Latest News
ਕਿਸਾਨਾਂ ਦੇ ਲੀਡਰ ਸਮੇਂ ਨੂੰ ਸਮਝਣ

Published on 04 Jun, 2018 11:29 AM.

ਇਸ ਵਾਰੀ ਦੀ ਕਿਸਾਨਾਂ ਦੀ ਹੜਤਾਲ ਪਹਿਲਾਂ ਤੋਂ ਵੱਖਰੀ ਕਿਸਮ ਦੀ ਵੀ ਹੈ ਤੇ ਵੱਧ ਲੰਮੀ ਵੀ। ਉਨ੍ਹਾਂ ਦੇ ਆਗੂਆਂ ਨੇ ਇਸ ਨੂੰ ਹੜਤਾਲ ਦੇ ਬਜਾਏ ਦਸ ਦਿਨਾਂ ਦੀ ਕਿਸਾਨ-ਛੁੱਟੀ ਦਾ ਨਾਂਅ ਦਿੱਤਾ ਹੈ। ਇਸ ਦਾ ਭਾਵ ਇਹ ਹੈ ਕਿ ਹਰ ਕਿਸੇ ਵਰਗ ਦੇ ਲੋਕਾਂ ਨੂੰ ਕੁਝ ਨਾ ਕੁਝ ਛੁੱਟੀਆਂ ਮਿਲਦੀਆਂ ਹਨ, ਪਰ ਕਿਸਾਨੀ ਦਾ ਕਿੱਤਾ ਇਸ ਕਿਸਮ ਦਾ ਹੈ ਕਿ ਇਸ ਵਰਗ ਦੇ ਲੋਕਾਂ ਲਈ ਕਦੇ ਕੋਈ ਛੁੱਟੀ ਦਾ ਸਾਂਝਾ ਦਿਨ ਹੋਇਆ ਹੀ ਨਹੀਂ। ਅਸਲ ਵਿੱਚ ਇਹ ਨਾਹਰਾ ਕਿਸਾਨੀ ਨੂੰ ਛੁੱਟੀ ਮਨਾਉਣ ਦਾ ਮੌਕਾ ਦੇਣ ਲਈ ਨਹੀਂ, ਸਗੋਂ ਸਮਾਜ ਦਾ ਇਸ ਪਾਸੇ ਧਿਆਨ ਦਿਵਾਉਣ ਲਈ ਚੁਣਿਆ ਗਿਆ ਹੈ ਕਿ ਜੇ ਕਿਸਾਨ ਕਿਸੇ ਦਿਨ ਛੁੱਟੀ ਕਰ ਕੇ ਬੈਠ ਗਿਆ ਤਾਂ ਸਮਾਜ ਦਾ ਆਹ ਹਾਲ ਹੋ ਸਕਦਾ ਹੈ। ਇਸ ਛੁੱਟੀ ਦੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਖੇਤਾਂ ਦੀ ਉਪਜ ਅਤੇ ਕਿਸਾਨਾਂ ਦੇ ਪਾਲੇ ਹੋਏ ਪਸ਼ੂਆਂ ਦਾ ਦੁੱਧ ਆਦਿ ਸ਼ਹਿਰਾਂ ਨੂੰ ਸਪਲਾਈ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਅਸੀਂ ਉਨ੍ਹਾਂ ਦੇ ਇਸ ਸੰਘਰਸ਼ ਨੂੰ ਗ਼ਲਤ ਨਹੀਂ ਕਹਿ ਸਕਦੇ। ਤਸਵੀਰ ਦਾ ਦੂਸਰਾ ਪੱਖ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖ਼ੁਦ ਹੀ ਇਹ ਨਾਹਰਾ ਵੀ ਦੇ ਦਿੱਤਾ ਸੀ ਕਿ ਜਿਸ ਕਿਸੇ ਸ਼ਹਿਰੀ ਭਰਾ-ਭੈਣ ਨੂੰ ਦੁੱਧ, ਸਬਜ਼ੀ ਜਾਂ ਫਲ ਆਦਿ ਚਾਹੀਦੇ ਹਨ, ਉਹ ਪਿੰਡਾਂ ਵਿੱਚੋਂ ਖ਼ੁਦ ਆ ਕੇ ਲਿਜਾਣਾ ਚਾਹੇ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਕਿਸੇ ਪਿੰਡ ਵਿੱਚ ਦੁੱਧ ਲੈਣ ਲਈ ਗਏ ਤਾਂ ਕਿਸਾਨ ਆਗੂਆਂ ਨੇ ਉਨ੍ਹਾ ਦਾ ਸਵਾਗਤ ਵੀ ਕੀਤਾ ਤੇ ਆਪਣੀਆਂ ਮੁਸ਼ਕਲਾਂ ਵੀ ਦੱਸਣ ਦਾ ਮੌਕਾ ਵਰਤ ਲਿਆ। ਖ਼ੁਦ ਸਿੱਧੂ ਨੇ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਦੀ ਹਮਾਇਤ ਕੀਤੀ ਸੀ। ਇਸ ਦੌਰਾਨ ਜਿਹੜੇ ਵੀ ਸ਼ਹਿਰਾਂ ਦੇ ਲੋਕ ਪਿੰਡਾਂ ਵਿੱਚ ਕੁਝ ਸਾਮਾਨ ਲੈਣ ਗਏ, ਉਹ ਮੁੜ ਕੇ ਲੋਕਾਂ ਨੂੰ ਦੱਸਦੇ ਸਨ ਕਿ ਫ਼ਸਲਾਂ ਦੀ ਲਾਗਤ ਅਤੇ ਸ਼ਹਿਰੀ ਮੰਡੀ ਵਿੱਚ ਵਿਕਣ ਤੱਕ ਦੇ ਬਾਜ਼ਾਰੀਕਰਨ ਦੀ ਹਕੀਕਤ ਕੀ ਹੈ ਤੇ ਇਸ ਨਾਲ ਕਈ ਤਰ੍ਹਾਂ ਦੇ ਭੁਲੇਖੇ ਦੂਰ ਹੋ ਰਹੇ ਸਨ। ਜਿੰਨਾ ਚੰਗਾ ਪ੍ਰਭਾਵ ਇਸ ਨਾਲ ਪੈ ਰਿਹਾ ਸੀ, ਕੁਝ ਕਿਸਾਨ ਟੋਲਿਆਂ ਦੇ ਕਾਹਲੇ ਵਿਹਾਰ ਨੇ ਉਹ ਖ਼ਰਾਬ ਕਰ ਦਿੱਤਾ ਹੈ। ਪਹਿਲਾ ਸਿਰਫ਼ ਇੱਕ ਦਿਨ ਸੁਖਾਵਾਂ ਲੰਘਿਆ ਤੇ ਦੂਸਰੇ ਦਿਨ ਇਹ ਖ਼ਬਰਾਂ ਆਉਣ ਲੱਗ ਪਈਆਂ ਕਿ ਆਗੂਆਂ ਵੱਲੋਂ ਕੁਝ ਵੀ ਕਿਹਾ ਜਾਵੇ, ਰਾਹਾਂ ਵਿੱਚ ਖੜੋਤੇ ਕੁਝ ਜ਼ਾਬਤੇ ਤੋਂ ਸੱਖਣੇ ਕਿਸਾਨ ਟੋਲੇ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਕਿੱਲੋ ਦੁੱਧ ਦਾ ਡੋਲਣਾ ਖੋਹ ਕੇ ਵੀ ਡੋਲ਼੍ਹੀ ਜਾ ਰਹੇ ਹਨ। ਕਿਸਾਨ ਆਗੂਆਂ ਨੇ ਇਹ ਸੱਦਾ ਵੀ ਦਿੱਤਾ ਸੀ ਕਿ ਜਿੱਥੇ ਕਿਤੇ ਸਬਜ਼ੀ, ਦੁੱਧ ਅਤੇ ਫਲ ਆਦਿ ਖ਼ਰਾਬ ਹੋਣ ਦਾ ਡਰ ਹੋਵੇ ਜਾਂ ਸ਼ਹਿਰ ਜਾਂਦੇ ਕਿਸੇ ਕਿਸਾਨ ਨੂੰ ਉਸ ਦੇ ਕਿਸਾਨ ਭਰਾਵਾਂ ਨੇ ਰੋਕਿਆ ਹੋਵੇ, ਇਸ ਮੌਕੇ ਦੁੱਧ ਅਤੇ ਸਬਜ਼ੀਆਂ ਆਦਿ ਨੂੰ ਸੜਕਾਂ ਉੱਤੇ ਸੁੱਟ ਕੇ ਉਨ੍ਹਾਂ ਦੀ ਬੇਕਦਰੀ ਨਾ ਕੀਤੀ ਜਾਵੇ ਅਤੇ ਕਿਸੇ ਨੇੜੇ ਥਾਂ ਵਾਲੇ ਗ਼ਰੀਬ ਭਲਾਈ ਦੇ ਆਸ਼ਰਮ ਜਾਂ ਧਾਰਮਿਕ ਅਸਥਾਨ ਨੂੰ ਦੇ ਦਿੱਤਾ ਜਾਵੇ ਜਾਂ ਗ਼ਰੀਬਾਂ ਨੂੰ ਵੰਡਿਆ ਜਾਵੇ। ਇਸ ਦੇ ਬਾਵਜੂਦ ਰਾਹਾਂ ਵਿੱਚ ਖੜੇ ਹੋਏ ਟੋਲਿਆਂ ਨੇ ਸੜਕਾਂ ਉੱਤੇ ਦੁੱਧ ਡੋਲ੍ਹਣ ਅਤੇ ਸਬਜ਼ੀਆਂ ਨੂੰ ਰਾਹ ਜਾਂਦੀਆਂ ਬੱਸਾਂ-ਗੱਡੀਆਂ ਹੇਠ ਵਿਛਾ ਦੇਣ ਵਾਲਾ ਕੰਮ ਜਾਰੀ ਰੱਖਿਆ ਹੈ। ਇਹ ਰਾਹ ਤਾਂ ਠੀਕ ਨਹੀਂ ਮੰਨਿਆ ਜਾ ਸਕਦਾ। ਕੁਝ ਹੋਰ ਜ਼ਿਆਦੇ ਕਾਹਲੇ ਲੋਕ ਕੱਲ੍ਹ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਸਬਜ਼ੀ ਮੰਡੀਆਂ ਵਿੱਚ ਆੜ੍ਹਤੀਆਂ ਅਤੇ ਦੁਕਾਨਦਾਰਾਂ ਨਾਲ ਸਿੱਧਾ ਸਿੱਝਣ ਲਈ ਪਹੁੰਚ ਗਏ ਤੇ ਫਿਰ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣ ਲਈ ਓਥੇ ਪੁਲਸ ਨੂੰ ਆਉਣਾ ਪੈ ਗਿਆ। ਇੱਕ ਥਾਂ ਡੇਅਰੀ ਫ਼ਾਰਮ ਦੇ ਲਈ ਦੁੱਧ ਲਿਆਉਣ ਵਾਲੇ ਦੋਧੀਆਂ ਨੂੰ ਘੇਰ ਲਿਆ ਤੇ ਜਦੋਂ ਉਹ ਵੀ ਅੱਗੋਂ ਇਕੱਠੇ ਹੋ ਗਏ ਤਾਂ ਟਕਰਾਅ ਟਾਲਣ ਲਈ ਓਥੇ ਵੀ ਪੁਲਸ ਸੱਦੀ ਗਈ, ਜਿਹੜੀ ਆਈ ਤੇ ਦੋਵਾਂ ਧਿਰਾਂ ਨੂੰ ਧਮਕਾਉਣ ਦੇ ਪੁਰਾਣੇ ਢੰਗ ਵਰਤਣ ਲੱਗ ਪਈ। ਅਸੀਂ ਇਹ ਗੱਲ ਸਾਫ਼ ਕਹਿਣੀ ਚਾਹੁੰਦੇ ਹਾਂ ਕਿ ਸਾਰੇ ਦੇਸ਼ ਵਿੱਚ ਜਿਸ ਤਰ੍ਹਾਂ ਕਿਸਾਨਾਂ ਦਾ ਗਲ ਘੁੱਟਿਆ ਜਾ ਰਿਹਾ ਹੈ, ਉਸ ਬਾਰੇ ਸਾਰੇ ਲੋਕ ਜਾਣਦੇ ਹਨ। ਇਸ ਹੜਤਾਲ ਦੇ ਨਾਲ ਸ਼ਹਿਰੀ ਲੋਕਾਂ ਨੂੰ ਇਹ ਜਾਣਨ ਦਾ ਮੌਕਾ ਵੀ ਪ੍ਰਾਪਤ ਹੋ ਗਿਆ ਕਿ ਜਿਹੜੀ ਸਾਗ-ਸਬਜ਼ੀ ਉਹ ਖਾਇਆ ਕਰਦੇ ਹਨ, ਉਸ ਨੂੰ ਪੈਦਾ ਕਰਨ ਵਾਲਾ ਕਿਸਾਨ ਵੀ ਲੁੱਟਿਆ ਜਾ ਰਿਹਾ ਹੈ ਤੇ ਜਦੋਂ ਉਹ ਲੋਕ ਇਸ ਨੂੰ ਖ਼ਰੀਦਦੇ ਹਨ, ਉਹ ਵੀ ਲੁੱਟੇ ਜਾ ਰਹੇ ਹਨ। ਮੁਲਕ ਨੂੰ ਆਪਣੀ ਜਕੜ ਵਿੱਚ ਲਪੇਟਣ ਵਾਲੀ ਵੱਡੀ ਸਰਮਾਏਦਾਰੀ ਦੋਵਾਂ ਧਿਰਾਂ, ਉਤਪਾਦਕ ਨੂੰ ਵੀ ਅਤੇ ਖ਼ਪਤਕਾਰ ਨੂੰ ਵੀ, ਦੋਵੀਂ ਹੱਥੀਂ ਲੁੱਟੀ ਜਾਂਦੀ ਹੈ। ਇਸ ਤਰ੍ਹਾਂ ਦੇ ਵਕਤ ਸਮਾਜ ਦੇ ਹੋਰ ਵਰਗਾਂ ਦੀ ਹਮਦਰਦੀ ਜਦੋਂ ਕਿਸਾਨਾਂ ਨਾਲ ਹੁੰਦੀ ਜਾਪ ਰਹੀ ਸੀ, ਓਦੋਂ ਕੁਝ ਕਿਸਾਨ ਟੋਲਿਆਂ ਦੀ ਜ਼ਾਬਤਾ ਉਲੰਘ ਕੇ ਰਾਹ ਜਾਂਦੇ ਲੋਕਾਂ ਨਾਲ ਧੱਕੇ ਦੀ ਕਾਰਵਾਈ ਅਮਲ ਵਿੱਚ ਕਿਸਾਨੀ ਦਾ ਅਕਸ ਖ਼ਰਾਬ ਕਰ ਸਕਦੀ ਹੈ। ਆਪ ਜਾ ਕੇ ਕਿਸੇ ਪਿੰਡ ਤੋਂ ਦੋ ਕਿੱਲੋ ਲੋੜ ਜੋਗਾ ਦੁੱਧ ਲਿਆਉਣ ਵਾਲਾ ਕੋਈ ਸ਼ਹਿਰੀ ਵਿਅਕਤੀ ਜਾਂ ਦਸ ਘਰਾਂ ਤੋਂ ਦੁੱਧ ਚੁਆਉਣ ਤੇ ਸ਼ਹਿਰ ਲਿਆ ਕੇ ਵੇਚਣ ਵਾਲਾ ਦੋਧੀ ਵੀ ਰਾਹ ਵਿੱਚ ਘੇਰ ਲਿਆ ਜਾਵੇ ਤਾਂ ਇਸ ਦਾ ਲਾਭ ਕੋਈ ਨਹੀਂ ਹੋਣਾ। ਲੜਾਈ ਦਾ ਮੂੰਹ ਜਿਸ ਪਾਸੇ ਵੱਲ ਕੀਤਾ ਸੀ, ਉਸੇ ਪਾਸੇ ਰਹਿਣਾ ਚਾਹੀਦਾ ਹੈ। ਇਹ ਲੀਹੋਂ ਲੱਥਣਾ ਠੀਕ ਨਹੀਂ ਹੋ ਸਕਦਾ। ਕਿਸਾਨਾਂ ਦੀ ਲੀਡਰਸ਼ਿਪ ਦੇ ਸਿਰ ਇਸ ਵਕਤ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਆਪਸੀ ਏਕਤਾ ਨਾਲ ਲੜਾਈ ਇੱਕ ਖ਼ਾਸ ਪੱਧਰ ਤੱਕ ਲਿਆ ਵਿਖਾਈ ਹੈ। ਇਸ ਤੋਂ ਅੱਗੇ ਜਾਣ ਦੀ ਲੋੜ ਹੈ। ਆਹ ਜਿਹੜੇ ਰਾਹਾਂ ਵਿੱਚ ਰੋਕੇ ਅਤੇ ਕੁੱਟੇ ਜਾ ਰਹੇ ਲੋਕ ਟੀ ਵੀ ਸਕਰੀਨਾਂ ਉੱਤੇ ਵਿਖਾਏ ਜਾ ਰਹੇ ਹਨ, ਇਹ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਦੁਸ਼ਮਣ ਨਹੀਂ, ਪਰ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਤੇ ਫਿਰ ਲੋਕਾਂ ਸਾਹਮਣੇ ਪੇਸ਼ ਹੁੰਦੀ ਹੈ ਤਾਂ ਇਸ ਨਾਲ ਕਿਸਾਨਾਂ ਪ੍ਰਤੀ ਹਮਦਰਦੀ ਘਟਦੀ ਹੈ। ਇਸ ਲਈ ਕਿਸਾਨਾਂ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਥਿਤੀ ਨੂੰ ਸਮਝਣ ਤੇ ਹੇਠਲਿਆਂ ਨੂੰ ਜ਼ਰੂਰੀ ਸੇਧਾਂ ਦੇਣ। -ਜਤਿੰਦਰ ਪਨੂੰ

1609 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper