Latest News
ਬਹੁ-ਧਰੁਵੀ ਸੰਸਾਰ ਵਿਵਸਥਾ ਦੀ ਹਕੀਕਤ ਨੂੰ ਪਛਾਣੇ ਅਮਰੀਕਾ

Published on 12 Jun, 2018 11:26 AM.


ਦੂਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਮਗਰੋਂ ਅਮਰੀਕਾ ਸੰਸਾਰ ਦੇ ਸਭ ਤੋਂ ਧਨੀ ਵਿਕਸਤ ਦੇਸ ਵਜੋਂ ਉੱਭਰਿਆ ਸੀ। ਕੇਵਲ ਯੋਰਪ ਦੇ ਪੂੰਜੀਵਾਦੀ ਦੇਸ ਹੀ ਨਹੀਂ, ਏਸ਼ੀਆ ਤੇ ਅਫ਼ਰੀਕਾ ਦੇ ਬਹੁਤੇ ਦੇਸ ਵੀ ਸਾਮਰਾਜੀ ਜਕੜ ਕਾਰਨ ਆਰਥਕ ਸੰਕਟਾਂ ਦੇ ਦੌਰ ਵਿੱਚੋਂ ਲੰਘ ਰਹੇ ਸਨ। ਅਮਰੀਕਾ ਨੇ ਆਪਣੀ ਪਹਿਲ ਵਾਲੀ ਪੁਜ਼ੀਸ਼ਨ ਦਾ ਲਾਭ ਉਠਾਉਂਦਿਆਂ ਹੋਇਆਂ ਬ੍ਰਿਟੇਨ ਵੁੱਡ ਵਿੱਚ ਸਮਾਗਮ ਲਾ ਕੇ ਇਸ ਵਿੱਚ ਸ਼ਾਮਲ ਦੇਸਾਂ ਦੇ ਪ੍ਰਤੀਨਿਧਾਂ ਤੋਂ ਡਾਲਰ ਦੀ ਕੌਮਾਂਤਰੀ ਕਰੰਸੀ ਵਜੋਂ ਸਰਦਾਰੀ ਮੰਨਵਾ ਲਈ ਸੀ। ਉਸ ਨੇ ਵਿਸ਼ਵ ਬੈਂਕ ਤੇ ਕੌਮਾਂਤਰੀ ਮਾਲੀ ਫ਼ੰਡ ਵਿੱਚ ਵੀ ਇਜਾਰੇਦਾਰੀ ਵਾਲੀ ਭੂਮਿਕਾ ਹਾਸਲ ਕਰ ਲਈ ਸੀ।
ਇਸ ਮਗਰੋਂ ਅਮਰੀਕਾ ਤੇ ਸੰਸਾਰ ਦੇ ਸੱਤ ਸਭ ਤੋਂ ਵੱਧ ਵਿਕਸਤ ਦੇਸਾਂ ਨੇ ਜੀ-7 ਨਾਂਅ ਦਾ ਇੱਕ ਗਰੁੱਪ ਕਾਇਮ ਕਰ ਲਿਆ ਸੀ। ਇਸ ਗਰੁੱਪ ਦੇ ਦੇਸ ਆਪਣਾ ਸਿਖ਼ਰ ਸਮਾਗਮ ਲਾ ਕੇ ਸੰਸਾਰ ਲਈ ਆਰਥਕ ਤੇ ਕੂਟਨੀਤਕ ਨੀਤੀਆਂ ਦਾ ਪੈਮਾਨਾ ਤੈਅ ਕਰ ਲਿਆ ਕਰਦੇ ਸਨ।
ਸੋਵੀਅਤ ਯੂਨੀਅਨ ਦੇ ਸੰਸਾਰ ਚਿਤਰਪਟ ਤੋਂ ਅਲੋਪ ਹੋਣ ਮਗਰੋਂ ਅਮਰੀਕਾ ਨੂੰ ਵਿਸ਼ਵ ਦੀ ਇੱਕੋ-ਇੱਕ ਮਹਾਂ-ਸ਼ਕਤੀ ਹੋਣ ਦਾ ਮੁਰਾਤਬਾ ਹਾਸਲ ਹੋ ਗਿਆ ਸੀ। ਇਸ ਦੇ ਬਲਬੂਤੇ ਵਿਸ਼ਵ ਵਪਾਰ ਸੰਸਥਾ ਦੀ ਸਥਾਪਨਾ ਕਰ ਕੇ ਉਸ ਨੇ ਅਤੇ ਉਸ ਦੇ ਜੀ-7 ਵਿਚਲੇ ਸਹਿਯੋਗੀ ਦੇਸਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਕੇਵਲ ਉਸ ਦੇਸ ਨੂੰ ਹੀ ਆਰਥਕ ਤੇ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ, ਜੋ ਵਿਸ਼ਵ ਵਪਾਰ ਸੰਸਥਾ ਦਾ ਮੈਂਬਰ ਬਣ ਕੇ ਖੁੱਲ੍ਹੀ ਬਾਜ਼ਾਰ ਵਿਵਸਥਾ ਅਪਣਾਵੇਗਾ ਤੇ ਆਪਣੀਆਂ ਮੰਡੀਆਂ ਦੇ ਦਰ ਬਦੇਸ਼ੀ ਬਹੁ-ਕੌਮੀ ਕੰਪਨੀਆਂ ਲਈ ਖੋਲ੍ਹ ਦੇਵੇਗਾ।
ਸਮੇਂ ਨੇ ਕਰਵਟ ਬਦਲੀ ਤੇ ਵਿਕਾਸਸ਼ੀਲ ਦੇਸਾਂ ਨੇ ਨਾ ਸਿਰਫ਼ ਆਪਣੀਆਂ ਆਰਥਿਕਤਾਵਾਂ ਨੂੰ ਮਜ਼ਬੂਤ ਕੀਤਾ, ਸਗੋਂ ਨਵੀਂ ਤਕਨੀਕ ਤੇ ਪੈਦਾਵਾਰੀ ਵਿਵਸਥਾ ਨੂੰ ਅਪਣਾ ਕੇ ਆਪਣੇ ਆਪ ਨੂੰ ਸੰਸਾਰ ਦੇ ਵਿਕਸਤ ਦੇਸਾਂ ਦੇ ਮੁਕਾਬਲੇ ਵਿੱਚ ਲਿਆ ਖੜਿਆਂ ਕੀਤਾ। ਚੀਨ, ਭਾਰਤ, ਦੱਖਣੀ ਕੋਰੀਆ, ਥਾਈਲੈਂਡ, ਮਲੇਸ਼ੀਆ, ਬਰਾਜ਼ੀਲ, ਮੈਕਸੀਕੋ ਆਦਿ ਨੇ ਸੰਸਾਰ ਵਪਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੇ ਨਾਲ-ਨਾਲ ਆਰਥਕ ਪਿੜ ਵਿੱਚ ਵੀ ਪੱਛਮੀ ਦੇਸਾਂ ਦੇ ਮੁਕਾਬਲੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ।
ਅੱਜ ਉਸੇ ਅਮਰੀਕਾ, ਜਿਸ ਨੇ ਖੁੱਲ੍ਹੀ ਬਾਜ਼ਾਰ ਵਿਵਸਥਾ ਦਾ ਝੰਡੇ-ਬਰਦਾਰ ਹੋਣ ਵਜੋਂ ਸਭ ਦੇਸਾਂ ਨੂੰ ਆਪਣੀਆਂ ਮੰਡੀਆਂ ਦੇ ਦਰ ਬਦੇਸ਼ੀ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਬਣੇ ਮਾਲ ਲਈ ਖੋਲ੍ਹਣ ਦਾ ਹੋਕਾ ਦਿੱਤਾ ਸੀ, ਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਮੰਡੀਆਂ ਦੇ ਦਰ ਦੂਜੇ ਦੇਸਾਂ ਦੇ ਬਣੇ ਮਾਲ ਲਈ ਖੁੱਲ੍ਹੇ ਰੱਖਣ ਦੀ ਥਾਂ ਉਸ 'ਤੇ ਬਰਾਮਦੀ ਡਿਊਟੀਆਂ ਲਾ ਕੇ ਖੁੱਲ੍ਹੀ ਬਾਜ਼ਾਰ ਵਿਵਸਥਾ ਤੋਂ ਮੁਨਕਰ ਹੋਣ ਲੱਗਾ ਹੈ। ਅਸਲ ਗੱਲ ਇਹ ਹੈ ਕਿ ਅਮਰੀਕਾ ਦੀ ਸ਼ਾਸਕ ਜੁੰਡਲੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਬਹੁ-ਧਰੁਵੀ ਦੁਨੀਆ ਦੀ ਹਕੀਕਤ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ। ਡੋਨਾਲਡ ਟਰੰਪ ਨੇ ਕੁਝ ਦਿਨ ਪਹਿਲਾਂ ਸੰਸਾਰ ਦੀ ਦੂਜੀ ਵੱਡੀ ਆਰਥਕਤਾ ਵਜੋਂ ਉੱਭਰੇ ਚੀਨ ਨੂੰ ਇਹ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਦਰਾਮਦੀ-ਬਰਾਮਦੀ ਵਪਾਰ ਵਿੱਚ ਸੰਤੁਲਨ ਕਾਇਮ ਕਰਨ ਲਈ ਅਮਰੀਕੀ ਵਸਤਾਂ ਲਈ ਆਪਣੇ ਦਰ ਨਾ ਖੋਲ੍ਹੇ ਤਾਂ ਚੀਨ ਦੀਆਂ ਬਰਾਮਦਾਂ 'ਤੇ ਭਾਰੀ ਦਰਾਮਦੀ ਡਿਊਟੀਆਂ ਲਾਈਆਂ ਜਾਣਗੀਆਂ। ਇਸ ਮਾਮਲੇ ਵਿੱਚ ਉਸ ਨੇ ਆਪਣੇ ਪੱਛਮੀ ਸਹਿਯੋਗੀਆਂ ਤੇ ਖ਼ਾਸ ਕਰ ਕੇ ਜੀ-7 ਵਿੱਚ ਸ਼ਾਮਲ ਦੇਸਾਂ ਨੂੰ ਵੀ ਨਹੀਂ ਬਖਸ਼ਿਆ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਟੀਲ ਤੇ ਅਲੂਮੀਨੀਅਮ ਦੀ ਦਰਾਮਦ ਉੱਤੇ ਪੰਝੀ ਫ਼ੀਸਦੀ ਵੱਧ ਡਿਊਟੀ ਲਾਈ ਜਾਵੇਗੀ। ਪਹਿਲਾਂ ਉਸ ਨੇ ਆਪਣੇ ਕੁਝ ਸਹਿਯੋਗੀ ਦੇਸਾਂ ਨੂੰ ਇਸ ਤੋਂ ਕੁਝ ਸਮੇਂ ਲਈ ਮੁਕਤ ਰੱਖਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਉਹ ਇਸ ਤੋਂ ਵੀ ਪਿੱਛੇ ਹਟ ਗਿਆ। ਇਸ ਮਾਮਲੇ ਨੂੰ ਲੈ ਕੇ ਟਕਰਾਅ ਓਦੋਂ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਕਨੇਡਾ ਵਿੱਚ ਜੀ-7 ਦੇਸਾਂ ਦਾ ਸਮਾਗਮ ਸ਼ੁਰੂ ਹੋਇਆ। ਡੋਨਾਲਡ ਟਰੰਪ ਨੇ ਇਸ ਸਮਾਗਮ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੇਈਮਾਨ ਤੇ ਕਮਜ਼ੋਰ ਤੱਕ ਕਰਾਰ ਦੇ ਦਿੱਤਾ। ਟਰੰਪ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਜੀ-7 ਵਿੱਚ ਸ਼ਾਮਲ ਦੇਸ ਅਮਰੀਕਾ ਦੇ ਬਣੇ ਮਾਲ ਲਈ ਆਪਣੀਆਂ ਮੰਡੀਆਂ ਦੇ ਦਰ ਨਹੀਂ ਖੋਲ੍ਹਦੇ ਤੇ ਵਪਾਰ ਸੰਤੁਲਨ ਕਾਇਮ ਕਰਨ ਲਈ ਕੁਝ ਕਰਨ ਲਈ ਤਿਆਰ ਨਹੀਂ ਹੁੰਦੇ, ਓਨੀ ਦੇਰ ਤੱਕ ਅਮਰੀਕਾ ਉਨ੍ਹਾਂ ਤੋਂ ਆਉਣ ਵਾਲੇ ਮਾਲ 'ਤੇ ਲੱਗਣ ਵਾਲੀਆਂ ਡਿਊਟੀਆਂ ਵਿੱਚ ਕੋਈ ਕਮੀ ਨਹੀਂ ਕਰੇਗਾ। ਇਸ ਸਮਾਗਮ ਵਿੱਚ ਆਪਸੀ ਮੱਤਭੇਦ ਏਨੇ ਵਧ ਗਏ ਕਿ ਡੋਨਾਲਡ ਟਰੰਪ ਨੇ ਸਾਂਝੇ ਐਲਾਨਨਾਮੇ ਬਾਰੇ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਰੋਹ ਵਿੱਚ ਆ ਕੇ ਅਧਵਾਟੇ ਹੀ ਸਮਾਗਮ 'ਚੋਂ ਉੱਠ ਕੇ ਚਲੇ ਗਏ।
ਇਸ ਤੋਂ ਉਪਰੰਤ ਡੋਨਾਲਡ ਟਰੰਪ ਨੇ ਜੋ ਟਿੱਪਣੀਆਂ ਕੀਤੀਆਂ, ਉਨ੍ਹਾਂ ਤੋਂ ਇਹੋ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਬਹੁ-ਧਰੁਵੀ ਸੰਸਾਰ ਵਿਵਸਥਾ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਪਰ ਹੁਣ ਉਸ ਦੀ ਮਨਮਰਜ਼ੀ ਚੱਲਣ ਵਾਲੀ ਨਹੀਂ, ਕਿਉਂਕਿ ਆਰਥਕ ਪਿੜ ਵਿੱਚ ਉਸ ਦੀ ਪਹਿਲਾਂ ਵਾਲੀ ਪੁਜ਼ੀਸ਼ਨ ਨਹੀਂ ਰਹੀ। ਕੇਵਲ ਵਿਕਾਸਸ਼ੀਲ ਦੇਸ ਹੀ ਨਹੀਂ, ਸਗੋਂ ਅਮਰੀਕਾ ਦੇ ਪੱਛਮੀ ਹਵਾਰੀ ਦੇਸ ਵੀ ਹੁਣ ਉਸ ਦੀ ਈਨ ਮੰਨਣ ਲਈ ਤਿਆਰ ਨਹੀਂ। ਡੋਨਾਲਡ ਟਰੰਪ ਤੇ ਅਮਰੀਕੀ ਸ਼ਾਸਕਾਂ ਦਾ ਭਲਾ ਇਸੇ ਵਿੱਚ ਹੈ ਕਿ ਉਹ ਸੰਸਾਰ ਆਰਥਕਤਾ ਵਿੱਚ ਵਾਪਰ ਰਹੀਆਂ ਤਬਦੀਲੀਆਂ ਨੂੰ ਪਛਾਣਨ ਤੇ ਉਸ ਅਨੁਸਾਰ ਆਪਣੇ ਆਪ ਨੂੰ ਢਾਲਣ।

1245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper