Latest News
ਪਰਦੇ ਪਿੱਛਿਓਂ ਆਰ ਐੱਸ ਐੱਸ ਚਲਾ ਰਿਹਾ ਸਰਕਾਰ : ਰਾਹੁਲ

Published on 11 Jun, 2018 11:18 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਸ਼ਾਰਿਆਂ-ਇਸ਼ਾਰਿਆਂ 'ਚ ਦੋਸ਼ ਲਾਉਂਦਿਆਂ ਕਿਹਾ ਕਿ ਉਹ ਦੂਸਰਿਆਂ ਦੇ ਕੰਮਾਂ ਦਾ ਕਰੈਡਿਟ ਲੈਂਦੇ ਹਨ। ਇਸ ਤੋਂ ਇਲਾਵਾ ਉਨ੍ਹਾ ਮੋਦੀ ਸਰਕਾਰ 'ਤੇ ਕੁਝ ਮੁੱਠੀਭਰ ਅਮੀਰਾਂ ਲਈ ਕੰਮ ਕਰਨ ਦਾ ਦੋਸ਼ ਵੀ ਲਾਇਆ।
ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਓ ਬੀ ਸੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਜਿਨ੍ਹਾਂ ਦੇ ਕੋਲ ਹੁਨਰ ਹੈ, ਜੋ ਕੰਮ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਨਹੀਂ ਮਿਲਦਾ, ਬਲਕਿ ਫਾਇਦਾ ਕੋਈ ਹੋਰ ਲੈ ਜਾਂਦਾ ਹੈ।
ਕਾਂਗਰਸ ਪ੍ਰਧਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸਿਰਫ਼ 15 ਸਭ ਤੋਂ ਅਮੀਰ ਲੋਕਾਂ ਲਈ ਹੀ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਕਿਸਾਨ ਆਤਮ-ਹੱਤਿਆ ਕਰ ਰਹੇ ਹਨ, ਪਰ ਉਨ੍ਹਾਂ ਦਾ ਕਰਜ਼ਾ ਮੁਆਫ਼ ਨਹੀਂ ਹੋਵੇਗਾ। ਰਾਹੁਲ ਨੇ ਕਿਹਾ, 'ਹਿੰਦੁਸਤਾਨ 'ਚ ਜੋ ਕੰਮ ਕਰਦਾ ਹੈ, ਉਹ ਪਿਛਲੇ ਕਮਰੇ 'ਚ ਅਣਦੇਖਿਆ ਰਹਿੰਦਾ ਹੈ, ਜੋ ਦਰਜੀ ਦਾ ਕੰਮ ਕਰਦਾ ਹੈ, ਧੋਬੀ ਦਾ ਕੰਮ ਕਰਦਾ ਹੈ, ਉਹ ਅਣਦੇਖੇ ਰਹਿੰਦੇ ਹਨ, ਕੰਮ ਕੋਈ ਕਰਦਾ ਹੈ ਅਤੇ ਫਾਇਦਾ ਕੋਈ ਹੋਰ ਲੈ ਜਾਂਦਾ ਹੈ। ਹਿੰਦੁਸਤਾਨ ਦੀ ਇਹ ਸੱਚਾਈ ਹੈ, ਹੁਨਰ ਕਿਸੇ ਦੇ ਕੋਲ ਅਤੇ ਫਾਇਦਾ ਕੋਈ ਹੋਰ ਲੈ ਜਾਂਦਾ ਹੈ। ਜੋ ਕੰਮ ਕਰਦਾ ਹੈ, ਖੂਨ-ਪਸੀਨਾ ਵਹਾਉਂਦਾ ਹੈ, ਜਿਸ ਦੇ ਕੋਲ ਹੁਨਰ ਹੈ, ਉਸ ਨੂੰ ਹਿੰਦੁਸਤਾਨ ਸਨਮਾਨ ਨਹੀਂ ਦਿੰਦਾ। ਕਿਸਾਨ ਪੂਰੇ ਦਿਨ ਕੰਮ ਕਰਦਾ ਹੈ, ਪਰ ਨਰਿੰਦਰ ਮੋਦੀ ਦੇ ਦਫ਼ਤਰ 'ਚ ਕਿਸਾਨ ਕਦੀ ਦਿਖਾਈ ਨਹੀਂ ਦੇਵੇਗਾ। ਕਰਜ਼ ਮੁਆਫ਼ ਹੋਵੇਗਾ ਤਾਂ 15 ਲੋਕਾਂ ਦਾ, ਕਿਸਾਨ ਆਤਮ-ਹੱਤਿਆ ਚਾਹੇ ਕਰ ਲੈਣ, ਪਰ ਉਨ੍ਹਾਂ ਦਾ ਕਰਜ਼ਾ ਮੁਆਫ਼ ਨਹੀਂ ਹੋਵੇਗਾ।'
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ 'ਚ ਹੁਨਰਮੰਦ ਲੋਕਾਂ ਦੀ ਕਮੀ ਨਹੀਂ, ਪਰ ਉਨ੍ਹਾਂ ਨੂੰ ਬੈਂਕਾਂ ਤੋਂ ਮਦਦ ਨਹੀਂ ਮਿਲਦੀ। ਰਾਹੁਲ ਗਾਂਧੀ ਨੇ ਕਿਹਾ, 'ਕੋਕਾਕੋਲਾ ਵਾਲਾ ਸ਼ਿਕੰਜਵੀ ਵੇਚਦਾ ਸੀ, ਮੈਕਡਾਨਲਡ ਵਾਲਾ ਢਾਬਾ ਚਲਾਉਂਦਾ ਸੀ। ਫੋਰਡ, ਮਰਸਡੀਜ਼, ਹੌਂਡਾ ਨੂੰ ਕਿਸ ਨੇ ਸ਼ੁਰੂ ਕੀਤਾ, ਮਕੈਨਿਕ ਸਨ ਤਿੰਨੇ। ਤੁਸੀਂ ਹਿੰਦੁਸਤਾਨ 'ਚ ਕੋਈ ਆਟੋਮੋਬਾਇਲ ਕੰਮ ਦੱਸ ਦਿਓ, ਜਿਸ ਨੂੰ ਮਕੈਨਿਕ ਨੇ ਸ਼ੁਰੂ ਕੀਤਾ ਹੋਵੇ। ਇਸ ਤਰ੍ਹਾਂ ਵੀ ਨਹੀਂ ਕਿ ਹਿੰਦੁਸਤਾਨ 'ਚ ਉਸ ਤਰ੍ਹਾਂ ਦੇ ਮਕੈਨਿਕ ਨਹੀਂ ਹਨ, ਵਜ੍ਹਾ ਇਹ ਹੈ ਕਿ ਫੋਰਡ ਲਈ ਬੈਂਕਾਂ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ, ਪਰ ਸਾਡੇ ਇਸ ਤਰ੍ਹਾਂ ਨਹੀਂ ਹੈ, ਜਿਸ ਕੋਲ ਹੁਨਰ ਹੈ, ਉਨ੍ਹਾਂ ਨੂੰ ਦੇਸ਼ ਕੁਝ ਨਹੀਂ ਦਿੰਦਾ।'
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੇ 2-3 ਨੇਤਾ ਤੇ ਆਰ ਐੱਸ ਐੱਸ ਪਰਦੇ ਪਿੱਛਿਓਂ ਸਰਕਾਰ ਚਲਾ ਰਹੀ ਹੈ। ਭਾਜਪਾ ਦੇ 2-3 ਆਗੂਆਂ ਅਤੇ ਆਰ ਐੱਸ ਐੱਸ ਨੇ ਦੇਸ਼ ਨੂੰ ਗੁਲਾਮ ਬਣਾ ਦਿੱਤਾ ਹੈ, ਪਰ ਛੇਤੀ ਹੀ ਇਹ ਸਥਿਤੀ ਬਦਲੇਗੀ। ਰਾਹੁਲ ਨੇ ਕਿਹਾ ਕਿ ਅਸੀਂ ਲੋਕ ਸਭਾ 'ਚ ਬੈਠੇ ਹਾਂ, ਵਿਧਾਨ ਸਭਾ 'ਚ ਬੈਠੇ ਹਾਂ, ਪਰ ਸਾਡੀ ਕੋਈ ਨਹੀਂ ਸੁਣਦਾ। ਸਿਰਫ਼ ਆਰ ਐੱਸ ਐੱਸ ਦੀ ਗੱਲ ਸੁਣੀ ਜਾਂਦੀ ਹੈ। ਕਾਂਗਰਸ ਅਤੇ ਭਾਜਪਾ ਦੇ ਕੰਮਕਾਜ ਦੇ ਤਰੀਕਿਆਂ 'ਚ ਅੰਤਰ ਨੂੰ ਸਮਝਾਉਂਦੇ ਹੋਏ ਰਾਹੁਲ ਨੇ ਕਿਹਾ, 'ਅਸੀਂ ਸਾਰੇ ਇੱਕ ਬੱਸ 'ਚ ਬੈਠਦੇ ਹਾਂ ਅਤੇ ਚਾਬੀ ਆਮ ਜਨਤਾ ਨੂੰ ਦੇ ਦਿੰਦੇ ਹਾਂ, ਪਰ ਭਾਜਪਾ ਸਾਰਿਆਂ ਨੂੰ ਬੱਸ 'ਚ ਬੈਠਾ ਕੇ ਕੁੰਜੀ ਆਰ ਐੱਸ ਐੱਸ ਨੂੰ ਦੇ ਦਿੰਦੀ ਹੈ। ਆਰ ਐੱਸ ਐੱਸ ਇਸ ਤਰ੍ਹਾਂ ਦੀ ਤਾਕਤ ਹੈ, ਜੋ ਹੁਨਰ ਅਤੇ ਸਨਮਾਨ ਨੂੰ ਵੰਡ ਕੇ ਰੱਖਦੀ ਹੈ। ਆਰ ਐੱਸ ਐੱਸ ਓ ਬੀ ਸੀ ਨੂੰ ਵੰਡਣਾ ਚਾਹੁੰਦੀ ਹੈ। 50-60 ਫੀਸਦੀ ਆਬਾਦੀ ਦੀ ਇੱਜ਼ਤ ਕਰਨੀ ਪਵੇਗੀ। ਬੈਂਕਾਂ ਨੂੰ ਆਪਣੇ ਦਰਵਾਜ਼ੇ ਉਹਨਾਂ ਲਈ ਖੋਲ੍ਹਣੇ ਪੈਣਗੇ। ਭਾਜਪਾ 'ਚ ਸਿਰਫ਼ ਇੱਕ ਵਿਅਕਤੀ ਬੱਸ ਨੂੰ ਚਲਾਵੇਗਾ, ਇਹ ਸਿਰਫ਼ 15 ਅਮੀਰ ਲੋਕਾਂ ਨੂੰ ਫਾਇਦਾ ਪਹੁੰਚਾਵੇਗੀ।
ਉਹਨਾ ਕਿਹਾ ਕਿ ਕਾਂਗਰਸ ਦੇ ਕਾਰਜਕਾਲ 'ਚ ਹਰ ਕੋਈ ਖੁੱਲ੍ਹ ਕੇ ਆਪਣੀ ਗੱਲ ਰੱਖ ਸਕਦਾ ਸੀ, ਪਰ ਅੱਜ ਲੋਕ ਕੁਝ ਵੀ ਕਹਿਣ ਤੋਂ ਡਰਦੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ 4 ਸਾਲਾਂ 'ਚ ਹਿੰਦੁਸਤਾਨ ਦੇ ਛੋਟੇ ਦੁਕਾਨਦਾਰ, ਨਾਈ, ਮੋਚੀ, ਦਲਿਤ, ਗਰੀਬ ਸਭ ਇਹ ਦੇਖ ਰਹੇ ਹਨ ਕਿ ਹੋ ਕੀ ਗਿਆ? ਕਾਂਗਰਸ ਦੇ ਸਮੇਂ ਅਸੀਂ ਜੋ ਚਾਹੰਦੇ ਸੀ, ਉਹ ਕਹਿ ਦਿੰਦੇ ਸੀ, ਪਰ ਅੱਜ ਕੋਈ ਖੁੱਲ੍ਹ ਕੇ ਬੋਲ ਨਹੀਂ ਸਕਦਾ। ਦੇਸ਼ ਨੂੰ ਭਾਜਪਾ ਦੇ 2-3 ਲੋਕ ਨਹੀਂ ਚਲਾ ਸਕਣਗੇ। ਕਾਂਗਰਸ ਪ੍ਰਧਾਨ ਨੇ ਓ ਬੀ ਸੀ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਿਵਾਏਗੀ। ਰਾਹੁਲ ਨੇ ਕਿਹਾ ਕਿ ਤੁਹਾਡਾ ਹੱਕ ਤੁਹਾਨੂੰ ਦੇਵਾਂਗੇ। ਅਸੀਂ ਬੱਸ ਦੀ ਕੁੰਜੀ ਤੁਹਾਨੂੰ ਦੇਣਾ ਚਾਹੁੰਦੇ ਹਾਂ, ਅਸੀਂ ਮਿਲ ਕੇ ਕੰਮ ਕਰਾਂਗੇ।

131 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper