Latest News
ਪਾਪਾ ਸਰਗਰਮ ਸਿਆਸਤ 'ਚ ਨਹੀਂ ਆਉਣਗੇ : ਸ਼ਰਮਿਸ਼ਠਾ

Published on 10 Jun, 2018 10:54 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਬਾਰੇ ਸ਼ਿਵ ਸੈਨਾ ਦੇ ਬਿਆਨ ਦਾ ਉਨ੍ਹਾ ਦੀ ਬੇਟੀ ਸ਼ਰਮਿਸ਼ਠਾ ਮੁਖਰਜੀ ਨੇ ਜਵਾਬ ਦਿੱਤਾ ਹੈ। ਉਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੇ ਪਿਤਾ ਦੁਬਾਰਾ ਸਰਗਰਮ ਰਾਜਨੀਤੀ 'ਚ ਨਹੀਂ ਆਉਣਗੇ।
ਸ਼ਿਵ ਸੈਨਾ ਵੱਲੋਂ ਕਿਹਾ ਗਿਆ ਸੀ ਕਿ ਜੇਕਰ 2019 'ਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਾਉਣ 'ਤੇ ਸਹਿਮਤੀ ਬਣ ਸਕਦੀ ਹੈ। ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਇਹ ਗੱਲ ਕਹੀ ਸੀ। ਉਸ ਦੇ ਇਸ ਬਿਆਨ 'ਤੇ ਪ੍ਰਣਬ ਮੁਖਰਜੀ ਦੀ ਬੇਟੀ ਨੇ ਜਵਾਬ ਦੇ ਦਿੱਤਾ ਹੈ। ਸ਼ਰਮਿਸ਼ਠਾ ਨੇ ਕਿਹਾ, 'ਮਿਸਟਰ ਰਾਉਤ, ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਰਿਟਾਇਰ ਹੋਏ ਮੇਰੇ ਪਿਤਾ ਦੁਬਾਰਾ ਸਰਗਰਮ ਰਾਜਨੀਤੀ 'ਚ ਨਹੀਂ ਆਉਣਗੇ।'
ਵਰਨਣਯੋਗ ਹੈ ਕਿ ਸੰਜੇ ਰਾਉਤ ਤੋਂ ਇਲਾਵਾ ਇਹ ਗੱਲ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਵੀ ਕਹੀ ਸੀ। ਸ਼ਿਵ ਸੈਨਾ ਨੇ ਕਿਹਾ ਸੀ ਕਿ ਅਗਰ ਭਾਜਪਾ 2019 ਦੀਆਂ ਆਮ ਚੋਣਾਂ 'ਚ ਬਹੁਮਤ ਹਾਸਲ ਕਰਨ 'ਚ ਨਾਕਾਮ ਰਹੀ ਤਾਂ ਪ੍ਰਣਬ ਮੁਖਰਜੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਰਬ-ਸੰਮਤੀ ਨਾਲ ਉਮੀਦਵਾਰ ਹੋ ਸਕਦੇ ਹਨ। ਸੰਪਾਦਕੀ 'ਚ ਲਿਖਿਆ ਸੀ, 'ਆਰ ਐੱਸ ਐੱਸ ਦੇ ਪ੍ਰੋਗਰਾਮ 'ਚ ਪ੍ਰਣਬ ਮੁਖਰਜੀ ਨੂੰ ਬੁਲਾਉਣ ਪਿੱਛੇ ਸੰਘ ਦੀ ਇਹੀ ਯੋਜਨਾ ਰਹੀ ਹੋਵੇਗੀ। ਜੋ ਵੀ ਏਜੰਡਾ ਹੋਵੇਗਾ, ਉਹ 2019 ਦੀ ਚੋਣ ਤੋਂ ਬਾਅਦ ਸਾਫ਼ ਹੋ ਜਾਵੇਗਾ। ਉਸ ਸਮੇਂ ਭਾਜਪਾ ਨੂੰ ਬਹੁਮਤ ਨਹੀਂ ਮਿਲੇਗਾ। ਦੇਸ਼ 'ਚ ਮਾਹੌਲ ਵੀ ਅਜਿਹਾ ਹੀ ਹੈ। ਅਜਿਹੇ 'ਚ ਲੋਕ ਸਭਾ ਤ੍ਰਿਸ਼ੰਕੂ ਰਹੇ ਅਤੇ ਨਰਿੰਦਰ ਮੋਦੀ ਨਾਲ ਦੂਸਰੇ ਦਲ ਖੜੇ ਨਾ ਰਹੇ ਤਾਂ ਪ੍ਰਣਬ ਮੁਖਰਜੀ ਨੂੰ ਸਾਂਝੇ ਰੂਪ 'ਚ ਅੱਗੇ ਕੀਤਾ ਜਾ ਸਕਦਾ ਹੈ।' ਸ਼ਿਵ ਸੈਨਾ ਨੇ ਅੱਗੇ ਲਿਖਿਆ ਸੀ ਕਿ ਸੰਘ ਨੇ ਕਦੇ ਵੀ ਆਪਣੇ ਪ੍ਰੋਗਰਾਮ 'ਚ ਸ਼ਿਵ ਸੈਨਾ ਦੇ ਸਾਬਕਾ ਪ੍ਰਮੁੱਖ ਬਾਲ ਠਾਕਰੇ ਨੂੰ ਨਹੀਂ ਸੱਦਿਆ ਸੀ, ਕਿਉਂਕਿ ਉਸ ਨੇ ਹਿੰਦੂਤਵ ਦਾ ਛੁਪਿਆ ਏਜੰਡਾ ਨਹੀਂ ਚਲਾਇਆ ਸੀ, ਬਲਕਿ ਵੀਰ ਸਾਵਰਕਰ ਦੀ ਤਰ੍ਹਾਂ ਖੁੱਲ੍ਹੇਆਮ ਹਿੰਦੂਤਵ ਦਾ ਪ੍ਰਚਾਰ ਕੀਤਾ ਸੀ। ਸੰਘ ਬਾਲ ਠਾਕਰੇ ਦਾ ਭਾਰ ਉਠਾਉਣ 'ਚ ਅਸਮਰਥ ਸੀ।
ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਸੰਘ 'ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਹੈ। 'ਸਾਮਨਾ' 'ਚ ਕਿਹਾ ਗਿਆ ਹੈ ਕਿ ਸੰਘ ਇਫ਼ਤਾਰ ਪਾਰਟੀ ਆਯੋਜਿਤ ਕਰਕੇ ਮੁਸਲਮਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

63 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper