Latest News
ਚਿਦੰਬਰਮ ਦਾ ਮੋਦੀ ਸਰਕਾਰ 'ਤੇ ਵਾਰ

Published on 11 Jun, 2018 11:20 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾ ਸਵਾਲ ਕੀਤਾ ਕਿ ਸਰਕਾਰ ਤੇਲ ਦੀਆਂ ਵਧੀਆਂ ਕੀਮਤਾਂ 'ਤੇ ਲਗਾਮ ਲਾਉਣ ਲਈ ਉਸ ਨੂੰ ਜੀ ਐੱਸ ਟੀ ਦੇ ਦਾਇਰੇ ਵਿੱਚ ਕਿਉਂ ਨਹੀਂ ਲਿਆਉਂਦੀ? ਇਸ ਦੇ ਨਾਲ ਉਨ੍ਹਾ ਮੋਦੀ ਸਰਕਾਰ 'ਤੇ ਅਰਥ-ਵਿਵਸਥਾ ਦੀ ਹਾਲਤ ਖਰਾਬ ਕਰਨ ਦਾ ਦੋਸ਼ ਵੀ ਲਾਇਆ। ਚਿਦੰਬਰਮ ਨੇ ਕਿਹਾ ਕਿ ਤਾਜ਼ਾ ਸਥਿਤੀ ਸਰਕਾਰ ਦੀਆਂ ਨੀਤੀਗਤ ਗਲਤੀਆਂ ਅਤੇ ਗਲਤ ਫੈਸਲਿਆਂ ਦੇ ਕਾਰਨ ਪੈਦਾ ਹੋਈ ਹੈ। ਚਿਦੰਬਰਮ ਨੇ ਕਿਸਾਨ, ਜੀ ਡੀ ਪੀ, ਰੋਜ਼ਗਾਰ, ਵਪਾਰ ਅਤੇ ਹੋਰ ਅਰਥ-ਵਿਵਸਥਾ ਦੇ ਅਧਾਰ 'ਤੇ ਸਰਕਾਰ ਨੂੰ ਘੇਰਿਆ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਐੱਲ ਪੀ ਜੀ ਦੀਆਂ ਕੀਮਤਾਂ 'ਚ ਵਾਧੇ ਕਾਰਨ ਦੇਸ਼ ਦੇ ਲੋਕਾਂ 'ਚ ਗੁੱਸਾ ਹੈ।
ਉਹਨਾ ਕਿਹਾ ਕਿ ਜੇਕਰ ਤੁਸੀਂ ਤੇਲ ਨੂੰ ਜੀ ਐੱਸ ਟੀ ਦੇ ਅੰਦਰ ਲਿਆਉਂਦੇ ਹੋ ਤਾਂ ਇਸ ਦੀ ਕਮਤ ਘਟ ਹੋ ਜਾਵੇਗੀ। ਕੇਂਦਰ 'ਚ ਭਾਜਪਾ ਸਰਕਾਰ ਹੈ, ਜ਼ਿਆਦਾਤਰ ਰਾਜਾਂ 'ਚ ਵੀ ਉਹੀ ਹੈ। ਇਸ 'ਚ ਰਾਜਾਂ ਨੂੰ ਕਿਉਂ ਦੋਸ਼ੀ ਠਹਿਰਾਇਆ ਜਾ ਰਿਹਾ ਹੈ? ਉਨ੍ਹਾਂ ਦੇ ਕੋਲ ਬਹੁਮਤ ਹੈ, ਉਨ੍ਹਾਂ ਨੂੰ ਤੇਲ ਨੂੰ ਜੀ ਐੱਸ ਟੀ ਦੇ ਦਾਇਰੇ 'ਚ ਲਿਆਉਣਾ ਚਾਹੀਦਾ ਹੈ।
ਬੇਰੁਜ਼ਗਾਰੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਚਿਦੰਬਰਮ ਨੇ ਕਿਹਾ ਕਿ ਅੱਛੇ ਦਿਨ ਦੇ ਵਾਅਦੇ ਤਹਿਤ ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕਿੱਥੇ ਗਿਆ, ਪਰ ਕੁਝ ਹਜ਼ਾਰ ਨੌਕਰੀਆਂ ਹੀ ਪੈਦਾ ਕੀਤੀਆਂ ਗਈਆਂ।
ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਚਿਦੰਬਰਮ ਨੇ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੇ ਮੁਤਾਬਕ ਉਪਜ ਦੀ ਕੀਮਤ ਨਹੀਂ ਮਿਲ ਰਹੀ। ਹਰ ਕਿਸਾਨ ਜਾਣਦਾ ਹੈ ਕਿ ਲਾਗਤ ਤੋਂ 50 ਫੀਸਦੀ ਤੋਂ ਜ਼ਿਆਦਾ ਦੀ ਗੱਲ ਸਿਰਫ਼ ਚੋਣ ਜੁਮਲਾ ਹੈ।
ਉਨ੍ਹਾ ਕਿਹਾ ਕਿ ਰਿਜ਼ਰਵ ਬੈਂਕ ਦੇ ਸਰਵੇਖਣ ਮੁਤਾਬਕ 48 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਅਰਥ-ਵਿਵਸਥਾ ਦੀ ਹਾਲਤ ਖਰਾਬ ਹੋਈ ਹੈ।
ਚਿਦੰਬਰਮ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਅਰਥਵਿਵਸਥਾ ਦਾ ਅਸਰ ਕੁਝ ਹੱਦ ਤੱਕ ਦੇਸ਼ ਦੀ ਅਰਥਵਿਵਸਥਾ 'ਤੇ ਹੁੰਦਾ ਹੈ, ਪਰ ਇਨ੍ਹਾਂ ਦਿਨਾਂ 'ਚ ਅਮਰੀਕਾ ਦੀ ਅਰਥ-ਵਿਵਸਥਾ ਚੰਗੀ ਕਰ ਰਹੀ। ਯੂਰਪ 'ਚ ਸਥਿਤੀ ਠੀਕ ਹੈ। ਭਾਰਤ 'ਚ ਸਾਡੀਆਂ ਨੀਤੀਗਤ ਗਲਤੀਆਂ ਅਤੇ ਕੁਝ ਗਲਤ ਫੈਸਲਿਆਂ ਕਾਰਨ ਅਰਥ-ਵਿਵਸਥਾ ਦੀ ਹਾਲਾਤ ਖਰਾਬ ਹੋਈ ਹੈ। ਉਨ੍ਹਾ ਕਿਹਾ ਕਿ 2015-16 'ਚ ਵਿਕਾਸ ਦਰ 8.2 ਫੀਸਦੀ ਸੀ, ਜੋ 2017-18 'ਚ ਘਟ ਕੇ 6. 7 ਫੀਸਦੀ ਰਹਿ ਗਈ। ਚਿਦੰਬਰਮ ਨੇ ਕਿਹਾ ਕਿ ਜੀ ਐੱਸ ਟੀ ਨੂੰ ਗਲਤ ਢੰਗ ਨਾਲ ਲਾਗੂ ਕਾਰਨ ਅੱਜ ਵੀ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਸਾਬਕਾ ਵਿੱਤ ਮੰਤਰੀ ਨੇ ਕਿਹਾ ਪਿਛਲੇ ਚਾਰ ਸਾਲਾਂ 'ਚ ਐੱਨ ਪੀ ਏ 2,63,000 ਕਰੋੜ ਰੁਪਏ ਤੋਂ ਵਧ ਕੇ 10,30,000 ਕਰੋੜ ਰੁਪਏ ਹੋ ਗਿਆ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ।

33 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper