Latest News
ਕੇਜਰੀਵਾਲ ਦੀ ਭਾਜਪਾ ਨੂੰ ਪੇਸ਼ਕਸ਼; ਪੂਰਨ ਰਾਜ ਦਾ ਦਰਜਾ ਦੇਵੋ ਤੇ ਹਮਾਇਤ ਲਓ

Published on 11 Jun, 2018 11:19 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਆਪ ਸਰਕਾਰ ਦੀ ਕੋਸ਼ਿਸ਼ ਦੇ ਤਹਿਤ ਵਿਧਾਨ ਸਭਾ 'ਚ ਪੇਸ਼ ਪ੍ਰਸਤਾਵ ਸੋਮਵਾਰ ਨੂੰ ਪਾਸ ਹੋ ਗਿਆ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲਦਾ ਹੈ ਤਾਂ ਅਸੀਂ 2019 ਦੀਆਂ ਲੋਕ ਚੋਣਾਂ ਲਈ ਭਾਜਪਾ ਲਈ ਪਰਚਾਰ ਕਰਾਂਗੇ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਪ੍ਰਸ਼ਾਸਨਿਕ ਕੰਮਕਾਜ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਐੱਲ ਜੀ ਅਨਿਲ ਬੈਜਲ ਵਿਚਕਾਰ ਖਿੱਚੋਤਾਣ ਦੀ ਸਥਿਤੀ ਬਣੀ ਹੋਈ ਹੈ ਅਤੇ ਇਸ ਖਿੱਚੋਤਾਣ ਦੇ ਵਿਚਕਾਰ ਸਰਕਾਰ ਨੇ ਪੂਰਨ ਰਾਜ ਦਾ ਦਰਜਾ ਦੇਣ ਦੀ ਆਪਣੀ ਪੁਰਾਣੀ ਮੰਗ ਫਿਰ ਤੋਂ ਦੁਹਰਾਈ ਹੈ। ਕੇਜਰੀਵਾਲ ਨੇ ਵਿਧਾਨ ਸਭਾ 'ਚ ਕਿਹਾ, 'ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਅਸੀਂ ਇਹ ਪੱਕਾ ਕਰਾਂਗੇ ਕਿ ਦਿੱਲੀ ਤੋਂ ਹਰੇਕ ਵੋਟ ਤੁਹਾਨੂੰ ਮਿਲੇਗਾ, ਅਸੀਂ ਸਾਰੇ ਤੁਹਾਨੂੰ ਹਮਾਇਤ ਦੇਵਾਂਗੇ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਦਿੱਲੀ ਦੀ ਜਨਤਾ 'ਭਾਜਪਾ ਦਿੱਲੀ ਛੱਡੋ' ਦਾ ਬੋਰਡ ਲੈ ਕੇ ਸੜਕਾਂ 'ਤੇ ਘੁੰਮੇਗੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਪਾਰਟੀ ਆਗੂਆਂ ਦੀ ਬੈਠਕ 'ਚ ਕੇਜਰੀਵਾਲ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਐੱਲ ਜੀ ਨੂੰ ਕਿਹਾ ਕਿ ਦੇਸ਼ ਨੂੰ 1947 'ਚ ਆਜ਼ਾਦੀ ਮਿਲ ਗਈ ਅਤੇ 1950 'ਚ ਲੋਕਤੰਤਰ ਦੀ ਸਥਾਪਨਾ ਹੋ ਗਈ, ਪਰ ਦਿੱਲੀ 'ਚ ਵਾਇਸਰਾਏ ਨੂੰ ਹਟਾ ਕੇ ਐੱਲ ਜੀ ਨੂੰ ਬਿਠਾ ਦਿੱਤਾ ਗਿਆ। ਇਸ ਦੀ ਵਜ੍ਹਾ ਕਾਰਨ ਇੱਥੋਂ ਦੀ ਸਰਕਾਰ ਅਤੇ ਜਨਤਾ ਨੂੰ ਅੱਜ ਤੱਕ ਦੇਸ਼ ਦੇ ਦੂਸਰੇ ਹਿੱਸਿਆਂ ਦੀ ਤਰ੍ਹਾਂ ਪੂਰੇ ਅਧਿਕਾਰ ਨਹੀਂ ਮਿਲ ਸਕੇ।
ਵਰਨਣਯੋਗ ਹੈ ਕਿ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇਣ ਦੀ ਮੰਗ ਆਪ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ ਅਤੇ ਇਸ ਨੇ 300 ਤੋਂ ਜ਼ਿਆਦਾ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ। ਉਥੇ ਭਾਜਪਾ ਦੇ ਨਾਲ-ਨਾਲ ਕਾਂਗਰਸ ਨੇ ਆਪ ਦੀ ਇਸ ਮੰਗ ਦੀ ਆਲੋਚਨਾ ਕੀਤੀ ਹੈ। ਕਾਂਗਰਸ ਨੇ ਇਸ ਨੂੰ ਕੰਮ ਨਾ ਕਰਨ ਦਾ ਬਹਾਨਾ ਦੱਸਿਆ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਹੁਣ ਜਿਸ ਤਰ੍ਹਾਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਆਪ ਵਾਲੇ ਅਧਿਕਾਰਾਂ ਦੀ ਘਾਟ ਹੋਣ ਦੀ ਗੱਲ ਕਰ ਰਹੇ ਹਨ, ਇਹ ਸਿਰਫ਼ ਇੱਕ ਬਹਾਨਾ ਹੈ। ਉਹ ਰਾਜ ਦੇ ਮੁੱਦਿਆਂ ਅਤੇ ਸੰਵਿਧਾਨ ਬਾਰੇ ਜਾਣਦੇ ਹਨ। ਕੇਜਰੀਵਾਲ ਨੇ ਸ਼ੀਲਾ ਦੀਕਸ਼ਤ ਨੂੰ ਜਵਾਬ ਦੇ ਨਾਲ-ਨਾਲ ਚੁਣੌਤੀ ਦਿੱਤੀ ਹੈ ਕਿ ਉਹ ਮੋਦੀ ਸਰਕਾਰ ਦੌਰਾਨ ਇੱਕ ਸਾਲ ਦਿੱਲੀ ਨੂੰ ਚਲਾ ਕੇ ਦਿਖਾਉਣ।

155 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper