Latest News
ਟਰੰਪ-ਕਿਮ ਮੁਲਾਕਾਤ ਸਫਲਤਾਪੂਰਵਕ ਸੰਪੰਨ

Published on 12 Jun, 2018 11:28 AM.


ਸਿੰਗਾਪੁਰ (ਨਵਾਂ ਜ਼ਮਾਨਾ ਸਰਵਿਸ)
ਡੋਨਾਲਡ ਟਰੰਪ ਅਤੇ ਕਿਮ ਜੋਂਗ ਵਿਚਕਾਰ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਦੋਵੇਂ ਆਗੂ ਸਾਂਝੀ ਕਾਨਫਰੰਸ 'ਚ ਨਜ਼ਰ ਆਏ। ਜਿੱਥੇ ਦੋਵਾਂ ਨੇ ਸਮਝੌਤੇ 'ਤੇ ਦਸਖਤ ਕੀਤੇ। ਕਿਮ ਦੇ ਨਾਲ ਮੁਲਾਕਾਤ ਨੂੰ ਟਰੰਪ ਨੇ ਇਤਿਹਾਸਕ ਕਰਾਰ ਦਿੱਤਾ, ਜਦੋਂਕਿ ਕਿਮ ਨੇ ਕਿਹਾ ਕਿ ਦੁਨੀਆ ਆਉਣ ਵਾਲੇ ਦਿਨਾਂ 'ਚ ਵੱਡਾ ਬਦਲਾਅ ਵੇਖੇਗੀ।
ਸਿੰਗਾਪੁਰ ਸੰਮੇਲਨ 'ਚ ਦੋਵਾਂ ਵਿਚਕਾਰ ਮੁਲਾਕਾਤ ਇੱਕ ਤਰ੍ਹਾਂ ਨਾਲ ਸਫਲ ਰਹੀ। ਸਾਂਝਾ ਬਿਆਨ ਜਾਰੀ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੋਂਗ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ। ਟਰੰਪ ਨੇ ਕਿਹਾ ਕਿ ਕਿਮ ਬੇਹੱਦ ਸਮਰੱਥਾ ਵਾਲੇ ਹਨ। ਇਸ ਮੁਲਾਕਾਤ ਤੋਂ ਬਾਅਦ ਸਾਡੇ ਦਰਮਿਆਨ ਇੱਕ ਵਿਸ਼ੇਸ਼ ਰਿਸ਼ਤਾ ਬਣਿਆ ਹੈ। ਟਰੰਪ ਨਾਲ ਮੁਲਾਕਾਤ ਤੋਂ ਬਾਅਦ ਕਿਮ ਨੇ ਕਿਹਾ ਕਿ ਅਸੀਂ ਬੀਤੀਆਂ ਗੱਲਾਂ ਨੂੰ ਪਿੱਛੇ ਛੱਡਣ ਦਾ ਫੈਸਲਾ ਕੀਤਾ ਹੈ।
ਦੋਹਾਂ ਨੇਤਾਵਾਂ ਵਿਚਕਾਰ ਸਮਝੌਤੇ ਤੋਂ ਪਹਿਲਾਂ ਦੋ ਦੌਰ ਦੀ ਗੱਲਬਾਤ ਹੋਈ। ਦੋਵਾਂ ਨੇ ਦੁਪਹਿਰ ਦਾ ਭੋਜਨ ਵੀ ਇਕੱਠੇ ਖਾਧਾ। ਇਸ ਤੋਂ ਇਲਾਵਾ ਦੋਵੇਂ ਨੇਤਾ ਬੈਠਕ ਤੋਂ ਬਾਅਦ ਇਕੱਠੇ ਰਿਜਨ ਅੰਦਰ ਟਹਿਲਦੇ ਵੀ ਵਿਖਾਈ ਦਿੱਤੇ। ਇਹ ਮੁਲਾਕਾਤ 41 ਮਿੰਟ ਤੱਕ ਚੱਲੀ, ਜੋ ਸਹੀ ਅਰਥਾਂ ਤੋਂ ਇਤਿਹਾਸਕ ਹੈ। ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨਾਲ ਮੁਲਾਕਾਤ ਅਤੇ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੀਆਈ ਦੇਸ਼ ਮੇਜਰ ਮਿਜ਼ਾਇਲ ਟੈਸਟਿੰਗ ਸਾਈਟਾਂ ਬੰਦ ਕਰੇਗਾ। ਅਮਰੀਕੀ ਰਾਸ਼ਟਰਪਤੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਟਰੰਪ ਨੇ ਦੁਹਰਾਇਆ ਕਿ ਕਿਮ ਨੇ ਪੂਰਨ ਤੌਰ 'ਤੇ ਪ੍ਰਮਾਣੂ ਨਿਸ਼ੱਸਤਰੀਕਰਨ ਦਾ ਵਾਅਦਾ ਕੀਤਾ ਹੈ ਅਤੇ ਦੋਵਾਂ ਨੇਤਾਵਾਂ ਨੂੰ ਇੱਕ-ਦੂਜੇ 'ਤੇ ਭਰੋਸਾ ਹੈ। ਭਾਵੇਂ ਕਿ ਟਰੰਪ ਨੇ ਇਹ ਵੀ ਕਿਹਾ ਕਿ ਉੱਤਰੀ ਕੋਰੀਆ 'ਤੇ ਪਾਬੰਦੀਆਂ ਜਾਰੀ ਰਹਿਣਗੀਆਂ, ਨਾਲ ਹੀ ਉਨ੍ਹਾ ਇਹ ਵੀ ਸਪੱਸ਼ਟ ਕੀਤਾ ਕਿ ਕੋਰੀਆਈ ਟਾਪੂਆਂ 'ਤੇ ਤਾਇਨਾਤ ਅਮਰੀਕੀ ਫ਼ੌਜਾਂ ਨੂੰ ਅਜੇ ਵਾਪਸ ਨਹੀਂ ਬੁਲਾਇਆ ਜਾਵੇਗਾ।
ਭਾਵੇਂ ਕਿ ਟਰੰਪ ਨੇ ਕਿਹਾ ਕਿ ਇਸ ਗੱਲਬਾਤ ਤੋਂ ਬਾਅਦ ਹੁਣ ਅਮਰੀਕਾ ਕੋਰੀਆਈ ਟਾਪੂਆਂ 'ਚ ਜੰਗੀ ਅਭਿਆਸ ਨਹੀਂ ਕਰੇਗਾ। ਟਰੰਪ ਨੇ ਉੱਤਰ ਕੋਰੀਆ 'ਚ ਅਮਰੀਕੀ ਵਿਦਿਆਰਥੀ ਓਟੋ ਵਾਰਮਬਾਇਰ ਬਾਰੇ ਉੱਤਰ ਕੋਰੀਆ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਗੱਲ ਕੀਤੀ। ਟਰੰਪ ਨੇ ਕਿਹਾ ਕਿ ਓਟੋ ਦੀ ਮੌਤ ਵਿਅਰਥ ਨਹੀਂ ਗਈ। ਓਟੋ ਦੇ ਬਿਨਾਂ ਇਹ ਸਭ ਨਹੀਂ ਹੋ ਸਕਦਾ ਸੀ। ਉਨ੍ਹਾ ਜੰਗੀ ਕੈਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਸਵਾਲ 'ਤੇ ਕਿਹਾ ਕਿ ਕਿਮ ਦੇ ਨਾਲ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਵੀ ਗੱਲ ਹੋਈ ਹੈ। ਟਰੰਪ ਨੇ ਕਿਹਾ ਕਿ ਜਦੋਂ ਤੱਕ ਇਸ ਗੱਲ ਲਈ ਅਸੀਂ ਨਿਸਚਿੰਤ ਨਹੀਂ ਹੋ ਜਾਂਦੇ ਕਿ ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰ ਖ਼ਤਮ ਨਹੀਂ ਹੋਏ, ਪਾਬੰਦੀਆਂ ਜਾਰੀ ਰਹਿਣਗੀਆਂ। ਟਰੰਪ ਨੂੰ ਜਦੋਂ ਇਸ ਦੀ ਸੀਮਾ ਰੇਖਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਇਸ 'ਚ ਲੰਮਾ ਸਮਾਂ ਲੱਗੇਗਾ।
ਕਿਮ ਨਾਲ ਗੱਲਬਾਤ ਖ਼ਤਮ ਹੋਣ ਅਤੇ ਸਾਂਝਾ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਟਰੰਪ ਇੱਕ ਵਾਰ ਫਿਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਵਾਰ ਟਰੰਪ ਨੇ ਇਕੱਲਿਆਂ ਹੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਕਿਮ ਅਤੇ ਟਰੰਪ ਦੀ ਇਤਿਹਾਸਕ ਮੁਲਾਕਾਤ ਤੋਂ ਬਾਅਦ ਉੱਤਰੀ ਕੋਰੀਆ ਨੇ ਪੂਰ ਪ੍ਰਮਾਣੂ ਨਿਸ਼ੱਸਤਰੀਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਬਦਲੇ ਅਮਰੀਕਾ ਨੇ ਵੀ ਇਸ ਕੋਰੀਆਈ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕਿਮ ਦੇ ਨਾਲ ਉਨ੍ਹਾ ਦੀ ਗੱਲਬਾਤ ਦੌਰਾਨ ਪ੍ਰਮਾਣੂ ਨਿਸ਼ੱਸਤਰੀਕਰਨ ਦੀ ਪੜਤਾਲ ਨੂੰ ਲੈ ਕੇ ਵੀ ਚਰਚਾ ਹੋਈ। ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਉੱਤਰ ਕੋਰੀਆ ਨਾਲ ਪੂਰਨ ਪ੍ਰਮਾਣੂ ਨਿਸ਼ੱਸਤਰੀਕਰਨ ਦੇ ਯਤਨਾਂ ਦੀ ਜਾਂਚ ਲਈ ਇਕ ਟੀਮ ਹੋਵੇਗੀ, ਜਿਸ 'ਚ ਅਮਰੀਕਾ ਅਤੇ ਕੌਮਾਂਤਰੀ ਅਧਿਕਾਰੀ ਸ਼ਾਮਲ ਹੋਣਗੇ। ਟਰੰਪ ਨੇ ਕਿਹਾ ਕਿ ਜ਼ੁਬਾਨੀ ਤੌਰ 'ਤੇ ਉੱਤਰ ਕੋਰੀਆ ਦੇ ਮਿਜ਼ਾਈਲ ਇੰਜਣ ਟੈਸਟਿੰਗ ਸਾਈਟਾਂ ਨੂੰ ਖ਼ਤਮ ਕਰਨ 'ਤੇ ਸਹਿਮਤੀ ਪ੍ਰਗਟਾਈ ਗਈ ਹੈ।
ਟਰੰਪ ਨੇ ਕਿਹਾ ਕਿ ਆਪਣੇ ਨਾਗਰਿਕਾਂ ਦੇ ਸੁਨਹਿਰੇ ਭਵਿੱਖ ਲਈ ਕਿਮ ਨੇ ਦਲੇਰਾਨਾ ਕਦਮ ਪੁੱਟਿਆ ਹੈ, ਜਿਸ ਲਈ ਉਹ ਉਨ੍ਹਾ ਦਾ ਧੰਨਵਾਦ ਕਰਦੇ ਹਨ। ਟਰੰਪ ਨੇ ਕਿਹਾ ਕਿ ਉੱਤਰ ਕੋਰੀਆ 'ਚ ਉੱਜਵਲ ਭਵਿੱਖ ਦਿਖਾਈ ਦੇ ਰਿਹਾ ਹੈ। ਉਮੀਦ ਹੈ ਕਿ ਕਿਮ ਆਪਣੇ ਵਾਅਦੇ 'ਤੇ ਕਾਇਮ ਰਹਿਣਗੇ। ਅਸੀਂ ਛੇਤੀ ਹੀ ਸ਼ਾਂਤੀ ਸਥਾਪਤ ਹੋਣ ਦੀ ਉਮੀਦ ਕਰ ਸਕਦੇ ਹਾਂ। ਕੋਈ ਵੀ ਜੰਗ ਕਰ ਸਕਦਾ ਹੈ, ਪ੍ਰੰਤੂ ਸ਼ਾਂਤੀ ਸਥਾਪਤ ਕਰਨ ਲਈ ਹੌਸਲਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਅਗਲੇ ਹਫ਼ਤੇ ਵੀ ਗੱਲਬਾਤ ਹੋਵੇਗੀ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper