Latest News
ਐੱਨ ਆਰ ਆਈ ਲਾੜਿਆਂ ਬਾਰੇ ਸਵਾਗਤ ਯੋਗ ਫ਼ੈਸਲਾ

Published on 07 Jun, 2018 11:55 AM.


ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤੀ ਲੋਕਾਂ ਨਾਲ ਸੰਬੰਧਤ ਇੱਕ ਨਵਾਂ ਕਾਨੂੰਨ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ, ਜਿਸ ਦਾ ਮਕਸਦ ਲੜਕੀਆਂ ਨਾਲ ਵਿਆਹ ਸਮੇਂ ਹੁੰਦੀ ਧੋਖਾ-ਧੜੀ ਨੂੰ ਰੋਕਣਾ ਹੈ। ਇਸ ਦੀ ਲੋੜ ਵੀ ਸੀ।
ਅਸੀਂ ਲੋਕ ਲੰਮੇ ਸਮੇਂ ਤੋਂ ਇਹ ਦੁਹਾਈ ਸੁਣਦੇ ਆ ਰਹੇ ਸਾਂ ਕਿ ਪ੍ਰਵਾਸੀ ਭਾਰਤੀ ਮੁੰਡੇ ਏਥੇ ਆ ਕੇ ਏਥੋਂ ਕਿਸੇ ਨਾ ਕਿਸੇ ਤਰੀਕੇ ਕਿਸੇ ਕੁੜੀ ਨਾਲ ਸ਼ਾਦੀ ਕਰਦੇ ਹਨ ਤੇ ਫਿਰ ਉਹ ਕੁੜੀ ਸਾਰੀ ਉਮਰ ਦਾ ਨਰਕ ਹੰਢਾਉਂਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਅਦਾਲਤਾਂ ਨੇ ਦਖਲ ਦਿੱਤਾ ਅਤੇ ਕੁਝ ਕੇਸਾਂ ਵਿੱਚ ਲੜਕੀਆਂ ਨੂੰ ਇਨਸਾਫ ਮਿਲ ਗਿਆ, ਪਰ ਆਮ ਤੌਰ ਉੱਤੇ ਇਹੋ ਜਿਹੀਆਂ ਲੜਕੀਆਂ ਇਸ ਲੰਮੀ ਪ੍ਰਕਿਰਿਆ ਤੋਂ ਦੁਖੀ ਹੋ ਕੇ ਦਿਲ ਛੱਡ ਬਹਿੰਦੀਆਂ ਸਨ। ਨਤੀਜੇ ਵਜੋਂ ਜਿਹੜਾ ਇਹੋ ਜਿਹਾ ਠੱਗ ਲਾੜਾ ਬਚ ਜਾਂਦਾ, ਉਸ ਦੇ ਕਿੱਸੇ ਸੁਣ ਕੇ ਉਹਦੇ ਵਰਗੇ ਕਈ ਹੋਰ ਏਸੇ ਰਾਹ ਪੈ ਜਾਂਦੇ ਤੇ ਹੋਰ ਕੁੜੀਆਂ ਇਹੋ ਜਿਹੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੀਆਂ ਸਨ। ਉਨ੍ਹਾਂ ਦੀ ਮਦਦ ਕਰਨ ਵਾਲੇ ਬਹੁਤੇ ਨਹੀਂ ਸੀ ਹੁੰਦੇ ਤੇ ਸਥਿਤੀ ਦਾ ਹਰ ਤਰ੍ਹਾਂ ਦਾ ਲਾਭ ਉਠਾਉਣ ਵਾਲੇ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਆਪੇ ਬਣੇ ਸਮਾਜੀ ਵਰਕਰ ਕਿਸਮ ਦੇ ਕਈ ਲੋਕ ਰਾਹਾਂ ਵਿੱਚ ਉਨ੍ਹਾਂ ਨੂੰ ਆਪਣੇ ਆਪ ਜਾ ਮਿਲਦੇ ਸਨ। ਵਿਚਾਰੀਆਂ ਮਦਦ ਦੀ ਝਾਕ ਵਿੱਚ ਹੋਰ ਫਸ ਜਾਂਦੀਆਂ ਸਨ।
ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਸਾਰੇ ਜਾਂ ਬਹੁਤੇ ਪ੍ਰਵਾਸੀ ਲਾੜੇ ਏਦਾਂ ਦੇ ਹੁੰਦੇ ਹਨ, ਸੱਚਾਈ ਇਹ ਹੈ ਕਿ ਪ੍ਰਵਾਸੀ ਭਾਰਤੀਆਂ ਵਿੱਚੋਂ ਨੜਿੰਨਵੇਂ ਫੀਸਦੀ ਲਾੜੇ ਸਮਾਜ ਦੀ ਰਿਵਾਇਤ ਦੇ ਮੁਤਾਬਕ ਵਿਆਹ ਕਰਵਾਉਣ ਅਤੇ ਪਰਵਾਰ ਵਾਲੇ ਬਣ ਕੇ ਰਹਿਣ ਦਾ ਨੇਮ ਪਾਲਦੇ ਸਨ, ਪਰ ਚੋਣਵੀਂਆਂ ਕਾਲੀਆਂ ਭੇਡਾਂ ਬਦਨਾਮੀ ਕਰਵਾ ਰਹੀਆਂ ਸਨ। ਬਹੁਤ ਸਾਰੇ ਏਦਾਂ ਦੇ ਕਿੱਸੇ ਸਾਡੇ ਕੋਲ ਪਹੁੰਚਦੇ ਰਹੇ ਹਨ, ਜਿਨ੍ਹਾਂ ਵਿੱਚ ਪਹਿਲੀ ਪਤਨੀ ਜਾਂ ਕਿਸੇ ਕੇਸ ਵਿੱਚ ਮੁੰਡੇ ਨੇ ਦੂਸਰੀ ਤੇ ਫਿਰ ਤੀਸਰੀ ਪਤਨੀ ਤੱਕ ਤੋਂ ਤਲਾਕ ਲਏ ਬਿਨਾਂ ਕਿਸੇ ਚੌਥੀ ਜਾਂ ਪੰਜਵੀਂ ਕੁੜੀ ਨੂੰ ਵਿਦੇਸ਼ ਦਾ ਸੁਫਨਾ ਵਿਖਾ ਕੇ ਫਸਾਇਆ ਤੇ ਬਰਬਾਦ ਕੀਤਾ ਹੋਇਆ ਸੀ। ਕੁਝ ਠੱਗ ਲਾੜੇ ਏਥੇ ਭਾਰਤ ਵਿੱਚ ਆਣ ਕੇ ਇਹ ਦੱਸਦੇ ਹੁੰਦੇ ਸਨ ਕਿ ਉਹ ਫਲਾਣੇ ਪੱਛਮੀ ਦੇਸ਼ ਦੇ ਨਾਗਰਿਕ ਹਨ ਅਤੇ ਉਨ੍ਹਾਂ ਕੋਲ ਓਥੇ ਚੰਗੀ ਜ਼ਮੀਨ-ਜਾਇਦਾਦ ਅਤੇ ਕਾਰੋਬਾਰ ਹੈ, ਪਰ ਵਿਆਹ ਹੋਣ ਤੋਂ ਬਾਅਦ ਪਤਾ ਲੱਗਦਾ ਸੀ ਕਿ ਸਾਰਾ ਕੁਝ ਝੂਠੋ-ਝੂਠ ਸੀ। ਉਸ ਸਥਿਤੀ ਵਿੱਚ ਕੁੜੀ ਅਤੇ ਉਸ ਦੇ ਪਰਵਾਰ ਵਾਲੇ ਕੁਝ ਕਰਨ ਜੋਗੇ ਨਹੀਂ ਸੀ ਰਹਿ ਜਾਂਦੇ ਅਤੇ ਭਾਣਾ ਸਮਝ ਕੇ ਇਸ ਲਈ ਚੁੱਪ ਵੱਟ ਜਾਂਦੇ ਸਨ ਕਿ ਬਹੁਤੀਆਂ ਚੀਕਾਂ ਵੀ ਮਾਰੀਆਂ ਤਾਂ ਰਿਸ਼ਤੇਦਾਰਾਂ ਤੇ ਜਾਣ-ਪਛਾਣ ਦੇ ਸਰਕਲ ਵਿੱਚ ਮਿੱਟੀ ਪਲੀਤ ਹੋਵੇਗੀ। ਇਹ ਬੜੀ ਦੁਖਦਾਈ ਸਥਿਤੀ ਹੁੰਦੀ ਸੀ।
ਕੁਝ ਕੇਸ ਇਹੋ ਜਿਹੇ ਵੀ ਮੀਡੀਏ ਵਿੱਚ ਆ ਚੁੱਕੇ ਹਨ ਕਿ ਕਿਸੇ ਐੱਨ ਆਰ ਆਈ ਲਾੜੇ ਨੇ ਏਥੇ ਵਿਆਹ ਕਰਵਾ ਕੇ ਰਜਿਸਟਰ ਕਰਵਾ ਲਿਆ ਤੇ ਬਾਅਦ ਵਿੱਚ ਕੁੜੀ ਨੂੰ ਪਤਾ ਲੱਗਾ ਕਿ ਉਸ ਲੜਕੇ ਨੇ ਏਦਾਂ ਦੇ ਦੋ-ਤਿੰਨ ਵਿਆਹ ਭਾਰਤ ਦੇ ਹੋਰਨਾਂ ਰਾਜਾਂ ਜਾਂ ਪੰਜਾਬ ਦੇ ਹੋਰ ਜ਼ਿਲਿਆਂ ਵਿੱਚ ਰਜਿਸਟਰ ਕਰਾਏ ਹੋਏ ਹਨ ਤੇ ਹਰ ਥਾਂ ਨਾਂਅ ਵੱਖਰਾ ਲਿਖਵਾ ਲੈਂਦਾ ਰਿਹਾ ਹੈ। ਕੁਝ ਕੇਸਾਂ ਵਿੱਚ ਇਹੋ ਜਿਹੇ ਲਾੜੇ ਪੁਲਸ ਕਾਰਵਾਈ ਤੋਂ ਪਹਿਲਾਂ ਵਿਦੇਸ਼ ਵੀ ਦੌੜ ਜਾਂਦੇ ਰਹੇ ਸਨ।
ਇਨ੍ਹਾਂ ਸਾਰੇ ਮਾਮਲਿਆਂ ਦੀ ਕਈ ਵਾਰ ਚਰਚਾ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਪ੍ਰਵਾਸੀ ਲਾੜਿਆਂ ਦੇ ਵਿਆਹਾਂ ਦੇ ਸੰਬੰਧ ਵਿੱਚ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮਹਿਲਾ ਤੇ ਬਾਲ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਕੱਲ੍ਹ ਇਸ ਦਾ ਬਾਕਾਇਦਾ ਐਲਾਨ ਕਰਦਿਆਂ ਪਹਿਲੀ ਗੱਲ ਇਹ ਹੀ ਦੱਸੀ ਹੈ ਕਿ ਅੱਗੇ ਤੋਂ ਹਰ ਪ੍ਰਵਾਸੀ ਲਾੜੇ ਦੇ ਵਿਆਹ ਲਈ ਲਾਜ਼ਮੀ ਸ਼ਰਤ ਇਹ ਹੋਵੇਗੀ ਕਿ ਇਸ ਦੀ ਚੌਵੀ ਘੰਟਿਆਂ ਦੇ ਅੰਦਰ ਰਜਿਸਟਰੇਸ਼ਨ ਕਰਾਈ ਜਾਵੇ ਤੇ ਕੀਤੀ ਗਈ ਰਜਿਸਟਰੇਸ਼ਨ ਨਾਲੋ-ਨਾਲ ਇਸ ਕੰਮ ਲਈ ਬਣਾਏ ਪੋਰਟਲ ਉੱਤੇ ਚਾੜ੍ਹ ਦਿੱਤੀ ਜਾਵੇ। ਕੰਪਿਊਟਰੀ ਸਿਸਟਮ ਹੋਣ ਕਾਰਨ ਇਹੋ ਜਿਹੀ ਜਾਣਕਾਰੀ ਜਦੋਂ ਰਜਿਸਟਰੇਸ਼ਨ ਵਾਲੇ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਚੱਲੇਗੀ ਤਾਂ ਉਸ ਦੇ ਨਾਲ ਉਸ ਲੜਕੇ ਦੀ ਵਿਆਹੁਤਾ ਸਥਿਤੀ, ਅਰਥਾਤ ਕੁਆਰੇ, ਤਲਾਕ-ਸ਼ੁਦਾ ਆਦਿ ਦਾ ਸਾਰਾ ਵੇਰਵਾ ਖੁੱਲ੍ਹ ਜਾਵੇਗਾ ਤੇ ਕਿਸੇ ਕਿਸਮ ਦੀ ਚਲਾਕੀ ਕਰਨ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਇਹੋ ਨਹੀਂ, ਇਸ ਵਿੱਚ ਇਹ ਵੇਰਵਾ ਦਿੱਤਾ ਜਾਣਾ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਲੜਕੇ ਦੀ ਰਿਹਾਇਸ਼ ਵਾਲੇ ਦੇਸ਼ ਵਿੱਚ ਉਸ ਦੀ ਕਾਨੂੰਨੀ ਪੁਜ਼ੀਸ਼ਨ ਅਰਥਾਤ ਨਾਗਰਿਕਤਾ ਜਾਂ ਪੱਕੇ ਰਿਹਾਇਸ਼ੀ ਪਰਮਿਟ ਵਾਲਾ ਜਾਂ ਜੋ ਵੀ ਉਹ ਹੈ, ਉਹ ਦਰਜ ਕੀਤੀ ਜਾਵੇ। ਇਹ ਸਭ ਕੁਝ ਜਦੋਂ ਦਰਜ ਕੀਤਾ ਜਾਵੇਗਾ ਤਾਂ ਇਸ ਦੀ ਅਗਲੀ ਵੈਰੀਫਿਕੇਸ਼ਨ ਕਰਨਾ ਵਿਭਾਗ ਦਾ ਕੰਮ ਹੋਵੇਗਾ, ਜਿਸ ਦੇ ਲਈ ਕਰਮਚਾਰੀਆਂ ਦੇ ਕਰਨ ਵਾਲਾ ਬਹੁਤ ਥੋੜ੍ਹਾ ਅਤੇ ਆਪਣੇ ਆਪ ਆਨ-ਲਾਈਨ ਹੋਣ ਵਾਲਾ ਕੰਮ ਵੱਧ ਹੋਵੇਗਾ ਤੇ ਸੱਚਾਈ ਲੁਕੀ ਨਹੀਂ ਰਹੇਗੀ।
ਕਿੰਤੂ-ਪ੍ਰੰਤੂ ਕਰਨ ਵਾਲੇ ਕੁਝ ਲੋਕ ਇਹ ਕਹਿ ਰਹੇ ਹਨ ਕਿ ਵਿਆਹ ਦੀ ਰਜਿਸਟਰੇਸ਼ਨ ਲਈ ਚੌਵੀ ਘੰਟਿਆਂ ਦਾ ਸਮਾਂ ਘੱਟ ਹੈ ਤੇ ਕੁਝ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ ਹੈ। ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। ਵਿਦੇਸ਼ ਤੋਂ ਆਏ ਸਾਰੇ ਲੋਕ ਇਹ ਜਾਣਦੇ ਹਨ ਕਿ ਓਥੇ ਧਰਮ ਅਸਥਾਨ ਦੇ ਵਿੱਚ ਮੈਰਿਜ ਰਜਿਸਟਰ ਕਰਨ ਦਾ ਦਫਤਰ ਹੁੰਦਾ ਹੈ, ਜਿੱਥੇ ਵਿਆਹ ਹੁੰਦੇ ਸਾਰ ਰਜਿਸਟਰਾਰ ਜੱਜ ਆਉਂਦਾ ਹੈ ਅਤੇ ਉਸ ਦੇ ਸਾਹਮਣੇ ਮੁੰਡਾ-ਕੁੜੀ ਸਹੁੰ ਚੁੱਕ ਕੇ ਹਰ ਕਾਨੂੰਨੀ ਕਾਰਵਾਈ ਖੜੇ ਪੈਰ ਪੂਰੀ ਕਰ ਲੈਂਦੇ ਹਨ। ਜੇ ਓਥੇ ਏਦਾਂ ਹੋ ਸਕਦਾ ਹੈ ਤਾਂ ਭਾਰਤ ਵਿੱਚ ਵੀ ਹੋ ਸਕਦਾ ਹੈ। ਇਸ ਤੋਂ ਵੱਧ ਸਮਾਂ ਦੇਣ ਨਾਲ ਨੁਕਸਾਨ ਇਹ ਹੋ ਸਕਦਾ ਹੈ ਕਿ ਠੱਗ ਲਾੜਾ ਕੁੜੀ ਵਾਲੇ ਪਰਵਾਰ ਤੋਂ ਮਾਲ ਝਪਟਣ ਪਿੱਛੋਂ ਅਗਲੀ ਫਲਾਈਟ ਲੈ ਕੇ ਏਥੋਂ ਖਿਸਕ ਸਕਦਾ ਹੈ ਤੇ ਬਾਅਦ ਵਿੱਚ ਉਹ ਕਈ ਸਾਲ ਕਾਬੂ ਨਹੀਂ ਆਵੇਗਾ। ਹੁਣੇ-ਹੁਣੇ ਸਰਕਾਰ ਨੇ ਪੰਜ ਠੱਗ ਲਾੜਿਆਂ ਦੇ ਪਾਸਪੋਰਟ ਰੱਦ ਕਰ ਕੇ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਮੁੰਡਿਆਂ ਦੀ ਹਵਾਲਗੀ ਕਰਨ ਬਾਰੇ ਲਿਖਿਆ ਹੈ ਅਤੇ ਇਹ ਇਸ ਲਈ ਕੀਤਾ ਗਿਆ ਹੈ ਕਿ ਓਦਾਂ ਉਹ ਭਾਰਤ ਦੇ ਕਾਨੂੰਨ ਨੂੰ ਟਿੱਚ ਜਾਣਦੇ ਸਨ। ਕਾਨੂੰਨ ਦੀ ਢਿੱਲ ਵਰਤ ਕੇ ਖਿਸਕ ਗਏ ਮੁੰਡਿਆਂ ਬਾਰੇ ਜਿਹੜਾ ਤਰੀਕਾ ਇਸ ਵਾਰ ਅਪਣਾਇਆ ਗਿਆ ਹੈ, ਅੱਗੋਂ ਉਸ ਦੇ ਲਈ ਗੁੰਜਾਇਸ਼ ਹੀ ਨਹੀਂ ਰਹੇਗੀ।
ਬਹੁਤ ਚਿਰ ਬਾਅਦ ਇੱਕ ਏਦਾਂ ਦਾ ਢੁੱਕਵਾਂ ਕਦਮ ਦੇਸ਼ ਦੀ ਸਰਕਾਰ ਨੇ ਚੁੱਕਿਆ ਹੈ, ਜਿਸ ਦੀ ਲੋੜ ਬਹੁਤ ਚਿਰ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਇਸ ਦਾ ਹਰ ਕਿਸੇ ਨੂੰ ਸਵਾਗਤ ਕਰਨਾ ਚਾਹੀਦਾ ਹੈ।
-ਜਤਿੰਦਰ ਪਨੂੰ

1521 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper