Latest News
ਵਾਜਪਾਈ ਦੀ ਸਿਹਤ 'ਚ ਸੁਧਾਰ, ਅਜੇ ਰਹਿਣਗੇ ਹਸਪਤਾਲ

Published on 12 Jun, 2018 11:30 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਏਮਜ਼ 'ਚ ਇਲਾਜ ਜਾਰੀ ਹੈ। ਵਾਜਪਾਈ ਨੂੰ ਪੇਸ਼ਾਬ ਅਤੇ ਗੁਰਦੇ ਸੰਬੰਧ ਪਰੇਸ਼ਾਨੀ ਦੇ ਚਲਦਿਆ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ। ਇਥੇ ਉਨ੍ਹਾ ਦਾ ਡਾਇਲਸਿਸ ਚੱਲ ਰਿਹਾ ਹੈ। ਮੰਗਲਵਾਰ ਨੂੰ ਏਮਜ਼ ਵੱਲੋਂ ਜਾਰੀ ਮੈਡੀਕਲ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ 'ਤੇ ਦਵਾਈਆਂ ਦਾ ਅਸਰ ਹੋ ਰਿਹਾ ਹੈ ਅਤੇ ਪੇਸ਼ਾਬ ਸੰਬੰਧੀ ਇਨਫੈਕਸ਼ਨ ਖ਼ਤਮ ਹੋਣ ਤੱਕ ਹਸਪਤਾਲ 'ਚ ਹੀ ਰੱਖਿਆ ਜਾਵੇਗਾ। ਓਧਰ ਸਾਬਕਾ ਪ੍ਰਧਾਨ ਮੰਤਰੀ ਦੇ ਠੀਕ ਹੋਣ ਲਈ ਦੇਸ਼ ਭਰ 'ਚ ਦੁਆਵਾਂ ਦਾ ਦੌਰ ਜਾਰੀ ਹੈ।
ਏਮਜ਼ ਵੱਲੋਂ ਜਾਰੀ ਮੈਡੀਕਲ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ 'ਤੇ ਦਵਾਈਆਂ ਦਾ ਅਸਰ ਹੋ ਰਿਹਾ ਹੈ। ਏਮਜ਼ ਵੱਲੋਂ ਜਾਰੀ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਵਾਜਪਾਈ ਨੂੰ ਇਜੈਕਟੇਬਲ ਮੈਡੀਸਨ 'ਤੇ ਰੱਖਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਸਾਰੇ ਅੰਗ ਕੰਮ ਕਰ ਰਹੇ ਹਨ। ਇਨਫੈਕਸ਼ਨ ਖ਼ਤਮ ਹੋਣ ਤੱਕ ਉਨ੍ਹਾ ਨੂੰ ਹਸਪਤਾਲ 'ਚ ਹੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਵਾਜਪਾਈ ਦਾ ਹਾਲਚਾਲ ਜਾਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਜੇ ਪੀ ਨੱਢਾ, ਪ੍ਰਕਾਸ਼ ਜਾਵਡੇਕਰ ਸਮੇਤ ਕਈ ਵੱਡੇ ਨੇਤਾ ਪੁੱਜੇ ਸਨ। ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਵਾਜਪਾਈ ਦੀ ਦੋਸਤੀ ਦਹਾਕਿਆਂ ਤੋਂ ਹੈ। ਦੋਵਾਂ ਆਗੂਆਂ ਨੇ ਮਿਲ ਕੇ ਹੀ ਭਾਜਪਾ ਨੂੰ ਖੜਾ ਕੀਤਾ। ਭਾਜਪਾ ਨੇਤਾ ਵਿਜੇ ਗੋਇਲ ਨੇ ਦੱਸਿਆ ਕਿ ਪੇਸ਼ਾਬ ਦੀ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ। ਓਧਰ ਏਮਜ਼ 'ਚ ਵਾਜਪਾਈ ਦਾ ਹਾਲ ਜਾਣਨ ਤੋਂ ਬਾਅਦ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਉਹ (ਵਾਜਪਾਈ) ਠੀਕ ਹਨ ਅਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਏਮਜ਼ ਸੂਤਰਾਂ ਅਨੁਸਾਰ ਉਹ ਆਈ ਸੀ ਯੂ 'ਚ ਹਨ ਅਤੇ ਉਨ੍ਹਾ 'ਤੇ ਡਾਇਲਸਿਸ ਚੱਲ ਰਿਹਾ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਅਗਵਾਈ 'ਚ ਡਾਕਟਰਾਂ ਦੀ ਇੱਕ ਟੀਮ ਵਾਜਪਾਈ ਦਾ ਇਲਾਜ ਕਰ ਰਹੀ ਹੈ।

100 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper