Latest News
ਗੱਠਜੋੜ ਦੇ ਮੁੱਦੇ 'ਤੇ ਸ਼ਰਦ ਪਵਾਰ ਨੂੰ ਮਿਲੇ ਰਾਹੁਲ

Published on 11 Jun, 2018 11:21 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਚੋਣ ਸਾਲ 2019 ਦੇ ਮੱਦੇਨਜ਼ਰ ਜਿੱਥੇ ਇੱਕ ਪਾਸੇ ਭਾਜਪਾ ਦੇ ਸਾਰੇ ਨੇਤਾ ਦੇਸ਼ ਦੇ ਵੱਖ-ਵੱਖ ਲੋਕਾਂ ਨਾਲ ਸੰਪਰਕ ਕਰਕੇ ਪਿਛਲੇ ਸਾਲਾਂ ਦੀ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਦੂਸਰੇ ਪਾਸੇ ਵਿਰੋਧੀ ਵੀ ਇੱਕਜੁਟ ਹੋ ਕੇ ਮਜ਼ਬੂਤ ਬਣਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਨ੍ਹਾਂ ਦਿਨਾਂ 'ਚ ਵਿਰੋਧੀਆਂ ਨਾਲ ਆਪਣੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ 'ਚ ਲੱਗੇ ਹੋਏ ਹਨ। ਇਸ ਦੌਰਾਨ ਉਨ੍ਹਾਂ ਐੱਨ ਸੀ ਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਰਾਹੁਲ ਨੂੰ ਮਿਲਣ ਲਈ ਸ਼ਰਦ ਪਵਾਰ ਸਿਰਫ਼ ਇੱਕ ਦਿਨ ਲਈ ਮੁੰਬਈ ਤੋਂ ਦਿੱਲੀ ਪਹੁੰਚੇ। ਰਾਹੁਲ ਪਵਾਰ ਨਾਲ ਮਿਲਣ ਲਈ ਉਨ੍ਹਾ ਦੇ ਜਨਪਥ ਸਥਿਤ ਸਰਕਾਰੀ ਰਿਹਾਇਸ਼ 'ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਲੱਗਭੱਗ 45 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਆਪਸ ਵਿੱਚ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਇਸ ਨੇਤਾ ਨੇ ਰਾਹੁਲ ਨੂੰ ਕੁਝ ਅਹਿਮ ਗੱਲਾਂ ਵੀ ਦੱਸੀਆਂ।
ਸ੍ਰੀ ਪਵਾਰ ਨੇ ਰਾਹੁਲ ਨੂੰ ਕਿਹਾ ਕਿ ਉਹ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਤੇ ਆਪਣਾ ਪੂਰਾ ਫੋਕਸ ਕਰਨ। ਜੇਕਰ ਇਨ੍ਹਾਂ ਤਿੰਨਾਂ ਰਾਜਾਂ 'ਚ ਭਾਜਪਾ ਨੂੰ ਹਰਾ ਕੇ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਨਿਰਵਿਵਾਦ ਰੂਪ 'ਚ ਸਿਰਫ਼ ਕਾਂਗਰਸ ਹੀ ਮਜ਼ਬੂਤ ਹੋਵੇਗੀ, ਬਲਕਿ ਰਾਹੁਲ ਦਾ ਕੱਦ ਵੀ ਵਧੇਗਾ। ਪਵਾਰ ਦਾ ਸੁਝਾਅ ਸੀ ਕਿ ਆਉਣ ਵਾਲੇ ਤਿੰਨ ਰਾਜਾਂ 'ਚ ਰਾਹੁਲ ਉਸੇ ਤਰ੍ਹਾਂ ਦਾ ਹਮਲਾਵਰੀ ਚੋਣ ਅਭਿਆਨ ਕਰਨ, ਜਿਸ ਤਰ੍ਹਾਂ ਉਨ੍ਹਾਂ ਗੁਜਰਾਤ ਅਤੇ ਕਰਨਾਟਕ 'ਚ ਕੀਤਾ ਹੈ। ਏਨਾ ਹੀ ਨਹੀਂ, ਇਨ੍ਹਾਂ ਤਿੰਨ ਰਾਜਾਂ ਦੀਆਂ ਅਸੰਬਲੀ ਚੋਣਾਂ 2019 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਦੀ ਨੀਂਹ ਰੱਖਣਗੀਆਂ।
ਸੂਤਰਾ ਮੁਤਾਬਕ ਪਵਾਰ ਨੇ ਰਾਹੁਲ ਨੂੰ ਕਿਹਾ ਕਿ ਜੇਕਰ ਕਾਂਗਰਸ ਇਨ੍ਹਾਂ ਰਾਜਾਂ 'ਚ ਭਾਜਪਾ ਨੂੰ ਹਰਾ ਦਿੰਦੀ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਗੁਜਰਾਤ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਰਗੇ ਰਾਜਾਂ 'ਚ ਕਾਂਗਰਸ ਮਜ਼ਬੂਤੀ ਨਾਲ ਉਪਰ ਆ ਸਕਦੀ ਹੈ, ਕਿਉਂਕਿ ਇਨ੍ਹਾਂ ਥਾਵਾਂ 'ਤੇ ਕਾਂਗਰਸ ਦਾ ਵਧੀਆ ਜਨ ਆਧਾਰ ਹੈ।
2019 ਦੀਆਂ ਲੋਕ ਸਬਾ ਚੋਣਾਂ ਨੂੰ ਵਿਰੋਧੀ ਧਿਰ ਦੇ ਇੱਕ ਸਾਥ ਹੋਣ ਦਾ ਬਿਗਲ ਤਾਂ ਵੱਜ ਚੁੱਕਾ ਹੈ, ਇਸ ਦੇ ਨਾਲ ਹੀ ਮਹਾਰਾਸ਼ਟਰ 'ਚ ਮਹਾਂ-ਗਠਜੋੜ ਲਈ ਐੱਨ ਸੀ ਪੀ ਨੇਤਾ ਸ਼ਰਦ ਪਵਾਰ ਨੇ ਰਾਹੁਲ ਗਾਂਧੀ ਨੂੰ ਇੱਕ ਪ੍ਰਸਤਾਵ ਭੇਜਿਆ ਹੈ। ਵਿਧਾਨ ਸਭਾ ਦੀਆਂ 288 ਸੀਟਾਂ 'ਚੋਂ 131-131 ਸੀਟਾਂ 'ਤੇ ਕਾਂਗਰਸ ਅਤੇ ਐੱਨ ਸੀ ਪੀ ਦੇ ਲੜਨ ਦੇ ਨਾਲ ਹੀ 26 ਸੀਟਾਂ ਸਹਿਯੋਗੀ ਪਾਰਟੀਆਂ ਨੂੰ ਦੇਣ ਦਾ ਪ੍ਰਸਤਾਵ ਭੇਜਿਆ ਗਿਆ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਮੁੰਬਈ ਦੌਰੇ 'ਤੇ ਹਨ। ਇਸ ਦੌਰਾਨ ਇਸ ਗਠਜੋੜ 'ਤੇ ਚਰਚਾ ਹੋਣ ਦੀ ਵੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਐੱਨ ਸੀ ਪੀ ਅਤੇ ਕਾਂਗਰਸ ਦੇ ਨਾਲ ਹੋਰ ਸਹਿਯੋਗੀ ਪਾਰਟੀਆਂ 'ਚ ਬਹੁਜਨ ਸਮਾਜ ਪਾਰਟੀ, ਸ਼ੇਤਕਰੀ ਕਾਮਗਾਰ ਪਾਰਟੀ, ਆਰ ਪੀ ਆਈ ਗਵਾਈ ਕਵਾਡੇ ਗੁੱਟ ਅਤੇ ਬੁਜਜਨ ਵਿਕਾਸ ਆਘਾੜੀ ਪਾਰਟੀ ਨੂੰ ਸ਼ਾਮਲ ਕਰਨ ਦੀ ਗੱਲ ਵੀ ਰੱਖੀ ਗਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ। ਦੋਵੇਂ ਚੋਣਾਂ 2019 'ਚ ਹੋਣੀਆਂ ਹਨ। ਜਾਣਕਾਰੀ ਹੈ ਕਿ ਕਾਂਗਰਸ ਅਤੇ ਐੱਨ ਸੀ ਪੀ ਦੋਵਾਂ ਨੇ ਆਪਣੀਆਂ-ਆਪਣੀਆਂ ਸੀਟਾਂ ਦੀ ਪਛਾਣ ਕਰ ਲਈ ਹੈ। ਲੋਕ ਸਭਾ ਦੀਆਂ 48 ਸੀਟਾਂ 'ਚੋਂ ਕਾਂਗਰਸ 24 ਸੀਟਾਂ 'ਤੇ ਤੇ ਐੱਨ ਸੀ ਪੀ 18 ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਹੈ। ਬਾਕੀ 6 ਸੀਟਾਂ ਸਹਿਯੋਗੀ ਪਾਰਟੀਆਂ ਨੂੰ ਦਿੱਤੀਆਂ ਜਾ ਸਕਦੀਆਂ ਹਨ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper