Latest News
ਬਲਾਤਕਾਰੀ ਬਾਬੇ ਤੇ ਭਾਜਪਾ

Published on 13 Jun, 2018 11:09 AM.

ਆਸਾ ਰਾਮ ਬਾਪੂ ਤੇ ਗੁਰਮੀਤ ਰਾਮ ਰਹੀਮ ਤੋਂ ਬਾਅਦ ਹੁਣ ਦਿੱਲੀ ਦੇ ਸ਼ਨੀ ਧਾਮ ਮੰਦਰ ਦੇ ਕਰਤਾ-ਧਰਤਾ ਦਾਤੀ ਮਹਾਰਾਜ ਵੀ ਇੱਕ ਬਲਾਤਕਾਰ ਦੇ ਕੇਸ ਵਿੱਚ ਫਸ ਗਿਆ ਹੈ। 15 ਸਾਲ ਤੱਕ ਦਾਤੀ ਮਹਾਰਾਜ ਦੇ ਸ਼ਰਧਾਲੂ ਰਹੇ ਪਰਵਾਰ ਦੀ ਲੜਕੀ ਨੇ ਪੁਲਸ ਨੂੰ ਆਪਣੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ ਦੱਸੀ ਹੈ। ਪੀੜਤਾ ਨੇ ਦੱਸਿਆ ਕਿ ਉਸ ਰਾਤ ਉਸ ਨੂੰ ਸਫੈਦ ਕੱਪੜੇ ਪਵਾਏ ਗਏ ਤੇ ਇੱਕ ਅੰਧੇਰੀ ਗੁਫ਼ਾ ਵਿੱਚ ਦਾਤੀ ਮਹਾਰਾਜ ਪਾਸ ਭੇਜਿਆ ਗਿਆ। ਇਸ ਤੋਂ ਬਾਅਦ ਬਾਬੇ ਨੇ ਉਸ ਨਾਲ ਬਲਾਤਕਾਰ ਕੀਤਾ। ਲੜਕੀ ਦਾ ਦੋਸ਼ ਹੈ ਕਿ ਬਾਬੇ ਤੋਂ ਇਲਾਵਾ ਉਸ ਦੇ ਗੁਰਗੇ ਵੀ ਉਸ ਨਾਲ ਜ਼ਬਰਦਸਤੀ ਕਰਦੇ ਸਨ। ਪੀੜਤਾ ਨੇ ਦੱਸਿਆ ਕਿ ਦਾਤੀ ਮਹਾਰਾਜ ਨੇ ਆਪਣੇ ਸਹਿਯੋਗੀਆਂ ਸ਼ਰਧਾ, ਅਸ਼ੋਕ, ਅਰਜੁਨ ਤੇ ਨੀਮਾ ਜੋਸ਼ੀ ਨਾਲ ਮਿਲ ਕੇ ਬਲਾਤਕਾਰ ਤੋਂ ਬਾਅਦ ਉਸ ਨਾਲ ਬਿਆਨੋਂ ਬਾਹਰੀ ਕਰਤੂਤ ਕੀਤੀ। ਉਸ ਨੇ ਕਿਹਾ ਕਿ ਇਹ ਵਾਕਿਆ 9 ਜਨਵਰੀ 2016 ਦਾ ਹੈ। ਇਸ ਦਿਨ ਸ਼ਰਧਾ ਮੈਨੂੰ 'ਚਰਨ ਸੇਵਾ' ਦੇ ਨਾਂਅ ਉੱਤੇ ਦਾਤੀ ਮਹਾਰਾਜ ਕੋਲ ਲੈ ਕੇ ਗਈ ਸੀ। ਪੀੜਤਾ ਮੁਤਾਬਕ ਉਹ ਚੀਕਦੀ-ਚਿਲਾਉਂਦੀ ਰਹੀ, ਪਰ ਬਾਬਾ ਬਲਾਤਕਾਰ ਕਰਦਾ ਰਿਹਾ। ਪੀੜਤਾ ਦਾ ਦੋਸ਼ ਹੈ ਕਿ ਇਸ ਘਟਨਾ ਤੋਂ ਬਾਅਦ 26-27-28 ਮਾਰਚ 2016 ਨੂੰ ਰਾਜਸਥਾਨ ਦੇ ਸੋਜਤ ਸ਼ਹਿਰ ਵਿਚਲੇ ਗੁਰੂਕੁਲ ਵਿੱਚ ਫਿਰ ਉਸ ਨਾਲ ਦੁਸ਼ਕਰਮ ਕੀਤਾ ਗਿਆ। ਇਸ ਵਿੱਚ ਸ਼ਰਧਾ ਤੇ ਅਨਿਲ ਨੇ ਬਾਬੇ ਦਾ ਸਾਥ ਦਿੱਤਾ। ਉਸ ਤੋਂ ਬਾਅਦ ਅਨਿਲ ਨੇ ਵੀ ਉਸ ਨਾਲ ਦੁਸ਼ਕਰਮ ਕੀਤਾ। ਪੀੜਤਾ ਮੁਤਾਬਕ ਸ਼ਰਧਾ ਉਸ ਨੂੰ ਕਹਿੰਦੀ ਸੀ ਕਿ ਇਸ ਨਾਲ ਤੈਨੂੰ ਮੁਕਤੀ ਮਿਲੇਗੀ। ਤੂੰ ਕੋਈ ਨਵਾਂ ਕੰਮ ਨਹੀਂ ਕਰ ਰਹੀ, ਸਭ ਕਰਦੇ ਆ ਰਹੇ ਹਨ। ਕੱਲ੍ਹ ਸਾਡੀ ਵਾਰੀ ਸੀ, ਅੱਜ ਤੇਰੀ ਵਾਰੀ ਹੈ। ਇਹਨਾਂ ਤਿੰਨਾਂ ਰਾਤਾਂ ਵਿੱਚ ਪਤਾ ਨਹੀਂ ਉਸ ਨਾਲ ਕਿੰਨੀ ਵਾਰ ਬਲਾਤਕਾਰ ਕੀਤਾ ਗਿਆ। ਉਸ ਤੋਂ ਬਾਅਦ ਦਾਤੀ ਮਹਾਰਾਜ ਨੇ ਕਿਹਾ ਕਿ ਹੁਣ ਤੇਰੀ ਸੇਵਾ ਪੂਰੀ ਹੋਈ। ਪੀੜਤਾ ਮੁਤਾਬਕ ਦਾਤੀ ਅਤੇ ਉਸ ਦੇ ਚੇਲਿਆਂ ਵੱਲੋਂ ਵਾਰ-ਵਾਰ ਬਲਾਤਕਾਰ ਕੀਤੇ ਜਾਣ ਕਾਰਨ ਉਹ ਦੋ ਸਾਲ ਪਹਿਲਾਂ ਆਸ਼ਰਮ ਵਿੱਚੋਂ ਭੱਜ ਕੇ ਆਪਣੇ ਮਾਪਿਆਂ ਪਾਸ ਚਲੀ ਗਈ ਸੀ। ਇਸ ਦੌਰਾਨ ਉਹ ਡਿਪਰੈਸ਼ਨ ਵਿੱਚ ਚਲੀ ਗਈ। ਕੁਝ ਠੀਕ ਹੋਣ ਤੋਂ ਬਾਅਦ ਉਸ ਨੇ ਸਾਰੀ ਕਹਾਣੀ ਆਪਣੇ ਮਾਂ-ਪਿਓ ਨੂੰ ਦੱਸੀ। ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਉਸ ਨੂੰ ਇੱਕ ਥਾਣੇ ਤੋਂ ਦੂਜੇ ਥਾਣੇ ਵਿੱਚ ਭੇਜਿਆ ਜਾਂਦਾ ਰਿਹਾ। ਆਖ਼ਿਰ ਵਿੱਚ ਉਸ ਨੂੰ ਫਤਿਹਪੁਰ ਬੇਰੀ ਥਾਣੇ ਭੇਜਿਆ ਗਿਆ, ਜਿੱਥੇ ਉਸ ਦਾ ਕੇਸ ਦਰਜ ਕੀਤਾ ਗਿਆ। ਦਾਤੀ ਮਹਾਰਾਜ ਉਰਫ਼ ਮਦਨ ਲਾਲ ਦੀ ਕਹਾਣੀ ਬਾਕੀ ਦੇ ਅਜਿਹੇ ਬਲਾਤਕਾਰੀ ਬਾਬਿਆਂ ਵਰਗੀ ਹੀ ਹੈ। ਉਸ ਦਾ ਜਨਮ 10 ਜੁਲਾਈ 1950 ਨੂੰ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਪਿੰਡ ਅਲਵਾਸ ਵਿੱਚ ਹੋਇਆ ਸੀ। ਮਾਂ-ਪਿਓ ਦੀ ਮੌਤ ਬਾਅਦ ਉਹ ਕੰਮ ਦੀ ਤਲਾਸ਼ ਵਿੱਚ ਦਿੱਲੀ ਆ ਗਿਆ। ਇੱਥੇ ਆ ਕੇ ਉਸ ਨੇ ਫਤਿਹਪੁਰ ਬੇਰੀ ਵਿੱਚ ਪੰਡਤ ਮਦਨ ਲਾਲ ਦੇ ਨਾਂਅ ਉੱਤੇ ਚਾਹ ਦੀ ਦੁਕਾਨ ਖੋਲ੍ਹ ਲਈ। ਕੁਝ ਸਮੇਂ ਬਾਅਦ ਫੱਟੇ-ਬੱਲੀਆਂ ਤੇ ਸ਼ਟਰਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਟੈਂਟ ਹਾਊਸ ਖੋਲ੍ਹ ਲਿਆ। ਇਸ ਦੇ ਨਾਲ ਹੀ ਉਹ ਬਾਬਿਆਂ ਤੋਂ ਜੋਤਿਸ਼ ਦੇ ਟਰਿੱਕ ਸਿੱਖਦਾ ਰਿਹਾ। ਅੰਤ ਵਿੱਚ ਉਸ ਨੇ ਇੱਥੇ ਹੀ ਆਪਣਾ ਜੋਤਿਸ਼ ਕੇਂਦਰ ਖੋਲ੍ਹ ਕੇ ਆਪਣਾ ਨਾਂਅ ਦਾਤੀ ਮਹਾਰਾਜ ਰੱਖ ਲਿਆ। ਜੋਤਿਸ਼ ਦਾ ਕੰਮ ਵਾਹਵਾ ਚੱਲ ਪੈਣ ਤੋਂ ਬਾਅਦ ਉਸ ਨੇ ਆਸ-ਪਾਸ ਦੀ ਜ਼ਮੀਨ ਉੱਤੇ ਕਬਜ਼ਾ ਕਰ ਕੇ ਸ਼ਨੀ ਧਾਮ ਤੇ ਆਸ਼ਰਮ ਦੀ ਸਥਾਪਨਾ ਕਰ ਲਈ। ਦਾਤੀ ਮਹਾਰਾਜ ਦਾ ਇੱਕ ਹੋਰ ਗੁਰੂਕੁਲ ਆਸ਼ਰਮ ਰਾਜਸਥਾਨ ਵਿੱਚ ਹੈ, ਜਿਸ ਵਿੱਚ ਅੱਠ ਸੌ ਲੜਕੀਆਂ ਰਹਿੰਦੀਆਂ ਹਨ। ਦਾਤੀ ਮਹਾਰਾਜ ਵੱਲੋਂ ਆਪਣੀ ਚੇਲੀ ਨਾਲ ਬਲਾਤਕਾਰ ਦੀ ਖ਼ਬਰ ਫੈਲ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਸ ਦੀਆਂ ਭਾਜਪਾ ਨੇਤਾਵਾਂ ਨਾਲ ਵਾਇਰਲ ਹੋ ਰਹੀਆਂ ਫੋਟੋਆਂ ਦੀ ਝੜੀ ਲੱਗੀ ਹੋਈ ਹੈ। ਇਹਨਾਂ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ, ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਕੇਂਦਰੀ ਮੰਤਰੀ ਹਰਸ਼ਵਰਧਨ ਰਠੌਰ ਸ਼ਾਮਲ ਹਨ। ਇਸ ਕਤਾਰ ਵਿੱਚ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਹਨ। ਹੁਣੇ-ਹੁਣੇ ਭਾਜਪਾ ਵੱਲੋਂ 'ਸੰਪਰਕ ਫ਼ਾਰ ਸਮੱਰਥਨ' ਮੁਹਿੰਮ ਦੇ ਤਹਿਤ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਇਹਨਾਂ ਅਹਿਮ ਹਸਤੀਆਂ ਵਿੱਚ ਦਾਤੀ ਮਹਾਰਾਜ ਦਾ ਨਾਂਅ ਵੀ ਸ਼ਾਮਲ ਸੀ। ਇਸ ਸਿਲਸਿਲੇ ਵਿੱਚ ਭਾਜਪਾ ਦੇ ਜਨਰਲ ਸਕੱਤਰ ਰਾਮ ਲਾਲ ਨੇ ਦਾਤੀ ਮਹਾਰਾਜ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਰਾਮ ਲਾਲ ਨੇ ਆਪਣੇ ਫੇਸਬੁੱਕ ਪੰਨੇ ਉੱਤੇ ਲਿਖਿਆ ਸੀ, 'ਮਹਾਂਮੰਡਲੇਸ਼ਵਰ ਸ਼ਨੀ ਧਾਮ ਪਰਮਹੰਸ ਦਾਤੀ ਜੀ ਮਹਾਰਾਜ ਨੂੰ ਕੇਂਦਰ ਸਰਕਾਰ ਦੀ ਬੀਤੇ ਚਾਰ ਸਾਲਾਂ ਦੀਆਂ ਉਪਲੱਬਧੀਆਂ ਵਾਲੀ ਬੁੱਕਲੈੱਟ ਭੇਟ ਕੀਤੀ। ਉਨ੍ਹਾ ਅਸ਼ੀਰਵਾਦ ਸਰੂਪ ਕਿਹਾ ਕਿ ਮੋਦੀ ਜੀ ਨੇ ਬੇਟੀ ਬਚਾਓ ਤੇ ਸਵੱਛਤਾ ਲਈ ਅਦਭੁੱਤ ਕੰਮ ਕੀਤਾ ਹੈ।' ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਾਤੀ ਮਹਾਰਾਜ ਤੋਂ ਖ਼ੁਦ ਬੇਟੀਆਂ ਸੁਰੱਖਿਅਤ ਨਹੀਂ, ਉਹ ਮੋਦੀ ਸਰਕਾਰ ਦੀ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਦੀ ਤਾਰੀਫ਼ ਕਰ ਰਿਹਾ ਹੈ। ਇਹ ਕੋਈ ਪਹਿਲਾ ਮਾਮਲਾ ਤਾਂ ਹੈ ਨਹੀਂ, ਜਦੋਂ ਭਾਜਪਾ ਨੂੰ ਚੋਣ ਜਿੱਤਣ ਲਈ ਅਜਿਹੇ ਬਲਾਤਕਾਰੀ ਬਾਬਿਆਂ ਦੇ ਅਸ਼ੀਰਵਾਦ ਦੀ ਜ਼ਰੂਰਤ ਪਈ ਹੋਵੇ। ਇਸ ਤੋਂ ਪਹਿਲਾਂ ਵੀ ਭਾਜਪਾ ਦੇ ਚੋਟੀ ਦੇ ਆਗੂ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਅਜਿਹੇ ਕੁਕਰਮੀ ਸਾਧਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਰਹੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹਨਾਂ ਸਿਆਸੀ ਆਗੂਆਂ ਦੀ ਪੁਸ਼ਤ-ਪਨਾਹੀ ਕਾਰਨ ਹੀ ਅਜਿਹੇ ਬਾਬੇ ਕੁਝ ਸਮੇਂ ਬਾਅਦ ਅਰਬਾਂ ਦੀ ਜਾਇਦਾਦ ਦੇ ਮਾਲਕ ਬਣ ਜਾਂਦੇ ਹਨ। ਇਸ ਲਈ ਇਹਨਾਂ ਬਾਬਿਆਂ ਵੱਲੋਂ ਕੀਤੇ ਜਾਂਦੇ ਗੁਨਾਹਾਂ ਵਿੱਚ ਇਹ ਸਿਆਸੀ ਆਗੂ ਵੀ ਬਰਾਬਰ ਦੇ ਭਾਈਵਾਲ ਹਨ।

1442 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper