Latest News
ਵੀ ਐੱਚ ਪੀ ਕਾਰਕੁਨਾਂ ਵੱਲੋਂ ਤਾਜ ਮਹਿਲ ਕੰਪਲੈਕਸ 'ਚ ਭੰਨਤੋੜ

Published on 12 Jun, 2018 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਤਿਹਾਸਕ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਤਾਜ ਮਹਿਲ ਵੀ ਹੁਣ ਹਿੰਦੂਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦੇ ਦਰਜਨਾਂ ਵਰਕਰਾਂ ਨੇ ਤਾਜ ਮਹਿਲ ਕੰਪਲੈਕਸ ਵਿੱਚ ਵੜ ਕੇ ਨਾ ਕੇਵਲ ਹੰਗਾਮਾ ਕੀਤਾ, ਬਲਕਿ ਜੰਮ ਕੇ ਤੋੜ-ਭੰਨ ਵੀ ਕੀਤੀ।
ਮੀਡੀਆ ਰਿਪੋਰਟ ਅਨੁਸਾਰ ਵੀ ਐੱਚ ਪੀ ਦੇ ਵਰਕਰਾਂ ਨੇ ਕੰਪਲੈਕਸ ਦੇ ਅੰਦਰ ਨਾਅਰੇਬਾਜ਼ੀ ਵੀ ਕੀਤੀ। ਇਸ ਨਾਲ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ 20 ਤੋਂ 25 ਲੋਕਾਂ ਨੇ ਤਾਜ ਮਹਿਲ ਦੇ ਪੱਛਮੀ ਗੇਟ 'ਤੇ ਹਮਲਾ ਬੋਲ ਦਿੱਤਾ। ਇਨ੍ਹਾਂ ਲੋਕਾਂ ਨੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੁਆਰਾ ਲਗਾਏ ਜਾ ਰਹੇ ਗੇਟ ਨੂੰ ਵੀ ਉਖਾੜ ਦਿੱਤਾ। ਹਿੰਦੂਵਾਦੀ ਸੰਗਠਨ ਦੇ ਵਰਕਰਾਂ ਦਾ ਦੋਸ਼ ਹੈ ਕਿ ਏ ਐੱਸ ਆਈ ਤਾਜ ਮਹਿਲ ਦੀ ਸੁਰੱਖਿਆ ਦੇ ਨਾਂਅ 'ਤੇ ਸ਼ਿਦੇਸ਼ਵਰ ਮਹਾਂਦੇਵ ਮੰਦਰ ਜਾਣ ਦਾ 500 ਸਾਲ ਪੁਰਾਣਾ ਰਸਤਾ ਬੰਦ ਕਰ ਰਿਹਾ ਹੈ। ਮੰਦਰ ਕਮੇਟੀ ਦੇ ਪ੍ਰਧਾਨ ਸੰਜੈ ਦੂਬੇ ਨੇ ਏ ਐੱਸ ਆਈ 'ਤੇ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਮੁਸ਼ਕਲਾਂ ਪੈਦਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 400-500 ਸਾਲ ਪੁਰਾਣੇ ਰਸਤੇ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਪੂਜਾ ਕਰਨ ਵਿੱਚ ਰੁਕਾਵਟ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਰਵੀ ਦੂਬੇ ਨੇ ਏ ਅੱੈਸ ਆਈ ਦੇ ਕਦਮ 'ਤੇ ਸਖ਼ਤ ਨਰਾਜ਼ਗੀ ਜਤਾਈ ਹੈ। ਉਹਨਾ ਕਿਹਾ ਕਿ ਅਸੀਂ ਰਸਤਾ ਬੰਦ ਕੀਤੇ ਜਾਣ ਦਾ ਹੀ ਵਿਰੋਧ ਕਰ ਰਹੇ ਹਾਂ। ਤਾਜ ਮਹਿਲ ਵਿੱਚ ਭੰਨਤੋੜ ਕਾਰਨ ਮਾਹੌਲ ਕਾਫ਼ੀ ਤਣਾਅਪੂਰਨ ਸੀ। ਇਸ ਨਾਲ ਸੈਲਾਨੀਆਂ ਦੀ ਆਵਾਜਾਈ 'ਤੇ ਵੀ ਅਸਰ ਪਿਆ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਸਮੱਸਿਆ ਸੀ ਤਾਂ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਸਕਦੀ ਸੀ। ਜ਼ਿਕਰਯੋਗ ਹੈ ਕਿ ਪੱਛਮੀ ਗੇਟ ਤੋਂ ਸੈਲਾਨੀਆਂ ਨੂੰ ਤਾਜ ਦਾ ਦੀਦਾਰ ਕਰਾਉਣ ਲਈ ਏ ਐੱਸ ਆਈ ਸੁਰੱਖਿਅਤ ਗੇਟ ਲਾ ਰਿਹਾ ਹੈ। ਇਸ ਦੀਵਾਰ 'ਤੇ ਮੈਟਲ ਡਿਟੈਕਟਰ ਵੀ ਲਾਏ ਜਾ ਰਹੇ ਹਨ। ਏ ਐੱਸ ਆਈ ਨੇ ਤਾਜ ਮਹਿਲ ਦੇ ਪਿੱਛੇ ਸਥਿਤ ਮਹਾਂਦੇਵ ਮੰਦਰ ਜਾਣ ਲਈ ਅਲੱਗ ਰਸਤਾ ਵੀ ਬਣਾ ਦਿੱਤਾ ਹੈ। ਇਸ ਦੇ ਬਾਵਜੂਦ ਹਿੰਦੂਵਾਦੀ ਸੰਗਠਨ ਦੇ ਵਰਕਰਾਂ ਭੰਨਤੋੜ ਕੀਤੀ ਤੇ ਗੇਟ ਪੁੱਟ ਦਿੱਤਾ।

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper