਦੌਰਾਨ ਨਾਹਰਾ ਦਿੱਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ। ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਜਿੰਨੀਆਂ ਵੀ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ, ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਵਾਅਦੇ ਨੂੰ ਅੱਗੇ ਵਧਾਉਂਦੇ ਹੋਏ ਇਹ ਵੀ ਕਹਿ ਦਿੱਤਾ ਕਿ ਗੱਦੀ 'ਤੇ ਪਹੁੰਚਣ ਤੋਂ ਬਾਅਦ ਕਿਸਾਨੀ ਸਿਰ ਚੜ੍ਹਿਆ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ।
ਮੋਦੀ ਦੀ ਅਗਵਾਈ 'ਚ ਭਾਜਪਾ ਰਾਜ ਦੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਨੇ ਕਰਜ਼ਾ ਮੁਆਫ਼ੀ ਦੇ ਮਸਲੇ ਉੱਤੇ ਸਾਫ਼ ਨਾਂਹ ਕਰ ਦਿੱਤੀ ਤੇ ਵਿੱਤ ਮੰਤਰੀ ਨੇ ਕਹਿ ਦਿੱਤਾ ਕਿ ਇਹ ਰਾਜਾਂ ਦਾ ਮਸਲਾ ਹੈ ਤਾਂ ਕਿਸਾਨਾਂ ਅੰਦਰ ਗੁੱਸਾ ਜਾਗਣਾ ਕੁਦਰਤੀ ਸੀ। ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਅਜਿਹੇ ਵਿੱਚ ਪਹਿਲਾਂ ਵੱਖ-ਵੱਖ ਰਾਜਾਂ ਵਿੱਚ ਸਥਾਨਕ ਅੰਦੋਲਨ ਸ਼ੁਰੂ ਹੋਏ। ਮੱਧ ਪ੍ਰਦੇਸ਼ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਉੱਤੇ ਪੁਲਸ ਫਾਇਰਿੰਗ ਨਾਲ 5 ਕਿਸਾਨਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਦੇਸ਼ ਦੀ ਸਮੁੱਚੀ ਕਿਸਾਨੀ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਰਾਜਸਥਾਨ ਤੇ ਮਹਾਰਾਸ਼ਟਰ ਵਿੱਚ ਵੀ ਕਿਸਾਨ ਅੰਦੋਲਨ ਸ਼ੁਰੂ ਹੋ ਗਏ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਧਰਨੇ-ਮੁਜ਼ਾਹਰੇ ਸ਼ੁਰੂ ਕਰ ਦਿੱਤੇ ਗਏ ਅਤੇ ਵੱਖ-ਵੱਖ ਜਥੇਬੰਦੀਆਂ ਨੇ ਇੱਕ ਮਹਾਂ ਪੰਚਾਇਤ ਬੁਲਾ ਕੇ ਰਾਸ਼ਟਰੀ ਕਿਸਾਨ ਮਹਾਂ ਸੰਘ ਦਾ ਗਠਨ ਕਰ ਲਿਆ। ਕਿਸਾਨਾਂ ਵਿੱਚ ਪੈਦਾ ਹੋਏ ਗੁੱਸੇ ਦਾ ਹੀ ਸਿੱਟਾ ਸੀ ਕਿ ਇਸ ਦੌਰਾਨ ਯੂ ਪੀ ਤੇ ਰਾਜਸਥਾਨ ਵਿੱਚ ਹੋਈਆਂ ਪੰਜ ਲੋਕ ਸਭਾ ਸੀਟਾਂ ਦੀਆਂ ਉੱਪ-ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹੋ ਨਹੀਂ, ਹੁਣੇ-ਹੁਣੇ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ 14 ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚੋਂ ਉਸ ਦੇ ਪੱਲੇ ਸਿਰਫ਼ 2 ਸੀਟਾਂ ਪਈਆਂ।
ਪਿਛਲੇ ਇੱਕ ਸਾਲ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਦੀਆਂ ਮੁੱਖ ਤੌਰ ਉੱਤੇ ਦੋ ਹੀ ਮੰਗਾਂ ਹਨ : ਪਹਿਲੀ, ਪਿਛਲੇ ਸਮੁੱਚੇ ਕਰਜ਼ੇ ਉੱਤੇ ਲੀਕ ਮਾਰੀ ਜਾਵੇ ਅਤੇ ਦੂਜੀ, ਜਿਣਸਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਤੈਅ ਕੀਤਾ ਤੇ ਖ਼ਰੀਦ ਦੀ ਗਰੰਟੀ ਕੀਤੀ ਜਾਵੇ। ਇਹ ਗੱਲ ਸਭ ਖੇਤੀ ਵਿਗਿਆਨੀ ਤੇ ਖੇਤੀ ਯੂਨੀਵਰਸਿਟੀਆਂ ਨਾਲ ਜੁੜੇ ਅਰਥ-ਸ਼ਾਸਤਰੀ ਮੰਨਦੇ ਹਨ ਕਿ ਇਸ ਸਮੇਂ ਕਣਕ ਤੇ ਝੋਨੇ ਦੇ ਜਿਹੜੇ ਭਾਅ ਬੰਨ੍ਹੇ ਜਾਂਦੇ ਹਨ, ਉਹ ਲਾਗਤਾਂ ਵੀ ਪੂਰੀਆਂ ਨਹੀਂ ਕਰਦੇ। ਬਾਕੀ ਜਿਣਸਾਂ ਦੇ ਭਾਅ ਬੰਨ੍ਹਣ ਜਾਂ ਨਾ ਬੰਨ੍ਹਣ ਨਾਲ ਕੋਈ ਫ਼ਰਕ ਹੀ ਨਹੀਂ ਪੈਂਦਾ, ਕਿਉਂਕਿ ਇਹਨਾਂ ਜਿਣਸਾਂ ਦੀ ਸਰਕਾਰੀ ਖ਼ਰੀਦ ਨਾ ਹੋਣ ਕਰ ਕੇ ਵਪਾਰੀ ਆਪਣੀ ਮਰਜ਼ੀ ਦਾ ਭਾਅ ਲਾਉਂਦੇ ਹਨ। ਇਹੋ ਹਾਲ ਸਬਜ਼ੀਆਂ, ਫਲਾਂ ਤੇ ਸਹਾਇਕ ਧੰਦਿਆਂ ਰਾਹੀਂ ਪੈਦਾ ਹੁੰਦੇ ਉਤਪਾਦਾਂ ਦੇ ਭਾਵਾਂ ਦਾ ਹੈ।
ਅਸਲ ਹਾਲਾਤ ਇਹ ਹਨ ਕਿ ਖੇਤੀਬਾੜੀ ਘਾਟੇਵੰਦਾ ਸੌਦਾ ਬਣ ਕੇ ਰਹਿ ਗਈ ਹੈ। ਇਸੇ ਕਾਰਨ ਦੇਸ਼ ਦੇ ਹਰ ਕਿਸਾਨ ਦਾ ਰੋਮ-ਰੋਮ ਕਰਜ਼ਾਈ ਹੋ ਚੁੱਕਾ ਹੈ। ਕਰਜ਼ੇ ਦੇ ਬੋਝ ਨੇ ਉਸ ਨੂੰ ਮਾਨਸਿਕ ਰੋਗੀ ਬਣਾ ਕੇ ਰੱਖ ਦਿੱਤਾ ਹੈ। ਅਜਿਹੀ ਹਾਲਤ ਵਿੱਚ ਉਹ ਮੌਤ ਨੂੰ ਗਲੇ ਲਾ ਰਿਹਾ ਹੈ। ਇੱਕ ਸਰਵੇ ਮੁਤਾਬਕ ਹੁਣ ਤੱਕ ਸਾਢੇ ਤਿੰਨ ਲੱਖ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਇਹ ਵਰਤਾਰਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਤੇ ਔਸਤ ਹਰ ਰੋਜ਼ 35 ਕਿਸਾਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹਨ। ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਿਸਾਨੀ ਸਿਰ ਚੜ੍ਹੇ ਕਰਜ਼ੇ ਦਾ ਕਾਰਨ ਉਸ ਵੱਲੋਂ ਕਿਸਾਨੀ ਜਿਣਸਾਂ ਦੇ ਲਾਹੇਵੰਦੇ ਭਾਅ ਨਾ ਬੰਨ੍ਹਣਾ ਹੈ। ਇਸ ਲਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਰੇ ਦੇਸ਼ ਵਾਸੀਆਂ ਦੀ ਭੁੱਖ ਮਿਟਾਉਣ ਵਾਲੇ ਅੰਨਦਾਤੇ ਦੀ ਬਾਂਹ ਫੜੇ ਅਤੇ ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ਼ ਕਰੇ। ਕਿਸਾਨ ਮੁੜ ਕਰਜ਼ੇ ਦੇ ਚੁੰਗਲ ਵਿੱਚ ਨਾ ਫਸੇ, ਇਸ ਲਈ ਤੁਰੰਤ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਜਿਣਸਾਂ ਦੇ ਭਾਅ ਬੰਨ੍ਹਣ ਵੱਲ ਮੂੰਹ ਕਰੇ। ਇਸ ਦੇ ਨਾਲ ਹੀ ਹਰ ਕਿਸਮ ਦੀ ਜਿਣਸ ਸਰਕਾਰੀ ਏਜੰਸੀਆਂ ਰਾਹੀਂ ਤੈਅ ਕੀਮਤਾਂ ਉੱਤੇ ਖ਼ਰੀਦਣ ਨੂੰ ਯਕੀਨੀ ਬਣਾਇਆ ਜਾਵੇ।
ਆਖ਼ਿਰ ਵਿੱਚ ਅਸੀਂ ਕਿਸਾਨ ਆਗੂਆਂ ਨੂੰ ਅਪੀਲ ਕਰਾਂਗੇ ਕਿ ਉਹ ਸਮਝਾ-ਬੁਝਾ ਕੇ ਕਿਸਾਨੀ ਨੂੰ ਆਪਣੇ ਨਾਲ ਜੋੜ ਕੇ ਆਪਣੇ ਸੰਘਰਸ਼ ਨੂੰ ਅੰਜਾਮ ਤੱਕ ਲੈ ਕੇ ਜਾਣ। ਗ਼ਰੀਬ ਕਿਸਾਨਾਂ ਦੀਆਂ ਸਬਜ਼ੀਆਂ ਦਾ ਖ਼ਰਾਬਾ ਤੇ ਦੁੱਧ ਸੜਕਾਂ ਉੱਤੇ ਡੋਲ੍ਹਣ ਵਾਲੀਆਂ ਕਾਰਵਾਈਆਂ ਉਨ੍ਹਾਂ ਨੂੰ ਬਾਕੀ ਲੋਕਾਂ ਨਾਲੋਂ ਨਿਖੇੜਣਗੀਆਂ।

1602 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper